ਸਕੌਟ ਰੋਡ ਵੱਲ ਜਾਂਦਿਆਂ ਗੁਰਜੀਵਨ ਦੀ ਨਿਗ੍ਹਾ ਅੱਗੇ ਜਾ ਰਹੇ ਇਕ ਪਿਕ-ਅੱਪ ਟਰੱਕ ‘ਤੇ
ਪੈਂਦੀ ਹੈ। ਉਸ ‘ਤੇ ਵੈਨਕੂਵਰ ਕਨੱਕਸ ਦੀ ਹਾਕੀ ਟੀਮ ਦੇ ਲਹਿਰਾ ਰਹੇ ਚਾਰ ਵੱਡੇ ਝੰਡੇ
ਗੁਰਜੀਵਨ ਨੂੰ ਚੰਗੇ ਲੱਗਦੇ ਹਨ। ਗੁਰਜੀਵਨ ਆਪਣੀ ਮਸਟੈਂਗ ਕਾਰ ਉਸ ਟਰੱਕ ਦੇ ਬਰਾਬਰ ਕਰ ਕੇ
ਹਾਰਨ ਵਜਾਉਂਦਾ ਹੈ। ਟਰੱਕ ਵਾਲਾ ਵੀ ਹਾਰਨ ਮਾਰਦਾ ਹੈ। ਜੇ ਇਹ ਆਮ ਦਿਨਾਂ ਵਰਗੇ ਦਿਨ ਹੁੰਦੇ
ਤਾਂ ਗੁਰਜੀਵਨ ਨੇ ਇਸ ਤਰ੍ਹਾਂ ਇਕ ਅਣਪਛਾਤੇ ਬੰਦੇ ਨੂੰ ਹਾਰਨ ਨਹੀਂ ਸੀ ਮਾਰਨਾ। ਇਹ ਤਾਂ
ਲੜਾਈ ਮੁੱਲ ਲੈਣ ਵਾਲੀ ਗੱਲ ਹੁੰਦੀ। ਪਰ ਵੈਨਕੂਵਰ ਵਿਚ ਖਾਸ ਦਿਨ ਚੱਲ ਰਹੇ ਹਨ। ਸਾਰਾ
ਸ਼ਹਿਰ ਹੀ ਇਕ ਰੰਗ ਵਿੱਚ ਰੰਗਿਆ ਗਿਆ ਹੈ। ਗੁਰਜੀਵਨ ਸਾਰੇ ਰਾਹ ਇਸੇ ਤਰ੍ਹਾਂ ਹੀ ਝੰਡੇ ਵਾਲੇ
ਕਾਰਾਂ-ਟਰੱਕਾਂ ਅਤੇ ਸੜਕਾਂ ‘ਤੇ ਝੰਡੇ ਫੜੀ ਖੜ੍ਹੇ ਲੋਕਾਂ ਨਾਲ ਹਾਰਨ ਵਜਾ ਕੇ ਖੁਸ਼ੀ ਸਾਂਝੀ
ਕਰਦਾ ਆਇਆ ਹੈ। ਟਰੱਕ ਵਾਲੇ ਝੰਡਿਆਂ ਦੇ ਮੁਕਾਬਲੇ ਗੁਰਜੀਵਨ ਨੂੰ ਆਪਣੀ ਕਾਰ ‘ਤੇ ਟੰਗੇ ਝੰਡੇ
ਛੋਟੇ ਲੱਗਦੇ ਹਨ। ਉਹ ਸਿੱਧੇ ਜਾਂਦਿਆਂ ਅਚਾਨਕ ਕਾਰ 126 ਸਟਰੀਟ ਤੋਂ ਸੱਜੇ ਮੋੜ ਲੈਂਦਾ ਹੈ।
“ਹੇ ਗੁਰਜ, ਤੂੰ ਸੱਜੇ ਕਿਓਂ ਮੁੜਿਆ ਹੈਂ? ਆਪਾਂ ਕਿੱਧਰ ਚੱਲੇ ਆਂ?” ਨਾਲ ਦੀ ਸੀਟ ‘ਤੇ ਬੈਠਾ
ਉਸਦੇ ਬਚਪਨ ਦਾ ਦੋਸਤ, ਸੁੱਖ ਆਖਦਾ ਹੈ।
“ਸ਼ਾਂਤੀ ਮੈਨ, ਬੱਸ ਦੋ ਮਿੰਟ, ਵਾਲ-ਮਾਰਟ ਜਾਣਾ ਹੈ, ਕਨੱਕਸ ਦੇ ਝੰਡੇ ਲੈਣ।”
“ਤੇਰੀ ਕਾਰ ‘ਤੇ ਦੋ ਝੰਡੇ ਲੱਗੇ ਤਾਂ ਹੋਏ ਆ। ਤੈਨੂੰ ਚੇਤੇ ਨਹੀਂ ਕਿ ਤੇਰੀ ਕਾਰ ਦੇ ਦੋ ਹੀ
ਦਰਵਾਜ਼ੇ ਆ। ਦੋਹਾਂ ‘ਤੇ ਇੱਕ-ਇੱਕ ਝੰਡਾ ਤੂੰ ਪਹਿਲਾਂ ਹੀ ਫਸਾਇਆ ਹੋਇਐ।”
“ਨਹੀਂ, ਮੈਨੂੰ ਦੋ ਵੱਡੇ ਝੰਡੇ ਹੋਰ ਚਾਹੀਦੇ ਆ।”
“ਜੇ ਤੈਨੂੰ ਪੈਸੇ ਬਰਬਾਦ ਕਰਨ ਦਾ ਐਨਾ ਹੀ ਸ਼ੁਦਾਅ ਚੜ੍ਹਿਐ ਤਾਂ ਵਾਲ-ਮਾਰਟ ਕਿਓਂ। ਸਕੌਟ
ਰੋਡ ‘ਤੇ ਹੋਰ ਬਥੇਰੇ ਸਟੋਰ ਨੇ। ਸਥਾਨਕ ਤੇ ਛੋਟੇ ਸਟੋਰ। ਤੈਨੂੰ ਪਤੈ ਕਿ ਮੈਂ ਵਾਲਮਾਰਟ ਦਾ
ਬਾਈਕਾਟ ਕੀਤਾ ਹੋਇਐ।”
“ਤੂੰ ਨਾ ਜਾਈਂ। ਕਾਰ ਵਿੱਚ ਬੈਠਾ ਰਹੀਂ।”
“ਤੂੰ ਦੇਖ। ਤੂੰ ਮੈਨੂੰ ਖਿੱਚ ਕੇ ਨਾਲ ਲਿਆਇਐਂ। ਤੇ ਹੁਣ ਮੈਨੂੰ ‘ਕੱਲਾ ਕਾਰ ਵਿਚ ਛੱਡ ਕੇ
ਜਾਏਂਗਾ?”
“ਮੇਰੇ ਪੱਚੀ-ਤੀਹ ਡਾਲਰਾਂ ਨਾਲ ਵਾਲਮਾਰਟ ਹੋਰ ਨੀ ਅਮੀਰ ਹੋਣ ਲੱਗਾ। ਤੂੰ ਮੇਰੇ ਨਾਲ ਚੱਲੀਂ।”
“ਬਾਈਕਾਟ ਦਾ ਮਤਲਬ ਐ ਬਾਈਕਾਟ। ਮੈਂ ਨਹੀਂ ਜਾਵਾਂਗਾ।”
“ਤੇਰੀ ਯਾਰ ਸਮੱਸਿਆ ਕੀ ਐ? ਤੂੰ ਜਿ਼ੰਦਗੀ ਦਾ ਆਨੰਦ ਕਿਓਂ ਨੀ ਮਾਣਦਾ?” ਆਖਦਾ ਗੁਰਜੀਵਨ
ਖੁਰੀ ਮੋੜ ਮਾਰ ਕੇ ਕਾਰ 88 ਐਵੀਨਿਊ ਵੱਲ ਮੋੜ ਲੈਂਦਾ ਹੈ ਅਤੇ ਫਿਰ ਸਕੌਟ ਰੋਡ ਤੋਂ ਖੱਬੇ ।
ਗੁਰਜੀਵਨ ਦੇ ਖੁਰੀ ਮੋੜ ਮਾਰਦਿਆਂ ਹੀ ਸੁੱਖ ਬੋਲਿਆ, “ਤੈਨੂੰ ਕੌਣ ਕਹਿੰਦਾ ਹੈ ਕਿ ਮੈਂ
ਜਿ਼ੰਦਗੀ ਨੂੰ ਨਹੀਂ ਮਾਣਦਾ। ਸਗੋਂ ਤੂੰ ਹੀ ਇਹ ਗੱਲ ਨਹੀਂ ਸਮਝਦਾ ਕਿ ਵਾਲਮਾਰਟ ਸਟੋਰ
ਕਾਮਿਆਂ ਨੂੰ ਯੂਨੀਅਨ ਨਹੀਂ ਬਣਾਉਣ ਦਿੰਦਾ। ਐਹੋ-ਜਿਹੇ ਸਟੋਰਾਂ ਦਾ ਬਾਈਕਾਟ ਕਰਕੇ ਇਨ੍ਹਾਂ
ਨੂੰ ਬੰਦ ਕਰਾਉਣਾ ਚਾਹੀਦੈ।”
“ ਤਾਂ ਕਿ ਲੋਕ ਨੌਕਰੀਆਂ ਤੋਂ ਹੱਥ ਧੋ ਲੈਣ? ਗੁਰਜੀਵਨ ਵਿਅੰਗ ਨਾਲ ਆਖਦਾ ਹੈ ਤੇ ਫਿਰ ਸੁੱਖ
ਵੱਲ ਦੇਖ ਕੇ ਬੋਲਦਾ ਹੈ, “ ਇਹ ਤਾਂ ਸਗੋਂ ਚੰਗਾ ਕਿ ਆਪਾਂ ਨੂੰ ਚੀਜ਼ਾਂ ਸਸਤੀਆਂ ਮਿਲਦੀਆਂ।”
“ਤੂੰ ਦੇਖ,ਚੀਜਾਂ ਤਾਂ ਉਨ੍ਹਾਂ ਨੂੰ ਮੰਡੀ ਦੇ ਭਾਅ ਹੀ ਵੇਚਣੀਆਂ ਪੈਣਗੀਆਂ ਜੇ ਉਨ੍ਹਾਂ ਨੇ
ਗਾਹਕਾਂ ਨੂੰ ਆਪਣੇ ਵੱਲ ਖਿੱਚਣੈ । ਪਰ ਉਹ ਕਾਮਿਆਂ ਨੂੰ ਥੋੜ੍ਹੀ ਤਨਖਾਹ ਦੇ ਕੇ ਆਪਣਾ
ਮੁਨਾਫ਼ਾ ਵਧਾਉਂਦੇ ਆ।”
“ਉਸ ਮੁਨਾਫੇ ਨਾਲ ਹੋਰ ਸਟੋਰ ਖੋਲ੍ਹਦੇ ਨੇ ਤੇ ਹੋਰ ਲੋਕਾਂ ਨੂੰ ਨੌਕਰੀਆਂ ਮਿਲਦੀਆਂ।”
“ਤੂੰ ਦੇਖ, ਇਹੀ ਤਾਂ ਸਰਮਾਏਦਾਰੀ ਦਾ ਖਾਸਾ ਹੈ ਕਿ ਉਹ ਨੌਕਰੀਆਂ ਦੇਣ ਦਾ ਲਾਲਚ ਦੇ ਕੇ ਜਾਂ
ਨੌਕਰੀਆਂ ਖੋਹਣ ਦਾ ਡਰਾਵਾ ਦੇ ਕੇ ਕਾਮਿਆਂ ਦਾ ਸ਼ੋਸ਼ਣ ਕਰਦੇ ਆ।”
“ਮੈਨ, ਮੈਨ, ਸੁੱਖ, ਕ੍ਰਿਪਾ ਕਰ। ਅੱਜ ਮੈਨੂੰ ਜਿੱਤ ਦੀ ਖੁਸ਼ੀ ਮਨਾਉਣ ਦੇ। ਬਾਹਰ ਵੇਖ ਕਿਵੇਂ
ਲੋਕ ਜਿੱਤ ਦਾ ਜਸ਼ਨ ਮਨਾ ਰਹੇ ਆ,” ਆਖ ਕੇ ਗੁਰਜੀਵਨ ਆਪਣਾ ਹੱਥ ਹਾਰਨ ਉੱਪਰ ਰੱਖ ਦਿੰਦਾ ਹੈ
ਅਤੇ ਕਾਰ ਹੋਰ ਤੇਜ਼ ਕਰ ਦਿੰਦਾ ਹੈ ਪਰ 76 ਐਵੀਨਿਊ ‘ਤੇ ਜਾ ਕੇ ਉਸ ਨੂੰ ਕਾਰ ਹੌਲੀ ਕਰਨੀ
ਪੈਂਦੀ ਹੈ। ਬਹੁਤ ਸਾਰੇ ਲੋਕ ਸਕੌਟ ਰੋਡ ਦੇ ਦੋਹੀਂ ਪਾਸੀਂ ਵੈਨਕੂਵਰ ਕਨੱਕਸ ਦੇ ਲੋਗੋ
ਵਾਲੀਆਂ ਜਰਸੀਆਂ ਪਾਈ ਕਨੱਕਸ ਦੇ ਝੰਡੇ ਲਹਿਰਾ ਰਹੇ ਹਨ। ਗੁਰਜੀਵਨ ਉਨ੍ਹਾਂ ਕੋਲ ਦੀ ਲੰਘਦਾ
ਹਾਰਨ ਵਜਾਉਂਦਾ ਫਿਰ ਹੱਥ ਬਾਹਰ ਕੱਢ ਕੇ ਲਹਿਰਾਉਂਦਾ ਜਾਂਦਾ ਹੈ। 72 ਐਵੀਨਿਊ ਵਾਲਾ ਚੌਰਸਤਾ
ਲੰਘ ਕੇ ਉਹ ਬੋਲਦਾ ਹੈ, “ ਸੁੱਖ, ਅੱਜ ਪਿਛਲੇ ਵਾਰੀ ਤੋਂ ਵੀ ਜਿਆਦਾ ਲੋਕ ਆ ਇੱਥੇ।”
“ ਤੇਰੀ ਗੱਲ ਠੀਕ ਆ। ਪਲੇਅ-ਆਫ਼ ਦੇ ਪਹਿਲੇ ਰਾਊਂਡ ਨਾਲੋਂ ਦੂਜੇ ਰਾਊਂਡ ਵਿਚ ਜਿਆਦਾ ਲੋਕ
ਉਤਸ਼ਾਹਤ ਹੋਏ ਸੀ ਤੇ ਹੁਣ ਉਸ ਨਾਲੋਂ ਵੀ ਜਿਆਦਾ। ਜਿਵੇਂ-ਜਿਵੇਂ ਟੀਮ ਅਗਲੇ ਰਾਊਂਡ ਵਿਚ
ਪਹੁੰਚ ਰਹੀ ਐ ਹੋਰ ਲੋਕ ਟੀਮ ਦੇ ਪ੍ਰਸੰਸਕ ਬਣ ਰਹੇ ਆ,” ਸੁੱਖ ਜਵਾਬ ਦਿੰਦਾ ਹੈ।
“ਹੁਣ ਤਾਂ ਆਪਣੇ ਵੀ ਬਹੁਤ ਲੋਕ ਕਨੱਕਸ ਦੇ ਪ੍ਰਸੰਸਕ ਆ। ਇੱਥੇ ਸਕੌਟ ਰੋਡ ‘ਤੇ ਵੀ ਅੱਧੇ
ਤੋਂ ਜਿਆਦਾ ਪੰਜਾਬੀ ਲੋਕ ਆ। ਆਪਣੇ ਬੁੱਢੇ ਲੋਕ ਵੀ ਹਾਕੀ ਦੇਖਣ ਲੱਗੇ ਆ। ਤੈਨੂੰ ਹੈਰਾਨੀ
ਵਾਲੀ ਗੱਲ ਦੱਸਦਾਂ ਮੇਰਾ ਰਿਸ਼ਤੇਦਾਰ ਸੰਨੀ ਐ ਨਾ। ਤੂੰ ਉਸਦੀ ਨਾਨੀ ਦੇਖੀ ਆ? ਬਹੁਤ ਬੁੱਢੀ
ਐ। ਮੈਂ ਉਨ੍ਹਾਂ ਦੇ ਘਰ ਗਿਆ। ਮੈਂ ਸੰਨੀ ਨੂੰ ਪੁੱਛਿਆ ਕਿ ਸਕੋਰ ਕੀ ਆ। ਕੋਲੋਂ ਨਾਨੀ
ਕਹਿੰਦੀ, ‘ਦੋ-ਜ਼ੀਰੋ ਆ। ਹੁਣੇ ਕੈਸਲਰ ਨੇ ਦੋ ਲਗਾਤਾਰ ਗੋਲ ਕੀਤੇ ਆ’। ਮੈਂ ਹੈਰਾਨ ਹੋ ਗਿਆ।
ਮੈਨੂੰ ਲਗਦਾ ਸੀ ਕਿ ਉਸਨੂੰ ਹਾਕੀ ਬਾਰੇ ਕੁਝ ਪਤਾ ਈ ਨੀ ਹੋਣਾ,” ਆਖ ਕੇ ਗੁਰਜੀਵਨ ਹੱਸਦਾ
ਹੈ। ਸਕੌਟਸਡੇਲ ਮੌਲ ਦੀ ਪਾਰਕਿੰਗ ਲੌਟ ਵਿਚ ਕਾਰ ਖੜ੍ਹੀ ਕਰਕੇ ਉਹ ਫਿਰ ਸਕੌਟ ਰੋਡ ਤੇ 72
ਐਵੀਨਿਊ ਦੇ ਚੌਰਸਤੇ ਵੱਲ ਤੁਰ ਪੈਂਦੇ ਹਨ। ਉੱਥੇ ਢੋਲ ਵੱਜਦਾ ਹੈ। ਉਹ ਨੱਚ ਰਹੇ
ਮੁੰਡੇ-ਕੁੜੀਆਂ ਨਾਲ ਨੱਚਣ ਲੱਗਦੇ ਹਨ। ਕਈ ਉੱਚੀ ਆਵਾਜ਼ ਵਿਚ ‘ਗੋ ਕਨੱਕਸ ਗੋ’ ਗਾ ਰਹੇ ਹਨ।
ਗੁਰਜੀਵਨ ਹੋਰਾਂ ਨੇ ਉਸ ਸਾਲ ਵੀ ਇਹ ‘ਗੋ ਕਨੱਕਸ ਗੋ’ ਗੀਤ ਬਹੁਤ ਉਤਸ਼ਾਹ ਨਾਲ ਗਾਇਆ ਸੀ,
ਜਿਸ ਸਾਲ ਉਹ ਪਹਿਲੀ ਵਾਰ ਵੈਨਕੂਵਰ ਕਨੱਕਸ ਦੀ ਗੇਮ ਦੇਖਣ ਲਈ ਪ੍ਰਿੰਸ ਰੂਪਰਟ ਤੋਂ ਚੱਲ ਕੇ
ਵੈਨਕੂਵਰ ਆਏ ਸਨ। ਉਦੋਂ ਉਹ ਅੱਠਵੀਂ ਵਿਚ ਪੜ੍ਹਦੇ ਸਨ। ਗੁਰਜੀਵਨ ਨੇ ਆਪਣੇ ਪ੍ਰੀਵਾਰ ਦੇ
ਨਾਲ ਸੁੱਖ ਨੂੰ ਵੀ ਲਿਜਾਣ ਲਈ ਆਪਣੇ ਅਤੇ ਸੁੱਖ ਦੇ ਮਾਂ-ਪਿਓ ਨੂੰ ਮਨਾ ਲਿਆ।
ਕਾਰ ਦੇ ਚੱਲਣ ਦੀ ਦੇਰ ਸੀ ਕਿ ਗੁਰਜੀਵਨ , ਉਸਦੀ ਛੋਟੀ ਭੈਣ ਗੁਰਸਿਮਰਨ ਤੇ ਸੁੱਖ ਕਾਰ ਦੀ
ਪਿਛਲੀ ਸੀਟ ‘ਤੇ ਬੈਠੇ ‘ਗੋ ਕਨੱਕਸ ਗੋ’ ਗਾਉਣ ਲੱਗੇ ਸਨ। ਉਹ ਟੈਰੱਸ ਤੱਕ ਸਾਰੇ ਰਾਹ ਘੰਟਾ
ਭਰ ਇਵੇਂ ਗਾਉਂਦੇ ਰਹੇ ਸਨ। ਗੁਰਜੀਵਨ ਦੀ ਮਾਂ ਆਖਦੀ, “ਥੋਡਾ ਸੰਘ ਦੁਖਣ ਲੱਗਜੂ। ਵੇਖ ਕਿਵੇਂ
ਰਿੰਗਦੇ ਆ।” ਪਰ ਉਹ ਚੁੱਪ ਨਹੀਂ ਸੀ ਕੀਤੇ। ਟੈਰੱਸ ਲੰਘ ਕੇ ਜਦੋਂ ਉਹ ਪਹਿਲਾਂ ਹੌਲੀ ਤੇ
ਫਿਰ ਚੁੱਪ ਹੋਏ ਸਨ ਤਾਂ ਗੁਰਜੀਵਨ ਦੇ ਡੈਡੀ ਬੋਲੇ, “ਚਲੋ ਹੁਣ ਰਹਿਰਾਸ ਸਾਹਿਬ ਦੇ ਪਾਠ ਦਾ
ਟਾਈਮ ਹੋ ਗਿਆ। ਕੌਣ ਕਰੂ?”
“ਤਿੰਨੇ ਕਰਨਗੇ ਵਾਰੀ ਵਾਰੀ। ਕਿਓਂ ਬੱਚਿਓ?” ਗੁਰਜੀਵਨ ਦੀ ਮਾਂ ਬੋਲੀ। ਪਾਠ ਕਰਨ ਤੋਂ ਬਾਅਦ
ਉਹ ਫਿਰ ਇਸੇ ਤਰ੍ਹਾਂ ਗਾਉਣ ਲੱਗ ਪਏ। ਪਰ ਉਹ ਥੋੜ੍ਹੀ ਦੇਰ ਗਾ ਕੇ ਫਿਰ ਚੁੱਪ ਹੋ ਗਏ। ਫਿਰ
ਕਾਰ ਦੀਆਂ ਇਕਦਮ ਬਰੇਕਾਂ ਵੱਜੀਆਂ ਅਤੇ ਕਾਰ ਹਚਕੋਲਾ ਮਾਰ ਕੇ ਫਿਰ ਤੁਰ ਪਈ। ਗੁਰਜੀਵਨ ਨੇ
ਅਗਾਂਹ ਹੋ ਕੇ ਦੇਖਿਆ। ਸੜਕ ਦੇ ਵਿਚਕਾਰ ਹਿਰਨ ਖੜ੍ਹਾ ਸੀ। “ਐਡਾ ਮੂਰਖ ਜਾਨਵਰ ਐ। ਅੱਖਾਂ
ਮੀਚ ਕੇ ਕਾਰ ਵੱਲ ਭੱਜੂ ,” ਗੁਰਜੀਵਨ ਦੇ ਡੈਡੀ ਨੇ ਕਿਹਾ। ਫਿਰ ਗੁਰਜੀਵਨ ਤੇ ਸੁੱਖ ਬਾਹਰ
ਵੱਲ ਦੇਖਣ ਲੱਗੇ ਸਨ। ਉਹ ਕੁਝ ਦੂਰ ਹੀ ਗਏ ਸਨ ਕਿ ਗੁਰਜੀਵਨ ਦੀ ਨਿਗ੍ਹਾ ਸੜਕ ਤੇ ਖੜ੍ਹੇ
ਰਿੱਛ ‘ਤੇ ਪਈ। “ਡੈਡੀ ,ਰੁਕੋ,ਰੁਕੋ। ਉਹ ਰਿੱਛ ਖੜ੍ਹਾ।”
“ਇਹਦੀ ਚਿੰਤਾ ਨਾ ਕਰ। ਇਹ ਸਿਆਣਾ ਜਾਨਵਰ ਆ। ਠਰੰਮੇ ਵਾਲਾ। ਏਹਨੇ ਇਵੇਂ ਖੜ੍ਹੇ ਰਹਿਣਾ। ਜਦੋਂ
ਕਾਰ ਲੰਘ ਗਈ ਅਰਾਮ ਨਾਲ ਸੜਕ ਪਾਰ ਕਰੂਗਾ,” ਗੁਰਜੀਵਨ ਦੇ ਡੈਡੀ ਨੇ ਕਿਹਾ। ਗੁਰਜੀਵਨ ਅਰਾਮ
ਨਾਲ ਬੈਠ ਗਿਆ। ਉਸ ਨੂੰ ਆਪਣੀ ਮਾਂ ਦਾ ‘ਵ੍ਹਾਗੁਰੂ-ਵ੍ਹਾਗਰੂ’ ਦਾ ਜਾਪ ਉੱਚਾ ਹੋ ਗਿਆ ਲੱਗਾ।
ਜਦੋਂ ਉਸਦੀ ਆਵਾਜ਼ ਕੁਝ ਨੀਵੀਂ ਹੋਈ, ਗੁਰਜੀਵਨ ਤੇ ਸੁੱਖ ਫਿਰ ‘ਗੋ ਕਨੱਕਸ ਗੋ’ ਦਾ ਜਾਪ
ਕਰਨ ਲੱਗੇ। ਗੁਰਜੀਵਨ ਦੀ ਮਾਂ ਬੋਲੀ, “ਜੇ ਹਿਰਨ ਕਾਰ ‘ਚ ਵੱਜਦਾ ਤਾਂ ਕੁਛ ਨੀ ਸੀ ਬਚਣਾ
ਲੱਗਦੇ ਕਨੱਕਸ ਦੇ। ਚੁੱਪ ਕਰਕੇ ਸੌਂ ਜੋ।”
ਪਰ ਉਹ ਸੁੱਤੇ ਨਹੀਂ ਸਨ। ਸੋਲਾਂ ਘੰਟਿਆਂ ਦੇ ਸਫ਼ਰ ਵਿਚ ਮਸਾਂ ਤਿੰਨ-ਚਾਰ ਘੰਟੇ ਹੀ ਸੁੱਤੇ
ਸਨ। ਵੈਨਕੂਵਰ ਪਹੁੰਚ ਕੇ ਉਨ੍ਹਾਂ ਨੇ ਕਨੱਕਸ ਦੇ ਲੋਗੋ ਵਾਲੀਆਂ ਜਰਸੀਆਂ ਖ੍ਰੀਦੀਆਂ ਸਨ।
ਗੁਰਜੀਵਨ ਨੇ ਆਪਣੇ ਮਨਭਾਉਂਦੇ ਖਿਡਾਰੀ ਟੌਡ ਬਰਟੂਜ਼ੀ ਵਾਲੀ ਨੰਬਰ 44 ਅਤੇ ਸੁੱਖ ਤੇ
ਗੁਰਸਿਮਰਨ ਨੇ ਮਾਰਕਸ ਨਸਲੈਂਡ ਵਾਲੀ ਨੰਬਰ 19। ਗੇਮ ਦੇਖਦਿਆਂ ਵੀ ਉਹ ਬਾਕੀ ਲੋਕਾਂ ਨਾਲ ਰਲ
ਕੇ ਵਿਚ-ਵਿਚ ‘ਗੋ ਕਨੱਕਸ ਗੋ’ ਗਾਉਣ ਲੱਗਦੇ।
ਇਸ ਸਾਲ ਤਾਂ ਸਾਰਾ ਸੂਬਾ ਹੀ ਇਹ ਗਾ ਰਿਹਾ ਹੈ। ਵੈਨਕੂਵਰ ਦੇ ਲਾਗਲੇ ਸ਼ਹਿਰਾਂ ਵਿੱਚ ਤਾਂ
ਕਨੱਕਸ ਦੀ ਹਨੇਰੀ ਝੁੱਲ ਗਈ ਹੈ। ਵੈਨਕੂਵਰ ਦੀ ਆਈਸ ਹਾਕੀ ਟੀਮ ‘ਵੈਨਕੂਵਰ ਕਨੱਕਸ’ ਨੂੰ
ਚਾਲ੍ਹੀ ਵਰ੍ਹੇ ਹੋ ਗਏ ਹਨ, ਨੈਸ਼ਨਲ ਹਾਕੀ ਲੀਗ ਨਾਲ ਭਾਈਵਾਲੀ ਕੀਤਿਆਂ ਪਰ ਹਾਲੇ ਤੱਕ ਇਸਨੇ
ਇੱਕ ਵਾਰ ਵੀ ਸਟੈਨਲੇ ਕੱਪ ਨਹੀਂ ਜਿਤਿੱਆ। ਦੋ ਵਾਰ ਜਿੱਤਣ ਦੀਆਂ ਐਨ ਬਰੂਹਾਂ ਤੋਂ ਮੁੜੀ
ਸੀ। ਇਸ ਸਾਲ ਪਹਿਲੀ ਵਾਰ ਵੈਨਕੂਵਰ ਕਨੱਕਸ ਨੇ ਰੈਗੂਲਰ ਸੀਜ਼ਨ ਦੀਆਂ 82 ਗੇਮਾਂ ਵਿੱਚ
ਸਾਰੀਆਂ ਤੀਹ ਟੀਮਾਂ ਵਿੱਚੋਂ ਸਭ ਤੋਂ ਜਿਆਦਾ 117 ਪੁਆਇੰਟ ਲੈ ਕੇ ਪ੍ਰੈਜ਼ੀਡੈਂਟਸ ਟਰਾਫ਼ੀ
ਜਿੱਤੀ ਹੈ। ਵੈਨਕੂਵਰ ਵਾਲਿਆਂ ਨੂੰ ਆਸ ਹੈ ਕਿ ਪਲੇਆਫ਼ ਵਿੱਚ ਵੀ ਉਨ੍ਹਾਂ ਦੀ ਟੀਮ ਸਭ ਤੋਂ
ਉੱਪਰ ਰਹੇਗੀ। ਤੇ ਪਲੇਅ-ਆਫ਼ ਵਿੱਚ ਵੀ ਟੀਮ ਨੇ ਪਹਿਲਾ, ਦੂਜਾ ਤੇ ਫਿਰ ਤੀਜਾ ਰਾਊਂਡ ਜਿੱਤ
ਕੇ ਵੈਸਟਰਨ ਕਾਨਫਰੰਸ ਦੀ ਕੈਮਬਲ ਬੋਅਲ ਟਰਾਫੀ ‘ਤੇ ਕਬਜ਼ਾ ਕਰ ਲਿਆ ਹੈ। ਜਿਓਂ-ਜਿਓਂ ਟੀਮ
ਅੱਗੇ ਵਧਦੀ ਹੈ ਲੋਕਾਂ ਦਾ ਉਤਸ਼ਾਹ ਦੂਣ-ਸਵਾਇਆ ਹੋ ਰਿਹਾ ਹੈ। ‘ਗੋ ਕਨੱਕਸ ਗੋ’ ਦਾ ਗੀਤ
ਹੋਰ ਗੂੰਜਣ ਲੱਗਦਾ ਹੈ। ਲੋਕਲ ਅਖਬਾਰਾਂ ਦੇ ਪਹਿਲੇ ਸਫ਼ੇ ਉੱਪਰ ਵੈਨਕੂਵਰ ਕਨੱਕਸ ਦੀ ਜਿੱਤ
ਦੀ ਵੱਡੀ ਫੋਟੋ ਹੁੰਦੀ ਹੈ।
ਪਹਿਲੇ ਸਫ਼ੇ ‘ਤੇ ਕਨੱਕਸ ਦੀ ਫੋਟੋ ਦੇਖ ਕੇ ਗੁਰਜੀਵਨ ਨੂੰ ਅਖਬਾਰ ਚੰਗੀ-ਚੰਗੀ ਲੱਗਦੀ ਹੈ।
ਹੁਣ ਉਸ ਨੂੰ ਅਖਬਾਰ ਪਿਛਲੇ ਸਫ਼ੇ ਤੋਂ ਸ਼ੁਰੂ ਨਹੀਂ ਕਰਨੀ ਪੈਂਦੀ, ਜਿੱਥੇ ਖੇਡਾਂ ਦੀਆਂ
ਖਬਰਾਂ ਹੁੰਦੀਆਂ ਹਨ। ਪਰ ਸੁੱਖ ਨੂੰ ਇਹ ਗੱਲ ਬਹੁਤ ਅੱਖਰਦੀ ਹੈ ਕਿ ਅਖਬਾਰਾਂ ਨੂੰ ਹੋਰ ਸਭ
ਕੁਝ ਐਨਾਂ ਮਹੱਤਵ ਪੂਰਨ ਨਹੀਂ ਲੱਗਦਾ, ਜਿੰਨਾ ਹਾਕੀ ਟੀਮ ਦੀ ਜਿੱਤ-ਹਾਰ। ਉਸ ਨੂੰ ਵੱਡਾ
ਗਿਲਾ ਇਹ ਹੈ ਕਿ ਅਖਬਾਰਾਂ ਟੈਕਸ ਪ੍ਰਤੀ ਉਸ ਰੈਫਰੰਡਮ ਨੂੰ ਓਹਨੀ ਮਹੱਤਤਾ ਨਹੀਂ ਦਿੰਦੀਆਂ,
ਜਿਸ ਦੇ ਨਤੀਜਿਆਂ ਨੇ ਲੋਕਾਂ ਦੀ ਨਿੱਤ ਦੀ ਜਿੰਦਗੀ ‘ਤੇ ਅਸਰ ਪਾਉਣਾ ਹੈ। ਇਸ ਰੈਫਰੈਂਡਮ ਦੀ
ਵੋਟ ਵਿੱਚ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਹੈ। ਸੁੱਖ ਲਈ ਇਸ ਰੈਫਰੈਂਡਮ ਦੀ ਵੋਟ ਬਹੁਤ
ਮਹੱਤਵਪੂਰਨ ਹੈ। ਉਸ ਨੇ ਆਪਣੇ ਸਾਥੀਆਂ ਨਾਲ ਰਲ ਕੇ ਘਰ-ਘਰ ਜਾ ਕੇ ਟੈਕਸ ਦੇ ਖਿਲਾਫ਼
ਪਟੀਸ਼ਨ ‘ਤੇ ਸਾਈਨ ਕਰਵਾਏ ਸਨ, ਜਿਸ ਕਰਕੇ ਸਰਕਾਰ ਨੂੰ ਇਹ ਰੈਫਰੈਂਡਮ ਕਰਵਾਉਣਾ ਪਿਆ ਹੈ।
ਸੁੱਖ ਨੂੰ ਮੀਡੀਏ ‘ਤੇ ਉਦੋਂ ਵੀ ਰੋਸ ਸੀ, ਜਦੋਂ ਮੀਡੀਆ ਆਖ ਰਿਹਾ ਸੀ ਕਿ ਬ੍ਰਿਟਿਸ਼
ਕੋਲੰਬੀਆ ਦੇ ਇਤਿਹਾਸ ਵਿਚ ਇਸ ਤਰ੍ਹਾਂ ਦੀ ‘ਸਿਟੀਜ਼ਨ’ਸ ਇਨੀਸ਼ੀਏਟਿਵ ਪਟੀਸ਼ਨ’ ਕਦੇ ਵੀ
ਕਾਮਯਾਬ ਨਹੀਂ ਸੀ ਹੋਈ ਤੇ ਨਾ ਹੀ ਹੋਵੇਗੀ। ਪਰ ਸੁੱਖ ਤੇ ਉਸਦੇ ਸਾਥੀਆਂ ਨੇ ਬ੍ਰਿਟਿਸ਼
ਕੋਲੰਬੀਆ ਦੀ ਵਿਧਾਨ ਸਭਾ ਦੇ ਸਾਰੇ 85 ਹਲਕਿਆਂ ਵਿੱਚੋਂ 90 ਦਿਨਾਂ ਦੇ ਅੰਦਰ-ਅੰਦਰ 10
ਪ੍ਰਤੀਸ਼ਤ ਤੋਂ ਜਿਆਦਾ ਰਜਿਸਟਰਡ ਵੋਟਰਾਂ ਦੇ ਦਸਤਖਤ ਕਰਵਾ ਕੇ ਇਤਿਹਾਸ ਸਿਰਜ ਦਿੱਤਾ ਸੀ।
ਉਨ੍ਹਾ ਦਿਨਾਂ ਵਿਚ ਗੁਰਜੀਵਨ ਸੁੱਖ ਦਾ ਮਜ਼ਾਕ ਉਡਾਉਂਦਾ ਆਖਦਾ, “ਮੈਨ, ਤੂੰ ਆਪਣਾ ਸਮਾਂ
ਬਰਬਾਦ ਕਰ ਰਿਹੈਂ।”
“ਤੂੰ ਦੇਖ, ਕਿਸੇ ਨੂੰ ਤਾਂ ਇਹ ਕਰਨਾ ਹੀ ਪੈਣਾ। ਜੇ ਅਸੀਂ ਚੁੱਪ ਰਹੇ ਤਾਂ ਸਰਕਾਰ ਦੇ
ਹੌਂਸਲੇ ਹੋਰ ਵਧ ਜਾਣਗੇ ਮਨਮਰਜੀਆਂ ਕਰਨ ਲਈ।”
“ਕਦੇ ਸੁਣਿਆ ਹੈ ਕਿ ਸਰਕਾਰ ਲਾਏ ਟੈਕਸ ਨੂੰ ਵਾਪਸ ਲਵੇ?”
“ਆਪਾਂ ਇਹ ਕਰਨ ਲਈ ਸਰਕਾਰ ਨੂੰ ਮਜਬੂਰ ਕਰ ਸਕਦੇ ਹਾਂ।”
“ਸਰਕਾਰ ਫਿਰ ਕਿੱਥਂੋ ਪੈਸੇ ਲਿਆਵੇ। ਆਪਣੇ ਤੋਂ ਹੀ ਇਕੱਠੇ ਕਰਨੇ ਆ।”
“ਤੂੰ ਦੇਖ, ਸਾਨੂੰ ਟੈਕਸ ਵਧਾਉਣ ‘ਤੇ ਇਤਰਾਜ਼ ਨਹੀਂ। ਦੁੱਖ ਸਾਨੂੰ ਇਸ ਗੱਲ ਦਾ ਹੈ ਕਿ
ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਉਹ ਇਸ ਟੈਕਸ
ਦੇ ਵਿਰੁੱਧ ਹਨ। ਜਿੱਤਣ ਤੋਂ ਝੱਟ ਬਾਅਦ ਉਨ੍ਹਾਂ ਇਹ ਟੈਕਸ ਠੋਕ ਦਿੱਤਾ। ਨਾਲੇ ਇਸ ਟੈਕਸ
ਨਾਲ ਹੋਣ ਵਾਲੀ ਕਮਾਈ ਸਰਕਾਰ ਨੇ ਲੋਕਾਂ ‘ਤੇ ਨਹੀਂ ਲਾਉਣੀ। ਆਮ ਲੋਕਾਂ ਤੋਂ ਇਹ ਟੈਕਸ ਲੈ
ਕੇ ਇਸਦੇ ਬਰਾਬਰ ਦੀ ਛੋਟ ਵੱਡੇ ਵਿਉਪਾਰਾਂ ਨੂੰ ਦੇਣੀ ਹੈ।”
“ਸਰਕਾਰ ਕਹਿੰਦੀ ਹੈ ਕਿ ਇਸ ਨਾਲ ਹੋਰ ਵਪਾਰ ਸਾਡੇ ਸੂਬੇ ਵਿੱਚ ਆਉਣਗੇ ਅਤੇ ਹੋਰ ਨੌਕਰੀਆਂ
ਪੈਦਾ ਹੋਣਗੀਆਂ। ਨਾਲੇ ਜਦੋਂ ਵਪਾਰਾਂ ਵਾਲਿਆਂ ਨੂੰ ਟੈਕਸ ਚੋਂ ਛੋਟ ਮਿਲੂ ਉਹਨਾਂ ਦੇ ਖਰਚੇ
ਘਟਣਗੇ ਤੇ ਉਹ ਚੀਜ਼ਾਂ ਸਸਤੀਆਂ ਕਰ ਦੇਣਗੇ।”
“ਸਰਕਾਰ ਲੋਕਾਂ ਨੂੰ ਐਵੇਂ ਪਰਚਾ ਰਹੀ ਹੈ। ਵਪਾਰਾਂ ਦਾ ਸਭ ਤੋਂ ਵੱਡਾ ਮਕਸਦ ਵੱਧ ਤੋਂ ਵੱਧ
ਮੁਨਾਫਾਂ ਕਮਾਉਣਾ ਹੁੰਦੈ।”
“ਪਰ ਤੂੰ ਆਪਣਾ ਸਮਾਂ ਕਿਓਂ ਬਰਬਾਦ ਕਰ ਰਿਹੈਂ? ਤੈਨੂੰ ਵਿੱਚੋਂ ਕੀ ਮਿਲੂ?” ਗੁਰਜੀਵਨ ਨੇ
ਕਿਹਾ।
ਗੁਰਜੀਵਨ ਇਸੇ ਤਰ੍ਹਾਂ ਹੀ ਸੋਚਦਾ ਹੈ। ਉਸ ਨੂੰ ਲੱਗਦਾ ਹੈ ਕਿ ਵੈਨਕੂਵਰ ਆ ਕੇ ਸੁੱਖ ਬਦਲ
ਗਿਆ ਹੈ। ਉਹ ਅਜੇਹੇ ਕੰਮ ਕਰਨ ਲੱਗਾ ਹੈ, ਜਿਨ੍ਹਾਂ ਦਾ ਬਿਲਕੁਲ ਹੀ ਕੋਈ ਫਾਇਦਾ ਨਹੀਂ।
ਵੈਨਕੂਵਰ ਉਹ ਪਿਛਲੇ ਦੋ ਸਾਲਾਂ ਤੋਂ ਰਹਿ ਰਹੇ ਹਨ। ਬਾਰ੍ਹਵੀਂ ਕਰਨ ਤੋਂ ਬਾਅਦ ਉਨ੍ਹਾਂ ਨੇ
ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ। ਉਨ੍ਹਾਂ ਦੇ ਮਾਪਿਆਂ ਨੇ ਸਰੀ ਵਿਚ ਇੱਕ
ਸਾਂਝਾ ਜੁੜਵਾਂ ਮਕਾਨ ਪਹਿਲਾਂ ਹੀ ਖ੍ਰੀਦ ਲਿਆ ਸੀ, ਤਾਂ ਕਿ ਜਦੋਂ ਬੱਚੇ ਵੱਡੇ ਹੋ ਕੇ
ਪੜ੍ਹਣ ਵੈਨਕੂਵਰ ਜਾਣਗੇ ਤਾਂ ਉੱਥੇ ਉਨ੍ਹਾਂ ਦੇ ਰਹਿਣ ਲਈ ਮਕਾਨ ਹੋਵੇਗਾ। ਇਕ ਬੇਸਮੈਂਟ ਵਿਚ
ਗੁਰਜੀਵਨ ਤੇ ਸੁੱਖ ਰਹਿਣ ਲੱਗੇ ਹਨ ਤੇ ਬਾਕੀ ਘਰ ਕਿਰਾਏ ਉੱਪਰ ਚੜ੍ਹਾ ਦਿੱਤਾ। ਕਿਰਾਏ ਨਾਲ
ਗੁਰਜੀਵਨ ਅਤੇ ਸੁੱਖ ਦਾ ਰੋਟੀ-ਪਾਣੀ ਤੇ ਘਰ ਦੀ ਕਿਸ਼ਤ ਚੱਲੀ ਜਾਂਦੀ ਹੈ। ਫੀਸਾਂ ਉਨ੍ਹਾਂ
ਦੇ ਮਾਪੇ ਭਰੀ ਜਾਂਦੇ ਹਨ। ਯੂਨੀਵਰਸਿਟੀ ਤੋਂ ਵੇਹਲੇ ਹੋ ਕੇ ਉਹ ਇੱਕੋ ਕੰਪਨੀ ਵਿਚ
ਟੈਲੀਮਾਰਕੀਟਿੰਗ ਦੀ ਜੌਬ ‘ਤੇ ਚਲੇ ਜਾਂਦੇ ਹਨ। ਗੁਰਜੀਵਨ ਜਿਆਦਾ ਜਾਂਦਾ ਤੇ ਸੁਖ ਘੱਟ।
ਬਹੁਤਾ ਸਮਾਂ ਸੁੱਖ ਕੋਰਸ ਤੋਂ ਬਿਨਾਂ ਹੋਰ ਕਿਤਾਬਾਂ ਪੜ੍ਹਣ ਤੇ ਲਾਉਂਦਾ ਹੈ। ਜਦੋਂ ਦੀ ਉਸ
ਨੇ ਨਿਓਮੀ ਕਲੈਨ ਦੀ ‘ ਦਾ ਸ਼ੌਕ ਡੌਕਟਰੀਨ-ਦਾ ਰਾਈਜ਼ ਆਫ਼ ਡੀਸਾਸਟਰ ਕੈਪੀਟਲਿਜ਼ਮ’ ਕਿਤਾਬ
ਪੜ੍ਹੀ ਹੈ, ਉਹ ਇਸੇ ਤਰ੍ਹਾਂ ਦੀਆਂ ਹੋਰ ਕਿਤਾਬਾਂ ਪੜ੍ਹਣ ਲੱਗਾ ਹੈ। ਗੁਰਜੀਵਨ ਆਖਦਾ, “
ਸੁਖ , ਬੇਫਾਇਦਾ ਕੰਮਾਂ ਵਿਚੋਂ ਤੈਨੂੰ ਕੀ ਮਿਲਦਾ ਓਸ ਸਮੇਂ ‘ਚ ਕੰਮ ਤੇ ਜਾਇਆ ਕਰ ਤੇ ਕੁਝ
ਕਮਾਈ ਕਰ।”
“ਜਿਹੜਾ ਕੁਛ ਤੈਨੂੰ ਹਾਕੀ ਬਾਰੇ ਸੋਚਣ ਤੇ ਦੇਖਣ ਤੋਂ ਮਿਲਦਾ,” ਸੁੱਖ ਆਖਦਾ।
“ਹਾਕੀ ਸਭ ਦੇਖਦੇ ਆ। ਹਾਕੀ ਦੇਖਦਿਆਂ ਮਜ਼ਾ ਆਉਂਦਾ।”
“ਇਹ ਸਰਮਾਏਦਾਰਾਂ ਵੱਲੋਂ ਦਿਖਾਈ ਜਾਂਦੀ ਸਰਕਸ ਆ। ਸਰਮਾਏਦਾਰੀ ਨਿਜਾਮ ਦਾ ਮੰਨਣਾ ਹੈ ਕਿ
ਲੋਕਾਂ ਨੂੰ ਖਾਣ ਲਈ ਰੋਟੀ ਮਿਲਦੀ ਰਹੇ ਤੇ ਉਹ ਸਰਕਸ ਵਿਚ ਉਲਝੇ ਰਹਿਣ ਤਾਂ ਉਨ੍ਹਾਂ ਦੀ ਜਿਵੇਂ
ਮਰਜ਼ੀ ਲੁੱਟ ਕਰੀ ਚੱਲੋ।”
“ਓਹ ਸੁੱਖ, ਸਮਾਜਵਾਦੀ ਕਿਤਾਬਾਂ ਤੇਰਾ ਦਿਮਾਗ ਖਰਾਬ ਕਰ ਰਹੀਐਂ। ਜੇ ਉਹ ਸਿਸਟਮ ਐਨਾਂ ਹੀ
ਚੰਗਾ ਹੁੰਦਾ ਤਾਂ ਰਸ਼ੀਆ ਤੇ ਹੋਰ ਯੋਰਪੀਅਨ ਮੁਲਕ ਇਸ ਤੋਂ ਕਿਨਾਰਾ ਨਾ ਕਰਦੇ। ਓਹਨਾਂ ਦੇਸ਼ਾਂ
ਤੋਂ ਖਿਡਾਰੀ ਐਥੇ ਨੈਸ਼ਨਲ ਹਾਕੀ ਲੀਗ ‘ਚ ਖੇਡਣ ਆਉਂਦੇ ਆ ਤੇ ਐਥੇ ਹੀ ਰਹਿ ਜਾਂਦੇ ਆ। ਉਨ੍ਹਾਂ
ਨੂੰ ਇਹ ਸਿਸਟਮ ਵਧੀਆ ਲੱਗਦਾ। ਰੱਜ ਕੇ ਕਮਾਈ ਕਰੋ ਤੇ ਮਨ ਭਾਉਂਦੀਆਂ ਚੀਜਾਂ ਰੱਜ ਕੇ ਵਰਤੋ।”
ਗੁਰਜੀਵਨ ਨੂੰ ਲੱਗਦਾ ਹੈ ਕਿ ਸੁੱਖ ਤੋਂ ਬਿਨਾਂ ਉਸਦੇ ਆਸ-ਪਾਸ ਦੇ ਸਾਰੇ ਲੋਕ ਹੀ ਇਸ ਤਰ੍ਹਾਂ
ਸੋਚਦੇ ਅਤੇ ਕਰਦੇ ਹਨ। ਅੱਜ-ਕੱਲ੍ਹ ਉਹ ਆਪਣੇ ਇਸ ਸ਼ਹਿਰ ਦੇ ਬਹੁਤੇ ਲੋਕਾਂ ਵਾਂਗ ਹਾਕੀ ਦਾ
ਆਨੰਦ ਲੈ ਰਿਹਾ ਹੈ। ਉਠਦਾ-ਬੈਠਦਾ ਉਹ ਹਾਕੀ ਬਾਰੇ ਹੀ ਸੋਚਦਾ ਹੈ। ਪੜ੍ਹਾਈ ਕਰਦਾ-ਕਰਦਾ ਉਹ
ਹੋਰ ਟੀਮਾਂ ਦੇ ਗੋਲ਼ ਚੈੱਕ ਕਰਨ ਲੱਗਦਾ ਹੈ। ਉਹ ਚਾਹੁੰਦਾ ਹੈ ਕਿ ਸੁੱਖ ਵੀ ਉਸਦੇ ਨਾਲ ਇਸ
ਖੁਸ਼ੀ ਵਿਚ ਸ਼ਰੀਕ ਹੋਵੇ।
ਸਟੈਨਲੀ ਕੱਪ ਦਾ ਫਾਈਨਲ ਸ਼ੁਰੂ ਹੋ ਗਿਆ ਹੈ। ਵੈਨਕੂਵਰ ਦੀ ਟੀਮ ਸਤਾਰਾਂ ਸਾਲਾਂ ਬਾਅਦ ਇਸ
ਫਾਈਨਲ ਵਿੱਚ ਪਹੁੰਚੀ ਹੈ। ਪਿਛਲੀ ਵਾਰ ਟੀਮ ਸੱਤਵੀਂ ਗੇਮ ਵਿਚ ਨਿਊ ਯਾਰਕ ਰੇਂਜਰਸ ਦੀ ਟੀਮ
ਤੋਂ ਹਾਰ ਗਈ ਸੀ। ਇਸ ਵਾਰ ਵੀ ਉਸਦਾ ਮੁਕਾਬਲਾ ਅਮਰੀਕਨ ਟੀਮ ਬੌਸਟਨ ਬਰੂਅਨ ਨਾਲ ਹੈ। ਦੋਹੇਂ
ਟੀਮਾਂ ਸੱਤ ਗੇਮਾਂ ਤੱਕ ਖੇਡਣਗੀਆਂ, ਜਿਹੜੀ ਟੀਮ ਪਹਿਲਾਂ ਚਾਰ ਗੇਮਾਂ ਜਿੱਤ ਗਈ ਉਹ ਕੱਪ
ਜਿੱਤ ਜਾਵੇਗੀ। ਪਹਿਲੀਆਂ ਦੋ ਗੇਮਾਂ ਵੈਨਕੂਵਰ ਵਿਚ ਹੋਣਗੀਆਂ। ਫਿਰ ਦੋ ਬੌਸਟਨ ਵਿੱਚ। ਜੇ
ਲੋੜ ਪਈ ਤਾਂ ਹੋਰ ਗੇਮਾਂ ਇਕ-ਇਕ ਕਰਕੇ ਦੋਨਾਂ ਸ਼ਹਿਰਾਂ ਵਿਚ ਹੋਣਗੀਆਂ। ਗੁਰਜੀਵਨ ਚਾਹੁੰਦਾ
ਹੈ ਕਿ ਸੁੱਖ ਉਸ ਨਾਲ ਸਰੀ ਸ਼ਹਿਰ ਵਿਚ ਲੱਗੀ ਵੱਡੀ ਸਕਰੀਨ ‘ਤੇ ਪਹਿਲੀ ਗੇਮ ਦੇਖਣ ਜਾਵੇ ।ਪਰ
ਸੁਖ ਆਖਦਾ ਹੈ , “ਮੈਂ ਕਲਾਸ ਤੋਂ ਬਾਅਦ ਇੱਕ ਮੀਟਿੰਗ ‘ਚ ਜਾਣੈ। ਅਸੀਂ ਰੈਫਰੈਂਡਮ ਵਾਸਤੇ
ਇਸ਼ਤਿਹਾਰ ਛਪਵਾਉਣ ਬਾਰੇ ਵਿਚਾਰ ਕਰਨੀ ਆ।”
“ਸਮਾਂ ਬਰਬਾਦ ਕਰਨ ਜਾਣੈ ਆਖ।”
“ਤੂੰ ਕਿਵੇਂ ਆਖ ਸਕਦਾ ਹੈਂ ਕਿ ਸਮਾਂ ਬਰਬਾਦ ਕਰਦੈਂ। ਇਹ ਸਾਡੇ ਪਟੀਸ਼ਨਾਂ ‘ਤੇ ਦਸਤਖ਼ਤ
ਕਰਵਾਉਣ ਕਰਕੇ ਹੀ ਪ੍ਰੀਮੀਅਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਐ ਕਿ ਉਸ ਨੇ ਲੋਕਾਂ ਨੂੰ
ਭਰੋਸੇ ਵਿਚ ਲੈਣ ਤੋਂ ਬਿਨ੍ਹਾਂ ਹੀ ਟੈਕਸ ਠੋਕ ਦਿੱਤਾ। ਇਸੇ ਕਰਕੇ ਉਸ ਨੂੰ ਅਸਤੀਫ਼ਾ ਦੇਣਾ
ਪਿਆ। ਇਸੇ ਕਰਕੇ ਹੁਣ ਸਰਕਾਰ ਦੋ ਪ੍ਰਤੀਸ਼ਤ ਟੈਕਸ ਘਟਾਉਣ ਦੀ ਗੱਲ ਆਖ ਰਹੀ ਹੈ। ਹੁਣ
ਰੈਫ਼ਰੈਂਡਮ ਜਿੱਤ ਕੇ ਸਰਕਾਰ ਨੂੰ ਮਜਬੂਰ ਕਰਨਾ ਹੈ ਕਿ ਲੋਕਾਂ ਦੀ ਮਰਜੀ ਦੇ ਉਲਟ ਲਾਏ ਟੈਕਸ
ਨੂੰ ਵਾਪਸ ਲਵੇ ਤਾਂ ਕਿ ਆਉਣ ਵਾਲੇ ਸਮੇਂ ਵਿਚ ਕੋਈ ਰਾਜਨੀਤੀਵਾਨ ਆਪਣੇ ਆਪ ਨੂੰ ਤਾਨਾਸ਼ਾਹ
ਨਾ ਸਮਝਣ ਲੱਗ ਪਵੇ।”
“ਸੁੱਖ ਮੈਨ, ਤੂੰ ਆਪਣਾ ਇਹ ਭਾਸ਼ਣ ਕਿਸੇ ਹੋਰ ਮੌਕੇ ਲਈ ਰਾਖਵਾਂ ਰੱਖ। ਤੇ ਚੱਲ ਅੱਜ ਗੇਮ
ਦੇਖੀਏ।” ਪਰ ਸੁਖ ਨਹੀਂ ਮੰਨਦਾ। ਗੁਰਜੀਵਨ ਇਕੱਲਾ ਹੀ ਸਰੀ ਸੈਂਟਰਲ ਵੱਲ ਚੱਲ ਪੈਂਦਾ ਹੈ।
ਉੱਥੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਕੈਂਪਸ ਮੂਹਰੇ ਇਕ ਵੱਡੀ ਟੀ ਵੀ ਸਕਰੀਨ ਲੱਗੀ ਹੋਈ
ਹੈ। ਹਜ਼ਾਰਾਂ ਲੋਕ ਇੱਕਠੇ ਗੇਮ ਸ਼ੁਰੂ ਹੋਣ ਦੀ ਉਡੀਕ ਵਿਚ ਹਨ। ਗੁਰਜੀਵਨ ਨੇ ਆਪਣੇ
ਮਨਭਾਉਂਦੇ ਖਿਡਾਰੀ ਗੋਲ ਟੈਂਡਰ ਰੋਬਰਟੋ ਲੋਆਗੌਂ ਦੀ 1 ਨੰਬਰ ਵਾਲੀ ਜਰਸੀ ਪਾਈ ਹੋਈ ਹੈ।
ਗੇਮ ਸ਼ੁਰੂ ਹੋਣ ਦੀ ਦੇਰ ਹੈ ਕਿ ਗੁਰਜੀਵਨ ਉਸ ਵਿਚ ਖੁੱਭ ਜਾਂਦਾ ਹੈ। ਜਦੋਂ ਵੀ ਵੈਨਕੂਵਰ
ਦਾ ਕੋਈ ਖਿਡਾਰੀ ਬੌਸਟਨ ਦੀ ਟੀਮ ਵੱਲ ਸ਼ੌਟ ਮਾਰਦਾ ਉਹ ਚਹਿਕਣ ਲੱਗਦੇ ਹਨ ਤੇ ਜਦੋਂ ਬੌਸਟਨ
ਵਾਲੇ ਮਾਰਦੇ ਹਨ ਉਹ ‘ਆਹ-ਆਹ’ ਕਰਦੇ ਤੇ ਫਿਰ ਗੋਲੀ ਵੱਲੋਂ ਗੋਲ ਬਚਾਉਣ ਤੇ ਤਾੜੀਆਂ ਮਾਰਦੇ
ਹਨ। ਵੈਨਕੂਵਰ ਦੀ ਟੀਮ ਨੇ ਇਹ ਗੇਮ ਜਿੱਤ ਲਈ ਹੈ। ਗੁਰਜੀਵਨ ਪੂਰੀ ਖੁਸ਼ੀ ਵਿਚ ਚਹਿਕਦਾ ਘਰ
ਮੁੜਦਾ ਹੈ। ਆਉਂਦਾ ਹੀ ਉਹ ਆਖਦਾ ਹੈ, “ਸੁੱਖ ਮੈਨ, ਤੈਨੂੰ ਪਤਾ ਹੀ ਨਹੀਂ ਕਿ ਤੂੰ ਕੀ ਮਿੱਸ
ਕੀਤਾ ਹੈ।” ਸੁੱਖ ਉਸਦੀ ਗੱਲ ਸੁਣ ਕੇ ਮੁਸਕਰਾਉਂਦਾ ਹੈ। ਫਿਰ ਆਖਦਾ ਹੈ, “ਮੈਨੂੰ ਖੁਸ਼ੀ ਹੈ
ਕਿ ਤੂੰ ਗੇਮ ਦਾ ਆਨੰਦ ਮਾਣ ਕੇ ਆਇਐਂ।”
ਸੁੱਖ ਨੂੰ ਪਤਾ ਹੈ ਕਿ ਗੁਰਜੀਵਨ ਉਤਸ਼ਾਹ ਦੀਆਂ ਸਿਖਰਾਂ ਤੇ ਪਹੁੰਚ ਕੇ ਇਸੇ ਤਰ੍ਹਾ ਬੋਲਦਾ
ਹੈ। ਉਸ ਨੇ ਪਿਛਲੇ ਸਾਲ ਵੀ ਸੁੱਖ ਨੂੰ ਇਸੇ ਉਤਸ਼ਾਹ ਵਿਚ ਆਖਿਆ ਸੀ, “ਸੁੱਖ ਮੈਨ, ਤੈਨੂੰ
ਨੀ ਪਤਾ ਕਿ ਤੂੰ ਅੱਜ ਕਿਵੇਂ ਆਈ ਪੈਡ ਖ੍ਰੀਦਣ ਦਾ ਮੌਕਾ ਗਵਾ ਦਿੱਤਾ।”
ਉਸ ਦਿਨ ਸੁੱਖ ਮੁਸਕਰਾਇਆ ਨਹੀਂ ਸੀ। ਉਸ ਨੇ ਜਵਾਬ ਦਿੱਤਾ, “ਮੌਕਾ ਨਹੀਂ ਗਵਾਇਆ। ਮੈਂ ਜਾਣ
ਬੁੱਝ ਕੇ ਨਹੀਂ ਗਿਆ। ਮੇਰੇ ਕੋਲ ਲੈਪ-ਟਾਪ ਹੈ। ਮੈਨੂੰ ਆਈ-ਪੈਡ ਦੀ ਜਰੂਰਤ ਹੀ ਨਹੀਂ ਤਾਂ
ਮੈਂ ਕਿਓਂ ਜਾ ਕੇ ਲਾਈਨ ਵਿਚ ਖੜ੍ਹ ਕੇ ਸਮਾਂ ਬਰਬਾਦ ਕਰਦਾ।”
“ਇਹ ਸਮਾਂ ਬਰਬਾਦ ਕਰਨਾ ਨਹੀਂ ਸੀ। ਇਹ ਕੰਪਿਊਟਰ ਦੀ ਨਵੀਂ ਪੀੜ੍ਹੀ ਹੈ। ਦੋ ਘੰਟੇ ‘ਚ ਸਾਰੇ
ਵਿਕ ਗਏ।”
“ਮਿੱਤਰਾ, ਇਹ ਸਾਰੇ ਵੇਚਣ ਦੇ ਢੌਂਗ ਆ। ਤੈਨੂੰ ਪਤਾ ਕਿ ਐਪਲ ਕੰਪਨੀ, ਜਿਸ ਨੇ ਇਹ ਆਈ ਪੈਡ
ਮਾਰਕੀਟ ਵਿਚ ਲਿਆਂਦਾ ਹੈ ਉਸ ਦੇ ਸ਼ੇਅਰ-ਬਾਜ਼ਾਰ ਵਿਚ ਸ਼ੇਅਰ ਹੇਠ ਚਲੇ ਗਏ ਸੀ। ਉਨ੍ਹਾਂ ਨੇ
ਇਸ ਆਈ ਪੈਡ ਦੀ ਮਸ਼ਹੂਰੀ ਇਸ ਤਰ੍ਹਾਂ ਕੀਤੀ ਕਿ ਤੇਰੇ ਵਰਗੇ ਉਡੀਕਣ ਲੱਗੇ ਕਿ ਕਦੋਂ ਮਾਰਕੀਟ
ਵਿਚ ਆਵੇ। ਉਨ੍ਹਾਂ ਦੇ ਸ਼ੇਅਰ ਰਾਤੋ-ਰਾਤ ਵਧ ਗਏ। ਹੁਣ ਦੇਖ ਲਵੀਂ ਕੁਝ ਮਹੀਨਿਆਂ ਨੂੰ ਇਨ੍ਹਾਂ
ਦੇ ਮੁਕਾਬਲੇ ਬਲੈਕ ਬੈਰੀ ਵਾਲੇ ਆਪਣੀ ਕੋਈ ਇਸ ਦੇ ਨਾਲ ਦੀ ਚੀਜ਼ ਲਿਆਉਣਗੇ। ਤੇਰੇ ਵਰਗੇ
ਫਿਰ ਉਸ ਮਗਰ ਭੱਜ ਤੁਰਨਗੇ। ਕੁਝ ਮਹੀਨਿਆਂ ਬਾਅਦ ਐਪਲ ਵਾਲੇ ਇਸ ਵਿਚ ਕੁਝ ਕੁ ਨਵੀਆਂ
ਵਿਸ਼ੇਸ਼ਤਾਵਾਂ ਪਾ ਕੇ ਫਿਰ ਮਾਰਕੀਟ ਵਿਚ ਲੈ ਆਉਣਗੇ ਤੇ ਲੋਕੀਂ ਉਸ ਮਗਰ ਹੋ ਜਾਣਗੇ।”
“ਇਹ ਤਾਂ ਸਗੋਂ ਚੰਗਾ, ਜਦੋਂ ਬੰਦਾ ਕਿਸੇ ਚੀਜ਼ ਤੋਂ ਅੱਕ ਜਾਵੇ ਉਦੋਂ ਤੱਕ ਨਵੀਂ ਚੀਜ਼ ਆ
ਜਾਂਦੀ ਆ ਮਾਰਕੀਟ ਵਿਚ।” ਫਿਰ ਗੁਰਜੀਵਨ ਰੁਕ ਕੇ ਬੋਲਿਆ, “ਪਰ ਤੈਨੂੰ ਕੀ। ਤੂੰ ਤਾਂ ਮਹਾਂ
ਕੰਜੂਸ ਐਂ। ਇਕ ਫੋਨ ਨਾਲ ਹੀ ਦੋ-ਤਿੰਨ ਸਾਲ ਕੱਢ ਦਿੰਨੈ। ਨਵੀਂ ਚੀਜ਼ ਮਾਰਕੀਟ ਵਿਚ ਆਈ ਹੋਵੇ
ਤਾਂ ਉਸ ਬਾਰੇ ਜਾਣੂੰ ਹੋਵੋ। ਓਹਨੂੰ ਵਰਤੋ।”
“ਤੇ ਓਹਦੀ ਕੀਮਤ ਤਾਰਨ ਲਈ ਫਿਰ ਕਲਾਸਾਂ ਛੱਡ-ਛੱਡ ਕੇ ਕੰਮ ਕਰੋ।”
“ਇਸ ਤਰ੍ਹਾਂ ਹੀ ਤਾਂ ਜਿੰਦਗੀ ਦਾ ਆਨੰਦ ਹੈ।”
“ਤੁਹਾਡੀ ਏਸ ਤਰ੍ਹਾਂ ਦੀ ਮਾਨਸਿਕਤਾ ਬਣਾ ਕੇ ਹੀ ਉਹ ਚੀਜ਼ਾਂ ਵੇਚਦੇ ਆ। ਤੂੰ ਦੇਖ, ਜੇ
ਆਈ-ਪੈਡ ਪਹਿਲਾਂ ਹੀ ਉਹ ਚਾਰ ਗੀਗਾ ਬਾਈਟ ਵਾਲੀ ਰੈਮ ਵਾਲਾ ਬਣਾ ਦਿੰਦੇ ਤਾਂ ਲੋਕਾਂ ਨੂੰ
ਚਾਰ ਸਾਲ ਹੋਰ ਲੈਣ ਦੀ ਲੋੜ ਮਹਿਸੂਸ ਨਹੀਂ ਸੀ ਹੋਣੀ। ਹੁਣ ਉਨ੍ਹਾਂ ਨੇ 256 ਮੈਗਾ ਬਾਈਟ ਦੀ
ਰੈਮ ਦਾ ਬਣਾਇਆ। ਕੁਝ ਮਹੀਨਿਆ ਨੂੰ ਇੱਕ ਗੀਗਾ ਬਾਈਟ ਵਾਲਾ ਬਨਾਉਣਗੇ ਤੇ ਇਸ ਤਰ੍ਹਾਂ ਪਰਚਾਰ
ਕਰਨਗੇ ਕਿ ਪਹਿਲਾ ਤਾਂ ਬਹੁਤ ਹੌਲੀ ਤੇ ਬੇਕਾਰ ਹੈ, ਨਵਾਂ ਖ੍ਰੀਦੋ।”
ਆਈ-ਪੈਡ ਦੀ ਥੋੜ੍ਹੀ ਯਾਦ ਸ਼ਕਤੀ ਵਾਲੀ ਰੈਮ ਦੀ ਗੱਲ ਗੁਰਜੀਵਨ ਦੇ ਦਿਮਾਗ ਵਿਚ ਵੀ ਆਈ ਸੀ,
ਜਦ ਉਸ ਨੇ ਕੁਝ ਮਹੀਨੇ ਪਹਿਲਾਂ ਹੀ ਖ੍ਰੀਦੇ ਆਪਣੇ ਨਵੇਂ ਲੈਪਟਾਪ ਨਾਲ ਇਸ ਦੀ ਤੁਲਨਾ ਕੀਤੀ
ਸੀ। ਉਸਦੇ ਲੈਪਟਾਪ ਦੀ ਯਾਦ ਸ਼ਕਤੀ ਆਈ ਪੈਡ ਨਾਲੋਂ ਚਾਰ ਗੁਣਾ ਜਿ਼ਆਦਾ ਸੀ। ਗੁਰਜੀਵਨ ਦਾ
ਜੀਅ ਕੀਤਾ ਸੀ ਕਿ ਉਹ ਆਈ ਪੈਡ ਨਾ ਖ੍ਰੀਦੇ ਪਰ ਜਦੋਂ ਉਹ ਉਸ ਦੀ ਸ਼ਕਲ ਦੇਖਦਾ ਤਾਂ ਉਹ
ਗੁਰਜੀਵਨ ਨੂੰ ਧੂਹ ਪਾਉਂਦੀ। ਇੰਟਰਨੈੱਟ ‘ਤੇ ਆਈ ਪੈਡ ਦੀ ਫੋਟੋ ਦੇ ਨਾਲ ਲਿਖਿਆ ਸੀ,
‘ਕੰਪਿਊਟਰ ਦੀ ਨਵੀਂ ਪ੍ਹੀੜੀ-ਇਸ ਦੇ ਮਾਲਕ ਬਨਣ ਦੀ ਪਹਿਲ ਕਰੋ’। ਇਹ ਪੜ੍ਹ ਕੇ ਗੁਰਜੀਵਨ ਦਾ
ਜੀਅ ਕਰਦਾ ਸੀ ਕਿ ਉਹ ਆਪਣੇ ਸਾਥੀਆਂ ‘ਚੋਂ ਪਹਿਲਾ ਹੋਵੇ, ਜਿਸ ਕੋਲ ਇਹ ਹਲਕੇ ਜਿਹੇ ਭਾਰ
ਵਾਲਾ ਟੱਚ ਸਕਰੀਨ ਆਈ ਪੈਡ ਹੋਵੇ। ਫਿਰ ਇਸ ਦੀ ਕੀਮਤ ਦੇਖ ਉਹ ਕੁਝ ਸੋਚੀਂ ਪੈ ਜਾਂਦਾ। ਉਹ
ਹਿਸਾਬ-ਕਿਤਾਬ ਲਾਉਂਦਾ ਕਿ ਉਸ ਨੂੰ ਕਿੰਨੇ ਘੰਟੇ ਵਾਧੂ ਕੰਮ ਕਰਨਾ ਪਵੇਗਾ। ‘ਇਹੀ ਤਾਂ
ਜਿੰਦਗੀ ਹੈ’ ਸੋਚ ਉਸ ਤੇ ਭਾਰੂ ਹੋ ਗਈ ਤੇ ਉਹ ਆਈਪੈਡ ਦੇ ਮੰਡੀ ਵਿਚ ਆਉਣ ਦੇ ਪਹਿਲੇ ਹੀ
ਦਿਨ ਕਤਾਰ ਵਿਚ ਜਾ ਖੜ੍ਹਾ ਹੋਇਆ। ਤੇ ਫਿਰ ਉਹ ਕੁਝ ਦਿਨ ਆਈਪੈਡ ਦੀਆਂ ਕੁਝ ਵਿਸ਼ੇਸ਼ਤਾਵਾਂ
ਦੇ ਗੁਣ-ਗਾਣ ਕਰਦਾ ਰਿਹਾ ਸੀ। ਸੁੱਖ ਨੂੰ ਪਤਾ ਸੀ ਕਿ ਆਈ ਪੈਡ ਦਾ ਕੁਝ ਦਿਨ ਇਸੇ ਤਰ੍ਹਾਂ
ਹੀ ਜਾਪ ਹੁੰਦਾ ਰਹੇਗਾ ਤੇ ਫਿਰ ਉਸ ਵਿਚਲੇ ਨੁਕਸਾਂ ਦੀ ਗੱਲ ਸ਼ੁਰੂ ਹੋ ਜਾਵੇਗੀ। ਇਵੇਂ ਹੀ
ਉਹ ਹਾਕੀ ਦੀ ਗੇਮ ਤੋਂ ਬਾਅਦ ਕਰਦਾ ਹੈ। ਜਦੋਂ ਟੀਮ ਜਿੱਤ ਜਾਂਦੀ ਹੈ ਉਹ ਖਿਡਾਰੀਆਂ ਦੀ
ਪ੍ਰਸ਼ੰਸਾ ਕਰਦਾ ਨਹੀਂ ਥੱਕਦਾ। ਜਦੋਂ ਟੀਮ ਹਾਰ ਜਾਂਦੀ ਹੈ ਉਹ ਆਖਣ ਲਗਦਾ ਹੈ ਕਿ ਫਲਾਣੇ
ਖਿਡਾਰੀ ਨੂੰ ਬਦਲ ਕੇ ਉਸਦੀ ਥਾਂ ਫਲਾਣੀ ਟੀਮ ਦਾ ਖਿਡਾਰੀ ਲੈ ਲੈਣਾ ਚਾਹੀਦਾ।
ਵੈਨਕੂਵਰ ਦੀ ਟੀਮ ਬੌਸਟਨ ਨਾਲ ਹੋਈ ਦੂਜੀ ਗੇਮ ਵੀ ਜਿੱਤ ਲੈਂਦੀ ਹੈ। ਗੁਰਜੀਵਨ ਉੱਡਿਆ ਫਿਰਦਾ
ਹੈ । ਪਰ ਵੈਨਕੂਵਰ ਦੇ ਤੀਜੀ ਗੇਮ ਹਾਰਨ ਤੋਂ ਬਾਅਦ ਗੁਰਜੀਵਨ ਨੇ ਖਾਣਾ ਨਹੀਂ ਖਾਧਾ। ਚੌਥੀ
ਗੇਮ ਵਾਲੇ ਦਿਨ ਉਹ ਫਿਰ ਉਤਸ਼ਾਹ ਵਿਚ ਹੈ। ਉਹ ਸੁੱਖ ਨੂੰ ਆਖਦਾ ਹੈ, “ ਕਨੱਕਸ ਨੇ ਪਿਛਲੀ
ਗੇਮ ਜਾਣ-ਬੁੱਝ ਕੇ ਹਾਰੀ ਸੀ। ਅੱਜ ਉਹ ਜਿੱਤਣਗੇ ਤੇ ਫਿਰ ਉਹ ਪੰਜਵੀਂ ਗੇਮ ਵਿੱਚ ਭੋਗ ਪਾ
ਦੇਣਗੇ। ਉਹ ਚਾਹੁੰਦੇ ਆ ਕਿ ਸਟੈਨਲੀ ਕੱਪ ਵੈਨਕੂਵਰ ਵਿੱਚ ਜਿੱਤਿਆ ਜਾਵੇ।”
“ਦੂਜੀ ਟੀਮ ਵੀ ਤਾਂ ਖੇਡਦੀ ਆ। ਉਹ ਵੀ ਈਸਟਰਨ ਕਾਨਫਰੰਸ ਦੀਆਂ ਸਾਰੀਆਂ ਟੀਮਾਂ ਨੂੰ ਹਰਾ ਕੇ
ਫਾਈਨਲ ਵਿਚ ਪਹੁੰਚੇ ਆ।”
“ਤੈਨੂੰ ਮੰਨਣਾ ਪਊ ਕਿ ਆਪਣੀ ਟੀਮ ਤਕੜੀ ਆ। ਇਹਨੇ ਰੈਗੂਲਰ ਸੀਜ਼ਨ ਵਿੱਚ ਸਾਰਿਆਂ ਨਾਲੋਂ
ਜਿ਼ਆਦਾ ਪੁਆਇੰਟ ਲੈ ਕੇ ਪ੍ਰੈਜ਼ੀਡੈਂਟਸ ਟਰਾਫ਼ੀ ਜਿੱਤੀ ਆ। ਇਹ ਗੇਮ ਨੂੰ ਕੰਟਰੋਲ ਕਰਦੇ
ਆ।”
ਪਰ ਵੈਨਕੂਵਰ ਦੀ ਟੀਮ ਉਸ ਰਾਤ ਵੀ ਹਾਰ ਜਾਂਦੀ ਹੈ। ਸਗੋਂ ਬੁਰੀ ਤਰ੍ਹਾਂ ਹਾਰਦੀ ਹੈ।
ਗੁਰਜੀਵਨ ਨੂੰ ਉਦਾਸ ਵੇਖ ਸੁੱਖ ਆਖਦਾ ਹੈ, “ ਤੂੰ ਦੇਖ, ਕਨੱਕਸ ਦੀ ਟੀਮ ਗੇਮ ਨਹੀਂ ਕੰਟਰੋਲ
ਕਰਦੀ, ਸਗੋਂ ਤੈਨੂੰ ਕੰਟਰੋਲ ਕਰਦੀ ਹੈ।”
ਗੁਰਜੀਵਨ ਮੂਹਰੋਂ ਕੁਝ ਨਹੀਂ ਬੋਲਦਾ ਤੇ ਉਵੇਂ ਹੀ ਸੋਗੀ ਮੂਡ ਵਿਚ ਬੈਠਾ ਰਹਿੰਦਾ ਹੈ। ਸੁੱਖ
ਫਿਰ ਆਖਦਾ ਹੈ, “ਤੈਨੂੰ ਪਤਾ ਕਿ ਹਾਕੀ ਬਹੁਤ ਵੱਡਾ ਵਿਉਪਾਰ ਹੈ? ਟੀਮਾਂ ਦੇ ਮਾਲਕ
ਬਿਲੀਅਨੇਅਰ ਨੇ । ਉਹ ਹਾਕੀ ਟੀਮਾਂ ਦੇ ਨਾਲ-ਨਾਲ ਹੋਰ ਵੀ ਕਈ ਵੱਡੇ ਵਪਾਰਾਂ ਦੇ ਮਾਲਕ ਨੇ।
”
“ਫੇਰ? ਹਾਕੀ ਸਾਡੀ ਕੌਮੀ ਖੇਡ ਆ।”
“ਤੁਹਾਡੀਆਂ ਇਨ੍ਹਾਂ ਭਾਵਨਾਵਾਂ ਦਾ ਲਾਭ ਉਠਾਂ ਕੇ ਸਰਮਾਏਦਾਰ ਵਿਉਪਾਰ ਕਰਦੇ ਆ ਤੇ ਤੁਹਾਡੀਆਂ
ਜੇਬਾਂ ਖਾਲੀ ਕਰਦੇ ਆ।”
“ਤੇਰਾ ਫਿਰ ਸਰਮਾਏਦਾਰੀ ਬਾਰੇ ਭਾਸ਼ਨ ਸ਼ੁਰੂ ਹੋ ਗਿਆ। ਸਿੱਧੀ ਗੱਲ ਆ ਕਿ ਸਾਡਾ ਗੋਲੀ ਨਰਵਸ
ਹੋ ਗਿਆ ਤੇ ਉਸ ਕੁਝ ਮਾੜੇ ਗੋਲ ਕਰਵਾ ਲਏ। ਇਸ ਵਿਚ ਸਰਮਾਏਦਾਰੀ ਕਿੱਥੋਂ ਆ ਗਈ? ਅਗਲੀ ਗੇਮ
ਫਿਰ ਵੈਨਕੂਵਰ ਵਿਚ ਹੋਣੀ ਐ ਤੇ ਸਾਡੀ ਟੀਮ ਨੇ ਜਿੱਤ ਜਾਣੈ।”
“ਤੂੰ ਹੀ ਦੱਸਿਆ ਸੀ ਕਿ ਤੇਰੀ ਟੀਮ ਦੇ ਗੋਲ਼ੀ ਨੂੰ ਪਿਛਲੇ ਸਾਲ ਬਾਰ੍ਹਾ ਸਾਲਾਂ ਲਈ 64
ਮਿਲੀਅਨ ਡਾਲਰ ਦਾ ਕੰਨਟਰੈਕਟ ਮਿਲਿਆ। ਜੇ ਉਹ ਜਿੱਤੇਗਾ ਤਾਂ ਇਹ ਉਸਦੀ ਨਿੱਜੀ ਪ੍ਰਾਪਤੀ
ਹੋਵੇਗੀ। ਤੇ ਤੈਨੂੰ ਕੀ ਮਿਲਦਾ? ਜਦੋਂ ਉਹ ਚੰਗਾ ਖੇਡਦਾ ਤੂੰ ਖੁਸ਼ ਹੋ ਜਾਨੈ, ਜਦੋਂ ਉਹ
ਮਾੜਾ ਖੇਡਦਾ ਤੂੰ ਉਦਾਸ ਹੋ ਜਾਨੈ। ਖਾਣਾ ਛੱਡ ਦਿੰਨੈ। ਤੇਰੀ ਖੁਸ਼ੀ ਨੂੰ ਇੱਕ ਮਿਲੀਅਨੇਅਰ
ਕੰਟਰੋਲ ਕਰਦੈ।”
“ਠੀਕ ਆ ਡੈਅਡ,” ਗੁਰਜੀਵਨ ‘ਡੈਅਡ’ ਸ਼ਬਦ ਘਰੋੜ ਕੇ ਆਖਦਾ ਹੈ। ਤੇ ਫਿਰ ਆਖਣ ਲੱਗਦਾ ਹੈ,
“ਤੂੰ ਮੇਰਾ ਪਿਓ ਬਨਣ ਦੀ ਕਿਓਂ ਕੋਸਿ਼ਸ਼ ਕਰਦੈਂ। ਜਦੋਂ ਤੂੰ ਭਾਸ਼ਣ ਨੀਂ ਦਿੰਦਾ ਓਦੋਂ
ਬਹੁਤ ਚੰਗਾ ਲੱਗਦੈਂ ਪਰ ਜਦੋਂ ਤੂੰ...
ਸੁੱਖ ਚੁੱਪ ਕਰ ਜਾਂਦਾ ਹੈ। ਗੁਰਜੀਵਨ ਅਗਲੀ ਗੇਮ ਤੋਂ ਬਾਅਦ ਪੂਰਾ ਖੁਸ਼ ਹੋ ਜਾਂਦਾ ਹੈ।
ਵੈਨਕੂਵਰ ਦੀ ਟੀਮ ਨੇ ਗੇਮ ਜਿੱਤ ਲਈ ਹੈ। ਵੈਨਕੂਵਰ ਦੀ ਟੀਮ ਤਿੰਨ ਗੇਮਾਂ ਜਿੱਤ ਚੁੱਕੀ ਹੈ।
ਅਗਲੇ ਦਿਨ ਫਿਰ ਅਖਬਾਰ ਦੀ ਸੁਰਖ਼ੀ ਹੈ ਕਿ ਵੈਨਕੂਵਰ ਵਿਚ ਸਟੈਨਲੀ ਕੱਪ ਪਰੇਡ ਹੋਣ ਵਿਚ
ਸਿਰਫ਼ ਇਕ ਗੇਮ ਦੀ ਵਿੱਥ। ਤੇ ਉਸ ਤੋਂ ਅਗਲੇ ਦਿਨ ਫਿਰ ਗੇਮ ਹੋਣੀ ਹੈ, ਜਿਸ ਦਿਨ ਵੈਨਕੂਵਰ
ਨੇ ਪਹਿਲੀ ਵਾਰ ਸਟੈਨਲੀ ਕੱਪ ਚੈਂਪੀਅਨ ਬਨਣਾ ਹੈ। ਪਰ ਉਸੇ ਦਿਨ ਗੁਰਜੀਵਨ ਦੇ ਇਕ
ਰਿਸ਼ਤੇਦਾਰ ਦੀ ਮੰਗਣੀ ਹੈ। ਗੁਰਜੀਵਨ ਦੇ ਮੰਮੀ-ਡੈਡੀ ਤੇ ਛੋਟੀ ਭੈਣ ਗੁਰਸਿਮਰਨ ਪ੍ਰਿੰਸ
ਰੂਪਰਟ ਤੋਂ ਚੱਲ ਕੇ ਇਸ ਰਸਮ ਵਿਚ ਸ਼ਾਮਿਲ ਹੋਣ ਲਈ ਸਰੀ ਆਏ ਹੋਏ ਹਨ। ਉਹ ਗੁਰਜੀਵਨ ਨੂੰ
ਨਾਲ ਜਾਣ ਲਈ ਆਖਦੇ ਹਨ ਪਰ ਗੁਰਜੀਵਨ ਆਖਦਾ ਹੈ ਕਿ ਓਨ੍ਹਾਂ ਨੇ ਮੰਗਣੀ ਉਸ ਦਿਨ ਦੀ ਰੱਖੀ ਹੀ
ਕਿਓਂ?
“ਅਸੀਂ ਤੇਰੇ ਮਾਮੇ ਨੂੰ ਆਖ ਦਿੰਨੇ ਆ ਕਿ ਭਾਈ ਮੰਗਣੀ ਕੈਂਸਲ ਕਰ ਦਿਓ ਸਾਡੇ ਜੀਵਨ ਨੇ ਉਸ
ਦਿਨ ਹਾਕੀ ਦੀ ਗੇਮ ਦੇਖਣੀ ਆ। ਕਿਓਂ ਜੀਵਨ?” ਗੁਰਜੀਵਨ ਦੀ ਮਾਂ ਬੋਲਦੀ ਹੈ । ਫਿਰ ਉਹ
ਗੁਰਜੀਵਨ ਦਾ ਮੋਢਾ ਪਲੋਸਦੀ ਹੋਈ ਆਖਦੀ ਹੈ, “ਨਾ ਮੇਰਾ ਪੁੱਤ ਜਾਈਂ ਜਰੂਰ ਭਾਵੇਂ ਥੋੜ੍ਹਾ
ਚਿਰ ਈ ਜਾਈਂ। ਭੈਣ ਨਾਲ ਤਬਲਾ ਫਿਰ ਕੌਣ ਵਜਾਊ? ਤੇਰੀ ਮਾਮੀ ਆਖਦੀ ਸੀ ਕਿ ਸਿਮਰਨ ਮੰਗਣੀ
ਤੋਂ ਪਹਿਲਾਂ ਸ਼ਬਦ ਜਰੂਰ ਪੜ੍ਹੇ।”
“ਮੈਂ ਬਹੁਤ ਚਿਰ ਤੋਂ ਤਬਲੇ ਦਾ ਅਭਿਆਸ ਨਹੀਂ ਕੀਤਾ,” ਗੁਰਜੀਵਨ ਆਖਦਾ ਹੈ।
“ਐਵੇਂ ਬਹਾਨੇ ਨਾ ਘੜ। ਗੇਮ ਤੇਰੀ ਸਾਢੇ ਚਾਰ ਸ਼ੁਰੂ ਹੋਣੀ ਆ ਤੇ ਸਾਢੇ ਸੱਤ-ਅੱਠ ਤੱਕ ਮੁੱਕ
ਜਾਣੀ ਆ। ਜਦੋਂ ਨੂੰ ਸ਼ਬਦ ਪੜ੍ਹਣਾ ਓਦੋਂ ਨੂੰ ਮੁੜ ਆਏਂਗਾ।”
“ਸੁੱਖ ਨੂੰ ਲੈ ਜੋ। ਇਹ ਤਬਲਾ ਵਜਾਦੂ।”
“ਲੈ ਸੁੱਖ ਕਿਓਂ ਵਜਾਊ, ਜਦੋਂ ਤੂੰ ਨੀਂ ਵਜਾਉਂਦਾ। ਨਾਲੇ ਗੁਰਸਿੱਖ ਕੁੜੀ ਨਾਲ ਗੁਰਸਿੱਖ ਈ
ਤਬਲਾ ਵਜਾਉਂਦਾ ਜਚਦਾ ਆ। ਸੁੱਖ ਤਾਂ ਹੁਣ ਅੰਗ੍ਰੇਜ਼ ਬਣਿਆ। ਕਿਓਂ ਸੁੱਖ?”
“ਚਲੋ ਆਓ ਅਭਿਆਸ ਕਰੀਏ,” ਆਖਦੀ ਹੋਈ ਗੁਰਸਿਮਰਨ ਅੰਦਰੋਂ ਤਬਲਾ ਚੁੱਕ ਲਿਆਉਂਦੀ ਹੈ।
ਤਬਲੇ ਗੁਰਜੀਵਨ ਤੇ ਸੁੱਖ ਆਪਣੇ ਨਾਲ ਦੋਨੋਂ ਹੀ ਲੈ ਆਏ ਸਨ ਪਰ ਉਨ੍ਹਾਂ ਨੇ ਵੈਨਕੂਵਰ ਆ ਕੇ
ਕਦੇ ਅਭਿਆਸ ਨਹੀਂ ਕੀਤਾ । ਪਿੰ੍ਰਸਰੂਪਰਟ ਰਹਿੰਦਿਆਂ ਉਹ ਹਰ ਐਤਵਾਰ ਗੁਰਦੁਆਰੇ ਕੀਰਤਨ ਕਰਦੇ
ਸਨ। ਗੁਰਸਿਮਰਨ ਦੇ ਜ਼ੋਰ ਦੇਣ ਨਾਲ ਗੁਰਜੀਵਨ ਅਤੇ ਸੁੱਖ ਦੋਨਾਂ ਨੇ ਹੀ ਆਪਣੇ ਤਬਲਿਆਂ ਤੋਂ
ਗਰਦ ਝਾੜ ਲੈਂਦੇ ਹਨ ਅਤੇ ਫਿਰ ਆਪਣੇ ਹੱਥਾਂ ਤੋਂ ਜੰਗਾਲ ਵੀ ਲਾਹ ਸੁੱਟਦੇ ਹਨ।
ਅਗਲੇ ਦਿਨ ਉਹ ਤਿੰਨੋਂ ਹੀ ਵੱਡੀ ਸਕਰੀਨ ਤੇ ਗੇਮ ਦੇਖਣ ਲਈ ਸਰ੍ਹੀ ਸੈਂਟਰਲ ਵੱਲ ਚੱਲ ਪੈਂਦੇ
ਹਨ। ‘ਬੌਸਟਨ ਪੀਜ਼ਾ’ ਰੈਸਟੋਰੈਂਟ ਦੇ ਮੂਹਰੋਂ ਲੰਘਦਿਆਂ ਸੁੱਖ ਛੇੜਦਾ ਹੈ, “ ਗੁਰਜ਼, ਤੇਰਾ
ਮਨਭਾਉਂਦਾ ਰੈਸਟੋਰੈਂਟ।”
“ਨਹੀਂ, ਹੁਣ ਨੀ?” ਗੁਰਜੀਵਨ ਜਵਾਬ ਦਿੰਦਾ ਹੈ।
“ਤੂੰ ਤਾਂ ਕਿਸੇ ਹੋਰ ਪੀਜ਼ਾ ਰੈਸਟੋਰੈਂਟ ‘ਤੇ ਜਾਂਦਾ ਹੀ ਨਹੀਂ। ਹੁਣ ਕੀ ਹੋ ਗਿਆ?”
“ਏਹਦਾ ਨਾਂ ‘ਬੌਸਟਨ ਦੀ ਟੀਮ ਵਾਲਾ,” ਆਖ ਕੇ ਗੁਰਸਿਮਰਨ ਹੱਸਦੀ ਹੈ।
“ਅਗਲਿਆਂ ਨੇ ਤਾਂ ਜਿੰਨੇ ਦਿਨ ਇਹ ਗੇਮਾਂ ਹੋਣੀਆਂ ‘ਬੌਸਟਨ ਪੀਜ਼ਾ’ ਦੀ ਥਾਂ ਇਸਦਾ ਨਾਂ ਵੀ
‘ਵੈਨਕੂਵਰ ਪੀਜ਼ਾ’ ਰੱਖ ਦਿੱਤਾ ਹੈ,” ਸੁੱਖ ਆਖਦਾ ਹੈ।
“ਤੁਸੀਂ ਹਟ ਜੋ -ਹਟ ਜੋ,” ਆਖਦਾ ਗੁਰਜੀਵਨ ਉਨ੍ਹਾਂ ਨੂੰ ਅਗਾਂਹ ਤੋਰ ਲੈਂਦਾ ਹੈ।
ਪਹਿਲੇ ਪੀਰੀਅਡ ਦੇ ਖਤਮ ਹੋਣ ਤੋਂ ਬਾਅਦ ਸੁੱਖ ਗੁਰਸਿਮਰਨ ਨੂੰ ਆਪਣੇ ਨਾਲ ਲੈ ਕੇ ਵਾਪਸ ਆ
ਜਾਵੇਗਾ। ਗੁਰਜੀਵਨ ਪੂਰੀ ਗੇਮ ਦੇਖ ਕੇ ਸਿੱਧਾ ਹਾਲ ਵਿੱਚ ਪਹੁੰਚੇਗਾ। ਉਸ ਨੇ ਪਾਰਟੀ ਵਾਲੇ
ਕੱਪੜੇ ਆਪਣੀ ਕਾਰ ਵਿੱਚ ਰੱਖੇ ਹੋਏ ਹਨ। ਹੁਣ ਉਸ ਨੇ ਵੈਨਕੂਵਰ ਦੀ ਟੀਮ ਦੇ ਕੈਪਟਨ, ਹੈਨਰਿਕ
ਸਡੀਨ ਵਾਲੀ 33 ਨੰਬਰ ਜਰਸੀ ਪਾਈ ਹੋਈ ਹੈ। ਗੇਮ ਦੇ ਸ਼ੁਰੂ ਹੁੰਦਿਆਂ ਹੀ ਬੌਸਟਨ ਦੀ ਟੀਮ
ਲਗਾਤਾਰ ਚਾਰ ਗੋਲ ਕਰ ਦਿੰਦੀ ਹੈ। ਗੁਰਜੀਵਨ ਦੇ ਮੂੰਹ ‘ਤੇ ਮੁਰਦੇਹਾਣੀ ਛਾ ਜਾਂਦੀ ਹੈ। ਦੂਜਾ
ਗੋਲ ਹੋਣ ਤੋਂ ਬਾਅਦ ਹੀ ਉਹ ਵੈਨਕੂਵਰ ਦੀ ਟੀਮ ਦੇ ਕੋਚ ‘ਤੇ ਕਚੀਚੀਆਂ ਲੈਣ ਲੱਗਦਾ ਹੈ,
ਜਿਸਨੇ ਦੂਜਾ ਗੋਲ ਹੁੰਦਿਆਂ ਹੀ ਗੋਲ਼ੀ ਨੂੰ ਨਹੀਂ ਸੀ ਬਦਲਿਆ। ਪਹਿਲੇ ਪੀਰੀਅਡ ਦੇ ਮੁੱਕਣ
ਸਾਰ ਹੀ ਉਹ ਵੀ ਸੁੱਖ ਤੇ ਗੁਰਸਿਮਰਨ ਦੇ ਨਾਲ ਵਾਪਸ ਘਰ ਮੁੜ ਪੈਂਦਾ ਹੈ। ਘਰ ਪਹੁੰਚ ਕੇ ਉਹ
ਕਨੱਕਸ ਦੇ ਲੋਗੋ ਵਾਲਾ ਸਫੈਦ ਤੌਲੀਆ ਫੜ ਕੇ ਟੀ ਵੀ ਮੂਹਰੇ ਬੈਠ ਜਾਂਦਾ ਹੈ। ਉਸਦਾ ਵਿਸ਼ਵਾਸ਼
ਹੈ ਕਿ ਜਦੋਂ ਉਹ ਇਸ ਨੂੰ ਹੱਥਾਂ ਵਿੱਚ ਲੈ ਕੇ ਗੇਮ ਦੇਖਦਾ ਹੈ ਤਾਂ ਕਨੱਕਸ ਦੀ ਟੀਮ ਜਿੱਤ
ਜਾਂਦੀ ਹੈ।
“ਤੇਰੇ ਇਸ ਤਰ੍ਹਾਂ ਬੈਠਣ ਨਾਲ ਹੁਣ ਕਨੱਕਸ ਜਿੱਤਣ ਨਹੀਂ ਲੱਗੇ। ਬੌਸਟਨ ਦਾ ਗੋਲ਼ੀ ਤਕੜਾ।
ਉਹ ਹੁਣ ਚਾਰ ਗੋਲ਼ ਨਹੀਂ ਕਰਵਾਉਣ ਲੱਗਾ। ਚੱਲ ਚੱਲੀਏ ਪਾਰਟੀ ‘ਤੇ,” ਸੁੱਖ ਆਖਦਾ ਹੈ।
“ਕੀ ਪਤਾ ਹੁੰਦੈ? ਤੁਸੀਂ ਜਾਓ,” ਆਖ ਕੇ ਗੁਰਜੀਵਨ ਆਪਣਾ ਧਿਆਨ ਟੀ ਵੀ ਵੱਲ ਕਰ ਲੈਂਦਾ ਹੈ।
ਵੈਨਕੂਵਰ ਦੀ ਟੀਮ ਨੇ ਚੌਥੇ ਗੋਲ ਤੋਂ ਬਾਅਦ ਦੂਜੇ ਨੰਬਰ ਵਾਲਾ ਗੋਲੀ ਪਾ ਦਿੱਤਾ ਹੈ। ਟੀਮ
ਹੱਲੇ ‘ਤੇ ਹੱਲਾ ਬੋਲ ਰਹੀ ਹੈ। ਪਰ ਬੌਸਟਨ ਦਾ ਗੋਲੀ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਣ
ਦਿੰਦਾ। ਉਹ ਗੋਲ ਮੂਹਰੇ ਕੰਧ ਬਣ ਕੇ ਖੜ੍ਹ ਜਾਂਦਾ ਹੈ। ਵੈਨਕੂਵਰ ਦੀ ਟੀਮ ਦਾ ਖਿਡਾਰੀ
ਡੈਨੀਅਲ ਸਡੀਨ ਗੋਲ਼ ਦੀਆਂ ਐਨ ਬਰੂਹਾਂ ‘ਤੇ ਪਹੁੰਚ ਜਾਂਦਾ ਹੈ। ਗੁਰਜੀਵਨ ਸੋਫ਼ੇ ਨਾਲੋਂ
ਢੋਅ ਛੱਡ ਦਿੰਦਾ ਹੈ ਅਤੇ ਤੌਲੀਆ ਜੋਰ-ਜ਼ੋਰ ਨਾਲ ਘਮਾਉਂਦਾ ਹੈ। ਪਰ ਡੈਨੀਅਲ ਸ਼ਾਟ ਲਾਉਣ
ਤੋਂ ਪਹਿਲਾਂ ਹੀ ਡਿੱਗ ਪੈਂਦਾ ਹੈ। ਪੱਕ ਉਸਦੀ ਹਾਕੀ ਤੋਂ ਦੂਰ ਚਲੀ ਜਾਂਦੀ ਹੈ। “ਪਨੈਲਟੀ
ਸ਼ਾਟ”, ਗੁਰਜੀਵਨ ਉੱਚੀ ਅਵਾਜ਼ ‘ਚ ਕਹਿੰਦਾ ਹੈ। ਪਰ ਰੈਫ਼ਰੀ ਪਨੈਲਟੀ ਸ਼ਾਟ ਤਾਂ ਦੂਰ ਸਿਰਫ਼
ਪਨੈਲਿਟੀ ਲਈ ਵੀ ਇਸ਼ਾਰਾ ਨਹੀਂ ਕਰਦਾ। ਟੀ ਵੀ ਦਾ ਟਿੱਪਣੀਕਾਰ ਆਖਦਾ ਹੈ ਕਿ ਵੈਨਕੂਵਰ ਦੇ
ਖਿਡਾਰੀ ਦੀ ਸਕੇਟ ਵਿੱਚ ਬੌਸਟਨ ਦੀ ਟੀਮ ਦੇ ਰੱਖਿਅਕ ਨੇ ਆਪਣੀ ਹਾਕੀ ਅੜਾ ਕੇ ਉਸ ਨੂੰ
ਡੇਗਿਆ ਹੈ। ਬੌਸਟਨ ਦੇ ਖਿਡਾਰੀ ਨੂੰ ਇਸ ਦੀ ਪਨੈਲਿਟੀ ਮਿਲਣੀ ਚਾਹੀਦੀ ਸੀ। ਫਿਰ ਟੀ ਵੀ ‘ਤੇ
ਖਿਡਾਰੀ ਦੇ ਡਿੱਗਣ ਨੂੰ ਦੋ ਤਿੰਨ ਵਾਰ ਦਿਖਾਇਆ ਜਾਂਦਾ ਹੈ। ਦੂਜਾ ਟਿੱਪਣੀਕਾਰ ਆਖਦਾ ਹੈ ਕਿ
ਇਹ ਪੂਰਾ ਸਾਫ਼ ਨਹੀਂ ਕਿ ਖਿਡਾਰੀ ਆਪ ਡਿੱਗਿਆ ਹੈ ਜਾਂ ਡੇਗਿਆ ਗਿਆ ਹੈ। ਪਰ ਗੁਰਜੀਵਨ ਨੂੰ
ਸਾਫ਼ ਦਿਸਦਾ ਹੈ ਕਿ ਉਸ ਦੀ ਟੀਮ ਦੇ ਖਿਡਾਰੀ ਨੂੰ ਡੇਗਿਆ ਗਿਆ ਹੈ। ਉਹ ਆਪ ਮੁਹਾਰੇ ਹੀ ਆਖਦਾ
ਹੈ, “ਰੈਫ਼ਰੀ ਬੌਸਟਨ ਦੀ ਟੀਮ ਦੀ ਰਈ ਕਰਾ ਰਹੇ ਆ।” ਫਿਰ ਉਹ ਰੈਫ਼ਰੀ ਦੇ ਖਾਤੇ ਵਿੱਚ ਦੋ-ਤਿੰਨ
ਵੱਡੀਆਂ ਵੱਡੀਆਂ ਗਾਲ਼ਾਂ ਪਾ ਕੇ ਪਾਣੀ ਪੀਣ ਲਈ ਉੱਠਦਾ ਹੈ। ਤੀਜੇ ਪੀਰੀਅਡ ਵਿੱਚ ਫਿਰ
ਵੈਨਕੂਵਰ ਦੇ ਖਿਡਾਰੀ ਧਾਵੇ ‘ਤੇ ਧਾਵਾ ਬੋਲਦੇ ਹਨ ਪਰ ਬੌਸਟਨ ਦੇ ਰੱਖਿਅਕ ਪੰਕਤੀ ਦੇ
ਦਿਓ-ਕੱਦ ਖਿਡਾਰੀ ਵੈਨਕੂਵਰ ਦੀ ਟੀਮ ਦੀ ਪੇਸ਼ ਨਹੀਂ ਜਾਣ ਦਿੰਦੇ। ਵੈਨਕੂਵਰ ਦੀ ਟੀਮ ਦਾ
ਲੜਾਕਾ ਖਿਡਾਰੀ ਅੱਕ ਕੇ ਬੌਸਟਨ ਦੇ ਗੋਲ਼ੀ ਦੇ ਪੈਡ ‘ਤੇ ਹਾਕੀ ਮਾਰਦਾ ਹੈ। ਬੌਸਟਨ ਦਾ
ਖਿਡਾਰੀ ਉਸ ਨੂੰ ਧੱਕਾ ਮਾਰਦਾ ਹੈ ਅਤੇ ਦੋਨੋਂ ਖਿਡਾਰੀ ਦਸਤਾਨੇ ਲਾਹ ਕੇ ਸੁੱਟ ਦਿੰਦੇ ਹਨ
ਅਤੇ ਉਹ ਇੱਕ ਦੂਜੇ ਦੇ ਕਾਲਰਾਂ ‘ਚ ਹੱਥ ਅੜਾਉਣ ਦੀ ਤਾਕ ਵਿੱਚ ਹਨ। ਟੀ ਵੀ ‘ਤੇ ਦਰਸ਼ਕਾਂ
ਦਾ “ਲੜੋ-ਲੜੋ” ਦਾ ਰੌਲਾ ਸੁਣਦਾ ਹੈ। ਗੁਰਜੀਵਨ ਸੋਫ਼ੇ ਤੋਂ ਉੱਠ ਖੜ੍ਹਦਾ ਹੈ। ਉਹ ਹਵਾ ਵਿਚ
ਮੁੱਠੀਆਂ ਚਲਾਉਂਦਾ ਆਖਦਾ ਹੈ, “ਮਾਰ-ਮਾਰ” ਪਰ ਖਿਡਾਰੀਆਂ ਦੇ ਮੁੱਕੇ ਚੱਲਣ ਤੋਂ ਪਹਿਲਾਂ ਹੀ
ਰੈਫ਼ਰੀ ਵਿੱਚ ਪੈ ਕੇ ਉਨ੍ਹਾਂ ਨੂੰ ਛੁਡਾ ਦਿੰਦੇ ਹਨ। ਫਿਰ ਇਸ ਤਰ੍ਹਾਂ ਹੋਰ ਵੀ ਕਈ ਲੜਾਈਆਂ
ਹੁੰਦੀਆਂ ਹਨ। ਤੇ ਇਨ੍ਹਾਂ ਲੜਾਈਆਂ ਵਿੱਚ ਹੀ ਵੈਨਕੂਵਰ ਦੀ ਟੀਮ ਨੂੰ ਮਿਲੀ ਇੱਕ ਪਨੈਲਿਟੀ
ਵਿੱਚ ਬੌਸਟਨ ਦੇ ਖਿਡਾਰੀ ਇਕ ਹੋਰ ਗੋਲ਼ ਕਰ ਜਾਂਦੇ ਹਨ। ਗੁਰਜੀਵਨ ਟੀ ਵੀ ਦਾ ਰੀਮੋਟ ਪਰ੍ਹਾਂ
ਸੁੱਟ ਕੇ ਸੋਫ਼ੇ ‘ਤੇ ਨਿਢਾਲ ਹੋ ਕੇ ਡਿੱਗ ਪੈਂਦਾ ਹੈ। ਉਹ ਕੁਝ ਦੇਰ ਇਸੇ ਤਰ੍ਹਾਂ ਹੀ ਪਿਆ
ਰਹਿੰਦਾ ਹੈ। ਉਸਦੀ ਮਾਂ ਦਾ ਫੋਨ ਆਉਂਦਾ ਹੈ। ਉਹ ਗੁਰਜੀਵਨ ਨੂੰ ਪਾਰਟੀ ਹਾਲ ਵਿਚ ਆਉਣ ਲਈ
ਆਖਦੀ ਹੈ ਪਰ ਗੁਰਜੀਵਨ ਤੇ ਨਿਰਾਸ਼ਾ ਐਨੀ ਭਾਰੂ ਹੋ ਜਾਂਦੀ ਹੈ ਕਿ ਉਸਦਾ ਕਿਸੇ ਨਾਲ ਵੀ ਗੱਲ
ਕਰਨ ਨੂੰ ਜੀਅ ਨਹੀਂ ਕਰਦਾ ਤੇ ਉਹ ਆਪਣੇ ਬਿਸਤਰੇ ‘ਤੇ ਜਾ ਡਿੱਗਦਾ ਹੈ।
ਸਵੇਰੇ ਨੀਂਦ ਖੁੱਲ੍ਹਣ ਵੇਲੇ ਉਸਦਾ ਦਿਮਾਗ ਖਾਲੀ-ਖਾਲੀ ਹੈ। ਉਹ ਕੁਝ ਦੇਰ ਐਵੇਂ ਹੀ ਬਿਸਤਰੇ
ਵਿਚ ਪਿਆ ਰਹਿੰਦਾ ਹੈ। ਫੇਰ ਉਸਦੇ ਦਿਮਾਗ ਵਿਚ ਆਉਂਦਾ ਹੈ ਕਿ ਉਸ ਨੂੰ ਰਾਤ ਪਾਰਟੀ ‘ਤੇ ਜਾਣਾ
ਚਾਹੀਦਾ ਸੀ। ਗੁਨਾਹ- ਭਾਵ ਉਸ ‘ਤੇ ਹਾਵੀ ਹੋਣ ਲੱਗਦਾ ਹੈ। ਪਰ ਇਹ ਭਾਵ ਬਹੁਤੀ ਦੇਰ ਉਸਦੇ
ਦਿਮਾਗ ਵਿਚ ਨਹੀਂ ਰਹਿੰਦਾ ਤੇ ਰਾਤ ਵਾਲੀ ਗੇਮ ਬਾਰੇ ਉਹ ਸੋਚਣ ਲੱਗਦਾ ਹੈ। ਉੱਠ ਕੇ ਉਹ ਆਪਣਾ
ਲੈਪ-ਟਾਪ ਚਲਾ ਲੈਂਦਾ ਹੈ। ਰਾਤ ਵਾਲੀ ਗੇਮ ਬਾਰੇ ਉਹ ਅਖਬਾਰ ਦੀ ਸੁਰਖੀ ਦੇਖਦਾ ਹੈ। ਲਿਖਿਆ
ਹੈ, ‘ਵੈਨਕੂਵਰ ਦੀ ਟੀਮ ਸਟੈਨਲੀ ਕੱਪ ਵੈਨਕੂਵਰ ਵਿਚ ਹੀ ਜਿੱਤੇਗੀ’ ਇਹ ਸੁਰਖੀ ਗੁਰਜੀਵਨ
ਨੂੰ ਚੰਗੀ-ਚੰਗੀ ਲੱਗਦੀ ਹੈ। ਗੁਰਜੀਵਨ ਇਸ ਸੁਰਖੀ ਅਤੇ ਵੈਨਕੂਵਰ ਕਨੱਕਸ ਦੀ ਹਾਕੀ ਟੀਮ ਨਾਲ
ਸਬੰਧਤ ਹੋਰ ਖਬਰਾਂ ਯੂਨੀਵਰਸਿਟੀ ਪਹੁੰਚ ਕੇ ਪੇਪਰ ‘ਤੇ ਚੰਗੀ ਤਰ੍ਹਾਂ ਲਾਈਬਰੇਰੀ ਵਿਚ ਬੈਠ
ਕੇ ਪੜ੍ਹੇਗਾ। ਹੁਣ ਉਹ ਹੋਰ ਵੈਬਸਾਈਟਾਂ ‘ਤੇ ਸਿਰਫ਼ ਸੁਰਖੀਆਂ ਦੇਖੇਗਾ। ਉਸਦੀ ਮਾਂ ਆਖਦੀ
ਹੈ, “ਜੀਵਨ, ਰਾਤ ਬਹੁਤ ਹੀ ਸੋਹਣੀ ਸੀ ਪਾਰਟੀ। ਸਿਮਰਨ ਨੇ ਬਹੁਤ ਸੋਹਣਾ ਸ਼ਬਦ ਗਾਇਆ। ਲੋਕਾਂ
ਨੇ ਡਾਲਰਾਂ ਦਾ ਮੀਂਹ ਵਰ੍ਹਾਤਾ। ... ਜੇ ਤੂੰ ਨਾਲ ਚਲਿਆ ਜਾਂਦਾ ਤਾਂ ਅੱਧੇ ਤੈਨੂੰ ਮਿਲ
ਜਾਣੇ ਸੀ। ਕਿਓਂ ਸਿਮਰਨ?”
“ਅੱਧੇ ਕਿਓਂ? ਸੁੱਖ ਨੇ ਕਿਹੜਾ ਲਏ ਆ?” ਸਿਮਰਨ ਆਖਦੀ ਹੈ।
“ਚੰਗਾ-ਚੰਗਾ,” ਆਖ ਕੇ ਗੁਰਜੀਵਨ ਟੀ ਵੀ ਚਲਾ ਕੇ ਖੇਡਾਂ ਵਾਲਾ ਚੈਨਲ ਲਾ ਲੈਂਦਾ ਹੈ। ਸੀ ਬੀ
ਸੀ ਦਾ ਮਸ਼ਹੂਰ ਟਿੱਪਣੀਕਾਰ ਆਖਦਾ ਹੈ, “ਵੈਨਕੂਵਰ ਦੇ ਪ੍ਰਸੰਸਕੋ, ਨਿਰਾਸ਼ ਨਾ ਹੋਵੋ। ਕੱਪ
ਤੁਹਾਡਾ ਹੈ। ਅਗਲੀ ਗੇਮ ਵਿਚ ਤੁਹਾਡਾ ਗੋਲ਼ੀ ਵਧੀਆ ਕਾਰਗੁਜ਼ਾਰੀ ਦਿਖਾਏਗਾ। ਉਹ ਵੈਨਕੂਵਰ
ਵਿਚ ਵਧੀਆ ਖੇਡਦਾ ਹੈ।”
ਗੁਰਜੀਵਨ ਨੂੰ ਇਹ ਟਿੱਪਣੀ ਠੀਕ ਲੱਗਦੀ ਹੈ। ਉਹ ਸੋਚਦਾ ਹੈ, ‘ਉਲੰਪਿਕਸ ਵੇਲੇ ਵੀ ਇਸੇ ਤਰ੍ਹਾਂ
ਹੀ ਹੋਇਆ ਸੀ। ਇਹੀ ਗੋਲ਼ੀ ਫਾਈਨਲ ਗੇਮ ਵਿਚ ਕਨੇਡਾ ਦੀ ਟੀਮ ਲਈ ਬਹੁਤ ਵਧੀਆ ਖੇਡਿਆ ਸੀ।’
ਗੁਰਜੀਵਨ ਤੇਜ਼ੀ ਨਾਲ ਤਿਆਰ ਹੋ ਕੇ ਯੂਨੀਵਰਸਿਟੀ ਵੱਲ ਚੱਲ ਪੈਂਦਾ ਹੈ। ਉਸਦਾ ਵਿਚਾਰ ਹੈ ਕਿ
ਉਹ ਕਲਾਸ ਲੱਗਣ ਤੋਂ ਪਹਿਲਾਂ ਹੀ ਅਖਬਾਰ ਪੜ੍ਹ ਲਵੇਗਾ। ਰਾਹ ਵਿਚ ਜਾਂਦਿਆਂ ਉਹ ਰੇਡੀਓ
ਟਿੱਪਣੀਕਾਰ ਦੀ ਉਹੀ ਦਲੀਲ ਸੁਣਦਾ ਹੈ, ਜਿਹੜੀ ਤਕਰੀਬਨ ਹਰ ਹਾਕੀ ਟਿੱਪਣੀਕਾਰ ਨੇ ਕਹੀ ਜਾਂ
ਲਿਖੀ ਸੀ। ਉਹ ਆਖ ਰਿਹਾ ਸੀ ਕਿ ਕਨੇਡਾ ਦੇ ਜਿਸ ਵੀ ਸ਼ਹਿਰ ਵਿਚ ਸਰਦੀ ਦੀਆਂ ਉਲੰਪਿਕਸ ਖੇਡਾਂ
ਹੁੰਦੀਆਂ ਹਨ, ਉਸ ਤੋਂ ਅਗਲੇ ਸਾਲ ਉਸੇ ਸ਼ਹਿਰ ਦੀ ਹਾਕੀ ਟੀਮ ਸਟੈਨਲੀ ਕੱਪ ਜਿੱਤਦੀ ਹੈ।
ਪਹਿਲਾਂ 1976 ਵਿਚ ਇਸੇ ਤਰ੍ਹਾਂ ਮਾਂਟਰੀਅਲ ਤੇ ਫਿਰ 1989 ਵਿਚ ਕੈਲਗਿਰੀ ਵਿਚ ਹੋਇਆ ਸੀ।
ਗੁਰਜੀਵਨ ਇਹ ਟਿੱਪਣੀ ਸੁਣ ਕੇ ਰਾਤ ਵਾਲੀ ਹਾਰ ਦੀ ਨਿਰਾਸ਼ਾ ਭੁੱਲ ਜਾਂਦਾ ਹੈ ਅਤੇ ਅਗਲੀ
ਗੇਮ ਲਈ ਉਤਸ਼ਾਹਿਤ ਹੋ ਜਾਂਦਾ ਹੈ। ਯੂਨੀਵਰਸਿਟੀ ਪਹੁੰਚ ਕੇ ਗੁਰਜੀਵਨ ਅਖਬਾਰ ਵਿਚ ਹਾਕੀ ਦੇ
ਮਸ਼ਹੂਰ ਟਿੱਪਣੀਕਾਰ ਜੈਕ ਦੂਬੇ ਦਾ ਕਾਲਮ ਪੜ੍ਹਦਾ ਹੈ। ਉਹ ਲਿਖਦਾ ਹੈ ਕਿ ਅਗਲੀ ਗੇਮ
ਵੈਨਕੂਵਰ ਦੀ ਇਸ ਪੀੜ੍ਹੀ ਲਈ ਨਾ ਭੁੱਲਣ ਵਾਲੀ ਗੇਮ ਹੋਵੇਗੀ ਕਿਓਂਕਿ ਉਹ ਆਪਣੇ ਸ਼ਹਿਰ ਵਿਚ
ਆਪਣੀ ਹਾਜ਼ਰੀ ਵਿਚ ਆਪਣੀ ਟੀਮ ਨੂੰ ਸਟੈਨਲੀ ਕੱਪ ਜਿੱਤਦਿਆਂ ਦੇਖਣਗੇ। ਗੁਰਜੀਵਨ ਦਾ ਜੀਅ
ਕਰਨ ਲੱਗਦਾ ਹੈ ਕਿ ਉਹ ਵੀ ਇਹ ਗੇਮ ਦੇਖਣ ਜਾਵੇ। ਫਿਰ ਸ਼ਾਮ ਤੱਕ ਇਹ ਇੱਛਾ ਹੋਰ ਪ੍ਰਬਲ ਹੋ
ਜਾਂਦੀ ਹੈ। ਉਹ ਇੰਟਰਨੈੱਟ ‘ਤੇ ਟਿਕਟ ਚੈੱਕ ਕਰਦਾ ਹੈ। ਉਹ ਸਸਤੀ ਤੋਂ ਸਸਤੀ ਟਿਕਟ ਲੱਭਦਾ
ਹੈ। ਉਸਦੀ ਨਿਗ੍ਹਾ ਹਜ਼ਾਰ ਡਾਲਰ ਦੀਆਂ ਦੋ ਟਿਕਟਾਂ ‘ਤੇ ਪੈਂਦੀ ਹੈ। “ਐਨੀ ਸਸਤੀ’, ਉਹ
ਸੋਚਦਾ ਹੈ। ਉਸ ਨੇ ਵੈਨਕੂਵਰ ਦੀ ਪੰਜਵੀਂ ਗੇਮ ਵਿਚ ਹੋਈ ਜਿੱਤ ਤੋਂ ਬਾਅਦ ਰੇਡੀਓ ‘ਤੋਂ
ਸੁਣਿਆ ਸੀ ਕਿ ਜੇ ਇਹ ਖੇਡ ਲੜੀ ਸੱਤਵੀਂ ਗੇਮ ਤੱਕ ਪਹੁੰਚੀ ਤਾਂ ਇਸਦੀਆਂ ਟਿਕਟਾਂ ਘੱਟੋ-ਘੱਟ
ਇੱਕ ਹਜ਼ਾਰ ਪ੍ਰਤੀ ਟਿਕਟ ਵਿਕ ਰਹੀਆਂ ਹਨ। ਤੇ ਗੁਰਜੀਵਨ ਨੇ ਸਿਰਫ਼ ਇਹ ਤਸਦੀਕ ਕਰਨ ਲਈ ਹੀ
ਇੰਟਰਨੈੱਟ ‘ਤੇ ਟਿਕਟਾਂ ਦੀ ਕੀਮਤ ਚੈੱਕ ਕੀਤੀ ਸੀ। ਸੱਚਮੁਚ ਹੀ ਇਕ ਹਜ਼ਾਰ ਜਾਂ ਇਸ ਤੋਂ
ਉੱਪਰ ਦੀ ਕੀਮਤ ‘ਤੇ ਲੋਕਾਂ ਨੇ ਟਿਕਟਾਂ ਵਿਕਣੀਆਂ ਲਾਈਆਂ ਹੋਈਆਂ ਸਨ। ਗੁਰਜੀਵਨ ਨੇ ਉਸ ਵੇਲੇ
ਸੋਚਿਆ ਕਿ ਉਸ ਨੂੰ ਵੀ ਪਹਿਲਾਂ ਟਿਕਟਾਂ ਖ੍ਰੀਦ ਕੇ ਰੱਖ ਲੈਣੀਆਂ ਚਾਹੀਦੀਆਂ ਸਨ ਤੇ ਹੁਣ
ਵੇਚ ਕੇ ਮੁਨਾਫਾ ਕਮਾਉਂਦਾ। ਤੇ ਹੁਣ ਵੈਨਕੂਵਰ ਦੀ ਪਿਛਲੀ ਗੇਮ ਵਿਚ ਹੋਈ ਹਾਰ ਤੋਂ ਬਾਅਦ ਉਹੀ
ਟਿਕਟ ਪੰਜ ਸੌ ਦੀ ਵਿਕ ਰਹੀ ਹੈ। ਗੁਰਜੀਵਨ ਦਾ ਜੀਅ ਕੀਤਾ ਕਿ ਉਹ ਇਹ ਦੋ ਟਿਕਟਾਂ ਛੇਤੀ ਛੇਤੀ
ਖ੍ਰੀਦ ਲਵੇ। ਪਰ ਉਹ ਡਾਲਰਾਂ ਦਾ ਪ੍ਰਬੰਧ ਕਿਵੇਂ ਕਰੇ? ਉਸਦੇ ਦਿਮਾਗ ਵਿਚ ਆਉਂਦਾ ਹੈ ਕਿ
ਆਪਣੀ ਮਾਂ ਨੂੰ ਕਹੇ ਕਿ ਉਹ ਉਸਦੇ ਡੈਡੀ ਨੂੰ ਆਖ ਕੇ ਇਹ ਟਿਕਟਾਂ ਖ੍ਰੀਦ ਦੇਵੇ। ਫਿਰ ਉਹ
ਆਪਣੀ ਇਸ ਸੋਚ ‘ਤੇ ਕਾਟਾ ਫੇਰ ਦਿੰਦਾ ਹੈ। ਉਹ ਸੋਚਦਾ ਹੈ ਕਿ ਉਸਦਾ ਡੈਡੀ ਕਦੇ ਵੀ ਐਨੀਆਂ
ਮਹਿੰਗੀਆਂ ਟਿਕਟਾਂ ਖ੍ਰੀਦ ਕੇ ਨਹੀਂ ਦੇਵੇਗਾ ਖਾਸ ਕਰਕੇ ਜਦੋਂ ਉਹ ਰਾਤ ਉਨ੍ਹਾਂ ਦੇ ਆਖੇ
ਪਾਰਟੀ ‘ਤੇ ਨਹੀਂ ਸੀ ਗਿਆ। ਫਿਰ ਗੁਰਜੀਵਨ ਸੋਚਦਾ ਹੈ ਕਿ ਉਹ ਗੁਰਸਿਮਰਨ ਨੂੰ ਪੁੱਛ ਵੇਖੇ
ਕਿ ਰਾਤ ਉਸ ਨੂੰ ਕਿੰਨੇ ਡਾਲਰ ਹੋਏ ਸਨ। ਇਹ ਸੋਚ ਗੁਰਜੀਵਨ ਨੂੰ ਠੀਕ ਲੱਗਦੀ ਹੈ ਤੇ ਉਹ
ਗੁਰਸਿਮਰਨ ਨੂੰ ਪੁੱਛਦਾ ਹੈ । ਗੁਰਸਿਮਰਨ ਗੇਮ ‘ਤੇ ਜਾਣ ਲਈ ਤਿਆਰ ਹੋ ਜਾਂਦੀ ਹੈ ਪਰ ਉਸ
ਕੋਲ ਦੋ ਟਿਕਟਾਂ ਜੋਗੇ ਡਾਲਰ ਨਹੀਂ ਹਨ। ਫਿਰ ਗੁਰਜੀਵਨ ਦੇ ਦਿਮਾਗ ਵਿਚ ਆਪਣਾ ਆਈਪੈਡ ਆਉਂਦਾ
ਹੈ, ਜਿਹੜਾ ਬਹੁਤ ਦੇਰ ਤੋਂ ਉਸ ਨੇ ਨਹੀਂ ਸੀ ਵਰਤਿਆ। ਉਹ ਉਸਦੀ ਟੱਚ ਸਕਰੀਨ ਅਤੇ ਹੌਲੀ
ਚੱਲਣ ਤੋਂ ਅੱਕ ਗਿਆ ਸੀ। ਗੁਰਜੀਵਨ ਸੋਚਦਾ ਹੈ ਕਿ ਉਹ ਉਸ ਨੂੰ ਵੇਚ ਦੇਵੇਗਾ।ਫਿਰ ਉਹ ਸੋਚਦਾ
ਹੈ ਕਿ ਉਸ ਨੂੰ ਹੁਣ ਕੌਣ ਖ੍ਰੀਦੇਗਾ ਹੁਣ ਤਾਂ ਨਵੇਂ ਪਹਿਲਾਂ ਨਾਲੋਂ ਤੇਜ਼ ਆਈਪੈਡ ਆ ਗਏ ਹਨ।
ਉਹ ਸੋਚਦਾ ਹੈ ਕਿ ਉਹ ਜਾਵੇਗਾ ਜ਼ਰੂਰ ਡਾਲਰਾਂ ਦਾ ਜਿਵੇਂ ਮਰਜ਼ੀ ਪ੍ਰਬੰਧ ਕਰਨਾ ਪਵੇ।
ਗੁਰਸਿਮਰਨ ਆਖਦੀ ਹੈ ਕਿ ਸੁੱਖ ਨੂੰ ਵੀ ਨਾਲ ਲੈ ਜਾਇਆ ਜਾਵੇ। ਗੁਰਜੀਵਨ ਨੂੰ ਪਤਾ ਹੈ ਕਿ
ਸੁੱਖ ਨਹੀਂ ਜਾਵੇਗਾ ਪਰ ਉਹ ਗੁਰਸਿਮਰਨ ਦੇ ਆਖੇ ਸੁੱਖ ਨੂੰ ਆਖਦਾ ਹੈ , “ਸੁੱਖ ਮੈਨ, ਮੈਨੂੰ
ਦੋ ਸਸਤੀਆਂ ਟਿਕਟਾਂ ਮਿਲ ਗਈਆਂ।ਪੰਜ ਸੌ ਦੀ ਇੱਕ। ਤੂੰ ਵੀ ਚੱਲ ਸਾਡੇ ਨਾਲ। ਇਸ ਕੀਮਤ ‘ਤੇ
ਹੋਰ ਵੀ ਟਿਕਟ ਮਿਲ ਜਾਊ।”
“ਤੂੰ ਮੂਰਖ ਐ?” ਥੋੜ੍ਹਾ ਚੁੱਪ ਰਹਿ ਕੇ ਸੁੱਖ ਫਿਰ ਆਖਦਾ ਹੈ, “ਤੈਨੂੰ ਲੱਗਦਾ ਇਹ ਸਸਤੀਆਂ?
“ਅੱਜ ਭਾਸ਼ਣ ਨਾ ਦੇਵੀਂ। ਚੱਲ ਮੇਰੇ ਨਾਲ। ਜਿੰਦਗੀ ਵਿੱਚ ਫਿਰ ਪਤਾ ਨੀ ਆਪਣੀ ਟੀਮ ਵੱਲੋਂ
ਸਟੈਨਲੇ ਕੱਪ ਜਿੱਤਣ ਦਾ ਮੌਕਾ ਦੇਖਣਾ ਹੈ ਕਿ ਨਹੀਂ।”
“ਤੈਨੂੰ ਕੀ ਪਤਾ ਕਿ ਜਿੱਤਣਗੇ। ਹਾਰ ਵੀ ਸਕਦੇ ਆ?”
“ਦੇਖ ਬੌਸਟਨ ਵਾਲੇ ਤਿੰਨੇ ਉਹ ਗੇਮਾਂ ਜਿੱਤੇ ਆ, ਜਿਹੜੀਆਂ ਬੌਸਟਨ ਵਿੱਚ ਹੋਈਆਂ ਤੇ ਆਪਣੀ
ਟੀਮ ਵੈਨਕੂਵਰ ਵਿੱਚ ਹੋਈਆਂ ਸਾਰੀਆਂ ਗੇਮਾਂ ਜਿੱਤੀ ਆ। ਆਪਣਾ ਗੋਲੀ ਲੋਆਂਗੋ ਵੈਨਕੂਵਰ ‘ਚ
ਵਧੀਆ ਖੇਡਦਾ। ਤੈਨੂੰ ਸਾਡੇ ਨਾਲ ਚੱਲਣਾ ਪੈਣਾ। ਸਿਮਰਨ ਚਾਹੁੰਦੀ ਆ ਕਿ ਤੂੰ ਵੀ ਨਾਲ ਚੱਲੇਂ।
ਗੇਮ ਤੋਂ ਬਾਅਦ ਆਪਾਂ ਸਿਮਰਨ ਨੂੰ ਵੈਨਕੂਵਰ ਘੁੰਮਾਵਾਂਗੇ।”
ਉਸ ਦਾ ਉਤਸ਼ਾਹ ਵੇਖ ਅਤੇ ਗੁਰਸਿਮਰਨ ਦੇ ਆਖੇ ਸੁਖ ਹਾਂ ਕਰ ਦਿੰਦਾ ਹੈ। ਪਰ ਉਹ ਸਿਰਫ਼
ਡਾਊਨ-ਟਾਊਨ ਜਾਣਾ ਹੀ ਮੰਨਦਾ ਹੈ, ਜਿੱਥੇ ਗੇਮ ਹੋਣੀ ਹੈ। ਉਹ ਫੈਸਲਾ ਕਰਦੇ ਹਨ ਕਿ ਗੁਰਜੀਵਨ
ਤੇ ਗੁਰਸਿਮਰਨ ਰੌਜਰਸ ਏਰੀਨਾ ਵਿੱਚ ਜਾ ਕੇ ਗੇਮ ਦੇਖਣਗੇ ਤੇ ਸੁੱਖ ਬਾਹਰ ਟੀ ਵੀ ਦੀ ਵੱਡੀ
ਸਕਰੀਨ ‘ਤੇ। ਉਹ ਜਾਣਗੇ ਇਕੱਠੇ।
ਸਕਾਈਟ੍ਰੇਨ ‘ਤੇ ਜਾਂਦਿਆਂ ਗੁਰਜੀਵਨ ਦਾ ਉਤਸ਼ਾਹ ਦੇਖ ਸੁੱਖ ਆਖਦਾ ਹੈ, “ ਗੁਰਜ, ਲੱਗਦਾ ਕਿ
ਤੂੰ ਹਾਲੇ ਵੀ ਅੱਠਵੀਂ ‘ਚ ਪੜ੍ਹਦੈਂ। ਭੋਰਾ ਨੀ ਬਦਲਿਆ।”
“ਪਰ ਤੂੰ ਤਾਂ ਬਦਲ ਗਿਐਂ ਨਾ। ਸਾਡੇ ਨਾਲ ਆਉਣ ਲਈ ਧੰਨਵਾਦ।”
ਸੁੱਖ ਮੁਸਕਰਾਉਂਦਾ ਹੈ। ਗੁਰਜੀਵਨ ਫਿਰ ਆਖਦਾ ਹੈ, “ ਤੂੰ ਪਹਿਲੀ ਗੇਮ ‘ਚ ਉਹ ਗੋਲ਼ ਦੇਖਿਆ
ਸੀ, ਜਿਹੜਾ ਲੋਆਂਗੋ ਨੇ ਰੋਕਿਆ ਸੀ? ਬਹੁਤ ਵਧੀਆ ਗੋਲ਼ ਬਚਾਇਆ ਸੀ ਓਹਨੇ। ਅੱਜ ਫੇਰ ਉਹ
ਉਵੇਂ-ਜਿਵੇਂ ਗੋਲ਼ ਬਚਾਊਗਾ।”
“ਦੇਖਾਂਗੇ।”
ਤੇ ਫਿਰ ਗੁਰਜੀਵਨ ਆਖਦਾ ਹੈ “ਮੈਂ ਇੰਟਰਨੈੱਟ ‘ਤੇ ਪੜ੍ਹਿਆ ਕਿ ਇੱਕ ਕੁੱਕੜ ਨੇ ਵੀ
ਭਵਿੱਖਬਾਣੀ ਕੀਤੀ ਐ ਕਿ ਕੱਪ ਕਨੱਕਸ ਨੇ ਜਿੱਤਣਾ। ਹੁਣ ਤੱਕ ਉਸਦੀਆਂ ਸਾਰੀਆਂ ਭਵਿੱਖਬਾਣੀਆਂ
ਠੀਕ ਹੋਈਆਂ।” ਸੁਣ ਕੇ ਸੁੱਖ ਹੱਸਦਾ ਹੈ ਪਰ ਗੁਰਜੀਵਨ ਦਾ ਇਸ ਪਾਸੇ ਧਿਆਨ ਨਹੀਂ ਜਾਂਦਾ ਉਹ
ਫਿਰ ਆਖਦਾ ਹੈ, “ਸੁੱਖ, ਮੈਨ, ਤੂੰ ਵੀ ਕੋਈ ਕਨੱਕਸ ਦੀ ਜਰਸੀ ਪਾ ਆਉਣੀ ਸੀ। ਦੇਖ ਕਿਵੇਂ
ਸਾਰਿਆਂ ਦੇ ਪਾਈਆਂ ਹੋਈਆਂ... ਪਰ ਤੂੰ ਕਿੱਥੇ ਦੋ ਸੌ ਪੰਜਾਹ ਡਾਲਰ ਜਰਸੀ ‘ਤੇ ਖਰਚਣ ਲੱਗਾਂ
ਕਜੂੰਸ ਬੰਦਾ। ਚਲ ਛੱਡ ਤੂੰ ਕਿਤੇ ਫਿਰ ਨਾ ਆਪਣਾ ਭਾਸ਼ਣ ਸ਼ੁਰੂ ਕਰ ਦੇਵੇਂ ।”
“ਫਿਕਰ ਨਾ ਕਰ, ਅੱਜ ਕੁਝ ਨਹੀਂ ਕਹਿੰਦਾ। ਸਿਰਫ਼ ਤੈਨੂੰ ਖੁਸ਼ ਕਰਨ ਆਇਐਂ,” ਸੁੱਖ ਜਵਾਬ
ਦਿੰਦਾ ਹੈ।
ਪਰ ਗੁਰਜੀਵਨ ਖੁਸ਼ ਨਹੀਂ ਹੁੰਦਾ। ਵੈਨਕੂਵਰ ਦੀ ਟੀਮ ਹਾਰ ਜਾਂਦੀ ਹੈ। ਗੁਰਜੀਵਨ ਨੂੰ ਲੱਗਦਾ
ਹੈ ਜਿਵੇਂ ਉਹ ਲੁੱਟਿਆ ਗਿਆ ਹੋਵੇ। ਉਸਦਾ ਚੀਕਾਂ ਮਾਰਨ ਨੂੰ ਜੀਅ ਕਰਦਾ ਹੈ। ਏਰੀਨਾ ਚੋਂ
ਬਾਹਰ ਨਿਕਲਦਾ ਉਹ ਰਾਹ ਵਿਚ ਖਿਲਰੀਆਂ ਕੋਕ-ਬੀਅਰ ਦੀਆਂ ਬੋਤਲਾਂ ਨੂੰ ਠੁੱਡੇ ਮਾਰਦਾ ਹੈ। ਉਹ
ਏਰੀਨਾ ‘ਚੋਂ ਬਾਹਰ ਨਿਕਲ ਕੇ ਦੇਖਦਾ ਹੈ ਕਿ ਹਾਰ ਤੋਂ ਨਿਰਾਸ਼ ਲੋਕੀਂ ਕਾਰਾਂ ਤੇ ਇਮਾਰਤਾਂ
ਦੇ ਸ਼ੀਸ਼ੇ ਤੋੜ ਰਹੇ ਹਨ। ਅੱਗਾਂ ਲਾ ਰਹੇ ਹਨ । ਗੁਰਜੀਵਨ ਵੀ ਬੀਅਰ ਦੀ ਬੋਤਲ ਚੁੱਕ ਕੇ ਇਕ
ਦੁਕਾਨ ਦੇ ਸ਼ੀਸ਼ੇ ਵਿਚ ਮਾਰ ਕੇ ਇਕ ਜੋਰਦਾਰ ਲਲਕਾਰਾ ਮਾਰਦਾ ਹੈ। ਫਿਰ ਉਹ ਸ਼ੀਸ਼ੇ ਤੋੜ ਰਹੀ
ਭੀੜ ਵਿਚ ਜਾ ਸ਼ਾਮਿਲ ਹੁੰਦਾ ਹੈ। ਗੁਰਸਸਿਮਰਨ ਉਸਦੀ ਬਾਂਹ ਫੜ ਕੇ ਉਸ ਨੂੰ ਝੰਜੋੜਦੀ ਹੈ।
ਰੋਂਦੀ-ਕਰਲਾਉਂਦੀ ਗੁਰਸਿਮਰਨ ਦਾ ਚੇਹਰਾ ਦੇਖ ਕੇ ਉਹ ਉਸ ਨਾਲ ਭੀੜ ਚੋਂ ਨਿਕਲ ਆਉਂਦਾ ਹੈ।
ਤੇ ਫਿਰ ਉਹ ਗੁਰਸਿਮਰਨ ਨਾਲ ਸਕਾਈਟਰੇਨ ਸਟੇਸ਼ਨ ਵੱਲ ਚੱਲ ਪੈਂਦਾ ਹੈ। ਉੱਥੇ ਪਹੁੰਚ
ਗੁਸਿਮਰਨ ਆਖਦੀ ਹੈ, “ਸੁੱਖ?” ਗੁਰਜੀਵਨ ਉਸਦਾ ਫੋਨ ਮਿਲਾਉਂਦਾ ਹੈ ਪਰ ਦੂਜੇ ਪਾਸਿਓਂ ਕੋਈ
ਜਵਾਬ ਨਹੀਂ ਮਿਲਦਾ।
ਜਵਾਬ ਕਿੱਥੋਂ ਮਿਲਦਾ ਸੁੱਖ ਤਾਂ ਭੀੜ ਨੂੰ ਕਾਬੂ ਕਰਨ ਵਿਚ ਲੱਗਾ ਹੋਇਆ ਹੈ। ਉਸ ਨੇ ਦੇਖਿਆ
ਕਿ ਇੱਕ ਮੁੰਡਾ ਪੁਲੀਸ ਦੀ ਕਾਰ ਨੂੰ ਅੱਗ ਲਾਉਣ ਲੱਗਾ ਹੈ। ਸੁੱਖ ਨੇ ਚਾਰੇ ਪਾਸੇ ਦੇਖਿਆ
ਉੱਥੇ ਪੁਲੀਸ ਨਹੀਂ ਹੈ। ਲੋਕ ਆਪਣੇ ਕੈਮਰਿਆਂ ਨਾਲ ਅੱਗ ਲਾ ਰਹੇ ਉਸ ਮੁੰਡੇ ਦੀਆਂ ਫੋਟੋਆਂ
ਖਿੱਚਣ ਵਿੱਚ ਰੁੱਝੇ ਹੋਏ ਹਨ। ਕੋਈ ਵੀ ਉਸ ਨੂੰ ਹਟਾਉਣ ਦੀ ਕੋਸਿ਼ਸ਼ ਨਹੀਂ ਕਰ ਰਿਹਾ। ਸੁੱਖ
ਦਲੇਰੀ ਕਰਕੇ ਉਸ ਮੁੰਡੇ ਨੂੰ ਪਿੱਛੋਂ ਜੱਫ਼ਾ ਮਾਰ ਕੇ ਕਾਰ ਤੋਂ ਪਰ੍ਹਾਂ ਨੂੰ ਧੱਕ ਕੇ ਲੈ
ਜਾਂਦਾ ਹੈ। ਤੇ ਫਿਰ ਉਸ ਨੂੰ ਸ਼ਾਂਤ ਕਰਨ ਲੱਗਦਾ ਹੈ। ਸੁੱਖ ਦੇ ਨਾਲ ਇਕ ਹੋਰ ਮੁੰਡਾ ਰਲ
ਜਾਂਦਾ ਹੈ ਤੇ ਉਹ ਰਲ ਕੇ ਉਸ ਮੁੰਡੇ ਨੂੰ ਸ਼ਾਂਤ ਕਰ ਲੈਂਦੇ ਹਨ। ਉਸ ਮੁੰਡੇ ਨੂੰ ਸ਼ਾਂਤ
ਕਰਕੇ ਉਹ ਦੋਹੇਂ ਸ਼ੀਸੇ ਤੋੜ ਰਹੀ ਭੀੜ ਵੱਲ ਵਧਦੇ ਹਨ। ਹੁੱਲੜਬਾਜਾਂ ਦੀ ਬੇਕਾਬੂ ਤੇ ਬਿਫ਼ਰੀ
ਹੋਈ ਭੀੜ ਪਾਗਲਾਂਹਾਰ, ਭੰਨ-ਤੋੜ ਤੇ ਸਾੜ-ਫੂਕ ਦੀਆਂ ਕਾਰਵਾਈਆਂ ਵਿੱਚ ਅੰਨੇਵਾਹ ਜੁਟੀ ਹੋਈ
ਹੈ। ਅਚਾਨਕ ਸੁੱਖ ਦੇ ਸਾਹਮਣੇ ਭੀੜ ਨੂੰ ਚੀਰਦੇ ਹੋਏ ਗੁਰਜੀਵਨ ਤੇ ਗੁਰਸਿਮਰਨ ਆਉਂਦੇ ਹਨ।
“ਇਹ ਕਿਧੱਰ ਦੀ ਖੇਡ ਭਾਵਨਾ ਵਾਲਾ ਜੋਸ਼ ਐ, ਗੁਰਜ?” ਸੁੱਖ ਪੁੱਛਦਾ ਹੈ।
“ਇਹ ਕਿਸ ਦੀਨ ਕੇ ਹੇਤ ਭੰਨ-ਤੋੜ ਕਰ ਰਹੇ ਨੇ?” ਗੁਰਸਿਮਰਨ ਗੁਰਜੀਵਨ ਦਾ ਜਵਾਬ ਉਡੀਕਣ ਤੋਂ
ਬਿਨ੍ਹਾਂ ਹੀ ਦੂਜਾ ਸੁਆਲ ਦਾਗ ਦਿੰਦੀ ਹੈ।
ਡੌਰ-ਭੌਰ ਹੋਏ ਗੁਰਜੀਵਨ ਨੂੰ ਧਰਤੀ ਵਿਹਲ ਨਹੀਂ ਦੇ ਰਹੀ! **
ਹਰਪ੍ਰੀਤ ਸੇਖਾ ਦੀਆਂ ਹੋਰ ਕਹਾਣੀਆਂ ਪੜ੍ਹਨ ਲਈ ਕਲਿੱਕ ਕਰੋ:
ਪਰਛਾਵੇਂ :
ਤੂੰ ਹੀ ਬੋਲ : |