
(ਸੰਤ ਰਾਮ ਉਦਾਸੀ, ਸੰਨ 1979 ਵਿੱਚ ਕਾਵੈਂਟਰੀ ਇੰਗਲੈਂਡ)
-ਫੋਟੋ: ਦਵਿੰਦਰ ਨੌਰਾ-
ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨਾਲ ਵਤਨੋਂ ਦੂਰ ਦੇ ਸੰਪਾਦਕ ਸਾਧੂ ਬਿਨਿੰਗ
ਵੱਲੋਂ ਸਤੰਬਰ 1979 ਨੂੰ ਕੀਤੀ ਇੰਟਰਵਿਊ ਜੋ ਵਤਨੋਂ ਦੂਰ ਦੇ ਸਤੰਬਰ ਅਤੇ ਅਕਤੂਬਰ 1979 ਦੇ
ਅੰਕਾਂ ਵਿੱਚ ਛਪੀ ਸੀ।
ਸਾਧੂ ਬਿਨਿੰਗ: ਉਦਾਸੀ ਜੀ ਤੁਸੀਂ ਪੰਜਾਬ ਦੇ ਇਸ ਸਮੇਂ ਦੇ ਮੋਢੀ ਲੋਕ ਕਵੀ ਦੇ ਤੌਰ ‘ਤੇ
ਜਾਣੇ ਜਾਂਦੇ ਹੋ। ਕੀ ਤੁਹਾਡੀ ਕਵਿਤਾ ਸ਼ੁਰੂ ਤੋਂ ਹੀ ਇਨਕਲਾਬੀ ਰਹੀ ਹੈ ਜਾਂ ਇਹ ਵੀ ਹੋਰ
ਲੋਕਾਂ ਵਾਂਗ ਧਾਰਮਿਕ ਜਾਂ ਪਿਆਰ ਵਰਗੇ ਵਿਸਿ਼ਆਂ ਤੋਂ ਸਫਰ ਕਰਕੇ ਇਨਕਲਾਬੀ ਸੋਚ ਵੱਲ ਮੁੜੀ
ਹੈ?
ਸੰਤ ਰਾਮ ਉਦਾਸੀ: ਦੇਖੋ ਸਾਥੀ, ਕਿਸੇ ਵੀ ਲਿਖਾਰੀ ਨੂੰ ਮੋਢੀ ਕਹਿਣਾ ਠੀਕ ਨਹੀਂ ਹੁੰਦਾ।
ਕਿਉਕਿ ਅਸੀਂ ਇਤਿਹਾਸ ਤੋਂ ਸਿੱਖਦੇ ਹਾਂ। ਸਾਥੋਂ ਬਹੁਤ ਚਿਰ ਪਹਿਲਾਂ ਕਵਿਤਾਵਾਂ ਲਿਖੀਆਂ
ਗਈਆਂ ਨੇ ਤੇ ਸਾਥੋਂ ਬਹੁਤ ਚਿਰ ਪਹਿਲਾਂ ਇਤਿਹਾਸ ਲਿਖਿਆ ਗਿਆ ਹੈ। ਮੈਂ ਤਾਂ ਉਸ ਲੰਮੀ ਕਤਾਰ
ਦਾ ਛੋਟਾ ਜਿਹਾ ਅੰਗ ਹਾਂ ਤੇ ਇਹ ਮੈਂ ਨਹੀਂ ਮੰਨਦਾ ਕਿ ਮੈਂ ਇਕ ਮੋਢੀ ਕਵੀ ਹਾਂ। ਮੈਥੋਂ
ਬਹੁਤ ਪਹਿਲਾਂ ਲੋਕ ਕਵਿਤਾ ਲਿਖੀ ਜਾ ਚੁੱਕੀ ਹੈ। ਜਿਹੜੀ ਕਿ ਲੋਕ ਪੱਖੀ ਹੈ ਅਤੇ ਦੱਬੇ ਕੁਚਲੇ
ਲੋਕਾਂ ਦੇ ਹੱਕਾਂ ਦੀ ਨੁਮਾਇੰਦਗੀ ਕਰਦੀ ਹੈ। ਮੈਂ ਸਮਝਦਾ ਹਾਂ ਕਿ – ਹੱਕ ਪਰਾਇਆ ਨਾਨਕਾ ਉਸ
ਸੂਅਰ ਉਸ ਗਾਇ। ਗੁਰ ਪੀਰ ਹਮਾਂ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜਾਂ ਗੁਰੂ ਗੋਬਿੰਦ ਸਿੰਘ
ਜੀ ਦਾ - ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੇ ਹਰਿ ਕਰੇ ਨਿਵਾਸ। ਇਹ ਜਿਹੜੀਆਂ ਕਵਿਤਾਵਾਂ
ਲਿਖੀਆਂ ਗਈਆਂ ਨੇ ਜਾਂ ਬਾਣੀ ਲਿਖੀ ਗਈ ਐ, ਇਹ ਫਰੀਦ ਵੱਲੋਂ ਲਿਖੀ ਗਈ ਹੈ ਅਤੇ ਕਿੰਨੇ ਹੀ
ਸਾਡੇ ਪੁਰਾਣਿਕ ਲਿਖਾਰੀਆਂ ਵੱਲੋਂ ਲਿਖੀ ਗਈ ਹੈ। ਮੈਂ ਇਨਾਂ ਨੂੰ ਲੋਕ ਕਵਿਤਾ ਹੀ ਮੰਨਦਾ
ਹਾਂ। ਸੋ ਮੈਂ ਆਪਣੇ ਆਪ ਨੂੰ ਮੋਢੀ ਲੋਕ ਕਵੀ ਨਹੀਂ ਸਮਝਦਾ। ਜਿਹੜਾ ਸਮੇਂ ਸਮੇਂ ਲੋਕਾਂ ਦੀ
ਆਰਥਿਕ ਲੁੱਟ, ਲੋਕਾਂ ਦੀ ਸਮਾਜਿਕ ਅਤੇ ਧਾਰਮਿਕ ਲੁੱਟ ਦੇ ਖਿਲਾਫ ਲਿਖਦਾ ਰਿਹਾ ਜਾਂ ਬੋਲਦਾ
ਰਿਹਾ, ਮੈਂ ਉਸ ਨੂੰ ਲੋਕਾਂ ਦਾ ਨੁਮਾਇੰਦਾ ਕਵੀ ਸਮਝਦਾ ਹਾਂ। ਸੋ ਮੈਂ ਉਸ ਇਕ ਲੰਮੇ ਇਤਿਹਾਸ
ਦੀ ਇਕ ਨਿੱਕੀ ਜਿਹੀ ਕੜੀ ਹਾਂ। ਪਰ ਮੈਂ ਆਪਣੇ ਆਪ ਨੂੰ ਮੁੱਢਲਾ ਲੋਕ ਕਵੀ ਨਹੀਂ ਮੰਨਦਾ।
ਬੇਸ਼ਕ ਮੈਨੂੰ ਸਨਮਾਨ ਲੋਕ ਕਵੀ ਦੇ ਤੌਰ ‘ਤੇ ਬਾਵਾ ਬਲਵੰਤ ਟਰੱਸਟ ਢੁੱਡੀਕੇ ਨੇ ਪਹਿਲਾ
ਇਨਾਮ ਦਿੱਤਾ। ਪਰ ਫਿਰ ਵੀ ਮੈਂ ਆਪਣੇ ਆਪ ਨੂੰ ਪਹਿਲਾ ਲੋਕ ਕਵੀ ਨਹੀਂ ਸਮਝਦਾ। ਇਸ ਤੋਂ
ਪਹਿਲਾਂ, ਬਹੁਤ ਚਿਰ ਪਹਿਲਾਂ ਬਹੁਤ ਚੰਗੀਆਂ ਗੱਲਾਂ ਕਹੀਆਂ ਜਾ ਚੁੱਕੀਆਂ ਹਨ ਲੋਕ ਪੱਖ ਦੇ
ਵਿਚ।
ਸਾਧੂ ਬਿਨਿੰਗ: ਇਹਦੇ ਨਾਲ ਹੀ ਦੂਜਾ ਹਿੱਸਾ ਸੀ ਕਿ ਕੀ ਤੁਹਾਡੀ ਕਵਿਤਾ ਹੋਰਨਾਂ ਲੋਕਾਂ
ਵਾਂਗ ਸਫਰ ਕਰਕੇ ਇਨਕਲਾਬੀ ਸੋਚ ਵੱਲ ਆਈ?
ਸੰਤ ਰਾਮ ਉਦਾਸੀ: ਹਾਂ, ਇਤਿਹਾਸ ਤੋਂ ਟੁੱਟਣਾ ਜਾਂ ਜੋ ਸਾਨੂੰ ਇਤਿਹਾਸਕ ਪਦਾਰਥਵਾਦ ਤੋਂ
ਪ੍ਰਾਪਤ ਹੁੰਦਾ ਹੈ, ਉਸ ਤੋਂ ਅਸੀਂ ਅੱਗੇ ਇਤਿਹਾਸ ਦੇ ਨਵੇਂ ਵਰਕੇ ਤੋਰਦੇ ਹਾਂ। ਮੈਂ ਸਮਝਦਾ
ਹਾਂ ਕਿ ਕੋਈ ਬੰਦਾ ਇਕ ਦਿਨ ਵਿੱਚ ਪ੍ਰਗਤੀਵਾਦੀ ਜਾਂ ਅੱਗੇਵਧੂ ਨਹੀਂ ਬਣ ਜਾਂਦਾ। ਉਹ ਇਕ
ਦੌਰ ‘ਚੌਂ ਨਿਕਲ ਕੇ ਜੇ ਅੱਗੇਵਧੂ ਬਣਦਾ ਹੈ ਜਾਂ ਲੋਕ ਪੱਖੀ ਬਣਦਾ ਹੈ ਤਾਂ ਮੈਂ ਉਸ ਨੂੰ
ਜਿ਼ਆਦਾ ਪ੍ਰਪੱਕ ਸਮਝਦਾ ਹਾਂ। ਜਿਹੜਾ ਇਕ ਦਮ ਬਣਿਆ ਹੁੰਦਾ ਉਹ ਕਦੇ ਵੀ ਫਿਸਲ ਸਕਦਾ ਹੈ।
ਮੈਂ ਸਮਝਦਾ ਹਾਂ ਕਿ ਮੇਰੀ ਕਵਿਤਾ ਪਹਿਲਾਂ ਚਾਹੇ ਉਹ ਸਮਾਜਿਕ ਨਿਆਂ ਦੇ ਉਲਟ ਸੀ ਚਾਹੇ
ਧਾਰਮਿਕ ਨਿਆਂ ਦੇ ਉਲਟ ਸੀ ਤੇ ਮਗਰੋਂ ਮੇਰੀ ਕਵਿਤਾ ਪਦਾਰਰਥਕ ਜਾਂ ਆਰਥਿਕ ਲੁੱਟ ਦੇ ਉਲਟ
ਹੋਈ ਆ। ਸੋ ਪਹਿਲਾਂ ਮੈਂ ਧਾਰਮਿਕ ਕਵਿਤਾਵਾਂ ਲਿਖੀਆਂ। ਪਿਆਰ ਬਾਰੇ ਮੈਨੂੰ ਇੰਨਾ ਅਨੁਭਵ ਨਹੀਂ
ਕਿਉਕਿ ਮੈਂ ਉਸ ਤਬਕੇ ਦੇ ਵਿੱਚ ਪੈਦਾ ਹੋਇਆ ਹਾਂ ਜਿੱਥੇ ਲੋਕ ਘਿਰਨਾ ਦੇ ਹੀ ਪਾਤਰ ਹੁੰਦੇ
ਨੇ ਤੇ ਚਾਰ ਚੁਫੇਰੇ ਉਹਨਾਂ ਦੇ ਘਿਰਨਾ ਹੀ ਘਿਰਨਾ ਹੁੰਦੀ ਹੈ। ਤੇ ਲੋਕ ਹਮੇਸ਼ਾਂ ਚਾਹੇ ਉਹ
ਅਮੀਰ ਤੇ ਚਾਹੇ ਧਾਰਮਿਕ, ਕਿਸੇ ਸੰਪ੍ਰਦਾ ਦੇ ਨਾਲ ਸੰਬੰਧ ਰੱਖਦੇ ਹੋਣ, ਸਾਰੇ ਉਸ ਤਬਕੇ ਨੂੰ
ਜਿਹਦੇ ਵਿੱਚ ਮੈਂ ਵਿਚਰ ਰਿਹਾਂ ਜਾਂ ਜਿਹਦੇ ਵਿੱਚ ਮੈਂ ਜੰਮਿਆਂ ਪਲਿਆ ਤੇ ਵੱਡਾ ਹੋਇਆ, ਉਹਨੂੰ
ਚਾਰ ਚੁਫੇਰੇ ਘਿਰਨਾ ਈ ਘਿਰਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਪਹਿਲਾਂ ਧਾਰਮਿਕ ਕਵਿਤਾ
ਵੀ ਲਿਖੀ ਹੈ। ਪਿਆਰ ਮੈਨੂੰ ਮਿਲਿਆ ਈ ਕੋਈ ਨਹੀਂ। ਨਾ ਮੈਂ ਸਮਝਦਾ ਪਈ ਅਜੋਕੀਆਂ ਕਦਰਾਂ
ਕੀਮਤਾਂ ਵਿੱਚ ਪਿਆਰ ਕਿਸੇ ਨੂੰ ਮਿਲ ਸਕਦਾ ਹੈ। ਪਿਆਰ ਬਾਰੇ ਮੈਨੂੰ ਕੋਈ ਅਨੁਭਵ ਨਹੀਂ ਹੈ।
ਸਾਡੇ ਲਿਖਾਰੀ ਆਮ ਤੌਰ ‘ਤੇ ਪਿਆਰ ਨੂੰ ਨਿੱਜੀ ਪਿਆਰ ਹੀ ਸਮਝਦੇ ਹਨ। ਲੋਕਾਂ ਦਾ ਪਿਆਰ ਮੈਨੂੰ
ਬਹੁਤ ਮਿਲਿਆ। ਉਹਦੇ ਬਾਰੇ ਮੈਨੂੰ ਅਨੁਭਵ ਵੀ ਹੈ ਅਤੇ ਮੈਂ ਲਿਖਦਾ ਵੀ ਹਾਂ। ਸੋ ਜੇ ਤੁਸੀਂ
ਪਿਆਰ ਨੂੰ ਏਸ ਸਬੰਧ ਵਿੱਚ ਲਵੋਂ ਕਿ ਸਾਂਝਾ ਪਿਆਰ ਕੀ ਹੁੰਦਾ, ਨਿਜੀ ਪਿਆਰ ਕੀ ਹੁੰਦਾ, ਉਹ
ਬਾਹਲਾ ਚੰਗਾ ਸੀਗਾ। ਖੈਰ ਮੈਂ ਬਹੁਤ ਸਾਰੀਆਂ ਧਾਰਮਿਕ ਕਵਿਤਾਵਾਂ ਵੀ ਲਿਖੀਆਂ ਨੇ। ਉਸ ਤੋਂ
ਬਾਅਦ ਜਿਹੜਾ ਪਿਆਰ ਹੈ ਜਾਂ ਰੁਮਾਂਸ ਹੈ ਉਸ ਨੂੰ ਮੈਂ ਲੋਕ ਕਵਿਤਾ ਵਿੱਚ ਢਾਲਣ ਦੀ ਕੋਸਿ਼ਸ਼
ਕੀਤੀ ਹੈ। ਤੇ ਲੋਕਾਂ ਦੇ ਪਿਆਰ ਵਿੱਚ ਢਾਲਣ ਦੀ ਕੋਸਿ਼ਸ਼ ਕੀਤੀ ਹੈ ਅਤੇ ਲੋਕਾਂ ਨੇ ਇਸ ਗੱਲ
ਦਾ ਹੁੰਗਾਰਾ ਵੀ ਦਿੱਤਾ ਹੈ।
ਸਾਧੂ ਬਿਨਿੰਗ: ਤੁਸੀਂ ਸਟੇਜ ਤੇ ਕਵਿਤਾ ਗਾ ਕੇ ਇਨਕਲਾਬ ਦਾ ਸੁਨੇਹਾ ਹਜ਼ਾਰਾਂ ਉਹਨਾਂ ਲੋਕਾਂ
ਤੱਕ ਪਹੁੰਚਾਇਆ ਹੈ ਜਿਹੜੇ ਖੁਦ ਪੜ੍ਹ ਨਹੀਂ ਸਕਦੇ। ਸਾਹਿਤ ਦੇ ਦੂਜੇ ਰੂਪ ਜਿਵੇਂ ਕਹਾਣੀ,
ਨਾਵਲ ਤੇ ਡਰਾਮਾ, ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ। ਕੀ ਉਹ ਇਨਕਲਾਬੀ ਸੋਚ ਲੋਕਾਂ ਤਕ
ਪਹੁੰਚਾਉਣ ਵਿੱਚ ਕਿਸੇ ਤਰ੍ਹਾਂ ਸਹਾਈ ਹੋ ਰਹੇ ਹਨ ਜਾਂ ਹੋ ਸਕਦੇ ਹਨ, ਹਿੰਦੁਸਤਾਨ ਦੇ ਸਬੰਧ
ਵਿਚ।
ਸੰਤ ਰਾਮ ਉਦਾਸੀ: ਦੇਖੋ, ਸਾਹਿਤ ਦੇ ਹੋਰ ਪੱਖਾਂ ਨੂੰ ਤੁਸੀਂ ਛੱਡੋ, ਮੈਂ ਇਹ ਸਮਝਦਾ ਪਈ
ਚਾਹੇ ਉਹ ਤਕਰੀਰ ਈ ਐ, ਉਹ ਲੋਕ ਪੱਖੀ ਕੀਤੀ ਜਾਂਦੀ ਆ ਤੇ ਲੋਕਾਂ ਦੇ ਦੁੱਖਾਂ ਸੁੱਖਾਂ ਦੀ
ਨੁਮਾਇੰਦਗੀ, ਤਰਜਮਾਨੀ, ਕਰਦੀ ਹੈ ਉਹ ਤਕਰੀਰ, ਤੇ ਮੈਂ ਸਮਝਦਾਂ ਕਿ ਉਹ ਵੀ ਸਾਹਿਤ ਦੀ ਇਕ
ਕੜੀ ਹੈ। ਬਾਕੀ ਡਰਾਮਾ ਤਾਂ ਬਹੁਤ ਬੜਾ ਪ੍ਰਭਾਵ ਪਾਉਂਦਾ ਹੈ ਲੋਕਾਂ ‘ਤੇ। ਜਿਵੇਂ ਸ:
ਗੁਰਸ਼ਰਨ ਸਿੰਘ ਨਾਟਕ ਕਲਾ ਕੇਂਦਰ ਵੱਲੋਂ ਖੇਡਿਆ ਜਾ ਰਿਹਾ, ਬਰਨਾਲਾ ਨਾਟਕ ਕਲਾ ਕੇਂਦਰ ਵੱਲੋਂ,
ਮੰਗੂਵਾਲ ਨਾਟਕ ਕੇਂਦਰ ਵੱਲੋਂ, ਬਠਿੰਡਾ ਨਾਟਕ ਕਲਾ ਕੇਂਦਰ ਹੈ ਤੇ ਹੋਰ ਕਿੰਨੇ ਹੀ ਹਨ।
ਪਹਿਲਾਂ ਅਸੀਂ ਫਰੀਦਕੋਟ ਨਾਟਕ ਕੇਂਦਰ ਬਣਾਇਆ ਸੀ ਤੇ ਕਿੰਨੀਆਂ ਹੀ ਲੋਕ ਜਥੇਬੰਦੀਆਂ ਨੇ
ਜਿਹੜੀਆਂ ਕਿ ਲੋਕਾਂ ਨੂੰ ਡਰਾਮਿਆਂ ਰਾਹੀਂ ਕਵਿਤਾਵਾਂ ਰਾਹੀਂ ਜਾਂ ਭਾਸ਼ਣਾਂ ਰਾਹੀਂ ਸੁਚੇਤ
ਕਰਦੀਆਂ ਨੇ। ਸੋ ਮੈਂ ਕਵਿਤਾ ਨੂੰ ਵੈਸੇ ਪ੍ਰਮੁੱਖ ਸਮਝਦਾ ਹਾਂ ਕਿ ਲੋਕਾਂ ਤੱਕ ਜਾਂ ਉਹਨਾਂ
ਦੇ ਮਨ ਨੂੰ ਟੁੰਬਣ ਵਾਲਾ ਇਕ ਬਹੁਤ ਵੱਡਾ ਸਾਧਨ ਐ। ਪਰ ਇਹਦੇ ਨਾਲ ਨਾਲ ਜਿਹੜਾ ਨਾਵਲ ਆ, ਉਸ
ਨੂੰ ਪੜ੍ਹਨ ਲਈ ਜਾਂ ਉਸ ਬਾਰੇ ਸਮੁੱਚਾ ਗਿਆਨ ਪ੍ਰਾਪਤ ਕਰਨ ਲਈ ਜਾਂ ਨਤੀਜੇ ਕੱਢਣ ਲਈ ਸਾਨੂੰ
ਪਿਛੇ ਇਕ ਬਹੁਤ ਵੱਡੀ ਸਿਆਸੀ ਸੋਚ ਦੀ ਲੋੜ ਹੁੰਦੀ ਹੈ। ਹੁਣ ਫਰਜ਼ ਕਰ ਲਵੋ “ਲਹੂ ਦੀ ਲੋਅ”
ਨਾਵਲ ਜਾਂ ਜਸਵੰਤ ਕੰਵਲ ਦਾ “ਰਾਤ ਬਾਕੀ ਹੈ” ਉਹਦਾ ਨਚੋੜ ਕੱਢਣ ਲਈ ਜਾਂ ਉਸ ਨੂੰ ਸਮਝਣ ਲਈ
ਜਦੋਂ ਪਾਠਕ ਪੜ੍ਹਦਾ ਹੈ ਤਾਂ ਹੀਰੋ ਦੀ ਹਾਲਤ ਵਿੱਚ ਦੀ ਵਿਚਰਦਾ ਹੈ। ਉਸ ਦੀ ਹੀਰੋ ਨਾਲ
ਹਮਦਰਦੀ ਹੁੰਦੀ ਹੈ। ਜੇ ਹੀਰੋ ਦੂਜੇ ਪਾਸੇ ਵੀ ਚਲਿਆ ਜਾਵੇ ਤਾਂ ਪਾਠਕ ਜੱਜ ਨਹੀਂ ਕਰ ਸਕਦਾ
ਕਿ ਉਹ ਗਲਤ ਪਾਸੇ ਚਲਿਆ ਗਿਆ ਹੈ। ਕਿਉਂਕਿ ਉਹਦੀ ਹਮੇਸ਼ਾਂ ਹੀਰੋ ਨਾਲ ਹਮਦਰਦੀ ਹੁੰਦੀ ਹੈ।
ਸੋ ਨਾਵਲ, ਕਹਾਣੀ ਜਾਂ ਹੋਰ ਜਿਹੜੇ ਅੰਗ ਨੇ ਸਾਹਿਤ ਦੇ, ਉਹਨਾਂ ਨੂੰ ਪੜ੍ਹਨ ਲਈ ਇਕ ਸਮਝ ਦੀ
ਲੋੜ ਹੁੰਦੀ ਹੈ। ਬਹੁਤ ਡੂੰਘੀ ਸਮਝ ਦੀ ਲੋੜ ਹੁੰਦੀ ਹੈ। ਪਰ ਕਵਿਤਾ ਜੋ ਕਿ ਲੋਕਾਂ ਦੀਆਂ
ਵਕਤੀ ਮੰਗਾਂ ਨੂੰ ਸਮੇਂ ਦੀਆਂ ਮੰਗਾਂ ਨੂੰ ਮੁੱਖ ਰੱਖ ਕੇ ਲਿਖੀ ਜਾਂਦੀ ਐ ਉਹ ਸਿੱਧਾ ਲੋਕਾਂ
ਦੇ ਉਤੇ ਪ੍ਰਭਾਵ ਪਾਉਂਦੀ ਹੈ। ਤੇ ਮੈਂ ਇਸ ਦਾ ਅਨੁਭਵ ਵੀ ਕੀਤਾ ਐ ਕਿ ਜੇ ਅਸੀਂ ਕਿਤੇ ਕਹਿ
ਦੇਈਏ – ਪਈ ਕਵੀ ਦਰਬਾਰ ਐ ਇਕੱਲਾ, ਚਾਹੇ ਵੱਡੇ ਤੋਂ ਵੱਡੇ ਲਿਖਾਰੀ ਵੀ ਕਿਉਂ ਨਾ ਆਉਣੇ ਹੋਣ,
ਤਾਂ ਵੀ ਇੰਨਾ ਇਕੱਠ ਨਹੀਂ ਹੁੰਦਾ। ਜਿੱਥੇ ਅਸੀਂ ਕਹਿੰਦੇ ਆਂ ਪਈ ਨਾਲ ਦੀ ਨਾਲ ਡਰਾਮੇ ਵੀ
ਹੋਣਗੇ ਤੇ ਗੀਤ ਵੀ ਗਾਏ ਜਾਣਗੇ ਤਾਂ ਲੋਕ ਬਹੁਤੇ ਆਉਣਗੇ। ਪਿਛੇ ਖਿੱਚੂ ਸਾਹਿਤ ਵਾਲੇ ਜਾਂ
ਤੂੰਬੀ ਮਾਰਕਾ ਸਾਹਿਤ ਵਾਲੇ ਜਾਂ ਲੱਚਰ ਸਾਹਿਤ ਵਾਲੇ ਇਹਦਾ ਵੱਧ ਤੋਂ ਵੱਧ ਫਾਇਦਾ ਉਠਾਉਂਦੇ
ਹਨ। ਕਿਉਂਕਿ ਲੋਕਾਂ ਦੀ ਮਨੋਰੰਜਨ ਲਈ ਬਹੁਤ ਵੱਡੀ ਭੁੱਖ ਹੁੰਦੀ ਆ। ਹੁਣ ਜੇ ਅਸੀਂ ਕਹਿ
ਦੇਈਏ ਬਈ ਫਰਜ਼ ਕਰ ਲਉ ਕਿ ਫਲਾਣੇ ਥਾਂ ਨਾਵਲ ਪੜ੍ਹਿਆ ਜਾਣਾ ਹੈ ਤਾਂ ਲੋਕ ਨਹੀਂ ਆਉਣਗੇ। ਜੇ
ਕਹਿ ਦੇਈਏ ਤੂੰਬੀ ਮਾਰਕਾ ਗੀਤਕਾਰ ਆਉਣਗੇ, ਇਸ਼ਕ ਮੁਸ਼ਕ ਦੇ ਗੀਤ ਗਾਏ ਜਾਣਗੇ, ਉੱਥੇ ਲੋਕ
ਹਜ਼ਾਰਾਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੁੰਦੇ ਨੇ। ਇਸੇ ਤਰ੍ਹਾਂ ਮੈਨੂੰ ਵੀ ਇਹ ਅਨੁਭਵ
ਹੋਇਆ। ਜਦੋਂ ਅਸੀਂ ਪਿੰਡਾਂ ਦੇ ਵਿੱਚ ਆਮ ਡਰਾਮੇ ਕਰਦੇ ਆਂ, ਜਥੇਬੰਦੀਆਂ ਦੇ ਅਧੀਨ ਹੋ ਕੇ,
ਜਾਂ ਉਹਨਾਂ ਲੋਕਾਂ ਦੀਆਂ ਜਿਹੜੀਆਂ ਸਫਾਂ ਨੇ ਉਹਨਾਂ ਨੂੰ ਉਹਨਾਂ ਦੀ ਲੁੱਟ ਖਸੁੱਟ ਬਾਰੇ
ਦੱਸਣ ਲਈ ਅਸੀਂ ਲੋਕਾਂ ਨੂੰ ਕਹਿੰਦੇ ਆਂ ਪਈ ਆਉ ਸਾਡਾ ਪ੍ਰਚਾਰ ਸੁਣੋ। ਸਾਡੀਆਂ ਜਥੇਬੰਦੀਆਂ
ਦਾ ਜਿਹੜਾ ਕੰਮ ਐ ਉਸ ਬਾਰੇ ਤੁਸੀਂ ਆ ਕੇ ਆਪਣੇ ਦੁੱਖਾਂ ਸੁੱਖਾਂ ਨੂੰ ਸਾਡੇ ਨਾਲ ਸਾਂਝਾ ਕਰੋ
ਤਾਂ ਲੋਕ ਆਉਂਦੇ ਨੇ। ਵੈਸੇ ਕਵਿਤਾ ਦਾ ਬਹੁਤ ਵੱਡਾ ਹਿੱਸਾ ਹੈ ਰਿਦਮ ਕਰਕੇ। ਡਰਾਮੇ ਦੀ ਕੋਈ
ਕੋਈ ਗੱਲ ਹੀ ਚੇਤੇ ਰੱਖ ਸਕਦੇ ਹਾਂ। ਨਾਵਲ ਦੀ ਗੱਲ ਚੇਤੇ ਰੱਖ ਸਕਦੇ ਜਾਂ ਕਹਾਣੀ ਦੀ ਚੇਤੇ
ਰੱਖ ਸਕਦੇ ਹਾਂ। ਪਰ ਕਵਿਤਾ ਕਈ ਵਾਰੀ ਅੱਧੋਂ ਬਹੁਤੇ ਲੋਕਾਂ ਨੂੰ ਯਾਦ ਹੋ ਜਾਂਦੀ ਹੈ। ਲੋਕਾਂ
ਦੇ ਪੱਧਰ ਦੀ ਕਵਿਤਾ ਉਹਨਾਂ ਦੇ ਛੇਤੀ ਯਾਦ ਹੋ ਜਾਂਦੀ ਹੈ। ਕਿਉਂਕਿ ਉਸ ਅਨੁਭਵ ਵਿੱਚੋਂ ਲੋਕ
ਗੁਜ਼ਰ ਰਹੇ ਹੁੰਦੇ ਹਨ। ਤੇ ਦੂਜੀ ਜਿਹੜੀ ਵੱਡੀ ਗੱਲ ਇਹ ਹੈ ਕਿ ਮੇਰੇ ਦੇਸ਼ ਦੇ ਵਿੱਚ ਜਾਂ
ਹਿੰਦੁਸਤਾਨ ਦੇ ਵਿੱਚ ਬਹੁਤੇ ਲੋਕ ਅਨਪੜ੍ਹ ਨੇ ਤੇ ਉਹਨਾਂ ਨੂੰ ਸਮਝਾਉਣ ਦਾ ਕੰਮ ਕਵਿਤਾ ਰਾਹੀਂ
ਵੱਧ ਹੋ ਸਕਦਾ ਹੈ। ਕਹਾਣੀ ਜਾਂ ਨਾਵਲ ਪੜ੍ਹਨ ਦੀ ਉਹਨਾਂ ਦੀ ਸ਼ਕਤੀ ਨਹੀਂ ਤੇ ਉਹਨਾਂ ਦੇ
ਵਿੱਚ ਯੋਗਤਾ ਨਹੀਂ, ਯੋਗਤਾ ਤਾਂ ਹੈ ਪਰ ਅਨਪੜ੍ਹਤਾ ਕਾਰਨ ਉਹ ਪੜ੍ਹ ਨਹੀਂ ਸਕਦੇ। ਤੇ ਕਵਿਤਾ
ਜਦੋਂ ਅਸੀਂ ਸਾਹਮਣੇ ਪੜ੍ਹਦੇ ਹਾਂ ਤਾਂ ਅਨਪੜ੍ਹ ਲੋਕ ਵੀ ਉਸ ਦਾ ਪ੍ਰਭਾਵ ਲੈਂਦੇ ਨੇ। ਇਸ
ਕਰਕੇ ਮੈਂ ਲੋਕਾਂ ਦੀ ਲੁੱਟ ਘਸੁੱਟ ਪ੍ਰਤੀ ਜਿਹੜੀ ਸਮਝ ਐ ਉਸ ਨੂੰ ਜਗਾਉਣ ਦੇ ਵਿੱਚ ਕਵਿਤਾ
ਨੂੰ ਠੀਕ ਸਮਝਦਾ ਹਾਂ। ਖਾਸ ਤੌਰ ‘ਤੇ ਅਨਪੜ੍ਹ ਲੋਕਾਂ ਦੇ ਵਿੱਚ ਜਿਨ੍ਹਾਂ ਵਿੱਚ ਮੈਂ ਆਮ
ਤੌਰ ‘ਤੇ ਰਹਿੰਦਾ ਹਾਂ।
ਸਾਧੂ ਬਿਨਿੰਗ: ਤੁਹਾਨੂੰ ਪਿੱਛੇ ਜਿਹੇ ਇਨਾਮ ਮਿਲਿਆ ਹੈ। ਤੁਸੀਂ ਇਸ ਇਨਾਮ ਬਾਰੇ ਕਿਵੇਂ
ਮਹਿਸੂਸ ਕਰਦੇ ਹੋ? ਜੇ ਤੁਹਾਨੂੰ ਇਹ ਇਨਾਮ ਸਿੱਧਾ ਗੌਰਮਿੰਟ ਦੀ ਕਿਸੇ ਏਜੰਸੀ ਵੱਲੋਂ ਮਿਲਿਆ
ਹੁੰਦਾ ਤਾਂ ਕੀ ਤੁਸੀਂ ਇਸ ਨੂੰ ਕਬੂਲ ਕਰਦੇ?
ਸੰਤ ਰਾਮ ਉਦਾਸੀ: ਮੈਂ ਇਹ ਕਦੇ ਅਨੁਭਵ ਹੀ ਨਹੀਂ ਕੀਤਾ ਕਿ ਮੈਨੂੰ ਕਦੇ ਗੌਰਮਿੰਟ ਵੱਲੋਂ
ਕੋਈ ਇਨਾਮ ਮਿਲੇਗਾ। ਦੂਜੀ ਗੱਲ ਇਹ ਹੈ ਕਿ ਮੈਂ ਇਹੋ ਜਿਹਾ ਲਿਖਦਾ ਹੀ ਨਹੀਂ ਹਾਂ ਕਿ
ਗੌਰਮਿੰਟ ਜਾਂ ਸਰਕਾਰੀ ਅਦਾਰੇ ਮੈਨੂੰ ਇਨਾਮ ਦੇਣ। ਉਹ ਦੇ ਹੀ ਨਹੀਂ ਸਕਦੇ। ਮੈਂ ਨਹੀਂ
ਅਨੁਭਵ ਕਰਦਾ ਕਿ ਉਹ ਦੇ ਸਕਣਗੇ। ਜੇ ਉਹ ਇਨਾਮ ਦਿੰਦੇ ਵੀ ਤਾਂ ਮੇਰਾ ਇਨਕਾਰ ਹੀ ਹੋਣਾ ਸੀ।
ਇਕ ਦੋ ਚਾਂਸ ਇਸ ਤਰ੍ਹਾਂ ਦੇ ਹੋਏ ਵੀ ਹਨ ਜਿਨ੍ਹਾਂ ਵਿੱਚ ਮੈਨੂੰ ਸਰਕਾਰੀ ਅਦਾਰਿਆਂ ਵੱਲੋਂ
ਸਨਮਾਨਣ ਦੀ ਕੋਸਿ਼ਸ਼ ਕੀਤੀ ਗਈ ਪਰ ਮੈਂ ਖੁਦ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਹੈ। ਉਹਨਾਂ
ਨੂੰ ਇਨਕਾਰ ਕੀਤਾ ਹੈ। ਜਿਸ ਤਰ੍ਹਾਂ ਕਿ ਮੈਨੂੰ ਦੀਵਾਲੀ ਵਾਲੇ ਦਿਨ ਸਨਮਾਨਣ ਦੀ ਕੋਸਿ਼ਸ਼
ਕੀਤੀ ਗਈ। ਹੋਰ ਕਈ ਤਰ੍ਹਾਂ ਦੇ ਜਾਲ ਸਿੱਟੇ ਜਾਂਦੇ ਹਨ, ਢੌਂਗ ਰਚੇ ਜਾਂਦੇ ਹਨ। ਮੈਂ ਨਹੀਂ
ਸਮਝਦਾ ਕਿ ਗੌਰਮਿੰਟ ਸਮਝੇ ਕਿ ਉਦਾਸੀ ਨੂੰ ਅਸੀਂ ਸਨਮਾਨਿਤ ਕਰਨਾ ਹੈ। ਜੇ ਗੌਰਮਿੰਟ ਮੈਨੂੰ
ਸਨਮਾਨਿਤ ਕਰੇ ਵੀ ਤਾਂ ਫੇਰ ਮੈਂ ਵੀ ਦੇਖਣਾ ਹੈ ਕਿ ਮੈਂ ਇਤਿਹਾਸ ਵਿੱਚ ਕੀ ਰੋਲ ਨਿਭਾ ਰਿਹਾ
ਹਾਂ। ਕਿਰਤੀ ਜਾਂ ਲੋਕ ਕਵਿਤਾ ਲਿਖਦਿਆਂ ਮੇਰਾ ਕੀ ਫਰਜ਼ ਹੈ ਕਿ ਮੈਂ ਇਹ ਇਨਾਮ ਲਵਾਂ ਜਾਂ
ਨਾ ਲਵਾਂ। ਮੈਂ ਨਹੀਂ ਸਮਝਦਾ ਕਿ ਮੈਂ ਸਰਕਾਰ ਦਾ ਇਨਾਮ ਲੈਣ ਦੇ ਯੋਗ ਹਾਂ।
ਸਾਧੂ ਬਿਨਿੰਗ: ਪੰਜਾਬੀ ਜਾਂ ਹੋਰ ਜ਼ਬਾਨਾਂ ਦੇ ਉਹ ਕਿਹੜੇ ਲੇਖਕ ਹਨ ਜਿਨ੍ਹਾਂ ਕੋਲੋਂ
ਤੁਹਾਨੂੰ ਕੋਈ ਸੇਧ ਮਿਲੀ ਹੈ ਜਿਹੜੀ ਤੁਹਾਡੀ ਕਵਿਤਾ ਵਿੱਚ ਜ਼ਾਹਿਰ ਹੋ ਰਹੀ ਹੈ?
ਸੰਤ ਰਾਮ ਉਦਾਸੀ: ਪੰਜਾਬੀ ਦੇ ਪਹਿਲੇ ਲੇਖਕ ਜਿਹੜੇ ਮੈਂ ਪੜ੍ਹੇ ਉਹ ਹਨ ਜਸਵੰਤ ਸਿੰਘ ਕੰਵਲ
ਅਤੇ ਉਹਨਾਂ ਦੀ ਪਹਿਲੀ ਰਚਨਾ “ਰਾਤ ਬਾਕੀ ਹੈ” ਪੜ੍ਹੀ ਸੀ। ਹੋਰ ਬਹੁਤ ਸਾਰੀਆਂ ਉਹਨਾਂ ਦੀਆਂ
ਰਚਨਾ ਜਿਵੇਂ ਰੂਪਧਾਰਾ, ਪੂਰਨਮਾਸ਼ੀ ਵਗੈਰਾ ਪੜ੍ਹੀਆਂ ਹਨ। ਸੰਤ ਸਿੰਘ ਸੇਖੋਂ ਦੀ ਕਹਾਣੀ
ਮੈਂ ਪੜ੍ਹਦਾ ਹੁੰਦਾ ਸੀ “ਪੇਮੀ ਦੇ ਨਿਆਣੇ” ਵਗੈਰਾ ਤੇ ਸੰਤੋਖ ਸਿੰਘ ਧੀਰ ਦੀ “ਸਵੇਰ ਹੋਣ
ਤੱਕ”। ਉਹਦੇ ਵਿੱਚ ਸਾਨੂੰ ਕਿਸਾਨ ਦੀ ਜਿ਼ਦਗੀ ਦੇ ਰੁਝਾਨ ਦਾ ਪਤਾ ਲਗਦਾ ਹੈ। ਬਹੁਤਾ ਜਿਹਨੇ
ਮੈਨੂੰ ਪ੍ਰਭਾਵਿਤ ਕੀਤਾ ਹੈ ਉਹ ਹੈ ਜੂਲੀਅਸ ਫਿਊਚਕ ਦਾ “ਫਾਂਸੀ ਦੇ ਤਖਤੇ ਤੋਂ”, ਵਾਂਦਾ
ਵਾਸੀ ਲੂਸਕਾ ਦਾ “ਸਤਰੰਗੀ ਪੀਂਘ”, “ਸੂਰਮੇ ਦੀ ਸਿਰਜਨਾ”, “ਭਾਂਜ”, “ਨਵੀਂ ਧਰਤੀ ਨਵੇਂ
ਸਿਆੜ” ਆਦਿ। ਸ਼ੋਲੋਕੋਵ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਹੈ। ਜੂਲੀਅਸ ਫਿਊਚਕ ਨੇ ਤਾਂ
ਬਹੁਤ ਹੀ ਜਿ਼ਆਦਾ ਪ੍ਰਭਾਵਿਤ ਕੀਤਾ ਹੈ। ਮੈਂ ਕਹਿੰਦਾ ਹਾਂ ਕਿ ਜੇ ਮੈਨੂੰ ਸਿਆਸਤ ਵਿੱਚ ਲੋਕ
ਪਿਆਰ ਦਾ “ੳ” ਪੜਾਇਆ ਹੈ ਤਾਂ ਉਹ ਜੂਲੀਅਸ ਫਿਊਚਕ ਹੀ ਹੈ। ਬਾਕੀ ਇਹ ਹੀ ਗੱਲ ਨਹੀਂ, ਸਾਡਾ
ਆਪਣਾ ਇਤਿਹਾਸ ਜਿਵੇਂ ਬੱਬਰ ਅਕਾਲੀਆਂ ਦਾ ਇਤਿਹਾਸ, ਸਿੱਖ ਮੋਰਚਿਆਂ ਦਾ ਇਤਿਹਾਸ ਜਾਂ ਗੁਰੂ
ਗੋਬਿੰਦ ਸਿੰਘ ਦਾ ਇਤਿਹਾਸ ਹੈ। ਉਸ ਇਤਿਹਾਸ ਨੇ ਮੈਨੂੰ ਬੜਾ ਕੁੱਝ ਸਿਖਾਇਆ। ਜਿੰਨਾ ਕੁੱਝ
ਇਤਿਹਾਸਕ ਤੌਰ ‘ਤੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਬੰਦਾ ਬਹਾਦਰ ਨੇ ਸਿਖਾਇਆ ਹੈ
ਜਾਂ ਮੈਂ ਸਿੱਖਿਆ ਹੈ ਉਤਨਾ ਕੁੱਝ ਹੀ ਮੈਂ ਪੜ੍ਹ ਕੇ ਜਿਹੜਾ ਬਾਹਰਲਾ ਇਤਿਹਾਸ ਹੈ ਉਸ ਬਾਰੇ
ਸਿੱਖਿਆ ਹੈ। ਜਿਸ ਵਿੱਚ ਵੀਅਤਨਾਮ ਦਾ ਤੇ ਕੰਪੂਚੀਆ ਦਾ ਹਿੱਸਾ ਵੀ ਹੈ। ਖਾਸ ਕਰਕੇ ਜਿਹੜੇ
ਮੇਰੇ ਨੇੜੇ ਦੇ ਕਿਰਤੀ ਹਨ – ਉਹਨਾਂ ਨਾਲ ਹੁੰਦੇ ਜ਼ਬਰ ਬਾਰੇ ਮੈਂ ਜਿ਼ਆਦਾ ਪੜ੍ਹਿਆ ਹੈ।
ਉਹਨਾਂ ਨੂੰ ਨੇੜੇ ਹੋ ਕੇ ਘੋਖਿਆ ਹੈ। ਹੋਰ ਜਿਹੜਾ ਆਪਣਾ ਸਾਹਿਤਕ ਅਤੇ ਸਭਿਆਚਾਰਕ ਇਤਿਹਾਸ
ਹੈ ਉਸ ਨੂੰ ਵੀ ਮੈਂ ਪੜ੍ਹਿਆ ਹੈ। ਗਦਰ ਪਾਰਟੀ ਦਾ ਇਤਿਹਾਸ, ਇਹ ਕਿਸੇ ਬੰਦੇ ਲਈ ਇਤਿਹਾਸਕ
ਦੇਣ ਹੁੰਦੀ ਹੈ। ਤੇ ਇਹ ਮੇਰੇ ਵਿੱਚ ਵੀ ਹੈ।
ਸਾਧੂ ਬਿਨਿੰਗ: ਅੱਜ ਦੇ ਪੰਜਾਬੀ ਲਿਖਾਰੀਆਂ ਵਿੱਚ ਸਿਆਸੀ ਚੇਤਨਾ ਕਿੰਨੀ ਕੁ ਹੈ?
ਸੰਤ ਰਾਮ ਉਦਾਸੀ: ਦੇਖੋ, ਇਹਦੇ ਵਿੱਚ ਇਕ ਫਰਕ ਹੁੰਦਾ ਹੈ। ਹਰ ਇਕ ਬੰਦਾ ਕਿਸੇ ਨਾ ਕਿਸੇ
ਜਮਾਤ ਦਾ ਲਿਖਾਰੀ ਹੁੰਦਾ ਹੈ। ਹਰ ਇਕ ਬੰਦਾ ਕਿਸੇ ਨਾ ਕਿਸੇ ਜਮਾਤ ਨੂੰ ਰੀਪਰਜੈਂਟ ਕਰਦਾ
ਹੁੰਦਾ ਹੈ ਤੇ ਉਸ ਦਾ ਨੁਮਾਇੰਦਾ ਹੁੰਦਾ ਹੈ। ਹੁਣ ਇਹ ਜ਼ਰੂਰੀ ਨਹੀਂ ਕਿ ਸਾਰੇ ਲਿਖਾਰੀ ਇਹ
ਸਮਝਦੇ ਹੋਣ ਕਿ ਅਸੀਂ ਫਲਾਣੀ ਜਮਾਤ ਦੇ ਲਿਖਾਰੀ ਹਾਂ ਜਾਂ ਸਾਡੀ ਕਵਿਤਾ ਫਲਾਣੀ ਜਮਾਤ ਨੂੰ
ਰੀਪਰਜੈਂਟ ਕਰਦੀ ਹੈ। ਪਰ ਆਮ ਤੌਰ ‘ਤੇ ਮੈਂ ਦੇਖਿਆ ਹੈ ਮੇਰੇ ਜੀਵਨ ਵਿੱਚ ਜਾਂ ਜਿਥੋਂ ਤੱਕ
ਮੈਂ ਸਾਹਿਤਕ ਤੇ ਸਿਧਾਂਤਕ ਤੌਰ ‘ਤੇ ਸਿੱਖ ਸਕਿਆਂ ਹਾਂ ਕਿ ਬਹੁਤੇ ਲਿਖਾਰੀ ਇਸ਼ਕ ਮੁਸ਼ਕ
ਬਾਰੇ ਲਿਖਦੇ ਹਨ। ਇਹੋ ਜਿਹਾ ਲਿਖਣ ਨਾਲ ਉਹ ਲੁਟੇਰੀ ਜਮਾਤ ਦੀ ਸੇਵਾ ਕਰ ਰਹੇ ਹਨ ਤੇ ਰੱਜਵੀਂ
ਕਰ ਰਹੇ ਹਨ। ਜਿਹੜੇ ਕੋਈ ਲੋਕ ਹੱਕਾਂ ਦੀਆਂ ਗੱਲਾਂ, ਲੋਕਾਂ ਦੇ ਦਰਦ ਵਿੱਚ ਉਹਨਾਂ ਦੀਆਂ
ਵਕਤੀ ਮੰਗਾਂ ਨੂੰ ਲੈ ਕੇ ਉਹਨਾਂ ਨੂੰ ਜਥੇਬੰਦ ਕਰਦੇ ਹਨ ਜਾਂ ਕਰਨ ਦੀ ਕੋਸਿ਼ਸ਼ ਕਰਦੇ ਹਨ –
ਉਹ ਲੋਕ ਪੱਖੀ ਹਨ। ਜਿਵੇਂ ਦੋਨੋ ਪ੍ਰਕਾਰ ਦੇ ਲੋਕ ਮੇਰੇ ਜੀਵਨ ਵਿੱਚ ਆਏ ਹਨ। ਪਰ ਕਦੀ ਨਹੀਂ
ਭੁੱਲਣਾ ਚਾਹੀਦਾ ਕਿ ਚਾਹੇ ਕੋਈ ਲਿਖਾਰੀ ਹੈ ਚਾਹੇ ਕੋਈ ਬੁਲਾਰਾ ਹੈ ਉਹ ਕਿਸੇ ਖਾਸ ਜਮਾਤ ਦੀ
ਨੁਮਾਇੰਦਗੀ ਕਰਦਾ ਹੁੰਦਾ ਹੈ। ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਨਿਰਪੱਖ ਹਾਂ।
ਉਹ ਕਿਸੇ ਨਾ ਕਿਸੇ ਸਿਆਸਤ ਨਾਲ ਬੱਝਾ ਹੁੰਦਾ ਹੈ।
ਸਾਧੂ ਬਿਨਿੰਗ: ਭਾਰਤ ਤੋਂ ਬਾਹਰ ਵਸਦੇ ਪੰਜਾਬੀ ਲਿਖਾਰੀਆਂ ਬਾਰੇ ਤੁਹਾਡਾ ਕੀ ਵਿਚਾਰ ਹੈ?
ਸੰਤ ਰਾਮ ਉਦਾਸੀ: ਮੈਂ ਤਾਂ ਇਹੀ ਕਹੂੰਗਾ ਕਿ ਜਿੱਥੇ ਵੀ ਲੁਟੇਰੀਆਂ ਜਮਾਤਾਂ ਵਸਦੀਆਂ ਹਨ
ਉੱਥੇ ਉਹ ਲੁੱਟੇ ਜਾਣ ਵਾਲੇ ਲੋਕਾਂ ਦੇ ਸਿਰ ‘ਤੇ ਹੀ ਜਿਉਂਦੀਆਂ ਰਹਿ ਸਕਦੀਆਂ ਹਨ। ਮੇਰਾ
ਖਿਆਲ ਹੈ ਜਿੱਥੇ ਵੀ ਹਿੰਦੁਸਤਾਨੀ ਬਾਹਰ ਰਹਿੰਦੇ ਹਨ ਜਿਵੇਂ ਅਮਰੀਕਾ, ਕਨੇਡਾ ਤੇ ਹੋਰ ਥਾਂ,
ਉੱਥੇ ਵੀ ਲੁਟੇਰੀਆਂ ਜਮਾਤਾਂ ਬੈਠੀਆਂ ਹਨ। ਉੱਥੇ ਲੇਖਕਾਂ ਨੂੰ ਉਥੋਂ ਦੀਆਂ ਅਵਾਸੀ
ਜਥੇਬੰਦੀਆਂ ਮੁਤਾਬਕ ਲਿਖਣਾ ਚਾਹੀਦਾ ਹੈ ਤੇ ਉਹਨਾਂ ਵਿੱਚ ਰਹਿ ਕੇ ਉਹਨਾਂ ਦੀਆਂ ਸਮੱਸਿਆਵਾਂ
ਦੇ ਨਾਲ ਇਕ ਮਿੱਕ ਹੋਣਾ ਚਾਹੀਦਾ ਹੈ। ਨਾਲ ਦੀ ਨਾਲ ਜਿਹੜਾ ਉਹਨਾਂ ਦਾ ਪਿਛੋਕੜ ਹੈ, ਜਿਸ
ਸਭਿਆਚਾਰ ‘ਤੇ ਉਹ ਉਸਰੇ ਨੇ, ਜਿਸ ਸਭਿਆਚਾਰ ਦਾ ਪ੍ਰਭਾਵ ਉਹਨਾਂ ਦੇ ਮਨ ‘ਤੇ ਸਦਾ ਰਹਿੰਦਾ
ਹੈ, ਜਿਸ ਧਰਤੀ ਦਾ ਜਿਸ ਦੇਸ ਦਾ ਅੰਨ ਪਾਣੀ ਉਹਨਾਂ ਦੀਆਂ ਰਗਾਂ ਦੇ ਵਿੱਚ ਖੌਲਦਾ ਹੈ ਉਹ ਕਦੇ
ਨਹੀਂ ਭੁੱਲਣਗੇ। ਤੇ ਉਹਨਾਂ ਲੋਕਾਂ ਨਾਲ ਵੀ ਉਹਨਾਂ ਨੂੰ ਸਾਂਝ ਰੱਖਣੀ ਚਾਹੀਦੀ ਹੈ। ਉਚੇਚੇ
ਤੌਰ ‘ਤੇ ਮੈਂ ਤੁਹਾਨੂੰ ਉਦਾਹਰਣਾਂ ਦਿੰਦਾ ਹਾਂ। ਜਿਸ ਤਰ੍ਹਾਂ ਫਰਜ਼ ਕਰ ਲਉ ਬਈ “ਵੰਗਾਰ”
ਹੈ। “ਵੰਗਾਰ” ਆਪਣੇ ਹਿੰਦੁਸਤਾਨ ਦੇ ਲੋਕਾਂ ਲਈ ਕਿੰਨਾਂ ਵਧੀਆ ਲਿਖਦਾ ਹੈ। ਸਭ ਤੋਂ ਪਹਿਲਾਂ
'ਵਤਨੋਂ ਦੂਰ' ਸੀ। ਵਤਨੋਂ ਦੂਰ ਆ ਕੇ ਵੀ ਜਿੰਨੇ ਲੋਕ ਇਥੇ “ਵਤਨੋਂ ਦੂਰ” ਦੇ ਵਿੱਚ ਛਪਦੇ
ਨੇ, ਕਿੰਨਾ ਵਧੀਆ ਉਹਨਾਂ ਦਾ ਪ੍ਰਭਾਵ ਹੈ। ਆਪਣੀ ਸੁਸਾਇਟੀ ਨੂੰ ਉਹ ਕਦੇ ਨਹੀਂ ਭੁੱਲੇ।
ਹਮੇਸ਼ਾ ਆਪਣੇ ਦੇਸ਼ ਦਾ ਮੋਹ ਡੁੱਲ ਡੁੱਲ ਪੈਂਦਾ ਹੈ – ਉਹਨਾਂ ਦੀਆਂ ਰਚਨਾਵਾਂ ਚੋਂ। ਨਾਲ
ਦੀ ਨਾਲ ਜਿੱਥੇ ਉਹ ਆਪਣੇ ਦੇਸ਼ ਨੂੰ ਯਾਦ ਰੱਖਣ ਉੱਥੇ ਜਿਹੜੇ ਦੇਸ਼ ਵਿੱਚ ਵੀ ਉਹ ਰਹਿੰਦੇ
ਨੇ ਉਸ ਦੇਸ਼ ਦੀ ਕਾਮਾ ਸ਼੍ਰੈਣੀ ਨਾਲ ਉਹਨਾਂ ਨੂੰ ਜ਼ਰੂਰ ਮਿਲ ਕੇ ਰਹਿਣਾ ਚਾਹੀਦਾ ਹੈ। ਇਹ
ਮੇਰੀ ਉਹਨਾਂ ਨੂੰ ਇਕ ਅਪੀਲ ਹੈ। ਮੈਂ ਸਮਝਦਾ ਹਾਂ ਪਈ ਮੇਰੇ ਜਿਹੜੇ ਬਾਹਰ ਰਹਿੰਦੇ ਲਿਖਾਰੀ
ਵੀਰ ਨੇ ਉਹਨਾਂ ਨੇ ਇਸ ਗੱਲ ਨੂੰ ਕਿਸੇ ਹੱਦ ਤੱਕ ਨੇਪਰੇ ਵੀ ਚਾੜਿਆ ਹੈ ਤੇ ਖਾਸ ਤੌਰ ‘ਤੇ
ਮੈਨੂੰ ਪ੍ਰਭਾਵਿਤ ਕੀਤਾ ਹੈ। ਮੇਰੀ ਬਦਕਿਸਮਤੀ ਰਹੀ ਹੈ ਕਿ ਮੈਂ ਉਹਨਾਂ ਲੋਕਾਂ ਨਾਲ ਆਪਣੀ
ਕਵਿਤਾ ਰਾਹੀਂ ਸਿੱਧੇ ਤੌਰ ‘ਤੇ ਨਹੀਂ ਜੁੜ ਸਕਿਆ। “ਵਤਨੋਂ ਦੂਰ” ਵਿੱਚ ਮੇਰੀਆਂ ਕਵਿਤਾਵਾਂ
ਆਉਂਦੀਆਂ ਵੀ ਰਹੀਆਂ ਹਨ ਤੇ ਮੈਂ ਪ੍ਰਭਾਵਿਤ ਵੀ ਬਹੁਤ ਹਾਂ ਇਸ ਰਸਾਲੇ ਤੋਂ।
ਸਾਧੂ ਬਿਨਿੰਗ: ਪਿਛਲੇ ਦਹਾਕੇ ਵਿੱਚ ਪੰਜਾਬੀ ਸਾਹਿਤ ਵਿੱਚ ਬਹੁਤ ਕੁੱਝ ਅਗਾਂਹ-ਵਧੂ ਵਾਪਰਿਆ
ਹੈ। ਕੀ ਪੰਜਾਬੀ ਪੱਤਰਕਾਰੀ ਵਿੱਚ ਵੀ ਕੋਈ ਇਹੋ ਜਿਹੀ ਤਬਦੀਲੀ ਆਈ ਹੈ?
ਸੰਤ ਰਾਮ ਉਦਾਸੀ: ਜਦੋਂ ਲੋਕ ਜਥੇਬੋਦੀਆਂ ਅੱਗੇ ਵਧਦੀਆਂ ਹਨ, ਤਾਂ ਜੇ ਉਹਨਾਂ ਦੀ ਸ਼ਕਤੀ
ਸਿਰਫ ਇਕ ਪਾਸੜ ਹੋਵੇ ਜਿਵੇਂ ਸਿਰਫ ਕਵਿਤਾ ਹੀ। ਤਾਂ ਮੈਂ ਸਮਝਦਾ ਹਾਂ ਕਿ ਉਹ ਪੂਰੀ ਨਹੀਂ।
ਜਦੋਂ ਸਾਰਿਆਂ ਪਾਸਿਆਂ ਤੋਂ ਜਾਣੀ ਕਿ ਸਰਵ-ਪੱਖੀ ਵਿਕਾਸ ਹੁੰਦਾ ਹੈ ਤਾਂ ਜਿ਼ਆਦਾ ਠੀਕ ਹੁੰਦਾ
ਹੈ। ਸੋ ਜਿੱਥੇ ਪੰਜਾਬੀ ਕਵਿਤਾ ਨੇ ਵਿਕਾਸ ਕੀਤਾ ਹੈ ਉਹਦੇ ਨਾਲ ਨਾਲ ਪੰਜਾਬੀ ਲੋਕਮੰਚ ਨੇ
ਵੀ ਬਹੁਤ ਵਿਕਾਸ ਕੀਤਾ ਹੈ। ਅੱਗੇ ਪਿੰਡਾਂ ਵਿੱਚ ਨਾਟਕਾਂ ਨੂੰ ਕੋਈ ਕੁੱਝ ਸਮਝਦਾ ਈ ਨਹੀਂ
ਸੀ ਹੁੰਦਾ। ਹੁਣ ਪਿੰਡ ਪਿੰਡ ਵਿੱਚ ਇਹ ਮੰਗ ਹੁੰਦੀ ਹੈ ਕਿ ਸਾਡੇ ਪਿੰਡ ਨਾਟਕ ਕਰੋ, ਸਾਡੇ
ਪਿੰਡ ਇਹੋ ਜਿਹਾ ਨਾਟਕ ਕਰੋ। ਪਹਿਲਾਂ ਪਿੰਡਾਂ ‘ਚ ਜਾਂ ਨਚਾਰ ਆਉਂਦੇ ਸੀ ਜਾਂ ਨਕਲੀਏ ਜਾਂ
ਰਾਸ ਤੇ ਰਾਮ ਲੀਲਾ ਕਰਨ ਵਾਲੇ ਆਉਂਦੇ ਸੀ। ਹਾਂ, ਅੱਜ ਗੱਲ ਵੱਖਰੀ ਹੈ। ਪਿੰਡ ਪਿੰਡ ਕਿਰਤੀ
ਕਿਸਾਨ ਸਭਾਵਾਂ ਬਣੀਆਂ ਹੋਈਆਂ ਹਨ। ਡਰਾਮਾ ਪਾਰਟੀਆਂ ਹਨ। ਸਭਿਆਚਾਰਕ ਕੇਂਦਰ ਬਣੇ ਹੋਏ ਹਨ।
ਉਹਨਾਂ ਦੀ ਇਹ ਵੱਡੀ ਮੰਗ ਹੁੰਦੀ ਹੈ ਕਿ ਉਹ ਆ ਕੇ ਚੰਗੇ ਡਰਾਮੇ ਦੇਖਣ ਤੇ ਚੰਗੀਆਂ ਕਵਿਤਾਵਾਂ
ਸੁਣਨ। ਇਹਦੇ ਨਾਲ ਪੱਤਰਕਾਰੀ ਦੀ ਵੀ ਇਹੋ ਗੱਲ ਹੈ। ਸੋ ਪੰਜਾਬੀ ਵਿੱਚ ਜਾਂ ਬਾਕੀ
ਹਿੰਦੁਸਤਾਨ ਦੇ ਹਿੱਸਿਆਂ ਵਿੱਚ ਵੀ (ਪਰ ਮੈਨੂੰ ਤਾਂ ਪੰਜਾਬੀ ਬਾਰੇ ਜਿ਼ਆਦਾ ਪਤਾ ਹੈ)
ਤਕਰੀਬਨ ਦਸ ਤੋਂ ਵੱਧ ਰਸਾਲੇ ਇਹੋ ਜਿਹੇ ਛਪਦੇ ਹਨ ਜਿਹੜੇ ਲੋਕਪੱਖੀ ਗੱਲਾਂ ਨੂੰ ਅੱਗੇ
ਲਿਆਂਉਦੇ ਹਨ। ਮੈਂ ਇਹ ਸਮਝਦਾ ਹਾਂ ਕਿ ਪੱਤਰਕਾਰੀ ਦੇ ਮੋੜ ਵਿੱਚ ਇਥੋਂ ਤਕ ਵਾਧਾ ਹੋਇਆ ਕਿ
ਜਿਹੜੇ ਬੁਰਜਆ ਅਦਾਰੇ ਨੇ ਪੱਤਰਕਾਰੀ ਦੇ, ਉਹਨਾਂ ਨੂੰ ਵੀ ਮਜਬੂਰਨ ਲੋਕਾਂ ਦੀਆਂ ਗੱਲਾਂ ਜਾਂ
ਲੋਕਾਂ ਦੀਆਂ ਰਿਪੋਰਟਾਂ ਪੇਸ਼ ਕਰਨੀਆਂ ਪੈਂਦੀਆਂ ਹਨ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ
ਕਿਤੇ ਲੋਕਪੱਖੀ ਪੱਤਰਕਾਰ ਹੀ ਬਾਜੀ ਨਾ ਲੈ ਜਾਣ, ਸੋ ਉਹਨਾਂ ਨੂੰ ਜਨਤਕ ਉਭਾਰ ਦੇ ਦਬਾਅ ਥੱਲੇ
ਮਜਬੂਰਨ ਲੋਕਪੱਖੀ ਗੱਲਾਂ ਕਰਨੀਆਂ ਪੈਂਦੀਆਂ ਹਨ। ਸੋ ਇਹ ਸਭ ਲੋਕਪੱਖੀ ਪੱਤਰਕਾਰੀ ਦੇ ਮੈਦਾਨ
ਵਿੱਚ ਆਉਣ ਕਰਕੇ ਹੀ ਹੋਇਆ ਹੈ।
ਸਾਧੂ ਬਿਨਿੰਗ: ਹਿੰਦੁਸਤਾਨ ਦੀਆਂ ਹੋਰ ਬੋਲੀਆਂ ਦੇ ਸਾਹਿਤ ਵਿੱਚ ਅੱਜ ਕੱਲ ਕਿਸ ਕਿਸਮ ਦੇ
ਸਾਹਿਤ ਦਾ ਬੋਲ ਬਾਲਾ ਹੈ?
ਸੰਤ ਰਾਮ ਉਦਾਸੀ: ਮੈਂ ਇਸੇ ਜਨਵਰੀ ਵਿੱਚ ਕਲਕੱਤੇ ਗਿਆਂ ਸਾਂ। ਕਲਕੱਤੇ ਮੇਰੇ ਸਨਮਾਨ ਵਿੱਚ
ਤਕਰੀਬਨ ਬੰਗਾਲੀ, ਮਰਾਠੀ, ਪੰਜਾਬੀ ਤੇ ਹਿੰਦੀ ਲਿਖਾਰੀ ਜਿ਼ਆਦਾ ਆਏ ਸਨ। ਬੇਸ਼ਕ ਕਈਆਂ
ਲਿਖਾਰੀਆਂ ਦੀ ਗੱਲ ਮੈਨੂੰ ਸਿੱਧੇ ਤੌਰ ‘ਤੇ ਸਮਝ ਨਹੀਂ ਆਈ ਪਰ ਆਮ ਤੌਰ ‘ਤੇ ਬੰਗਾਲੀ ਤੇ
ਹਿੰਦੀ ਦੇ ਲਿਖਾਰੀਆਂ ਦੁਆਰਾ ਬਹੁਤ ਪ੍ਰਭਾਵਸ਼ਾਲੀ ਕਵਿਤਾਵਾਂ ਪੜ੍ਹੀਆਂ ਗਈਆਂ ਤੇ ਲੈਕਚਰ ਅਤੇ
ਗੀਤ ਪੇਸ਼ ਕੀਤੇ ਗਏ। ਮੈ ਸਮਝਦਾ ਹਾਂ ਕਿ ਕੱਲੇ ਪੰਜਾਬ ਵਿੱਚ ਹੀ ਨਹੀਂ, ਪੰਜਾਬ ਤਾਂ ਸਗੋਂ
ਲੋਕਪੱਖੀ ਕਵਿਤਾ ਵਿੱਚ ਬਹੁਤ ਪਛੜਿਆ ਹੋਇਆ ਹੈ। ਜਿੰਨਾ ਅੱਗੇ-ਵਧੂ ਬੰਗਾਲ, ਆਂਧਰਾ, ਬਿਹਾਰ
ਜਾਂ ਉੱਤਰ ਪ੍ਰਦੇਸ਼ ਹੈ ਉਤਨਾ ਪੰਜਾਬ ਨਹੀਂ। ਉਤਰ ਪ੍ਰਦੇਸ਼ ਵਿੱਚ ਲਖਨਊ ਦੇ ਦੋ ਤਿੰਨ ਲੇਖਕ,
ਉਹਨਾਂ ਦੇ ਨਾਂ ਤਾਂ ਮੈਨੂੰ ਯਾਦ ਨਹੀਂ ਪਰ ਉਹਨਾਂ ਨੇ ਬਹੁਤ ਹੀ ਵਧੀਆ ਪ੍ਰਭਾਵ ਦਿੱਤਾ। ਜਾਣੀ
ਸਮੁੱਚੇ ਹਿੰਦੁਸਤਾਨ ਦੇ ਵਿੱਚ ਅੱਗੇ-ਵਧੂ ਲਹਿਰ ਦੇ ਲੇਖਕ ਹਨ ਤੇ ਉਹ ਦਿਨੋ ਦਿਨ ਅੱਗੇ ਵੱਧ
ਰਹੇ ਹਨ ਅਤੇ ਲੋਕ ਪੱਖੀ ਰਚਨਾਵਾਂ ਕਰ ਰਹੇ ਹਨ।
ਸਾਧੂ ਬਿਨਿੰਗ: ਤੁਸੀਂ ਹੁਣ ਤੱਕ ਕਿੰਨੀ ਵਾਰ ਜ੍ਹੇਲ ਜਾ ਚੁੱਕੇ ਹੋ? ਆਪਣੇ ਜੇਲ੍ਹ ਜੀਵਨ
ਬਾਰੇ ਤੇ ਤੁਹਾਡੇ ਉਤੇ ਹੋਏ ਜਿਸਮਾਨੀ ਅਤਿਆਚਾਰਾਂ ਬਾਰੇ ਸਾਨੂੰ ਕੁੱਝ ਦੱਸੋ?
ਸੰਤ ਰਾਮ ਉਦਾਸੀ: ਸਭ ਤੋਂ ਪਹਿਲਾਂ ਮੈਨੂੰ ਜਨਵਰੀ 1971 ਵਿੱਚ ਫੜਿਆ ਗਿਆ ਸੀ। ਉਸ ਵਕਤ
ਲਗਾਤਾਰ ਮੈਨੂੰ ਅਠੱਤੀ ਦਿਨ ਇੰਟੈਰੋਗੇਸ਼ਨ ਵਿੱਚ ਰੱਖਿਆ ਗਿਆ ਸੀ। ਉੱਥੇ ਉਚੇਚੇ ਤੌਰ ‘ਤੇ
ਜਿਹੜਾ ਮੈਨੂੰ ਹੁਣ ਤਕ ਵੀ ਮਹਿਸੂਸ ਹੁੰਦਾ ਹੈ – ਉਹ ਇਕ ਤਾਂ ਜੋੜਾਂ ਦਾ ਦਰਦ ਜਿ਼ਆਦਾ ਹੈ।
ਇਕ ਜਿਹੜਾ ਉਹਨਾਂ ਨੇ ਮੇਰਾ ਸਿਰ ਜਿ਼ਆਦਾ ਘੁੱਟਿਆ। ਜਿਹੜਾ ਨਰਵ ਸਿਸਟਮ ਧੌਣ ਉਪਰੋਂ ਮਸਲਿਆ
ਘੋਟਣਾ ਧਰ ਕੇ, ਉਹਦਾ ਮੇਰੇ ਤੇ ਜਿ਼ਆਦਾ ਅਸਰ ਹੋਇਆ। ਉਸ ਨਾਲ ਮੇਰੀ ਨਜ਼ਰ ਤੇ ਬਹੁਤ ਮਾਰੂ
ਅਸਰ ਹੋਇਆ ਹੈ ਤੇ ਮੇਰੀ ਸੁਣਨ ਸ਼ਕਤੀ ਤੇ ਵੀ ਕਾਫੀ ਪ੍ਰਭਾਵ ਪਿਆ। ਇੱਥੋਂ ਤੱਕ ਕਿ ਮੈਂ ਹੁਣ
ਘਬਰਾਉਂਦਾ ਬਹੁਤ ਛੇਤੀ ਹਾਂ। ਮੈਨੂੰ ਗੁੱਸਾ ਬੜੀ ਛੇਤੀ ਚੜ੍ਹ ਜਾਂਦਾ ਹੈ। ਮਾੜੇ ਜਿਹੇ ਕੰਮ
ਬਾਅਦ ਮੈਨੂੰ ਥਕੇਵਾਂ ਹੋ ਜਾਂਦਾ ਹੈ। ਉਹਦੇ ਨਾਲ ਕਈ ਕਿਸਮ ਦੇ ਅਸਰ ਹੋਏ ਹਨ ਮੇਰੀ ਸਿਹਤ
‘ਤੇ। ਮੇਰੀ ਇਕ ਅੱਖ ਤਾਂ ਬਿਲਕੁੱਲ ਕੰਮ ਨਹੀਂ ਕਰਦੀ। ਮੈਂ ਜਿ਼ਦਗੀ ਵਿੱਚ ਤਿੰਨ ਵਾਰ
ਬਲਾਇੰਡ ਹੋ ਚੁੱਕਾ ਹਾਂ। ਇਕ ਵਾਰ 1973 ਦੇ ਵਿੱਚ ਪੂਰੀ ਤਰ੍ਹਾਂ। ਉਸ ਵਕਤ ਕਲਕੱਤੇ ਵਾਲੇ
ਸਾਥੀਆਂ ਨੇ ਬਹੁਤ ਖਰਚ ਕਰਕੇ ਦੁਨੀਆਂ ਪੱਧਰ ਦੇ ਡਾਕਟਰਾਂ ਕੋਲੋ ਮੇਰਾ ਇਲਾਜ ਕਰਵਾਇਆ। ਉਸ
ਤੋਂ ਬਾਅਦ 29 ਜੁਲਾਈ 1977 ਨੂੰ ਮੈਂ ਬਲਾਇੰਡ ਹੋਇਆ, ਬਾਬਾ ਬੂਝਾ ਸਿੰਘ ਦੀ ਬਰਸੀ ਤੋਂ ਮਗਰੋਂ।
ਉਸ ਤੋਂ ਬਾਅਦ ਬੀ. ਜੀ. ਹਸਪਤਾਲ ਦੇ ਸਿਆਣੇ ਡਾਕਟਰਾਂ ਨੇ ਮੇਰਾ ਇਲਾਜ ਕੀਤਾ। ਜਿ਼ਆਦਾ
ਟੈਨਸ਼ਨ ਰਹਿਣ ਨਾਲ ਜਾਂ ਬੋਲਣ ਨਾਲ ਜਾਂ ਉਨੀਂਦਰੇ ਨਾਲ ਦਿਮਾਗ ‘ਤੇ ਸੋਜ ਹੋ ਜਾਂਦੀ ਹੈ।
ਫੇਰ 9 ਸਤੰਬਰ ਨੂੰ ਟੋਟਲੀ ਬਲਾਇੰਡ ਹੋ ਗਿਆ ਸੀ ਤੇ ਡਾਕਟਰਾਂ ਨੇ ਹੈਰਾਨ ਹੋ ਕੇ ਕਿਹਾ ਸੀ
ਕਿ ਅਸੀਂ ਜੂਆ ਖੇਡ ਰਹੇ ਹਾਂ। ਪਤਾ ਨਹੀਂ ਉਸ ਵਿੱਚ ਸਾਡੀ ਜਿੱਤ ਹੋਵੇਗੀ ਕਿ ਹਾਰ ਹੋਵੇਗੀ।
ਪਰ ਉਦੋਂ ਠੀਕ ਹੋ ਗਿਆ। ਅੱਸੀ ਨੱਬੇ ਟੀਕੇ ਅੱਖ ਵਿੱਚ ਲੱਗੇ। ਉਹਦੇ ਨਾਲ ਸੱਜੀ ਅੱਖ ਵਿੱਚ
ਨਿਗਾਹ 6/24 ਹੈ ਤੇ ਖੱਬੀ ਅੱਖ ਬਿਲਕੁਲ ਬਲਾਇੰਡ ਹੈ। ਅੱਖ ਵਿੱਚ ਟੀਰ ਵੀ ਆ ਗਿਆ ਸੀ। ਉਹ
ਫੇਰ ਓਪਰੇਸ਼ਨ ਕਰਕੇ ਸਿੱਧੀ ਕੀਤੀ। ਬਹੁਤੀ ਗੱਲ ਤਾਂ ਇਹ ਹੈ ਮੇਰੇ ਤਾਂਤ੍ਰਿਕ ਜਾਂ ਜਿਸ ਨੂੰ
ਅਸੀਂ ਨਰਵ ਸਿਸਟਮ ਕਹਿੰਦੇ ਹਾਂ ਉਹਦੇ ‘ਤੇ ਬਹੁਤ ਜਿ਼ਆਦਾ ਅਸਰ ਹੋਇਆ ਹੈ। ਕਿਸੇ ਵੀ ਇਕ
ਕਿਸਮ ਦੇ ਮੌਸਮ ਵਿੱਚ ਬਹੁਤਾ ਚਿਰ ਨਹੀਂ ਠਹਿਰ ਸਕਦਾ। ਨਾ ਬਹੁਤੀ ਗਰਮੀ ਸਹੀ ਜਾਂਦੀ ਹੈ ਨਾ
ਸਰਦੀ। ਨਾ ਜਿ਼ਆਦਾ ਉਚੀ ਅਵਾਜ਼ ਹੀ ਸਹੀ ਜਾਂਦੀ ਹੈ। ਜਦੋਂ ਮੈਂ ਗਾਉਣਾ ਹੁੰਦਾ ਹੈ ਤਾਂ ਲੋਕ
ਵੱਡੀਆਂ ਵੱਡੀਆਂ ਆਸਾਂ ਲੈਕੇ ਸੁਣਨ ਆਉਂਦੇ ਹਨ ਤੇ ਉਹ ਬੜਾ ਚੰਗਾ ਪ੍ਰਭਾਵ ਵੀ ਲੈ ਕੇ ਜਾਂਦੇ
ਹਨ। ਗਾਉਣ ਤੋਂ ਮੈਂ ਕਾਫੀ ਘਬਰਾਂਉਦਾ ਹਾਂ ਜਾਣੀ 'ਸਾਈਕਿਕ' ਹੋ ਜਾਂਦਾ ਹਾਂ। ਸਫਰ ਕਰਨ ਤੋਂ
ਮੈਂ ਬਹੁਤ ਚਲਦਾ ਹਾਂ। ਮੈਨੂੰ ਆਮ ਤੌਰ ‘ਤੇ 'ਜਰਨੀ ਫੀਵਰ' ਹੋ ਜਾਂਦਾ ਹੈ। ਇਹ ਹੀ ਗੱਲ ਨਹੀਂ
ਕਿ ਮੈਨੂੰ ਇਕੱਲੇ ਨੂੰ ਹੀ ਇੰਟੈਰੋਗੇਟ ਕੀਤਾ ਗਿਆ ਬਲਕਿ ਮੇਰੇ ਬੱਚਿਆਂ ਨੂੰ ਵੀ। ਬੱਲੀ ਨੂੰ
ਵੀ ਠਾਣੇ ਲਿਜਾ ਕੇ ਕੁੱਟਿਆ ਗਿਆ। ਐਮਰਜੈਂਸੀ ਤੋਂ ਪਹਿਲਾਂ ਮੈਨੂੰ ਚਾਰ ਵਾਰ ਅਰੈਸਟ ਕੀਤਾ
ਗਿਆ ਸੀ। ਦਦਾਹੂਰ ਦੇ ਮਾਮਲੇ ਵਿੱਚ ਵੀ ਮੈਨੂੰ ਫੜਿਆ ਗਿਆ ਸੀ। ਪੰਦਰਾਂ ਸੋਲਾਂ ਦਿਨ ਲਗਾਤਾਰ
ਇੰਟੈਰੋਗੇਟ ਕੀਤਾ ਗਿਆ। ਐਮਰਜੈਂਸੀ ਦੇ ਦੌਰਾਨ ਮੇਰੇ ‘ਤੇ ਪੰਜ ਕੇਸ ਬਣਾਏ ਗਏ ਸੀ ਜਿਹਦੇ
ਵਿੱਚ ਕਦੇ ਦੋ ਮਹੀਨੇ ਕਦੇ ਇਕ ਮਹੀਨਾ ਕਦੇ ਪੰਦਰਾਂ ਦਿਨ ਇਸ ਤਰ੍ਹਾਂ ਉਹਨਾਂ ਨੇ ਲਗਾਤਾਰ
ਪੰਜ ਕੇਸਾਂ ਵਿੱਚ ਫਸਾਈ ਰੱਖਿਆ ਤੇ ਗਿਆਰਾਂ ਬਾਰਾਂ ਮਹੀਨੇ ਮੈਨੂੰ ਖਰਾਬ ਕੀਤਾ। ਅੱਜ ਤਾਂਈਂ
ਦੋ ਵਾਰ ਨੌਕਰੀ ਤੋਂ ਮੁਅੱਤਲ ਹੋ ਚੁੱਕਿਆ ਹਾਂ। ਇਸ ਤਰ੍ਹਾਂ ਦੀ ਮੇਰੀ ਵਿਥਿਆ ਹੈ। ਬਾਕੀ
ਜਿਹੜੀ ਗੱਲ ਹੈ ਪਈ ਮੈਨੂੰ ਟਾਰਚਰ ਕਿਸ ਤਰ੍ਹਾਂ ਕੀਤਾ ਗਿਆ ਇਹ ਤਾਂ ਪਰੈਕਟਿਸ ਵਿੱਚ ਹੀ ਪਤਾ
ਲਗਦਾ। ਕਿਉਂਕਿ ਬੰਦਾ ਪੰਦਰਾਂ ਕੁ ਮਿੰਟ ਹੀ ਟਾਰਚਰ ਸਹਿ ਸਕਦਾ ਹੈ ਤੇ ਉਸ ਤੋਂ ਬਾਅਦ ਬੇਹੋਸ਼
ਹੋ ਜਾਂਦਾ ਹੈ ਤੇ ਬਾਅਦ ਵਿੱਚ ਉਹ ਪਤਾ ਨਹੀਂ ਕੀ ਕਰਦੇ ਆ ਤੇ ਕੀ ਨਹੀਂ ਕਰਦੇ। ਇਕ ਗੱਲ
ਜਿਹੜੀ ਮੈਨੂੰ ਬਹੁਤ ਵਧੀਆ ਲੱਗੀ ਤੇ ਹਰ ਵੇਲੇ ਮੇਰੇ ਅੰਗ ਸੰਗ ਰਹੀ ਹੈ ਉਹ ਇਹ ਕਿ ਜਦੋਂ ਵੀ
ਮੈਨੂੰ ਟਾਰਚਰ ਕਰਦੇ ਸੀ ਤਾਂ ਮੇਰਾ ਇਤਿਹਾਸ-ਉਹ ਇਤਿਹਾਸ ਜਿਸ ਨੂੰ ਮੇਰੇ ਲੋਕਾਂ ਨੇ ਆਰਿਆਂ
ਨਾਲ ਚਰੀਕੇ, ਦੇਗਾਂ ਵਿੱਚ ਉਬਲਕੇ, ਤੱਤੀਆਂ ਤੱਵੀਆਂ ‘ਤੇ ਬਹਿ ਕੇ ਤੇ ਬੱਚਿਆਂ ਦੇ ਟੋਟੇ
ਟੋਟੇ ਕਰਵਾ ਕੇ ਗਲ੍ਹਾਂ ‘ਚ ਹਾਰ ਪੁਆ ਕੇ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਸਹਿ ਕੇ
ਸਿਦਕ ਨੂੰ ਕਾਇਮ ਰੱਖ ਕੇ ਚਿਤਰਿਆ ਹੈ – ਇਹ ਮੇਰੇ ਲਈ ਬਹੁਤ ਸਹਾਈ ਰਿਹਾ ਹੈ। ਕਿਉਂਕਿ ਮੈਂ
1971 ਤੋਂ ਪਹਿਲਾਂ ਧਾਰਮਿਕ ਹਿਸਟਰੀ ਨੂੰ ਗੁਰੂ ਗੋਬਿੰਦ ਸਿੰਘ ਦੇ ਜੀਵਨ ਬਾਰੇ ਜਾਂ ਜਿਹੜਾ
ਸਾਡਾ ਸਮਾਜਕ ਪਿਛੋਕੜ ਸੀ ਉਹ ਸਭ ਪੜ੍ਹ ਚੁੱਕਿਆ ਸਾਂ। ਮੈਂ ਖੁਦ ਉਸ ਦਾ ਧਾਰਨੀ ਵੀ ਸੀ ਤੇ
ਹੁਣ ਵੀ ਹਾਂ ਉਸ ਇਤਿਹਾਸ ਦਾ। ਉਸ ਇਤਿਹਾਸ ਨੇ ਮੇਰੇ ‘ਤੇ ਬੜਾ ਪ੍ਰਭਾਵ ਰੱਖਿਆ। ਮੇਰੇ ਸਿਦਕ
ਕਾਇਮ ਰੱਖਣ ਵਿੱਚ ਇਹ ਗੱਲ ਬੜੀ ਸਹਾਈ ਹੋਈ ਹੈ। ਇਹ ਗੱਲ ਮੈਨੂੰ ਬਹੁਤ ਫਖਰ ਤੇ ਮਾਣ ਨਾਲ
ਕਹਿਣੀ ਪੈਂਦੀ ਹੈ।
ਸਾਧੂ ਬਿਨਿੰਗ: ਭਾਰਤ ਦੀ ਸਿਆਸੀ ਹਾਲਤ ਬਾਰੇ ਕੁੱਝ ਦੱਸੋ?
ਸੰਤ ਰਾਮ ਉਦਾਸੀ: ਅਸੀਂ ਜਿਸ ਗੱਲ ਖਾਤਰ ਲੜ ਰਹੇ ਹਾਂ ਜਾਂ ਜਿਸ ਗੱਲ ਖਾਤਰ ਟਾਰਚਰ ਸੈਂਟਰਾਂ
ਦਾ, ਇੰਟੈਰੋਗੇਸ਼ਨ ਸੈਂਟਰਾਂ ਦਾ ਸਾਹਮਣਾ ਕਰ ਰਹੇ ਹਾਂ ਉਹ ਹੈ ਕਿ ਜੋ ਅਸੀਂ ਚਾਹੁੰਦੇ ਹਾਂ,
ਸਾਡੇ ਜੋ ਲੋਕ ਚਾਹੁੰਦੇ ਹਨ ਉਹ ਅਜੇ ਤੱਕ ਨਹੀਂ ਹੋ ਰਿਹਾ। ਲੋਕਾਂ ਨੇ 1947 ਤੋਂ ਬਾਅਦ
ਮਹਿਸੂਸ ਕੀਤਾ ਸੀ ਕਿ ਅੰਗਰੇਜ਼ਾਂ ਦਾ ਰਾਜ ਚਲਿਆ ਗਿਆ ਤੇ ਹੁਣ ਸਾਡੇ ਲੋਕਾਂ ਦਾ ਰਾਜ ਆ ਗਿਆ
ਤੇ ਸਾਡੀ ਮੁਕਤੀ ਦਾ ਰਾਹ ਖੁੱਲ੍ਹ ਗਿਆ। ਪਰ ਲੋਕਾਂ ਨੂੰ ਸਗੋਂ ਪਹਿਲਾਂ ਤੋਂ ਵੀ ਦੋਹਰੀ
ਤਿਹਰੀ ਗੁਲਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਸ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਈ।
1975 ਦੇ ਵਿੱਚ ਅਸੀਂ ਸੋਚਿਆ ਸੀ ਕਿ ਅਸੀਂ ਜਿਹੜੇ ਇਨਕਲਾਬੀ ਹਾਂ ਸਾਨੂੰ ਤਾਂ ਹੁਣ ਕਦੀ
ਬਾਹਰ ਜਾਣ ਦਾ ਮੌਕਾ ਈ ਨਹੀਂ ਮਿਲਣਾ। ਅਸੀਂ ਤਾਂ ਹੁਣ ਜੇਲ੍ਹਾਂ ‘ਚ ਹੀ ਸੜ ਜਾਣਾ ਹੈ। ਜਿਸ
ਦਿਨ ਸਾਨੂੰ ਐਮਰਜੈਂਸੀ ਲੱਗੀ ‘ਤੇ ਬੰਦ ਕੀਤਾ ਸੀ। ਪਰ 1977 ਵਿੱਚ ਅਸੀਂ ਮਹਿਸੂਸ ਕੀਤਾ ਕਿ
ਕੁੱਝ ਹੋਣ ਵਾਲਾ ਹੈ। ਕੁੱਝ ਨਾ ਕੁੱਝ ਸਾਡੀ ਮੁਕਤੀ ਦਾ ਰਾਹ ਮੋਕਲਾ ਹੋ ਗਿਆ ਹੈ। ਪਰ ਕਿਉਂਕਿ
ਸਟੇਟ ਦਾ ਨਿਰਣਾ ਨਹੀਂ ਸੀ ਬਦਲਿਆ। ਸਾਨੂੰ ਕੁੱਝ ਰਾਹਤ ਤਾਂ ਮਿਲੀ। ਮਗਰੋਂ ਜਿਸ ਤਰ੍ਹਾਂ
ਪੰਜਾਬੀ ਅਖਾਉਤ ਹੈ ਪਈ ਪਰਨਾਲਾ ਉੱਥੇ ਦਾ ਉੱਥੇ। ਸੋ ਅਜੇ ਕੁੱਝ ਨਵਾਂ ਨਹੀਂ ਵਾਪਰਿਆ। ਮੇਰੇ
ਲੋਕ ਉਹੋ ਜਿਹਾ ਜੀਵਨ – ਇਕ ਕਰਜ਼ਾਈਆਂ ਵਾਲਾ ਜੀਵਨ ਜੀਅ ਰਹੇ ਹਨ। ਅੱਜ ਵੀ ਜੇ ਅਸੀਂ ਪੰਜਾਬ
ਵਿੱਚ ਦੇਖੀਏ ਤਾਂ ਪੈਟਰੋਲ ਪੰਪਾਂ ਸਾਹਮਣੇ ਕਿਸ ਤਰ੍ਹਾਂ ਲੋਕ ਡੀਜ਼ਲ, ਪੈਟਰੋਲ ਲੈਣ ਲਈ ਔਖੇ
ਹੁੰਦੇ ਹਨ ਤੇ ਕਿਸ ਤਰ੍ਹਾਂ ਸਰਮਾਏਦਾਰ ਉਸ ਨੂੰ ਇਕ ਥੁੜ ਦਿਖਾ ਕੇ ਤੇ ਆਪ ਬਲੈਕ ਵਿੱਚ ਤੇਲ
ਵੇਚਦੇ ਹਨ। ਕਿਸ ਤਰ੍ਹਾਂ ਮੇਰੇ ਮਜ਼ਦੂਰ ਲੋਕ ਜਿਹੜੇ 1947 ਦੇ ਵਿੱਚ ਕੇਵਲ 35% ਲੋਕ ਗਰੀਬੀ
ਲਾਈਨ ਤੋਂ ਥੱਲੇ ਜਿਉਂਦੇ ਸੀ। ਪਰ ਸਾਡੀ ਬਦਕਿਸਮਤੀ ਇਹ ਹੈ ਕਿ ਸਾਡੀ ਸਰਕਾਰ ਇਸ ਨੂੰ ਅਜ਼ਾਦੀ
ਕਹਾਉਂਦੀ ਹੈ ਤੇ ਡੈਮੋਕਰੈਟਿਕ ਇੰਡੀਆ ਕਹਾਉਂਦੀ ਹੈ। ਅੱਜ ਸਾਡੇ 60% ਤੋਂ 65% ਲੋਕ ਗਰੀਬੀ
ਲਾਈਨ ਤੋਂ ਥੱਲੇ ਜਿਉਂਦੇ ਹਨ। ਇਥੋਂ ਤੱਕ ਕਿ ਸਾਡਾ ਧਾਰਮਿਕ ਜੀਵਨ ਵੀ ਬਹੁਤ ਗਿਰਿਆ ਹੋਇਆ
ਹੈ ਤੇ ਸਾਡਾ ਸਮਾਜਿਕ ਜੀਵਨ ਤਾਂ ਬਿਲਕੁਲ ਤਬਾਹ ਹੀ ਹੋ ਗਿਆ ਹੈ। ਇਥੋਂ ਤੱਕ ਕਿ ਜਿਹੜੇ ਬੰਦੇ
ਪੜ੍ਹ ਲਿਖ ਜਾਂਦੇ ਹਨ ਉਹਨਾਂ ਨੂੰ ਇਸ ਸਿਸਟਮ ਵਿੱਚ ਫਿੱਟ ਹੋਣ ਲਈ ਜਾਂ ਰੁਜ਼ਗਾਰ ਲੱਭਣ ਲਈ
ਕਈ ਵਾਰੀ ਹੀ ਡੀ-ਮੌਰੇਲਾਈਜ਼ ਹੋਣਾ ਪੈਂਦਾ ਹੈ। ਸਾਡੀਆਂ ਪੜ੍ਹੀਆਂ ਲਿਖੀਆਂ ਭੈਣਾਂ ਨੂੰ
ਰੁਜ਼ਗਾਰ ਲੱਭਣ ਲਈ ਜਾਂ ਪੇਟ ਪੂਰਤੀ ਲਈ ਬਹੁਤ ਕੁੱਝ ਨੀਵਾਂ ਦੇਖਣਾ ਪੈਂਦਾ ਹੈ। ਇਖਲਾਕ ਤੋਂ
ਗਿਰੀਆਂ ਹੋਈਆਂ ਗੱਲਾਂ ਕਰਨੀਆਂ ਪੈਂਦੀਆਂ ਹਨ। ਕਲਕੱਤੇ ਦੇ ਸੋਨਾਗਾਚੀ ਇਹਦੇ ਸਬੂਤ ਹਨ।
ਦਿੱਲੀ ਦੀ ਜੀ ਬੀ ਰੋਡ ਵੀ ਇਸ ਦੀ ਸਬੂਤ ਹੈ। ਇਕ ਸਰਕਾਰੀ ਰਿਪੋਰਟ ਮੁਤਾਬਕ ਇਕੱਲੇ ਬੰਬਈ
ਸ਼ਹਿਰ ਵਿੱਚ 72000 ਉਹ ਕੁੜੀ ਹੈ ਜੋ ਰੋਟੀ ਦੀ ਖਾਤਰ ਆਪਣਾ ਜਿਸਮ ਤੁੜਵਾਉਂਦੀ ਹੈ ਤੇ ਨਿੱਤ
ਆਪਣੀ ਇਜ਼ਤ ਵੇਚਦੀ ਹੈ। ਸੋ ਮੈਂ ਸਮਝਦਾ ਹਾਂ ਕਿ ਇਹ ਸਾਰੀਆਂ ਅਲਾਮਤਾਂ ਸਰਕਾਰ ਨਾ ਬਦਲਣ
ਕਾਰਨ ਜਾਂ ਸਰਕਾਰ ਦਾ ਖਾਸਾ ਨਾ ਬਦਲਣ ਕਰਕੇ ਹੀ ਹਨ। ਤੇ ਸਰਕਾਰ ਅਜੇ ਬਦਲਦੀ ਵੀ ਨਹੀਂ ਲਗਦੀ।
ਤੇ ਇਸ ਤਰ੍ਹਾਂ ਕਦੇ ਹੁੰਦਾ ਵੀ ਨਹੀਂ ਕਿ ਬੜੇ ਅਮਨ ਅਮਾਨ ਨਾਲ ਥਾਲੀ ਵਿੱਚ ਪਰੋਸਿਆ ਹੋਇਆ
ਇਨਕਲਾਬ ਸਾਨੂੰ ਮਿਲ ਜਾਵੇਗਾ। ਇਸ ਤਰ੍ਹਾਂ ਪਰੋਸ ਕੇ ਕੋਈ ਕਿਸੇ ਨੂੰ ਇਨਕਲਾਬ ਨਹੀਂ ਦਿੰਦਾ।
ਉਹ ਤਾਂ ਲੋਕ ਲੈ ਕੇ ਆਉਂਦੇ ਹਨ। ਉਹ ਲੋਕ ਜਿਹੜੇ ਸਰਮਾਏਦਾਰੀ, ਜਗੀਰਦਾਰੀ ਦੀਆਂ ਚਾਲਾਂ ਨੂੰ
ਸਮਝਦੇ ਹਨ ਉਹ ਜਥੇਬੰਦ ਹੋ ਕੇ ਹਥਿਆਰਬੰਦ ਤਰੀਕੇ ਨਾਲ ਇਨਕਲਾਬ ਲਿਆਉਂਦੇ ਹਨ। ਮੇਰਾ ਇਹ
ਵਿਚਾਰ ਹੈ ਕਿ ਮਾਰਕਸਵਾਦ – ਲੈਨਿਨਵਾਦ ਤੇ ਮਾਓ ਵਿਚਾਰਧਾਰਾ ਰਾਹੀਂ ਜਿੰਨਾ ਚਿਰ ਕੋਈ
ਇਨਕਲਾਬ ਨਹੀਂ ਆਉਂਦਾ ਉਨਾ ਚਿਰ ਲੋਕਾਂ ਦੀ ਮੁਕਤੀ ਨਹੀਂ ਹੋ ਸਕਦੀ। ਮੇਰਾ ਖਿਆਲ ਹੈ ਦੁਨੀਆਂ
ਵਿੱਚ ਅਜੇ ਤੱਕ ਇਹਨਾਂ ਗੱਲਾਂ ਤੋਂ ਬਿਨਾਂ ਕੋਈ ਇਨਕਲਾਬ ਨਹੀਂ ਆਇਆ ਜਿਹੜਾ ਲੋਕਾਂ ਦੀ ਮੁਕਤੀ
ਕਰਨ ਵਿੱਚ ਕਾਮਯਾਬ ਹੋਇਆ ਹੋਵੇ।
ਸਾਧੂ ਬਿਨਿੰਗ: ਭਾਰਤ ਦੀਆਂ ਕਮਿਉਨਿਸਟ ਪਾਰਟੀਆਂ, ਸੀ ਪੀ ਆਈ ਤੇ ਸੀ ਪੀ ਐਮ ਬਾਰੇ ਤੁਹਾਡੀ
ਕੀ ਰਾਏ ਹੈ?
ਸੰਤ ਰਾਮ ਉਦਾਸੀ: 1962 ਤੋਂ ਪਹਿਲਾਂ ਸਾਨੂੰ ਇਕ ਬਹੁਤ ਵੱਡਾ ਭੁਲੇਖਾ ਸੀ ਕਿ ਇਹ ਕਮਿਉਨਿਸਟ
ਪਾਰਟੀ ਚੰਗੀ ਹੈ। 1947 ਤੋਂ ਮਗਰੋਂ ਹੋਰ ਕੋਈ ਇੰਨੀ ਵੱਡੀ ਪਾਰਟੀ ਹੀ ਨਹੀਂ ਸੀ ਜਿਹੜੀ
ਕਾਂਗਰਸ ਦਾ ਮੁਕਾਬਲਾ ਕਰ ਸਕਦੀ। ਪਰ 1962 ਵਿੱਚ ਆ ਕੇ ਇਸ ਵਿੱਚ ਬਹੁਤ ਵੱਡੀ ਕੰਟਰਾਡਿਕਸ਼ਨ
ਖੜੀ ਹੋ ਗਈ ਜਿਹੜੀ ਕਿ ਮੇਰੇ ਖਿਆਲ ਮੁਤਾਬਕ ਕੋਈ ਸਿਆਸੀ ਕੰਟਰਾਡਿਕਸ਼ਨ ਨਹੀਂ ਸੀ। ਉਹ
ਵਿਅਕਤੀਗਤ ਕੰਟਰਾਡਿਕਸ਼ਨ ਸੀ। ਮੈਂ ਵੀ ਇਕ ਲਿਖਾਰੀ ਦੇ ਤੌਰ ‘ਤੇ ਉਸ ਵਕਤ ਪਾਰਟੀ ਦੀ ਪੂਰੀ
ਸਪੋਰਟ ਕਰਦਾ ਸੀ। ਹੁਣ ਵੀਅਤਨਾਮ ਦੇ ਕੰਪੂਚੀਆ ‘ਤੇ, ਪਹਿਲਾਂ ਚੀਨ ਦੇ ਵੀਅਤਨਾਮ ‘ਤੇ ਹਮਲੇ
ਨਾਲ ਦੋਨੋਂ ਪਾਰਟੀਆਂ ਇਕੋ ਸੁਰ ਨਾਲ ਬੋਲਣ ਲੱਗ ਪਈਆਂ। ਜਿਸ ਤੋਂ ਲੋਕਾਂ ਨੂੰ ਕੋਈ ਭੁਲੇਖਾ
ਨਹੀਂ ਰਿਹਾ ਸੱਜੀ ਖੱਬੀ ਪਾਰਟੀ ਬਾਰੇ। ਮੈਂ ਤਾਂ ਸਮਝਦਾ ਹਾਂ ਕਿ ਇਨ੍ਹਾਂ ਦੋਹਾਂ ਦਾ ਸਰਕਾਰ
ਬਾਰੇ ਜਮਾਤੀ ਨਿਰਨਾ ਇਕ ਹੈ। ਤੇ ਜਿਹੜੀ ਇਨ੍ਹਾਂ ਦੀ ਇਨਕਲਾਬ ਬਾਰੇ ਅਪਰੋਚ ਹੈ ਉਸ ਢੰਗ ਨਾਲ
ਹਿੰਦੁਸਤਾਨ ਵਿੱਚ ਇਨਕਲਾਬ ਆ ਹੀ ਨਹੀਂ ਸਕਦਾ। ਕਿਉਂਕਿ ਤੀਹ ਸਾਲ ਹੋ ਗਏ ਹਨ। ਅਸੀਂ ਕਿਸਾਨ
ਮੋਰਚਾ ਲੜਿਆ, ਲਾਲ ਪਾਰਟੀ ਬਣੀ, ਆਂਧਰਾ ਦੀ ਤਿਲੰਗਾਨਾ ਦੀ ਮੂਵਮੈਂਟ ਲੜੀ ਤੇ ਕਿੰਨੇ ਲੋਕ
ਸ਼ਹੀਦ ਹੋਏ। ਮੈਂ ਸਮਝਦਾ ਹਾਂ ਕਿ ‘ਕੱਲੀ ਇੱਕੋ ਪਾਰਟੀ ਮਾਰਕਸਵਾਦੀ – ਲੈਨਿਨਵਾਦੀ ਪਾਰਟੀ
ਹੈ, ਜਿਹੜੀ 1969 ਵਿੱਚ ਹੋਂਦ ‘ਚ ਆਈ। ਉਹਦੇ ਰਾਹੀਂ ਬਾਰਾਂ ਹਜ਼ਾਰ ਲੋਕ ਲੁਟੇਰੀ ਜਮਾਤ ਦਾ
ਫਸਤਾ ਵੱਢਣ ਲਈ ਸ਼ਹੀਦ ਹੋਏ। ਇਹੋ ਇੱਕੋ ਇਕ ਰਾਹ ਹੈ ਜਿਸ ਦੇ ਰਾਹੀਂ ਹਿੰਦੁਸਤਾਨ ਦੇ ਲੋਕ
ਮੁਕਤੀ ਪ੍ਰਾਪਤ ਕਰ ਸਕਦੇ ਹਨ।
ਸਾਧੂ ਬਿਨਿੰਗ: ਨਕਸਲਵਾੜੀ ਲਹਿਰ ਦੇ ਨਾਲ ਸੰਬੰਧਤ ਮਾਰਕਸਵਾਦੀ – ਲੈਨਿਨਵਾਦੀ ਪਾਰਟੀ ਜਿਹੜੀ
ਕਿ ਕਈ ਵੱਖ ਵੱਖ ਧੜਿਆਂ ਵਿੱਚ ਵੰਡੀ ਜਾ ਚੁੱਕੀ ਸੀ, ਉਸ ਦੀ ਅੱਜ ਕੱਲ ਕੀ ਪੁਜੀਸ਼ਨ ਹੈ? ਕੀ
ਉਹ ਇਕ ਦੂਜੇ ਦੇ ਨੇੜੇ ਆ ਰਹੇ ਹਨ?
ਸੰਤ ਰਾਮ ਉਦਾਸੀ: ਦੇਖੋ, ਜਿਹੜੇ ਆਪਣੇ ਆਪ ਨੂੰ ਮਾਰਕਸਵਾਦੀ-ਲੈਨਿਨਵਾਦੀ ਗਰੁੱਪ ਕਹਾਉਂਦੇ
ਸਨ, ਅਸੀਂ ਤਾਂ ਅਸਲ ਵਿੱਚ ਇਹਨਾਂ ਨੂੰ ਗਰੁੱਪ ਕਹਿੰਦੇ ਹੀ ਨਹੀਂ। 1969 ਵਿੱਚ
ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਬਣੀ ਸੀ ਜਿਹੜੀ ਲਗਾਤਾਰ ਹਰ ਕਿਸਮ ਦੀ ਜਮਾਤੀ ਤੇ ਸਿਆਸੀ
ਵਿਰੋਧਤਾ ਹੋਣ ਦੇ ਬਾਵਜੂਦ, ਹਰ ਕਿਸਮ ਦੇ ਤਸ਼ੱਦਦ ਹੋਣ ਦੇ ਬਾਵਜੂਦ ਵੀ ਕਾਇਮ ਰਹੀ ਹੈ।
ਵਿੱਚ ਕਈ ਤਰ੍ਹਾਂ ਦੇ ਅੰਸਰ ਆ ਜਾਂਦੇ ਹਨ ਜੋ ਵੱਖਰੇ ਵੱਖਰੇ ਗਰੁੱਪ ਬਣਾ ਲੈਂਦੇ ਹਨ। ਮੈ ਇਹ
ਸਮਝਦਾ ਹਾਂ ਪਈ ਭਾਂਵੇਂ ਉਹ ਵੱਖੋ ਵੱਖਰੇ ਵੀ ਹਨ ਪਰ ਜਿਹੜਾ ਉਹਨਾਂ ਦਾ ਸਰਕਾਰ ਬਾਰੇ ਨਿਰਨਾ
ਹੈ ਉਹ ਇਕ ਹੈ। ਤੇ ਜਿਹੜਾ ਇਨਕਲਾਬ ਲਿਆਉਣ ਬਾਰੇ ਨਿਰਨਾ ਹੈ ਉਹ ਵੀ ਇਕ ਹੈ ਤੇ ਪਾਰਟੀ ਵਿਚਲੀ
ਦੁਫੇੜ ਘੱਟ ਰਹੀ ਹੈ। 24 ਜੂਨ ਦੀ ਡਿਸਕਸ਼ਨ ਦੇ ਬਾਅਦ ਪਾਰਟੀ ਦੇ ਦੋ ਵੱਡੇ ਗਰੁੱਪਾਂ ਪੀ ਸੀ
ਸੀ ਤੇ ਸੀ ਓ ਸੀ ਉਹਨਾਂ ਦੀ ਇਕੱਠੀ ਸਟੇਟਮੈਟ ਆਈ ਹੈ। ਤੁਹਾਨੂੰ ਉਹ ਪੜ੍ਹ ਲੈਣੀ ਚਾਹੀਦੀ
ਹੈ। ਇਹ ਹੀ ਪਾਰਟੀ ਦੇ ਦੋ ਵੱਡੇ ਗਰੁੱਪ ਸੀ ਤੇ ਉਹ ਹੁਣ ਇਕੱਠੇ ਹੋ ਰਹੇ ਹਨ। ਇਹ ਇਕ ਬਹੁਤ
ਵਧੀਆ ਆਗਾਜ਼ ਹੈ। ਤੇ ਬਾਕੀ ਦੇ ਜਿਹੜੇ ਛੋਟੇ ਛੋਟੇ ਗਰੁੱਪ ਹਨ ਉਹ ਵੀ ਹੌਲੀ ਹੌਲੀ ਨਾਲ ਆ
ਜਾਣਗੇ। ਪਾਰਟੀ ਜਦੋਂ ਕਿਸੇ ਐਕਸ਼ਨ ਵਿੱਚ ਪਵੇਗੀ ਤਾਂ ਉਹ ਆਪ ਹੀ ਸਾਬਤ ਕਰ ਦੇਵੇਗੀ।
ਸਾਧੂ ਬਿਨਿੰਗ: ਹਿੰਦੁਸਤਾਨ ਦੇ ਇਨਕਲਾਬ ਵਿੱਚ ਬਾਹਰਲੀਆਂ ਤਾਕਤਾਂ - ਜਿਵੇਂ ਰੂਸ, ਅਮਰੀਕਾ,
ਚੀਨ ਤੇ ਹੋਰ - ਕਿਸ ਕਿਸਮ ਦਾ ਰੋਲ ਅਦਾ ਕਰ ਰਹੀਆਂ ਹਨ?
ਸੰਤ ਰਾਮ ਉਦਾਸੀ: ਦੇਖੋ, ਇਹ ਇਕ ਬਹੁਤ ਵੱਡਾ ਤੇ ਔਖਾ ਸਵਾਲ ਹੈ। ਇਸ ਦਾ ਜਵਾਬ ਦੇਣ ਲਈ ਲੰਮੇ
ਸਮੇਂ ਦੀ ਲੋੜ ਹੈ। ਮੈਂ ਸਮਝਦਾ ਹਾਂ ਕਿ ਇਸ ਵੇਲੇ ਹਿੰਦੁਸਤਾਨ ਦੇ ਇਨਕਲਾਬ ਨੂੰ ਜਿੰਨੀ ਢਾਹ
ਅਮਰੀਕਾ ਤੇ ਰੂਸ ਲਾ ਰਹੇ ਹਨ ਉਤਨਾ ਹੀ ਸੁਚੇਤ ਚੀਨ ਕਰ ਰਿਹਾ ਹੈ। ਇਹ ਮੇਰਾ ਸੰਖੇਪ ਰੂਪ
ਵਿੱਚ ਪ੍ਰਭਾਵ ਹੈ ਇਸ ਸਵਾਲ ਬਾਰੇ।
ਸਾਧੂ ਬਿਨਿੰਗ: ਮਾਓ ਬਾਰੇ ਤੁਹਾਡਾ ਕੀ ਵਿਚਾਰ ਹੈ? ਕੁੱਝ ਲੋਕ ਉਸਦੇ ਮਰਨ ਬਾਅਦ ਉਸ ਦੀ
ਵਿਚਾਰਧਾਰਾ ਨੂੰ ਪੂਰਨ ਤੌਰ ‘ਤੇ ਗਲਤ ਸਾਬਤ ਕਰ ਰਹੇ ਹਨ?
ਸੰਤ ਰਾਮ ਉਦਾਸੀ: ਮੇਰੇ ਮਨ ਵਿੱਚ ਤੇ ਮੇਰੀ ਜਥੇਬੰਦੀ ਦੇ ਮਨ ਵਿੱਚ ਵਿਚਾਰ ਇਹ ਹੈ ਕਿ ਮਾਓ
ਵਿਚਾਰਧਾਰਾ ਇਸ ਵੇਲੇ ਦੁਨੀਆਂ ਦੀ ਸਭ ਤੋਂ ਵਧੀਆ ਵਿਚਾਰਧਾਰਾ ਹੈ ਤੇ ਇਸ ਨਾਲ ਹੀ ਦੁਨੀਆਂ
ਦਾ ਕਲਿਆਣ ਹੋ ਸਕਦਾ ਹੈ। ਹੋਰ ਪਾਰਟੀ ਬਾਰੇ, ਜਿਥੋਂ ਤਾਂਈ ਚਾਈਨਾ ਦੀ ਪਾਰਟੀ ਹੈ, ਉਹ ਇਕ
ਬਹੁਤ ਵੱਡੀ ਤੇ ਬਹੁਤ ਡੂੰਘੇ ਤਜਰਬੇ ਚੋਂ ਨਿਕਲੀ ਹੋਈ ਹੈ ਤੇ ਹੰਢੀ ਹੋਈ ਪਾਰਟੀ ਹੈ। ਬਾਕੀ
ਜਿਹੜੇ ਲੋਕ ਆਸੇ ਪਾਸੇ ਸੋਚਦੇ ਹਨ, ਕਦੀ ਖੱਬੇ ਸੋਚਦੇ ਹਨ ਕਦੀ ਸੱਜੇ ਸੋਚਦੇ ਹਨ ਉਹਨਾਂ ਨੇ
ਮੇਰਾ ਖਿਆਲ ਹੈ, ਕਦੀ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਇਨਕਲਾਬ ਦੀ ਗੱਲ ਨਹੀਂ ਸੋਚੀ ਤੇ
ਨਾ ਹੀ ਉਹ ਕਰ ਸਕੇ ਹਨ। ਹਾਂ ਇਹ ਗੱਲ ਹੈ ਕਿ ਪਾਰਟੀ ਵਿੱਚ ਕਦੇ ਖੱਬੇ ਰੁਝਾਨ ਆ ਜਾਂਦੇ ਹਨ
ਤੇ ਕਦੀ ਸੱਜੇ। ਜਿਵੇਂ ਪੈਦਾਵਾਰ ਵੱਧ ਕਰਨੀ ਹੈ ਜਾਂ ਪੈਦਾਵਾਰੀ ਸ਼ਕਤੀਆਂ ਨੂੰ ਵਧਾਉਣਾ ਹੈ।
ਇਹਦੇ ਬਾਰੇ ਕੰਟਰਾਡਿਕਸ਼ਨ ਚਲ ਰਹੀ ਹੈ। ਥਰਡ ਵਰਲਡ ਵਾਰ ਕੰਟਰਾਡਿਕਸ਼ਨ ਚਲ ਰਹੀ ਹੈ। ਸੋ ਅਸੀਂ
ਕਹਿ ਰਹੇ ਹਾਂ ਕਿ ਕਈ ਵਾਰੀ ਕਮਿਉਨਿਸਟ ਪਾਰਟੀ ਆਫ ਚਾਈਨਾ ਵਿੱਚ ਜਾਂ ਮਾਓ ਵਿਚਾਰਧਾਰਾ ਦੇ
ਵਿਚ, ਮਾਓ ਵਿਚਾਰਧਾਰਾ ਵਿੱਚ ਤਾਂ ਨਹੀਂ ਪਰ ਪਾਰਟੀ ਵਿੱਚ ਕਈ ਵਾਰ ਸੱਜਾ ਤੇ ਕਈ ਵਾਰ ਖੱਬਾ
ਰੁਝਾਨ ਆਇਆ। ਲਿਨ ਪਿਆਓ ਵੇਲੇ ਖੱਬਾ ਰੁਝਾਨ ਆਇਆ ਤੇ ਇਸ ਤਰ੍ਹਾਂ ਦੇ ਰੁਝਾਨ ਆਉਂਦੇ ਰਹਿੰਦੇ
ਹਨ। ਪਰ ਮੈਂ ਇਹ ਸਮਝਦਾ ਹਾਂ ਤੇ ਮੇਰੀ ਜਥਬੰਦੀ ਇਹ ਸਮਝਦੀ ਹੈ ਕਿ ਕਾਮਰੇਡ ਮਾਓ ਦੀ ਜਿਹੜੀ
ਸੋਚ ਹੈ ਉਸ ਨੇ ਦੁਨੀਆਂ ਦੇ ਇਤਿਹਾਸ ਦੇ ਵਿੱਚ ਇਕ ਬਹੁਤ ਵੱਡੀ ਤੇ ਮਹਾਨ ਭੂਮਿਕਾ ਨਿਭਾਈ
ਹੈ। ਤੇ ਕਮਿਉਨਿਸਟ ਪਾਰਟੀ ਦੇ ਜਾਂ ਦੁਨੀਆਂ ਦੇ ਇਨਕਲਾਬ ਦੇ ਇਤਿਹਾਸ ਵਿੱਚ ਕਾਮਰੇਡ ਮਾਓ,
ਸਟਾਲਿਨ ਤੋਂ ਮਗਰੋਂ ਇਕ ਬਹੁਤ ਵੱਡਾ ਹੀਰੋ ਹੈ। ਦੁਨੀਆਂ ਭਰ ਦੇ ਕਿਰਤੀਆਂ ਦਾ ਉਹ ਨੁਮਾਇੰਦਾ
ਹੈ। ਦੁਨੀਆਂ ਭਰ ਦੇ ਇਨਕਲਾਬੀ ਯੋਧਿਆਂ ਦਾ ਨੁਮਾਇੰਦਾ ਹੈ।
ਸਾਧੂ ਬਿਨਿੰਗ: ਕੀ ਤੁਸੀਂ ਕਿਸੇ ਸਿਆਸੀ ਪਾਰਟੀ ਦੇ ਇਸ ਵਕਤ ਪੱਕੇ ਮੈਂਬਰ ਹੋ?
ਸੰਤ ਰਾਮ ਉਦਾਸੀ: ਇਹਦੇ ਬਾਰੇ ਮੈਂ ਉਚੇਚੇ ਤੌਰ ‘ਤੇ ਕੁੱਝ ਨਹੀਂ ਕਹਿ ਸਕਦਾ। ਵੈਸੇ ਮੈਂ
ਮਾਰਕਸਵਾਦੀ –ਲੈਨਿਨਵਾਦੀ ਪਾਰਟੀ ਨੂੰ ਸਪੋਰਟ ਕਰਦਾ ਹਾਂ, ਆਪਣੀ ਕਵਿਤਾ ਰਾਹੀਂ ਵੀ ਤੇ ਉਸ
ਤਰ੍ਹਾਂ ਵੀ।
ਸਾਧੂ ਬਿਨਿੰਗ: ਹਿੰਦੁਸਤਾਨ ਤੋਂ ਬਾਹਰ ਵਸਦੇ ਲੋਕਾਂ ਵਿੱਚ – ਜਿਵੇਂ ਇੰਗਲੈਂਡ, ਅਮਰੀਕਾ ਤੇ
ਕਨੇਡਾ ਵਿੱਚ ਬਹੁਤ ਸਾਰੀਆਂ ਅਗਾਂਹਵਧੂ ਜਥੇਬੰਦੀਆਂ ਹਨ। ਤੁਹਾਡੇ ਖਿਆਲ ਮੁਤਾਬਕ ਉਹ
ਹਿੰਦੁਸਤਾਨ ਦੇ ਇਨਕਲਾਬ ਵਿੱਚ ਕਿਸੇ ਕਿਸਮ ਦਾ ਕੋਈ ਰੋਲ ਅਦਾ ਕਰ ਰਹੀਆਂ ਹਨ ਜਾਂ ਕਰ ਸਕਦੀਆਂ
ਹਨ?
ਸੰਤ ਰਾਮ ਉਦਾਸੀ: ਵਿਗਿਆਨ ਨੇ ਦੁਨੀਆ ਨੂੰ ਇੰਨਾ ਛੋਟਾ ਕਰ ਦਿੱਤਾ ਹੈ ਕਿ ਦੁਨੀਆ ਦੇ ਕਿਸੇ
ਹਿਸੇ ਵਿੱਚ ਵੀ ਕੁੱਝ ਹੋਵੇ ਉਸ ਦਾ ਅਸਰ ਹਰ ਪਾਸੇ ਹੁੰਦਾ ਹੈ। ਜਿਵੇਂ ਜੇ ਹੁਣ ਭਾਰਤ ਵਿੱਚ
ਕਿਸੇ ਲੁਟੇਰੇ ਦਾ ਸਿਰ ਵੀ ਦੁਖੇ ਤਾਂ ਉਸਦੀ ਚੀਸ ਅਮਰੀਕਾ ‘ਚ ਪਹਿਲਾਂ ਪਹੁੰਚਦੀ ਹੈ। ਇਸੇ
ਤਰ੍ਹਾਂ ਹੀ ਜੇ ਦੁਨੀਆਂ ਭਰ ਦੇ ਕਿਰਤੀ ਰਲ ਕੇ ਹੰਭਲਾ ਨਹੀਂ ਮਾਰਨਗੇ ਤਾਂ ਗੱਲ ਨਹੀਂ ਬਣਨੀ।
ਹੁਣ ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਇਨਕਲਾਬ ਇੰਮਪੋਰਟ ਤੇ ਐਕਸਪੋਰਟ ਨਹੀਂ ਹੁੰਦਾ ਪਰ
ਇਨਕਲਾਬ ਦੀ ਕਈ ਤਰ੍ਹਾਂ ਮਦਦ ਕੀਤੀ ਜਾ ਸਕਦੀ ਹੈ। ਜਿਵੇਂ ਬਾਹਰ ਰਹਿੰਦੇ ਇਨਕਲਾਬੀ
ਵਿਚਾਰਧਾਰਾ ਵਾਲੇ ਸਾਥੀ ਹਨ ਉਹ ਹਿੰਦੁਸਤਾਨ ਦੇ ਇਨਕਲਾਬ ਲਈ ਬਹੁਤ ਕੁੱਝ ਕਰ ਸਕਦੇ ਹਨ।
ਸਿਆਸੀ ਤੌਰ ‘ਤੇ, ਆਰਥਿਕ ਤੌਰ ‘ਤੇ ਸਮਾਜਿਕ ਤੌਰ ‘ਤੇ, ਹਮਾਇਤ ਕੀਤੀ ਜਾ ਸਕਦੀ ਹੈ। ਇਨਕਲਾਬ
ਦੇ ਹੱਕ ਵਿੱਚ ਸਟੈਂਡ ਲੈ ਸਕਦੇ ਹਨ ਜਿੱਥੇ ਵਰਲਡ ਕਮਿਊਨਿਟੀ ਦਾ ਸਵਾਲ ਆਉਂਦਾ ਹੈ। ਜ਼ੁਲਮ
ਤੇ ਤਸ਼ੱਦਦ ਵਿਰੁੱਧ ਅਵਾਜ਼ ਉਠਾ ਸਕਦੇ ਹਨ। ਇਨਕਲਾਬ ਪ੍ਰਤੀ ਦੁਨੀਆਂ ਦੀ ਹਮਦਰਦੀ ਜਿੱਤ ਸਕਦੇ
ਹਨ। ਇਸ ਤਰ੍ਹਾਂ ਕਿੰਨੀ ਕਿਸਮ ਦੇ ਕੰਮ ਹਨ ਜੇ ਕਰਨੇ ਹੋਣ ਤਾਂ।
ਸਾਧੂ ਬਿਨਿੰਗ: ਅੱਛਾ ਹੁਣ ਤੱਕ ਆਪਾਂ ਸਾਹਿਤ ਤੇ ਸਿਆਅਤ ਬਾਰੇ ਕਾਫੀ ਵਿਸਥਾਰ ਵਿੱਚ ਚਰਚਾ
ਕੀਤੀ ਹੈ। ਇਹਨਾਂ ਦੋਹਾਂ ਦੇ ਆਪਸੀ ਰਿਸ਼ਤੇ ਬਾਰੇ ਕੁੱਝ ਦੱਸੋ?
ਸੰਤ ਰਾਮ ਉਦਾਸੀ: ਤੁਹਾਡੇ ਪਹਿਲੇ ਹੀ ਇਕ ਸਵਾਲ ਵਿੱਚ ਇਸਦਾ ਜਵਾਬ ਦੇ ਚੁੱਕਾ ਹਾਂ। ਕੋਈ ਵੀ
ਲਿਖਾਰੀ, ਉਹ ਕਦੀ ਵੀ ਗੈਰ ਸਿਆਸੀ ਨਹੀਂ ਹੁੰਦਾ। ਕੋਈ ਵੀ ਲਿਖਾਰੀ ਜਾਂ ਬੁਲਾਰਾ ਗੈਰ ਸਿਆਸੀ
ਨਹੀਂ ਹੋ ਸਕਦਾ। ਆਹ ਜਿਹੜੀ ਆਪਾਂ ਗੱਲਬਾਤ ਸ਼ੁਰੂ ਕਰ ਰਹੇ ਹਾਂ ਇਹ ਵੀ ਸਿਆਸੀ ਹੈ। ਜਾਂ ਇਹ
ਸਵਾਲ ਪੁੱਛਣਾ ਵੀ ਇਕ ਸਿਆਸੀ ਗੱਲ ਹੈ –ਕਿ ਸਾਹਿਤ ਤੇ ਸਿਆਸਤ ਦੇ ਸੁਮੇਲ ਨੂੰ ਮੈਂ ਕੀ ਸਮਝਦਾ
ਹਾਂ। ਕੋਈ ਵੀ ਸਾਹਿਤ ਸਿਆਸਤ ਤੋਂ ਅਜ਼ਾਦ ਨਹੀਂ ਹੁੰਦਾ। ਜਿਹੜੇ ਆਮ ਤੌਰ ‘ਤੇ ਕਹਿੰਦੇ ਆ ਪਈ
ਅਸੀ ਤਾਂ ਲੋਕ ਗੀਤ ਗਾਉਂਦੇ ਹਾਂ ਜਾਂ ਅਸੀਂ ਤਾਂ ਗੈਰ ਸਿਆਸੀ ਬੰਦੇ ਹਾਂ ਉਹ ਵੀ ਇਕ ਸਿਆਸਤ
ਹੁੰਦੀ ਹੈ। ਉਹ ਲੱਚਰ ਗੀਤ ਗਾ ਕੇ ਕਿਹਦੀ ਪੂਜਾ ਕਰਦੇ ਹਨ? ਦੋ ਹੀ ਸਾਹਿਤ ਹੁੰਦੇ ਹਨ ਜਾਂ
ਲੋਕਾਂ ਦਾ ਜਾਂ ਜੋਕਾਂ ਦਾ। ਲੋਕ ਪੱਖੀ ਜਾਂ ਲੋਕ ਵਿਰੋਧੀ। ਤੇ ਇਹ ਦੋਵੇਂ ਵੱਖੋ ਵੱਖ ਸਿਆਸਤਾਂ
ਹਨ। ਸੋ ਕੋਈ ਵੀ ਆਪਣੇ ਆਪ ਨੂੰ ਨਿਰਪੱਖ ਨਹੀਂ ਕਹਿ ਸਕਦਾ। ਖਾਸ ਕਰ ਜਿੱਥੇ ਲੁਟੇਰਿਆਂ ਤੇ
ਲੁੱਟੇ ਜਾ ਰਹੇ ਲੋਕਾਂ ਵਿੱਚ ਬਹੁਤ ਵੱਡਾ ਸੰਘਰਸ਼ ਚਲ ਰਿਹਾ ਹੋਵੇ। ਇਹ ਗੱਲ ਵੱਖਰੀ ਹੈ ਪਈ
ਲਿਖਾਰੀ ਸ਼ਾਇਦ ਨਾ ਸਮਝਦਾ ਹੋਵੇ ਕਿ ਮੈਂ ਲੁਟੇਰੀ ਸਿਆਸਤ ਨੂੰ ਸਪੋਰਟ ਕਰ ਰਿਹਾ ਜਾਂ ਲੁੱਟੇ
ਜਾਣ ਵਾਲਿਆਂ ਨੂੰ। ਉਸ ਨੂੰ ਇਸ ਗੱਲ ਦਾ ਪਤਾ ਹੋਵੇ ਜਾਂ ਨਾਂ ਪਰ ਉਹ ਇਕ ਵਿਚਾਰਧਾਰਾ ਦੀ ਇਕ
ਜਮਾਤ ਦੀ ਨੁਮਾਇੰਦਗੀ ਜ਼ਰੂਰ ਕਰ ਰਿਹਾ ਹੁੰਦਾ ਹੈ। ਜਿਹੜੇ ਲੋਕ ਕਹਿੰਦੇ ਹਨ ਕਿ ਅਸੀਂ ਤਾਂ
ਜੀ ਰੇਡੀਓ ਸਿੰਗਰ ਹਾਂ ਅਸੀਂ ਤਾਂ ਆਰਟਿਸਟ ਹਾਂ ਉਹ ਵੀ ਇਕ ਸਿਆਸਤ ਹੁੰਦੀ ਹੈ। ਉਹ ਲੋਕ
ਮੌਜੂਦਾ ਸਰਕਾਰ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੁੰਦੇ ਹਨ ਤਾਂ ਕਿ ਪਰਨਾਲਾ ਉੱਥੇ ਦਾ ਉੱਥੇ
ਰਹੇ। ਜਿਵੇਂ ਜੇ ਹੁਣ ਉਹ ਕਿਸੇ ਦੇਸ਼ ਭਗਤ ਦੀ ਵੀ ਗੱਲ ਸੁਨਾਉਣ ਉਹਦੇ ਨਾਲ ਜਿਹੜੇ ਹਾਲਾਤ
ਨੇ ਉਹਦੇ ਬਾਰੇ ਉਹ ਵਰਣਨ ਕਰ ਦੇਣਗੇ। ਜਿਵੇਂ ਭਗਤ ਸਿੰਘ ਨਾਲ ਮੁਲਾਕਾਤ ਵੇਲੇ ਮਾਂ ਦੇ ਹੰਝੂ
ਵਹਾ ਦੇਣਗੇ ਭੈਣਾਂ ਦੇ ਹੰਝੂ ਦਿਖਾ ਦੇਣਗੇ। ਪਰ ਇਹ ਨਹੀਂ ਦੱਸਣਗੇ ਕਿ ਭਗਤ ਸਿੰਘ ਲੜਿਆ ਕਿਉ?
ਜਾਂ ਜਿਸ ਦੀ ਖਾਤਿਰ ਉਹ ਲੜਿਆ ਸੀ ਕੀ ਉਹ ਸੁਪਨਾ ਪੂਰਾ ਹੋ ਗਿਆ ਕਿ ਨਹੀਂ? ਸਾਨੂੰ ਕੀ ਕਰਨਾ
ਚਾਹੀਦਾ ਹੈ ਇਹ ਕਦੇ ਨਹੀਂ ਦੱਸਣਗੇ। ਇਹ ਫਰਕ ਹੈ। ਵਾਰਤਾ ਤਾਂ ਇਕ ਹੀ ਹੈ। ਕੋਈ ਤਾਂ ਇਸ
ਗੱਲ ਨੂੰ ਇਸ ਤਰ੍ਹਾਂ ਲੈਂਦਾ ਹੈ ਕਿ “ਸ਼ਹੀਦੋਂ ਕੀ ਚਿਤਾਓ ਪੇ ਲਗੇਂਗੇ ਹਰ ਵਰਸ਼ ਮੇਲੇ ਵਤਨ
ਪੇ ਮਰਨੇ ਵਾਲੋਂ ਕਾ ਯਹੀਂ ਬਾਕੀ ਨਿਸ਼ਾਂ ਹੋਗਾ।“ ਗੱਲ ਕਰਨ ਵਾਲੀ ਇਹ ਹੈ ਕਿ ਭਗਤ ਸਿੰਘ
ਕਿਉਂ ਲੜਿਆ? ਉਸ ਨੇ ਕਿਉਂ ਫਾਂਸੀ ਦਾ ਰੱਸਾ ਚੁੰਮਿਆ? ਉਹਨੇ ਕੀ ਵਿਚਾਰ ਪੇਸ਼ ਕੀਤੇ ਸਨ? ਸੋ
ਸਾਹਿਤ ਦੋਹਾਂ ਨੇ ਹੀ ਲਿਖਣਾ ਹੈ। ਇਕ ਹੈ ਕਿ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇ ਤੇ
ਦੂਜਾ ਹੈ ਕਿ ਲੋਕਾਂ ਵਿੱਚ ਤਬਦੀਲੀ ਲਈ ਰੁਝਾਨ ਪੈਦਾ ਕੀਤੇ ਜਾਣ। ਜਿਹੜੇ ਕਹਿੰਦੇ ਹਨ ਕਿ
ਉਹਨਾਂ ਨੇ ਸਾਹਿਤ ਨੂੰ ਸਿਆਸਤ ਤੋਂ ਮੁਕਤ ਕਰਨਾ ਹੈ ਇਹ ਬਿਲਕੁਲ ਫਜ਼ੂਲ ਗੱਲ ਹੈ। ਤੇ ਇਹ
ਉਹਨਾਂ ਦਾ ਊਲ-ਜਲੂਲ ਹੈ।
ਸਾਧੂ ਬਿਨਿੰਗ: ਅੱਛਾ ਅਗਲੇ ਇਕ ਦੋ ਸਵਾਲ ਤੁਹਾਡੇ ਨਿਜੀ ਜੀਵਨ ਬਾਰੇ ਹਨ। ਪਹਿਲਾ ਇਹ ਹੈ ਕਿ
ਤੁਹਾਡੇ ਬਾਰੇ ਇਹ ਚਰਚਾ ਸੁਣੀ ਹੈ ਕਿ ਤੁਸੀਂ ਸ਼ਰਾਬ ਪੀਣ ਦੇ ਆਦੀ ਹੋ ਗਏ ਹੋ?
ਸੰਤ ਰਾਮ ਉਦਾਸੀ: ਆਦੀ ਤਾਂ ਖੈਰ ਜੇ ਮੈਂ ਹੁੰਦਾ ਤਾਂ ਮੈਂ ਇਹ ਆਦਤ ਅਫੋਰਡ ਹੀ ਨਹੀਂ ਕਰ
ਸਕਦਾ। ਆਦੀ ਹੋਣ ਵਾਲੀ ਤਾਂ ਇਸ ਵਿੱਚ ਕੋਈ ਗੱਲ ਨਹੀਂ। ਹਾਂ, ਮੈਂ ਸ਼ਰਾਬ ਪੀ ਲੈਂਦਾ ਹਾਂ।
ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹਾਂ। ਜਿਹੜੇ ਮੇਰੇ ‘ਤੇ ਪੀਣ ਦਾ ਕਰੀਟੀਸਿਜ਼ਮ ਕਰਦੇ ਹਨ ਉਹ
ਵੀ ਪੀਂਦੇ ਹਨ। ਬਾਕੀ ਇਹ ਗੱਲ ਹੈ ਕਿ ਕਈ ਵਾਰੀ ਇਹ ਮੇਰੀ ਜ਼ਰੂਰਤ ਵੀ ਬਣ ਜਾਂਦੀ ਹੈ। ਜਿਵੇਂ
ਕਈ ਵਾਰੀ ਮੈਂ ਇੰਨਾ ਸਫਰ ਕੀਤਾ ਹੁੰਦਾ ਹੈ, ਇੰਨਾ ਬੋਲਿਆ ਹੁੰਦਾ ਹੈ ਪਈ ਨੀਂਦ ਹੀ ਨਹੀਂ
ਆਉਂਦੀ। ਤੇ ਜੇ ਮੈਂ ਉਸ ਦੀ ਖਾਤਰ ਨੀਂਦ ਦੀਆਂ ਗੋਲੀਆਂ ਖਾਵਾਂ ਜਾਂ ਕੁੱਝ ਹੋਰ ਕਰਾਂ ਤਾਂ
ਉਹ ਗੱਲ ਵੱਖਰੀ ਹੈ। ਸ਼ਰਾਬ ਮੇਰੀ ਕਮਜ਼ੋਰੀ ਨਹੀਂ ਬਣ ਸਕੀ। ਇਹਦਾ ਮਤਲਬ ਇਹ ਨਹੀਂ ਕਿ ਮੈਂ
ਕਿਸੇ ਮਜ਼ਦੂਰ ਦੇ ਘਰ ਜਾ ਕੇ ਉਹਨੂੰ ਕਹਾਂ ਪਈ ਮੇਰੀ ਜਾਨ ਨਿਕਲਦੀ ਜਾਂਦੀ ਹੈ ਜਾਂ ਮੈਂ ਮਰਦਾ
ਜਾਂਦਾ ਹਾਂ। ਇਹੋ ਜਿਹੀ ਕੋਈ ਗੱਲ ਨਹੀਂ। ਇਹ ਨਾ ਹੀ ਮੇਰੀ ਆਦਤ ਹੈ ਤੇ ਨਾ ਹੀ ਮੇਰਾ ਸ਼ੌਕ।
ਉਂਝ ਮੈਂ ਸ਼ਰਾਬ ਪੀ ਲੈਂਦਾ ਹਾਂ ਮੀਟ ਵੀ ਖਾ ਲੈਂਦਾ ਹਾਂ।
ਸਾਧੂ ਬਿਨਿੰਗ: ਦੂਜਾ ਸਵਾਲ ਹੈ ਕਿ ਤੁਹਾਡੇ ‘ਤੇ ਪਿਛਲੇ ਕੁੱਝ ਸਮੇਂ ਤੋਂ ਅਲੋਚਨਾ ਹੋ ਰਹੀ
ਹੈ ਕਿ ਤੁਸੀਂ ਹਰ ਕਿਸਮ ਦੀ ਸਟੇਜ ਤੇ ਜਾ ਕੇ ਕਵਿਤਾ ਪੜ੍ਹਦੇ ਹੋ?
ਸੰਤ ਰਾਮ ਉਦਾਸੀ: ਹਾਂ, ਜਿੱਥੇ ਵੀ ਲੋਕ ਹਨ। ਜਿੱਥੇ ਵੀ ਲੋਕਾਂ ਦੀ ਹਾਜ਼ਰੀ ਹੈ ਉੱਥੇ ਸਾਨੂੰ
ਹਾਜ਼ਰੀ ਲਗਵਾਉਣੀ ਪੈਂਦੀ ਹੈ। ਪਰ ਗੱਲ ਤਾਂ ਇਹ ਹੈ ਕਿ ਉੱਥੇ ਜਾ ਕੇ ਕਹਿਣਾ ਕੀ ਹੈ। ਮੈਨੂੰ
ਕੋਈ ਕਿਸੇ ਵੀ ਸਟੇਜ ਤੇ ਸੱਦੇ, ਅੱਵਲ ਤਾਂ ਲੁਟੇਰੀਆਂ ਜਮਾਤਾਂ ਵਿੱਚ ਜੁਅਰੱਤ ਨਹੀਂ ਕਿ ਮੈਨੂੰ
ਸੱਦਣ, ਜੇ ਉਹ ਸੱਦਦੇ ਵੀ ਹਨ ਤਾਂ ਦੇਖਣ ਵਾਲੀ ਗੱਲ ਹੈ ਕਿ ਮੈਂ ਉੱਥੇ ਜਾ ਕੇ ਕੀ ਕਹਿੰਦਾ
ਹਾਂ। ਇਹ ਉਹਨਾਂ ਲੋਕਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਮੈਂ ਕਦੀ ਆਪਣੇ ਪੈਰਾਂ ਨੂੰ ਨਹੀਂ
ਭੁੱਲਿਆ। ਮੈਨੂੰ ਹਮੇਸ਼ਾਂ ਆਪਣੀ ਬੁਨਿਆਦ ਦਾ ਖਿਆਲ ਹੁੰਦਾ ਹੈ। ਜਿੱਥੇ ਲੋਕ ਹੁੰਦੇ ਹਨ ਉੱਥੇ
ਸਾਡੀ ਹਾਜ਼ਰੀ ਬਹੁਤ ਜ਼ਰੂਰੀ ਹੁੰਦੀ ਹੈ। ਮੈਨੂੰ ਕੋਈ ਵੀ ਸੱਦੇ ਮੈਂ ਉੱਥੇ ਜਾਂਦਾ ਹਾਂ।
ਚਾਹੇ ਮੈਨੂੰ ਗੁਰਦੁਆਰੇ ਸੱਦਣ ਜਾਂ ਸਰਕਾਰ ਦੀਆਂ ਸਟੇਜਾਂ ‘ਤੇ ਸੱਦਣ। ਲਾਲ ਕਿਲੇ ‘ਤੇ ਮੈਨੂੰ
ਸੱਦਿਆ ਗਿਆ ਉੱਥੇ ਜਾ ਕੇ ਮੈਂ ਲੋਕਪੱਖੀ ਗੱਲ ਕੀਤੀ ਹੈ। ਅਤੇ ਉੱਥੇ ਲੋਕਾਂ ਵਿੱਚ ਐਨਾ ਚਰਚਾ
ਹੋਇਆ ਮੇਰਾ ਕਿ ਦੂਜਿਆਂ ਨੂੰ ਕੋਈ ਸੁਣਨੇ ਨੂੰ ਤਿਆਰ ਈ ਨਹੀਂ ਸੀ। ਜਿਹੜੇ ਆਪਣੇ ਆਪ ਨੂੰ
ਕਹਿੰਦੇ ਸੀ ਪਈ ਸਿਆਸਤ ਤੋਂ ਨਿਰਪੱਖ ਹਨ ਉਹਨਾਂ ਦੀ ਬਜਾਏ ਲੋਕ ਗੱਲ ਹੀ ਮੇਰੀ ਸੁਣਦੇ ਸਨ।
ਸੋ ਮੈਂ ਨਹੀਂ ਸਮਝਦਾ ਕਿ ਮੈਂ ਕਿਸੇ ਸਟੇਜ ਦਾ ਬਾਈਕਾਟ ਕਰਨਾ ਹੈ। ਸਾਨੂੰ ਜਾਣਾ ਚਾਹੀਦਾ ਹੈ
ਅਤੇ ਆਪਣੀ ਗੱਲ ਕਹਿਣੀ ਚਾਹੀਦੀ ਹੈ। ਕੀ ਉਹਨਾਂ ਥਾਵਾਂ ‘ਤੇ ਲੋਕ ਨਹੀਂ ਹਨ ਜਿਨਾਂ ਤੱਕ ਅਸੀਂ
ਆਪਣੀ ਗੱਲ ਪਹੁੰਚਾਣੀ ਹੈ? ਕਈ ਹੁਣ ਮੇਰੇ ਕੈਨੇਡਾ ਆਉਣ ਤੇ ਹੀ ਸੋਚਣਗੇ, ਕਹਿਣਗੇ ਉਹ ਤਾਂ
ਹੁਣ ਕੈਨੇਡਾ ਜਾਣ ਲੱਗ ਗਿਆ ਜੀ। ਉਹ ਤਾਂ ਹੁਣ ਕੋਠੀਆਂ ‘ਚ ਰਹਿੰਦਾ ਹੈ। ਇਸ ਤਰ੍ਹਾਂ ਦਾ
ਕਰੀਟੀਸਿਜ਼ਮ ਵੀ ਆ ਜਾਂਦਾ ਹੈ। ਹੁਣ ਇਥੇ ਤਾਂ ਪਰਵਾਰ ਦੀ ਸਾਧਾਰਨ ਲੋੜ ਹੈ ਕਿ ਫਰਿੱਜ ਹੋਵੇ,
ਕਾਰ ਹੋਵੇ ਬੰਗਲਾ ਹੋਵੇ ਤੇ ਹੋਰ ਕਈ ਕੁੱਝ। ਹਿੰਦੁਸਤਾਨ ਵਿੱਚ ਇਸ ਨੂੰ ਅਮੀਰੀ ਦਾ ਦਰਜਾ
ਦਿੱਤਾ ਜਾਂਦਾ ਹੈ। ਸੋ ਇਹ ਤਾਂ ਸੋਚਾਂ ਦੇ ਪੱਧਰ ਦੀ ਗੱਲ ਹੈ। ਆਮ ਤੌਰ ‘ਤੇ ਜਿਹੜੇ ਇਹੋ
ਜਿਹਾ ਕਰੀਟੀਸਿਜ਼ਮ ਕਰਦੇ ਹਨ ਉਹ ਮੈਨੂੰ ਇਸ ਲਈ ਨਹੀਂ ਕਹਿੰਦੇ ਕਿ ਉਹ ਚੰਗਾ ਹੋ ਗਿਆ ਜਾਂ
ਖਰਾਬ ਹੋ ਗਿਆ। ਉਹ ਤਾਂ ਸਿਰਫ ਮੇਰੇ ਕੋਲੋਂ ਆਪਣੀ ਜਥੇਬੰਦੀ ਮੂਹਰੇ ਹੱਥ ਚੁਕਾਉਣਾ ਚਾਹੁੰਦੇ
ਹਨ, ਪਈ ਉਹ ਸਾਡੀ ਈਨ ਮੰਨ ਲਵੇ। ਫੇਰ ਮੈਂ ਬਹੁਤ ਵੱਡਾ ਦੇਸ਼ ਭਗਤ ਬਣ ਜਾਵਾਂਗਾ ਤੇ ਫੇਰ
ਮੇਰੇ ਵਿੱਚ ਕੋਈ ਨੁਕਸ ਨਹੀਂ। ਫੇਰ ਮੈਂ ਬੜਾ ਅੱਗੇਵਧੂ ਲਿਖਾਰੀ ਹੋਵਾਂਗਾ। ਮੇਰੀ ਇਕ
ਵਿਚਾਰਧਾਰਾ ਬਣ ਚੁੱਕੀ ਹੈ ਉਸਦੇ ਅਧੀਨ ਮੈਂ ਲਿਖਦਾ ਹਾਂ। ਅਲੋਚਕ ਜੋ ਮਰਜ਼ੀ ਕਹੀ ਜਾਣ। ਖੁਦ
ਉਹਨਾਂ ਵਿੱਚ ਉਹ ਕਮਜ਼ੋਰੀਆਂ ਹਨ। ਉਹ ਮੇਰੀ ਇਸ ਕਮਜ਼ੋਰੀ ਨੂੰ ਫੜ ਕੇ ਰੌਲਾ ਪਾਉਂਦੇ ਹਨ।
ਹੋਰ ਉਹਨਾਂ ਨੂੰ ਮੇਰੀ ਕੋਈ ਕਮਜ਼ੋਰੀ ਦਿਸਦੀ ਵੀ ਨਹੀਂ।
ਸਾਧੂ ਬਿਨਿੰਗ: ਹੁਣ ਤੁਸੀਂ ਇਥੇ ਇਸ ਸੰਸਥਾ ਦੇ ਸੱਦੇ ‘ਤੇ ਕੁੱਝ ਸਮੇਂ ਲਈ ਆਏ ਹੋ। ਜੇ
ਤੁਹਾਨੂੰ ਇਹ ਖੁੱਲ ਹੋਵੇ ਕਿ ਤੁਸੀਂ ਆਪਣੇ ਨਿਜੀ ਫੈਸਲੇ ‘ਤੇ ਇਥੇ ਰਹਿ ਸਕੋਂ ਤਾਂ ਕੀ ਤੁਸੀਂ
ਕੈਨੇਡਾ ਰਹਿਣਾ ਪਸੰਦ ਕਰੋਗੇ? ਜਾਂ ਵਾਪਿਸ ਜਾਣਾ?
ਸੰਤ ਰਾਮ ਉਦਾਸੀ: ਮੈਂ ਇਥੇ ਇੰਡੀਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮੈਰਿਕਾ, ਜਿਸ ਦਾ ਛੋਟਾ
ਨਾਂ 'ਇਪਾਨਾ' ਹੈ, ਦੇ ਸੱਦੇ ‘ਤੇ ਆਇਆ ਹਾਂ। ਉਹਨਾਂ ਨੇ ਮੇਰੀ ਜਥੇਬੰਦੀ ਕੋਲੋਂ ਇਜਾਜ਼ਤ ਲਈ
ਹੈ ਕਿ ਮੈਂ ਦੋ ਤਿੰਨ ਮਹੀਨੇ ਇਥੇ ਰਹਿਣਾ ਹੈ। ਤੇ ਬਾਕੀ ਮੌਸਮ ਦੇ ਲਿਹਾਜ ਨਾਲ ਵੀ ਤੇ ਮੇਰੇ
ਘਰੋਗੀ ਕਾਰਨਾਂ ਕਰਕੇ ਵੀ ਅਤੇ ਉਦਾਂ ਵੀ ਮੇਰੇ ਜਜ਼ਬਾਤੀ ਕਾਰਨਾਂ ਕਰਕੇ ਵੀ ਮੈਂ ਕੈਨੇਡਾ
ਰਹਿਣਾ ਪਸੰਦ ਨਹੀਂ ਕਰਦਾ। ਹੁਣ ਤਕਰੀਬਨ ਮਹੀਨਾ ਹੋ ਗਿਆ ਮੈਨੂੰ ਇਥੇ ਆਏ ਨੂੰ ਤੇ ਮੇਰਾ
ਚਿੱਤ ਬਿਲਕੁਲ ਨਹੀਂ ਲਗਦਾ। ਮੈਨੂੰ ਆਪਣੇ ਲੋਕ ਬਹੁਤ ਪਿਆਰੇ ਲਗਦੇ ਹਨ। ਆਪਣੀ ਧਰਤੀ ਲਈ ਮੈਂ
ਤਰਸਿਆ ਪਿਆ ਹਾਂ। ਬਹੁਤਾ ਰਹਿਣ ਦੀ ਮੈਂ ਉਮੀਦ ਹੀ ਨਹੀੰਂ ਕਰਦਾ। ਮੈਂ ਤਾਂ ਕਹਿਨਾ ਪਈ ਜਿੰਨੀ
ਮੈਨੂੰ ਇਜਾਜ਼ਤ ਮਿਲੀ ਹੈ ਇੰਨੀ ਵੀ ਮੈਂ ਮਸਾਂ ਹੀ ਪੂਰੀ ਕਰਨੀ ਹੈ। ਜਿੱਥੇ ਮੈਂ ਕੰਮ ਕਰਨਾ
ਹੈ, ਜਿਹੜੇ ਲੋਕਾਂ ਦੇ ਵਿੱਚ ਮੇਰਾ ਆਧਾਰ ਹੈ, ਮੈਂ ਉਹਨਾਂ ਲੋਕਾਂ ਤੋਂ ਵੱਖ ਨਹੀਂ ਰਹਿਣਾ
ਚਾਹੁੰਦਾ। ਬਾਕੀ ਜਿਹੜੀ ਗੱਲ ਹੈ ਕਮਾਈ ਕਰਨ ਦੀ ਜਾਂ ਆਪਣੀ ਉਸਤਤ ਵਧਾਉਣ ਦੀ, ਇਹ ਗੱਲਾਂ
ਮੇਰੇ ਲਈ ਨਹੀਂ। ਮੈਨੂੰ ਕੈਨੇਡਾ ਵਿੱਚ ਬਹੁਤ ਪਿਆਰ ਮਿਲਿਆ ਹੈ। ਪਰ ਇਸ ਤੋਂ ਵੀ ਕਿਤੇ ਵੱਧ
ਪਿਆਰ ਮੈਨੂੰ ਹਿੰਦੁਸਤਾਨ ਵਿੱਚ ਮਿਲਿਆ ਹੈ। ਮੈਨੂੰ ਆਪਣਾ ਦੇਸ਼ ਬਹੁਤ ਪਿਆਰਾ ਹੈ। ਉਸ ਨਾਲੋਂ
ਵਿਛੜ ਕੇ ਮੈਂ ਬਹੁਤਾ ਚਿਰ ਨਹੀਂ ਰਹਿਣਾ ਚਾਹੁੰਦਾ। ਹੁਣ ਮੇਰਾ ਦਿਲ ਕਰਦਾ ਹੈ ਪਈ ਮੈਂ ਕਿਹੜੀ
ਘੜੀ ਵਾਪਿਸ ਚਲੇ ਜਾਵਾਂ। ਮੈਨੂੰ ਉਹ ਲੋਕ ਬਹੁਤੇ ਪਿਆਰੇ ਲਗਦੇ ਹਨ।
ਸੰਤ ਰਾਮ ਉਦਾਸੀ ਬਾਰੇ ਹੋਰ ਪੜ੍ਹਨ ਲਈ ਕਲਿੱਕ ਕਰੋ:
ਅਸਲ ਲੋਕ ਕਵੀ ਸੰਤ ਰਾਮ ਉਦਾਸੀ:
ਸੰਤ ਰਾਮ ਉਦਾਸੀ ਦੇ ਗੀਤ:
ਸਾਧੂ ਬਿਨਿੰਗ ਦੀਆਂ ਹੋਰ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ:
ਚੀਨ ਵਿੱਚ ਸਤਾਰਾਂ ਦਿਨ:
ਪੰਜਾਬੀ ਭਾਈਚਾਰਾ ਅਤੇ ਧਰਮ:
ਗੁਰਬਖਸ਼ ਸਿੰਘ ਦੇ ਨਾਵਲ ਅਣਵਿਆਹੀ ਮਾਂ ਬਾਰੇ ਟਿੱਪਣੀ:
ਸ਼ਹੀਦ ਭਗਤ ਸਿੰਘ:
ਰਿਚਰਡ ਡਾਕਿੰਨਜ਼-ਰੱਬ ਦਾ ਭੁਲੇਖਾ - ਰਿਵੀਊ: |