
ਲੇਖਕ ਸ਼ਿਵ ਕੁਮਾਰ ਨਾਲ (ਬਟਾਲਾ, 1966)
ਸ਼ਿਵ ਕੁਮਾਰ ਨਾਲ ਕੀਤੇ ਮੇਰੇ ਸਫ਼ਰ ਦੀ ਸ਼ੁਰੂਆਤ ਕਦੋਂ ਹੋਈ ਇਹ ਇੱਕ ਲੰਮੀ ਕਹਾਣੀ ਹੈ। ਪਰ
ਗੱਲ ਮੈਂ 1965 ਤੋਂ ਸ਼ੁਰੂ ਕਰਦਾ ਹਾਂ ਜਦੋਂ ਮੈਂ ਸ਼ਿਵ ਨੂੰ ਪਹਿਲੀ ਵਾਰ ਮਿਲਿਆ ਸਾਂ।
ਸ਼ਿਵ ਦੀ ਕਵਿਤਾ ਪੜ੍ਹਦਾ ਸੁਣਦਾ ਮੈਂ ਜੁਆਨੀ ਦੀ ਦਹਿਲੀਜ਼ ‘ਤੇ ਪੈਰ ਰੱਖਿਆ ਸੀ। ਬਚਪਨ ਵਿੱਚ
ਹੀ ਆਪਣੇ ਘਰ ਪਰਵਾਰ ਤੋਂ ਜੁਦਾਈ ਨੇ ਮੇਰੀ ਬਾਲ ਉਮਰਾ ਵਿੱਚ ਇੱਕ ਸੋਗੀ ਅਹਿਸਾਸ ਭਰ ਦਿੱਤਾ
ਸੀ। ਇਸ ਅਹਿਸਾਸ ਨੇ ਮੈਨੂੰ ਕਵਿਤਾ ਦੀ ਪਹਿਚਾਨ ਕਰਵਾਈ। ਮੇਰੀਆਂ ਉਦਾਸ ਘੜੀਆਂ ਵਿੱਚ ਸ਼ਿਵ
ਦੀ ਕਵਿਤਾ ਮੇਰਾ ਸਾਥ ਦੇਂਦੀ ਸੀ। ਮੈਨੂੰ ਧਰਵਾਸ ਦੇਂਦੀ ਸੀ। ਮੈਂ ਸ਼ਿਵ ਦੇ ਦਰਦ ਨੂੰ ਸਮਝਣ
ਲੱਗ ਪਿਆ ਸਾਂ। ਉਸਦੀ ਪੀੜ ਨਾਲ ਮੇਰਾ ਸ਼ਬਦਹੀਣ ਰਿਸ਼ਤਾ ਜੁੜ ਗਿਆ ਸੀ।
ਸ਼ਿਵ ਨੇ ਆਪਣੀ ਪੀੜ ਨੂੰ ਬਿਰਹਾ ਦਾ ਨਾਂ ਦਿੱਤਾ। ਇਹ ਸ਼ਬਦ ਉਸ ਦੀ ਸਿਰਜਣਾ ਨਹੀਂ ਸੀ। ਸ਼ੇਖ
ਫ਼ਰੀਦ ਨੇ ਬਿਰਹਾ ਨੂੰ ਸੁਲਤਾਨ ਦਾ ਦਰਜਾ ਦਿੱਤਾ ਸੀ ਪਰ ਸ਼ੇਖ ਫ਼ਰੀਦ ਦੀ ਬਾਣੀ ਵਿੱਚ ਇਸ ਦੇ
ਅਰਥ ਅਧਿਆਤਮਕ ਦਾਇਰੇ ਅੰਦਰ ਸੀਮਤ ਰਹੇ ਸਨ। ਸ਼ਿਵ ਨੇ ਇਸ ਸ਼ਬਦ ਵਿੱਚ ਆਕਾਸ਼ ਦਾ ਵਿਸਤਾਰ,
ਸਮੁੰਦਰ ਦੀ ਗਹਿਰਾਈ ਤੇ ਪੌਣਾਂ ਦੀ ਭਟਕਨ ਭਰ ਦਿੱਤੀ। ਤਿੰਨ ਹਰਫ਼ਾਂ ਦੇ ਇਸ ਸ਼ਬਦ ਨੇ ਉਸਦੀ
ਰੂਹ ਦੀ ਸਮੁੱਚੀ ਤੜਪ, ਉਸਦੀ ਤਲਾਸ਼ ਤੇ ਤਲਖ਼ੀ ਸਮੇਟ ਲਈ। ਬਿਰਹਾ ਉਸ ਲਈ ਸਾਰੀ ਮਨੁੱਖਤਾ ਦੇ
ਦਰਦ ਦਾ ਮਹਾਂਕਾਵਿ ਬਣ ਗਿਆ।
ਅਸੀਂ ਸਭ ਬਿਰਹਾ ਘਰ ਜੰਮਦੇ
ਅਸੀਂ ਬਿਰਹਾ ਦੀ ਸੰਤਾਨ
ਬਿਰਹਾ ਖਾਈਏ ਬਿਰਹਾ ਪਾਈਏ
ਬਿਰਹਾ ਆਏ ਹੰਢਾਣ
ਕਿਸੇ ਵੀ ਭਾਸ਼ਾ ਵਿੱਚ ਸ਼ਬਦ ਮਨੁੱਖੀ ਸੋਚ ਵਿੱਚੋਂ ਜਨਮ ਲੈਂਦਾ ਹੈ। ਫਿਰ ਏਹੀ ਸ਼ਬਦ ਮਨੁੱਖੀ
ਸੋਚ ਨੂੰ ਪ੍ਰਭਾਵਤ ਕਰਨ ਲੱਗਦਾ ਹੈ। ਉਸਨੂੰ ਆਪਣੇ ਰੂਪ ਵਿੱਚ ਢਾਲਦਾ ਹੈ। ਬਿਰਹਾ ਸ਼ਿਵ ਦੀ
ਕਾਵਿ ਸੋਚ ਤੇ ਰਚਨਾ ਦਾ ਕੇਂਦਰ ਬਣ ਗਿਆ ਸੀ। ਬਿਰਹਾ ਨਾਲ ਉਸ ਦਾ ਅਟੁੱਟ ਰਿਸ਼ਤਾ ਸੀ। ਉਸ ਨੇ
ਕੁੱਖ ਤੋਂ (ਸਾਡੇ ਪੋਤੜਿਆਂ ਵਿੱਚ ਬਿਰਹਾ ਰੱਖਿਆ ਸਾਡੀਆਂ ਮਾਵਾਂ ) ਕਬਰ ਤੱਕ (ਅਸਾਂ ਜੂਨ
ਹੰਢਾਣੀ ਮਹਿਕ ਦੀ, ਸਾਨੂੰ ਬਿਰਹਾ ਦਾ ਵਰਦਾਨ ) ਆਪਣੀ ਸੰਖੇਪ ਜੇਹੀ ਉਮਰ ਬਿਰਹਾ ਦੇ ਨਾਂ ਲਾ
ਦਿੱਤੀ ਸੀ।
ਸ਼ਿਵ ਨੂੰ ਮਿਲਣ ਤੋਂ ਤਿੰਨ ਕੁ ਸਾਲ ਪਹਿਲਾਂ ਮੈਨੂੰ ਬੇਰਿੰਗ ਕਾਲਜ ਬਟਾਲਾ ਸਿਰਫ ਇੱਕ ਸਾਲ
ਪੜ੍ਹਾਈ ਕਰਕੇ ਛੱਡਣਾ ਪਿਆ ਸੀ। ਦਰਅਸਲ ਇਨ੍ਹੀ ਦਿਨੀਂ ਮੈਂ ਬੇਘਰ ਹੋ ਗਿਆ ਸਾਂ। ਦਰ ਦਰ ਭਟਕ
ਰਿਹਾ ਸਾਂ। ਅਨੇਕਾਂ ਪਾਪੜ ਵੇਲਣੇ ਪਏ। ਟਿਊਸ਼ਨਾਂ ਪੜ੍ਹਾਈਆਂ। ਇੱਕ ਪਰਾਈਵੇਟ ਸਕੂਲ ਵਿੱਚ
ਨੌਕਰੀ ਮਿਲ ਗਈ। ਦੋਸਤਾਂ ਨੇ ਅੰਮ੍ਰਿਤਸਰ ਕੁਈਨਜ਼ ਰੋਡ ਤੇ ਇੱਕ ਹੋਟਲ ਵਿੱਚ ਕਮਰਾ ਕਿਰਾਏ ਤੇ
ਲੈ ਕੇ ਸਿਰ ਲੁਕਾਉਣ ਦਾ ਵਸੀਲਾ ਬਣਾ ਦਿੱਤਾ। ਮੈਂ ਦਿਨ ਭਰ ਕਦੀ ਆਰਟ ਗੈਲਰੀ ਕਦੀ
ਮਿਉਨਿਸਿਪਲ ਲਾਇਬ੍ਰੇਰੀ ਵਿੱਚ ਬੈਠਾ ਰਹਿੰਦਾ। ਜਦ ਕਦੀ ਦੋਸਤਾਂ ਨੂੰ ਕਮਰੇ ਦੀ ਜ਼ਰੂਰਤ ਪੈਂਦੀ
ਉਹ ਮੈਨੂੰ ਪੈਸੇ ਦੇ ਕੇ ਬਾਹਰ ਭੇਜ ਦੇਂਦੇ। ਮੈਂ ਉਪੱਰ ਥੱਲੀ ਦੋ ਤਿੰਨ ਫਿਲਮਾਂ ਵੇਖ ਲੈਂਦਾ।
ਫਿਰ ਰੇਲਵੇ ਸਟੇਸ਼ਨ ਦੇ ਵੇਟਿੰਗ ਰੂਮ ਵਿੱਚ ਬੈਠਾ ਸਵੇਰ ਹੋਣ ਦੀ ਇੰਤਜ਼ਾਰ ਕਰਦਾ।
ਕਈ ਵਾਰੀ ਪੁਤਲੀਘਰ ਅਮਰ ਚਿੱਤਰਕਾਰ ਦੀ ਦੁਕਾਨ ਤੇ ਚਲਾ ਜਾਂਦਾ। ਅਮਰ ਨੇ ਮੇਰੀ ਪਹਿਲੀ
ਕਵਿਤਾਵਾਂ ਦੀ ਕਿਤਾਬ ਮਿੱਟੀ ਦੇ ਮਾਨਸ ਦਾ ਕਵਰ ਬਣਾਇਆ ਸੀ। ਇੱਕ ਵਧੀਆ ਚਿੱਤਰਕਾਰ ਤੇ ਕਵੀ
ਨੂੰ ਜ਼ਿੰਦਗੀ ਦੀਆਂ ਲੋੜਾਂ ਨੇ ਰਿਕਸ਼ਿਆਂ ਤੇ ਵੇਲ ਬੂਟੇ ਪੇਂਟ ਕਰਨ ਤੇ ਮਜਬੂਰ ਕਰ ਦਿੱਤਾ
ਸੀ। ਇੱਕ ਦਿਨ ਉਸ ਕਿਹਾ, ਯਾਰ, ਸ਼ਿਵ ਕੁਮਾਰ ਬਟਾਲਵੀ ਅੱਜਕਲ੍ਹ ਤੇਰੇ ਹੋਟਲ ਦੇ ਨੇੜੇ ਹੀ ਰਹਿ
ਰਿਹਾ ਏ... ਉਸ ਨੂੰ ਮਿਲਿਆ ਏਂ?
ਉਸ ਸ਼ਾਮ ਗਰੈਂਡ ਹੋਟਲ ਦੇ ਬਾਹਰ ਮੈਂ ਸ਼ਿਵ ਕੁਮਾਰ ਨੂੰ ਮਿਲਿਆ। ਉਸ ਨੇ ਮੈਨੂੰ ਗੁਰਸ਼ਰਨ ਸਿੰਘ
ਦਾ ਨਾਟਕ ਦੇਖਣ ਉਸ ਨਾਲ ਜਾਣ ਲਈ ਕਿਹਾ। ਸਿੰਚਾਈ ਵਿਭਾਗ ਜਿੱਥੇ ਗੁਰਸ਼ਰਨ ਸਿੰਘ ਦਾ ਨਾਟਕ
ਖੇਡਿਆ ਜਾਣਾ ਸੀ ਜ਼ਿਆਦਾ ਦੂਰ ਨਹੀਂ ਸੀ। ਸੜਕ ਦੀ ਭੀੜ ਤੋਂ ਬੇਪਰਵਾਹ ਤੁਰੇ ਜਾਂਦਿਆਂ ਸ਼ਿਵ
ਨੇ ਦੱਸਿਆ ਕਿ ਉਸ ਦਾ ਕਾਵਿ-ਨਾਟਕ ਲੂਣਾ ਛਪ ਰਿਹਾ ਸੀ। ਉਹ ਲੂਣਾ ਦੀਆਂ ਸਤਰਾਂ ਸੁਣਾਉਣ ਲੱਗ
ਪਿਆ, ਮੈਂ ਅੱਗ ਟੁਰੀ ਪਰਦੇਸ ਨੀ ਸਈਉ, ਅੱਗ ਟੁਰੀ ਪਰਦੇਸ... ਇੱਕ ਛਾਤੀ ਮੇਰੀ ਹਾੜ ਤਪੰਦਾ,
ਦੂਜੀ ਤਪਦਾ ਜੇਠ...
ਅੱਜ ਸੋਚਦਾ ਹਾਂ ਕਿ ਸ਼ਿਵ ਦੇ ਔਰਤ ਲਈ ਵਰਤੇ ਬਿੰਬ - ਅੱਗ ਤੇ ਸਪਨੀ - ਦੋਧਾਰੀ ਤਲਵਾਰ ਬਣ
ਜਾਣ ਦੀ ਸਮਰੱਥਾ ਰੱਖਦੇ ਹਨ। ਅੱਗ ਤੇ ਸਪਨੀ ਦਾ ਸੰਕੇਤ ਕਾਮ ਦੀ ਉਸ ਅਵਸਥਾ ਵੱਲ ਹੈ ਜਿਹੜੀ
ਭਾਰਤੀ ਸਭਿਅਤਾ ਵਿੱਚ ਸਦਾ ਹੀਨ ਭਾਵਨਾ ਨਾਲ ਵੇਖੀ ਗਈ ਹੈ। ਇਹ ਬਿੰਬ ਵਰਤ ਕੇ ਬੇਸ਼ਕ ਉਹ ਔਰਤ
ਦੇ ਉਨ੍ਹਾਂ ਮਨੋਭਾਵਾਂ ਨੂੰ ਕੀਲਣ ਵਿੱਚ ਸਫ਼ਲ ਰਿਹਾ ਜੋ ਉਸ ਤੋਂ ਪਹਿਲੀ ਪੀੜ੍ਹੀ ਦੇ ਕਵੀਆਂ
ਦੀ ਪਕੜ ਵਿੱਚ ਨਹੀਂ ਆਏ ਸਨ। ਪਰ ਉਸਦੀ ਕਵਿਤਾ ਵਿੱਚ ਇਨ੍ਹਾਂ ਬਿੰਬਾਂ ਦੀ ਭਰਮਾਰ ਔਰਤ ਬਾਰੇ
ਪ੍ਰਚਲਤ ਸਟੀਰੀਉਟਾਈਪ ਦੀ ਅਣਜਾਣੇ ਹੀ ਹਿਮਾਇਤ ਕਰ ਜਾਂਦੀ ਹੈ ਜਿਸ ਵਿੱਚ ਔਰਤ ਨੂੰ ਸਿਰਫ
ਕਾਮ ਪੂਰਤੀ ਦਾ ਸਾਧਨ ਸਮਝਿਆ ਗਿਆ ਹੈ। ਫਿਰ ਵੀ ਮੈਂ ਸਮਝਦਾ ਹਾਂ ਕਿ ਪੰਜਾਬੀ ਸਾਹਿਤ ਵਿੱਚ
ਸਮੁੱਚੇ ਤੌਰ ਤੇ ਲੂਣਾ ਔਰਤ ਨਾਲ ਜੁੱਗਾਂ ਤੋਂ ਹੋ ਰਹੀ ਬੇਇਨਸਾਫੀ ਵਿਰੁੱਧ ਇੱਕ ਬੇਮਿਸਾਲ
ਆਵਾਜ਼ ਹੈ। ਔਰਤ ਦੀ ਨਿਰਪੇਖ ਪਹਿਚਾਨ ਦਾ ਵਧੀਆ ਨਮੂਨਾ ਹੈ।
ਨਾਟਕਘਰ ਪਹੁੰਚਣ ਤੋਂ ਪਹਿਲਾਂ ਅਸੀਂ ਕਈ ਸਾਲਾਂ ਦਾ ਸਫਰ ਤਹਿ ਕਰ ਲਿਆ ਸੀ।
ਅੰਮ੍ਰਿਤਸਰ ਰਹਿੰਦਿਆਂ ਤਿੰਨ ਚਾਰ ਵਾਰੀ ਸ਼ਿਵ ਕੁਮਾਰ ਨੂੰ ਮਿਲਣ ਦਾ ਮੌਕਾ ਮਿਲਿਆ। ਅਸੀਂ
ਲਾਰੰਸ ਰੋਡ ਤੇ ਤੁਰ ਪੈਂਦੇ। ਕਦੀ ਸਿੰਧੀ ਕਾਫੀ ਹਾਊਸ ਵਿੱਚ ਬੈਠ ਜਾਂਦੇ, ਕਦੀ ਬੀਅਰ ਬਾਰ।
ਸ਼ਿਵ ਆਪਣੇ ਬਾਰੇ ਗੱਲਾਂ ਕਰਦਾ, ਮੈਂ ਸੁਣਦਾ ਰਹਿੰਦਾ। ਕਈ ਵਾਰੀ ਉਸ ਦੀਆਂ ਗੱਲਾਂ ਵਿੱਚ ਕੁਝ
ਨੁਕਤੇ ਇੱਕ ਦੂਜੇ ਨਾਲ ਮੇਲ ਨਾ ਖਾਂਦੇ। ਪਰ ਮੈਨੂੰ ਇਸ ਦਾ ਕੋਈ ਫਰਕ ਨਾ ਪੈਂਦਾ। ਮੈਨੂੰ ਉਸ
ਦੇ ਮੂੰਹੋਂ ਕੁਝ ਵੀ ਸੁਣਨਾ ਚੰਗਾ ਲੱਗਦਾ।
ਸ਼ਿਵ ਕੁਮਾਰ ਅੰਮ੍ਰਿਤਸਰ ਛੱਡਕੇ ਬਟਾਲੇ ਚਲਾ ਗਿਆ।
ਬਟਾਲਾ ਛੱਡਣ ਤੋਂ ਪੰਜ ਸਾਲਾਂ ਦੇ ਬਾਦ ਕੁਦਰਤ ਮੈਨੂੰ ਇਸ ਸ਼ਹਿਰ ਵਾਪਸ ਲੈ ਆਈ... ਸ਼ਿਵ
ਕੁਮਾਰ ਦੇ ਸ਼ਹਿਰ। ਇਨ੍ਹਾਂ ਸਾਲਾਂ ਵਿੱਚ ਮੈਂ ਕਿਸੇ ਤਰ੍ਹਾਂ ਪਰਾਈਵੇਟ ਇਮਤਿਹਾਨ ਦੇ ਕੇ ਬੀ
ਏ ਪਾਸ ਕਰ ਲਈ ਸੀ। ਮੈਂ ਬੇਰਿੰਗ ਕਾਲਜ ਬਟਾਲਾ ਵਿੱਚ ਅੰਗਰੇਜ਼ੀ ਦੀ ਐਮ ਏ ਕਰਨੀ ਚਾਹੁੰਦਾ ਸੀ
ਪਰ ਕਾਲਜ ਦੀ ਪੜ੍ਹਾਈ ਦੇ ਖਰਚ ਬਾਰੇ ਸੋਚ ਕੇ ਦਿਲ ਡੁੱਬਣ ਲੱਗਦਾ ਸੀ। ਹਿੰਮਤ ਕਰਕੇ ਅਰਜ਼ੀ
ਦੇ ਦਿੱਤੀ।
ਕਾਲਜ ਵਿੱਚ ਦਾਖਲਾ ਮਿਲ ਗਿਆ ਪਰ ਰਹਿਣ ਦੀ ਸਮੱਸਿਆ ਹੱਲ ਨ ਹੋਈ। ਇੱਕ ਦਿਨ ਮੇਰੇ ਇੱਕ ਜਮਾਤੀ
ਨੇ ਕਿਹਾ, ਸ਼ਿਵ ਕੁਮਾਰ ਸਟੇਟ ਬੈਂਕ ਆਫ ਇੰਡੀਆ ਵਿੱਚ ਨੌਕਰੀ ਕਰਦਾ ਹੈ... ਕਾਲਜ ਦੇ ਨੇੜੇ
ਕੋਠੀ ਕਿਰਾਏ ਤੇ ਲੈ ਕੇ ਰਹਿ ਰਿਹਾ ਹੈ। ਮੈਨੂੰ ਹਨੇਰੇ ਵਿੱਚ ਰੋਸ਼ਨੀ ਦੀ ਕਿਰਨ ਦਿਖਾਈ ਦਿੱਤੀ
ਪਰ ਮੈਂ ਝਿਜਕਦਾ ਰਿਹਾ। ਕਾਲਜ ਦੇ ਸਾਲਾਨਾ ਕਾਂਟੈਸਟ ਵਿੱਚ ਇੱਕ ਪ੍ਰੋਫੈਸਰ ਦੇ ਕਹਿਣ ਤੇ
ਮੈਂ ਆਪਣੀ ਨਜ਼ਮ ਪੜ੍ਹੀ। ਮੈਨੂੰ ਪਹਿਲਾ ਇਨਾਮ ਮਿਲਿਆ। ਸ਼ਿਵ ਕੁਮਾਰ ਨੂੰ ਜੱਜ ਦੇ ਤੌਰ ਤੇ
ਬੁਲਾਇਆ ਗਿਆ ਸੀ। ਫੰਕਸ਼ਨ ਦੇ ਬਾਦ ਸ਼ਿਵ ਮਿਲਿਆ, ਗਲ ਲਾਇਆ, ਕਿਹਾ ਤੇਰੀ ਨਜ਼ਮ ਚੰਗੀ ਲੱਗੀ...
ਮਿਲਦਾ ਰਿਹਾ ਕਰ।
ਇੱਕ ਸ਼ਾਮ ਕਾਲਜ ਦੇ ਬਾਦ ਮੈਂ ਸ਼ਿਵ ਕੁਮਾਰ ਦੀ ਕੋਠੀ ਗਿਆ। ਉਹ ਬੜੇ ਪਿਆਰ ਨਾਲ ਮਿਲਿਆ। ਮੈਨੂੰ
ਸਮਝ ਨਹੀਂ ਆ ਰਹੀ ਸੀ ਕਿ ਗੱਲ ਕਿਵੇਂ ਸ਼ੁਰੂ ਕਰਾਂ। ਉਸਨੇ ਮੇਰੇ ਚੇਹਰੇ ਨੂੰ ਪੜ੍ਹ ਲਿਆ ਤੇ
ਕਿਹਾ, ਤੂੰ ਏਨਾ ਉਦਾਸ ਕਿਉਂ ਹੈਂ? ਮੈਂ ਕਿਹਾ, ਮੇਰੇ ਕੋਲ ਰਹਿਣ ਦੀ ਥਾਂ ਨਹੀਂ। ਉਸ ਨੇ
ਝੱਟ ਕਿਹਾ, ਤੂੰ ਏਥੇ ਕਿਉਂ ਨਹੀਂ ਆ ਜਾਂਦਾ...। ਅਗਲੇ ਦਿਨ ਮੈਂ ਆਪਣੀਆਂ ਕਿਤਾਬਾਂ ਤੇ ਚਾਰ
ਕੱਪੜੇ ਚੁੱਕ ਕੇ ਸ਼ਿਵ ਕੁਮਾਰ ਦੇ ਘਰ ਰਹਿਣ ਲਈ ਆ ਗਿਆ।
ਸ਼ਿਵ ਕੁਮਾਰ ਉਮਰ ਵਿੱਚ ਮੇਰੇ ਤੋਂ ਨੌਂ ਸਾਲ ਵੱਡਾ ਸੀ। ਮੈਂ ਉਸ ਨੂੰ ਭਾਅ ਜੀ ਕਹਿਕੇ
ਬੁਲਾਉਣਾ ਸ਼ੁਰੂ ਕਰ ਦਿੱਤਾ ਸੀ। ਕਈ ਵਾਰੀ ਨਸ਼ੇ ਦੀ ਹਾਲਤ ਵਿੱਚ ਉਹ ਆਖਦਾ, ਤੂੰ ਮੇਰਾ ਛੋਟਾ
ਭਰਾ ਹੈਂ। ਮੇਰਾ ਜੀਅ ਕਰਦਾ ਮੈਂ ਉਸ ਦੇ ਹਰ ਲਫਜ਼ ਤੇ ਵਿਸ਼ਵਾਸ ਕਰਾਂ। ਬਹੁਤ ਦੇਰ ਬਾਦ ਸਮਝ
ਆਈ ਕਿ ਸ਼ਿਵ ਕਿਸੇ ਨੂੰ ਵੀ ਅਹਿਸਾਸ ਕਰਵਾ ਸਕਦਾ ਸੀ ਕਿ ਉਹ ਉਸ ਦਾ ਜਿਗਰੀ ਦੋਸਤ ਹੈ।
ਸ਼ਿਵ ਦੇ ਕਹਿਣ ਤੇ ਮੈਂ ਆਪਣੇ ਅਮਰੀਕਨ ਪ੍ਰੋਫ਼ੈਸਰ ਨਾਲ ਗੱਲ ਕੀਤੀ ਕਿ ਉਹ ਸ਼ਿਵ ਦੀਆਂ ਕਵਿਤਾਵਾਂ
ਦੇ ਅੰਗਰੇਜ਼ੀ ਅਨੁਵਾਦ ਨੂੰ ਐਡਿਟ ਕਰੇ। ਇਹ ਅਨੁਵਾਦ ਸ਼ਿਵ ਦੇ ਇੱਕ ਕਦਰਦਾਨ ਅੰਗਰੇਜ਼ੀ ਦੇ
ਪ੍ਰੋਫ਼ੈਸਰ ਨੇ ਕੀਤਾ ਸੀ। ਪਰ ਜਦ ਮੈਂ ਇਨ੍ਹਾਂ ਕਵਿਤਾਵਾਂ ਨੂੰ ਪੜ੍ਹਿਆ ਤਾਂ ਮੇਰੀ ਹਿੰਮਤ
ਨਾ ਪਈ ਕਿ ਮੈਂ ਇਨ੍ਹਾਂ ਨੂੰ ਉਸ ਪ੍ਰੋਫ਼ੈਸਰ ਨੂੰ ਵਿਖਾ ਸਕਾਂ। ਮੇਰੇ ਖ਼ਿਆਲ ਵਿੱਚ ਸ਼ਿਵ ਦੀ
ਕਵਿਤਾ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਨਾ ਉਸ ਦੇ ਹੁਨਰ ਨਾਲ ਬੇਇਨਸਾਫ਼ੀ ਕਰਨੀ ਸੀ। ਮੇਰਾ
ਮਤਲਬ ਹੈ ਇਨ੍ਹਾਂ ਸਤਰਾਂ ਵਿਚਲੇ ਅਹਿਸਾਸ ਨੂੰ ਕਿਸੇ ਹੋਰ ਜ਼ਬਾਨ ਵਿੱਚ ਕਿਵੇਂ ਪੇਸ਼ ਕੀਤਾ ਜਾ
ਸਕਦਾ ਹੈ:
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ਚੰਬੇ ਦੀਏ ਡਾਲੀਏ...
ਸਾਡਾ ਇਸ਼ਕ ਕੁਆਰਾ ਮਰ ਗਿਆ
ਕੋਈ ਲੈ ਗਿਆ ਕੱਢ ਮਸਾਣ ਵੇ
ਸਾਡੇ ਨੈਣ ਤੇਰੀ ਅੱਜ ਦੀਦ ਦੀ
ਪਏ ਕਿਰਿਆ ਕਰਮ ਕਰਾਣ ਵੇ...
ਸਾਨੂੰ ਦਿੱਤੇ ਹਿਜਰ ਤਵੀਤੜੇ
ਤੇਰੀ ਫ਼ੁਰਕਤ ਦੇ ਸੁਲਤਾਨ ਵੇ
ਅੱਜ ਪ੍ਰੀਤ ਨਗਰ ਦੇ ਸੌਰੀਏ
ਸਾਨੂੰ ਚੌਂਕੀ ਬੈਠ ਖਿਡਾਣ ਵੇ...
ਕੀ ਗ਼ੈਰ ਪੰਜਾਬੀ ਪਾਠਕ ਇਨ੍ਹਾਂ ਸ਼ਬਦਾਂ ਦੀ ਰੂਹ ਨੂੰ ਪਹਿਚਾਨ ਸਕਣਗੇ? ਉਸ ਮਿੱਟੀ ਦੀ ਮਹਿਕ
ਮਹਿਸੂਸ ਕਰ ਸਕਣਗੇ ਜਿਸ ਧਰਤੀ ਦੀ ਇਹ ਉਪਜ ਹਨ? ਸ਼ਿਵ ਨੂੰ ਸ਼ਾਇਦ ਮੇਰੇ ਕੋਲੋਂ ਇਹ ਉਮੀਦ ਨਹੀਂ
ਸੀ। ਦੋ ਚਾਰ ਵਾਰ ਯਾਦ ਕਰਵਾਉਣ ਬਾਦ ਉਸ ਨੇ ਕਹਿਣਾ ਛੱਡ ਦਿੱਤਾ।
ਸਾਹਿਤ ਬਾਰੇ ਜੇ ਅਸੀਂ ਕਦੀ ਗੱਲ ਕੀਤੀ ਹੋਵੇ ਤਾਂ ਯਾਦ ਨਹੀਂ। ਆਪਣੇ ਸਮਕਾਲੀ ਲੇਖਕਾਂ ਬਾਰੇ
ਸ਼ਿਵ ਦੇ ਕੀ ਵਿਚਾਰ ਸਨ? ਆਪਣੀ ਉਮਰ ਤੋਂ ਵੱਡੇ ਕੁਝ ਇੱਕ ਸਥਾਪਤ ਸਾਹਿਤਕਾਰਾਂ ਤੋਂ ਇਲਾਵਾ
ਉਸ ਕੋਲ ਕਿਸੇ ਦੀ ਪ੍ਰਸੰਸਾ ਲਈ ਸ਼ਬਦ ਘੱਟ ਹੀ ਸਨ। ਉਸ ਕੋਲ ਪੁੰਗਰਦੇ ਲੇਖਕਾਂ ਦੀਆਂ ਕਿਤਾਬਾਂ
ਆਉਂਦੀਆਂ ਪਰ ਮੈਂ ਉਸ ਨੂੰ ਕੋਈ ਕਿਤਾਬ ਖ੍ਹੋਲ ਕੇ ਪੜ੍ਹਦਿਆਂ ਕਦੀ ਨਹੀਂ ਵੇਖਿਆ ਸੀ। ਉਂਜ
ਉਸ ਦੀ ਯਾਦਦਾਸ਼ਤ ਕਮਾਲ ਦੀ ਸੀ। ਜੋ ਕੁਝ ਉਸ ਨੇ ਆਪਣੇ ਕਾਲਜ ਦੇ ਦਿਨਾਂ ਵਿੱਚ ਪੜ੍ਹਿਆ ਸੀ
ਬਹੁਤ ਕੁਝ ਯਾਦ ਰੱਖਿਆ ਸੀ।
ਸਾਲ 1966 ਦੇ ਆਖ਼ਰੀ ਦਿਨ ਸਨ। ਸ਼ਿਵ ਆਪਣੇ ਵਿਆਹ ਬਾਰੇ ਗੱਲ ਕਰਨ ਲੱਗਿਆ। ਮੈਨੂੰ ਹੈਰਾਨੀ
ਹੋਈ। ਕੌਣ ਸੀ ਉਸ ਦੇ ਜੀਵਨ ਸਾਥ ਦੀ ਚੋਣ? ਇਹ ਸਭ ਕਦੋਂ ਹੋਇਆ? ਕਿਵੇਂ ਹੋਇਆ? ਸ਼ਾਇਦ ਉਸ ਨੇ
ਇਹ ਗੱਲ ਮੇਰੇ ਨਾਲ ਸਾਂਝੀ ਕਰਨ ਦੀ ਜ਼ਰੂਰਤ ਨਾ ਸਮਝੀ ਹੋਵੇ। ਖ਼ੈਰ, ਉਸ ਦੇ ਚੇਹਰੇ ਤੇ ਰੌਣਕ
ਆ ਗਈ ਸੀ, ਅਵਾਜ਼ ਵਿੱਚ ਇੱਕ ਨਵਾਂ ਸਰੂਰ ਭਰ ਗਿਆ ਸੀ। ਕਈ ਵਾਰੀ ਗੱਲਾਂ ਕਰਦਾ ਕਰਦਾ ਉਹ
ਉਦਾਸ ਹੋ ਜਾਂਦਾ। ਮੈਂ ਉਸਦੀ ਉਦਾਸੀ ਸਮਝਦਾ ਸੀ ਇਸ ਲਈ ਪੁਛੱਣ ਦੀ ਲੋੜ ਨਹੀਂ ਸੀ। ਉਹ ਆਪਣਾ
ਵਿਆਹ ਧੂਮ ਧਾਮ ਨਾਲ ਕਰਨਾ ਚਾਹੁੰਦਾ ਸੀ ਪਰ ਉਸ ਕੋਲ ਵਸੀਲੇ ਨਹੀਂ ਸਨ।
ਸ਼ਿਵ ਦੇ ਕਹਿਣ ਤੇ ਮੈਂ ਉਸ ਦੇ ਦੋਸਤਾਂ ਨੂੰ ਚਿੱਠੀਆਂ ਲਿਖਣ ਲੱਗਾ। ਉਸਨੂੰ ਸਹਾਇਤਾ ਦੀ ਲੋੜ
ਸੀ। ਮੈਨੂੰ ਯਾਦ ਨਹੀਂ ਇੱਕ ਵੀ ਖ਼ਤ ਦਾ ਜਵਾਬ ਆਇਆ ਹੋਵੇ। ਸ਼ਿਵ ਦੀ ਡਿਪਰੈਸ਼ਨ ਵਧ ਰਹੀ ਸੀ।
ਉਹ ਆਪਣੀ ਬਰਾਤ ਵਿੱਚ ਸ਼ਾਮਲ ਹੋਣ ਵਾਲੇ ਵੱਡੇ ਵੱਡੇ ਲੋਕਾਂ ਤੇ ਆਪਣੇ ਰੁਤਬੇ ਦੀ ਮੋਹਰ ਲਾਉਣੀ
ਚਾਹੁੰਦਾ ਸੀ। ਮੈਨੂੰ ਇਸ ਮੱਧਵਰਗੀ ਬ੍ਰਿਤੀ ਤੇ ਘਿਰਣਾ ਹੋਣ ਲੱਗੀ ਸੀ। ਉਸ ਦੇ ਕਹਿਣ ਤੇ
ਮੈਂ ਨਾ ਚਾਹੁੰਦਾ ਹੋਇਆ ਵੀ ਉਸ ਦੇ ਇੱਕ ਕਦਰਦਾਨ ਪੰਜਾਬ ਸਰਕਾਰ ਦੇ ਮੰਤਰੀ ਨੂੰ ਮਿਲਿਆ ਤੇ
ਉਸ ਦੀ ਸਹਾਇਤਾ ਕਰਨ ਦਾ ਸੁਨੇਹਾ ਦਿੱਤਾ। ਪਠਾਨਕੋਟ ਜਾਕੇ ਉਸ ਦੀ ਹੋਣ ਵਾਲੀ ਪਤਨੀ ਦੇ
ਪਰਿਵਾਰ ਨੂੰ ਮਿਲਿਆ।
ਸ਼ਿਵ ਕੁਮਾਰ ਦੇ ਵਿਆਹ ਬਾਰੇ ਮੇਰੀ ਯਾਦ ਧੁੰਦਲੀ ਪੈ ਗਈ ਹੈ। ਬੱਸ ਯਾਦ ਹੈ ਪਠਾਨਕੋਟ ਦੇ
ਰੈਸਟ ਹਾਊਸ ਵਿੱਚ ਫਰਵਰੀ ਮਹੀਨੇ ਦੀ ਇੱਕ ਸਰਦ ਸ਼ਾਮ... ਯਾਦ ਨਹੀਂ ਕੌਣ ਇਸ ਜਸ਼ਨ ਵਿੱਚ ਸ਼ਾਮਲ
ਸੀ ਤੇ ਕੌਣ ਨਹੀਂ... ਯਾਦ ਹੈ ਨਸ਼ੇ ਦਾ ਵਗਦਾ ਦਰਿਆ... ਉਸ ਦਰਿਆ ਵਿੱਚ ਦੂਜੇ ਕਈ ਲੋਕਾਂ
ਵਾਂਗ ਮੈਂ ਵੀ ਡੁੱਬ ਗਿਆ ਸਾਂ।
ਅਰੁਣਾ ਭਾਬੀ ਜਦ ਸ਼ਿਵ ਦੇ ਇਸ ਘਰ ਆਈ (ਜਿੱਥੇ ਮੇਰੇ ਇਲਾਵਾ ਬੇਰਿੰਗ ਕਾਲਜ ਦਾ ਇੱਕ ਹੋਰ
ਵਿਦਿਆਰਥੀ ਵੀ ਰਹਿੰਦਾ ਸੀ) ਤਾਂ ਲੱਗਿਆ ਜਿਵੇਂ ਪੱਤਝੜ ਵਿੱਚ ਬਹਾਰ ਆ ਗਈ ਹੋਵੇ। ਸ਼ਿਵ ਦੀ
ਸੰਗਤ ਵਿੱਚ ਮੇਰੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਸੀ। ਮੈਨੂੰ ਆਉਣ ਵਾਲੇ ਇਮਤਿਹਾਨਾਂ
ਦਾ ਫ਼ਿਕਰ ਲੱਗ ਗਿਆ। ਸ਼ਿਵ ਨੂੰ ਕਿਹਾ, ਮੇਰਾ ਇੱਕ ਜਮਾਤੀ ਇਕੱਲਾ ਰਹਿੰਦਾ ਹੈ। ਮੈਂ ਕੁਝ ਦਿਨਾਂ
ਲਈ ਉਸ ਨਾਲ ਰਹਿ ਕੇ ਪੜ੍ਹਾਈ ਕਰਨੀ ਚਾਹੁੰਦਾ ਹਾਂ। ਸ਼ਿਵ ਨੇ ਕਿਹਾ, ਠੀਕ ਹੈ ਜਦੋਂ ਤੇਰਾ
ਜੀਅ ਕਰੇ ਆ ਜਾਇਆ ਕਰ... ਇਹ ਘਰ ਤੇਰਾ ਵੀ ਹੈ। ਮੈਂ ਆਪਣੀਆਂ ਕਿਤਾਬਾਂ ਤੇ ਚਾਰ ਕੱਪੜੇ ਕੱਛੇ
ਮਾਰੇ ਤੇ ਬਿਨਾ ਕੁਝ ਕਹੇ ਬਾਹਰ ਨਿਕਲ ਆਇਆ।
ਮੇਰੀ ਖਾਨਾਬਦੋਸ਼ੀ ਦਾ ਸਿਲਸਿਲਾ ਫਿਰ ਸ਼ੁਰੂ ਹੋ ਗਿਆ। ਦਿਨ ਕਾਲਜ ਵਿੱਚ ਨਿਕਲ ਜਾਂਦਾ, ਰਾਤ
ਅੱਜ ਏਥੇ ਕੱਲ ਓਥੇ। ਇਨ੍ਹਾਂ ਦਿਨਾਂ ਵਿੱਚ ਮੈਂ ਸ਼ਿਵ ਕੁਮਾਰ ਨੂੰ ਮਿਲਣ ਨਹੀਂ ਗਿਆ। ਮੈਂ ਨਹੀਂ
ਚਾਹੁੰਦਾ ਸੀ ਕਿ ਉਸਨੂੰ ਮੇਰੀ ਮੁਫਲਸੀ ਤੇ ਤਰਸ ਆਵੇ ਤੇ ਉਹ ਮੈਨੂੰ ਮੁੜ ਘਰ ਆਉਣ ਲਈ ਕਹੇ।
ਸ਼ਿਵ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਸਨ। ਮੈਂ ਇਨ੍ਹਾਂ ਜ਼ਿੰਮੇਵਾਰੀਆਂ ਵਿੱਚ ਸ਼ਾਮਲ ਨਹੀਂ ਹੋਣਾ
ਚਾਹੁੰਦਾ ਸੀ। ਕਦੀ ਕਦੀ ਇਹ ਜਾਨਣ ਨੂੰ ਮਨ ਕਰਦਾ, ਕੀ ਉਹ ਮੇਰੇ ਬਾਰੇ ਸੋਚਦਾ ਸੀ? ਸ਼ਿਵ ਨੂੰ
ਆਪਣੇ ਬਾਰੇ ਕਹਿਣ ਦੀ ਲੋੜ ਕਦੀ ਮਹਿਸੂਸ ਨਹੀਂ ਕੀਤੀ ਸੀ। ਦਰਦ ਦੇ ਰਿਸ਼ਤੇ ਦੀ ਕੋਈ ਜ਼ਬਾਨ ਨਹੀਂ
ਹੁੰਦੀ।
ਮੈਂ ਐਮ ਏ ਦਾ ਪਹਿਲਾ ਸਾਲ ਪਾਸ ਕਰ ਲਿਆ ਸੀ। ਮੇਰੇ ਅਮਰੀਕਨ ਪ੍ਰੋਫੈਸਰ ਨੇ ਮੈਨੂੰ ਹੋਸਟਲ
ਵਿੱਚ ਕਮਰਾ ਲੈ ਦਿੱਤਾ। ਹੋਸਟਲ ਸ਼ਿਵ ਕੁਮਾਰ ਦੀ ਕੋਠੀ ਤੋਂ ਪੰਜ ਕੁ ਮਿਨਟ ਦੂਰ ਸੀ। ਕਈ ਵਾਰੀ
ਉਹ ਅਚਾਨਕ ਆ ਜਾਂਦਾ। ਅਸੀਂ ਕਾਦੀਆਂ ਵਾਲੀ ਸੜਕ ਤੇ ਨਿਕਲ ਤੁਰਦੇ। ਉਹ ਆਪਣੀ ਕੋਈ ਨਵੀਂ ਨਜ਼ਮ
ਸੁਣਾਉਂਦਾ, ਮੈਂ ਸੁਣਦਾ। ਮੈਂ ਕੀ ਲਿਖਿਆ ਹੈ, ਇਸ ਬਾਰੇ ਅਸੀਂ ਘੱਟ ਹੀ ਗੱਲ ਕਰਦੇ। ਸਿਰਫ
ਇੱਕ ਵਾਰੀ ਉਸਨੇ ਗੱਲਾਂ ਗੱਲਾਂ ‘ਚ ਕਿਹਾ ਸੀ, ਤੂੰ ਆਪਣੀ ਨਵੀਂ ਕਿਤਾਬ ਦਾ ਨਾਂ ਦਿਲ ਦਰਿਆ
ਸਮੁੰਦਰੋਂ ਡੂੰਘੇ ਰੱਖ ਲੈ (ਇਹ ਕਿਤਾਬ 1968 ਵਿੱਚ ਤੇਈ ਕਵਿਤਾਵਾਂ ਦੇ ਨਾਂ ਹੇਠ ਛਪੀ ਸੀ)
ਸ਼ਿਵ ਕੁਮਾਰ ਜਦ ਲੂਣਾ ਨੂੰ ਦਿੱਤੇ ਗਏ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਲੈਕੇ ਦਿੱਲੀ
ਤੋਂ ਵਾਪਸ ਆਇਆ ਤਾਂ ਮੈਨੂੰ ਹੋਸਟਲ ਵਿੱਚ ਮਿਲਣ ਆਇਆ। ਮੇਰੇ ਨਾਲ ਸ਼ਾਮ ਦੀ ਰੋਟੀ ਖਾਧੀ ਤੇ
ਫਿਰ ਅਸੀਂ ਬਾਜ਼ਾਰ ਵੱਲ ਤੁਰ ਪਏ। ਕਹਿਣ ਲੱਗਾ, ਮੈਂ ਇੱਕ ਲੰਮੀ ਕਵਿਤਾ ਲਿਖ ਰਿਹਾ ਹਾਂ। ਕੁਝ
ਸਤਰਾਂ ਸੁਣਾਈਆਂ:
ਮੇਰਾ ਸੰਕਟ ਸਦਾ ਇਹ ਸੀ
ਮੇਰਾ ਸੰਕਟ ਸਦਾ ਇਹ ਹੈ
ਉਮਰ ਜਦ ਹਾਣ ਸੀ ਮੇਰੇ
ਮੈਂ ਉਸ ਦੇ ਹਾਣ ਦਾ ਨਹੀਂ ਸਾਂ
ਮੈਂ ਉਸਦੇ ਹਾਣ ਦਾ ਜਦ ਹੋਇਆ
ਉਹ ਮੇਰੇ ਹਾਣ ਦੀ ਨਾ ਰਹੀ
ਸੋ ਮੈਨੂੰ ਕਲ੍ਹ ਦੀ ਉਮਰਾ
ਹਮੇਸ਼ਾ ਅੱਜ ਹੰਢਾਣੀ ਪਈ
ਤੇ ਮੇਰੀ ਅੱਜ ਦੀ ਉਮਰਾ
ਮੇਰੇ ਲਈ ਰੋਜ਼ ਵਿਰਥਾ ਗਈ...
ਚਾਰ ਦਹਾਕੇ ਪਹਿਲਾਂ ਸੁਣੀਆਂ ਇਹ ਸਤਰਾਂ ਅੱਜ ਵੀ ਮੇਰੇ ਜ਼ਿਹਨ ਵਿੱਚ ਤਾਜ਼ਾ ਹਨ... ਮੈਂ ਸਮਝਦਾ
ਹਾਂ ਚੰਗੀ ਕਵਿਤਾ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ? ਮੈਨੂੰ ਆਪਣੇ ਦੋਸਤ ਦੀ
ਪ੍ਰਾਪਤੀ ਤੇ ਮਾਣ ਸੀ।
ਸ਼ਿਵ ਕੁਮਾਰ ਜਦ ਬਾਪ ਬਣ ਗਿਆ ਤਾਂ ਸੁਣਕੇ ਹੋਰ ਖੁਸ਼ੀ ਹੋਈ। ਫਿਰ ਸੋਚਿਆ, ਸ਼ਿਵ ਮਸਤ ਮਲੰਗ
ਇਨਸਾਨ ਹੈ... ਪਰਿਵਾਰਕ ਬੰਧਨਾ ਤੇ ਸਮਾਜਕ ਰਸਮਾਂ ਦੇ ਦਾਇਰੇ ਤੋਂ ਨਿਰਲੇਪ। ਕਿਸ ਤਰ੍ਹਾਂ
ਚੱਲੇਗੀ ਗਰਿਹਸਤ ਦੀ ਗੱਡੀ? ਫਿਰ ਉਸ ਦੇ ਘਰ ਇੱਕ ਬੇਟੀ ਨੇ ਜਨਮ ਲਿਆ। ਸੁਣਿਆਂ ਸ਼ਿਵ ਨੂੰ
ਆਪਣੇ ਬੱਚਿਆਂ ਨਾਲ ਬੜਾ ਮੋਹ ਸੀ। ਉਨ੍ਹਾਂ ਦਾ ਬਹੁਤ ਖ਼ਿਆਲ ਰੱਖਦਾ ਸੀ। ਉਸ ਨੇ ਆਪਣੇ ਬਾਰੇ
ਕਦੀ ਫ਼ਿਕਰ ਨਹੀਂ ਕੀਤਾ ਸੀ। ਹੁਣ ਉਹ ਆਪਣੇ ਬੱਚਿਆਂ ਦੀਆਂ ਲੋੜਾਂ ਬਾਰੇ ਫ਼ਿਕਰਮੰਦ ਸੀ। ਸੁਣਕੇ
ਚੰਗਾ ਹੀ ਲੱਗਿਆ।
ਸ਼ਿਵ ਕੁਮਾਰ ਲਈ ਹੁਣ ਬਟਾਲਾ ਬਹੁਤ ਛੋਟਾ ਹੋ ਗਿਆ ਸੀ। ਬਟਾਲੇ ਵਰਗਾ ਸ਼ਹਿਰ ਉਸ ਦੇ ਪੈਰਾਂ
ਨੂੰ ਤੁਰਨ ਲਈ ਸੜਕਾਂ ਦੇ ਕੁਝ ਟੋਟੇ ਦੇ ਸਕਦਾ ਸੀ। ਉਸ ਦੇ ਪੰਖਾਂ ਨੂੰ ਉੱਡਣ ਲਈ ਅਸਮਾਨ ਦੇ
ਇੱਕ ਟੁਕੜੇ ਦੀ ਲੋੜ ਸੀ। ਸ਼ਿਵ ਬਟਾਲਾ ਛੱਡ ਕੇ ਚੰਡੀਗੜ੍ਹ ਚਲਾ ਗਿਆ। ਮੈਂ ਐਮ ਏ ਪਾਸ ਕਰ ਲਈ
ਸੀ। ਮੈਨੂੰ ਬੇਰਿੰਗ ਕਾਲਜ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਦੀ ਨੌਕਰੀ ਮਿਲ ਗਈ।
ਅਗਲੇ ਕੁਝ ਮਹੀਨਿਆਂ ਵਿੱਚ ਮੇਰਾ ਚੰਡੀਗੜ੍ਹ ਜਾਣਾ ਵਧ ਗਿਆ ਸੀ। ਮੇਰੀ ਹੋਣ ਵਾਲੀ ਪਤਨੀ
ਪੰਜਾਬ ਯੂਨੀਵਰਸਿਟੀ ਵਿੱਚ ਕਲਾਸਾਂ ਲੈ ਰਹੀ ਸੀ ਤੇ ਗਰਲਜ਼ ਹੋਸਟਲ ਵਿੱਚ ਰਹਿੰਦੀ ਸੀ। ਮੈਂ
ਉਸ ਨੂੰ ਮਿਲਣ ਯੂਨੀਵਰਸਿਟੀ ਜਾਂਦਾ ਪਰ ਠਹਿਰਦਾ ਸ਼ਿਵ ਕੁਮਾਰ ਦੇ ਘਰ ਹੀ। ਜਦ ਸ਼ਿਵ ਨੂੰ ਸਾਡੇ
ਮੇਲਜੋਲ ਬਾਰੇ ਪਤਾ ਲੱਗਾ ਤਾਂ ਉਹ ਬੜਾ ਖੁਸ਼ ਹੋਇਆ। ਤੇ ਫਿਰ ਇੱਕ ਦਿਨ ਸ਼ਿਵ ਦੇ ਘਰ ਮੇਰੀ
ਹੋਣ ਵਾਲੀ ਪਤਨੀ ਦਾ ਵੱਡਾ ਭਰਾ ਮੈਨੂੰ ਮਿਲਣ ਆਇਆ। ਸ਼ਿਵ ਨੇ ਮੇਰੀਆਂ ਤਾਰੀਫ਼ਾਂ ਦੇ ਪੁਲ
ਬੰਨ੍ਹ ਦਿੱਤੇ। ਮੇਰੀ ਹਿੰਮਤ ਦੀ ਦਾਦ ਦਿੱਤੀ। ਮੇਰੇ ਉੱਜਲੇ ਭਵਿੱਖ ਦੀ ਗੱਲ ਕੀਤੀ। ਇਸ
ਸੰਖੇਪ ਜਿਹੀ ਮਿਲਣੀ ਨੇ ਸਾਡੇ ਰਿਸ਼ਤੇ ਤੇ ਪਰਵਾਨਗੀ ਦੀ ਮੋਹਰ ਲਾ ਦਿੱਤੀ।
ਮਈ 1970 ਵਿੱਚ ਮੈਨੂੰ ਇੱਕ ਅਮਰੀਕਨ ਯੂਨੀਵਰਸਿਟੀ ਵਿੱਚ ਦਾਖ਼ਲਾ ਮਿਲ ਗਿਆ। 6 ਜੁਲਾਈ ਨੂੰ
ਪਟਿਆਲੇ ਮੇਰੀ ਸ਼ਾਦੀ ਹੋਈ। ਸ਼ਾਮ ਨੂੰ ਸ਼ਿਵ ਕੁਮਾਰ ਆਇਆ। ਮੈਨੂੰ ਮੁਬਾਰਕ ਦਿੱਤੀ। ਫਿਰ ਉਹ
ਬਟਾਲੇ ਤੋਂ ਆਏ ਕੁਝ ਦੋਸਤਾਂ ਨਾਲ ਬਾਹਰ ਚਲਾ ਗਿਆ। ਅਗਲੀ ਸਵੇਰ ਸ਼ਿਵ ਤੁਰਨ ਲੱਗਿਆ ਤਾਂ ਮੈਂ
ਵਾਅਦਾ ਕੀਤਾ ਕਿ ਅਮਰੀਕਾ ਜਾਣ ਤੋਂ ਪਹਿਲਾਂ ਉਸ ਨੂੰ ਮਿਲਣ ਚੰਡੀਗੜ੍ਹ ਆਵਾਂਗਾ। ਅਗਸਤ ਦੇ
ਅੰਤ ਵਿੱਚ ਮੇਰੇ ਸੁਪਨਿਆਂ ਦੀ ਪੈੜ ਮੈਨੂੰ ਸਮੁੰਦਰੋਂ ਪਾਰ ਲੈ ਗਈ।
ਅਮਰੀਕਾ ਆਕੇ ਮੈਂ ਸ਼ਿਵ ਨੂੰ ਇੱਕ ਵੀ ਖ਼ਤ ਨਹੀਂ ਲਿਖਿਆ ਸੀ। ਮੈਂ ਉਸ ਨਾਲ ਕੀਤਾ ਵਾਅਦਾ
ਨਿਭਾਇਆ ਨਹੀਂ ਸੀ। ਸੋਚਦਾ ਸਾਂ ਕਿ ਦੋ ਕੁ ਸਾਲ ਬਾਦ ਮੈਂ ਆਪਣੇ ਦੇਸ ਮੁੜ ਜਾਵਾਂਗਾ।
ਚੰਡੀਗੜ੍ਹ ਜਾ ਕੇ ਉਸ ਕੋਲੋਂ ਮੁਆਫੀ ਮੰਗ ਲਵਾਂਗਾ। ਉਹ ਸਮਝ ਜਾਵੇਗਾ। ਪਰ ਵਕਤ ਨੂੰ ਇਹ
ਮਨਜ਼ੂਰ ਨਹੀਂ ਸੀ।
ਅਮਰੀਕਾ ਵਿੱਚ ਪਹਿਲੇ ਦੋ ਸਾਲਾਂ ਵਿੱਚ ਮੈਂ ਸੰਘਰਸ਼ ਕਰਦਾ ਲਗਭਗ ਟੁੱਟ ਗਿਆ ਸਾਂ। ਹੌਸਲਾ
ਕਾਇਮ ਰੱਖਣ ਲਈ ਮੈਂ ਭਵਿੱਖ ਬਾਰੇ ਸੋਚਣ ਲੱਗਦਾ। ਮੇਰੇ ਤੇ ਮੇਰੇ ਅਤੀਤ ਵਿਚਲੀ ਦੂਰੀ ਵਧ ਰਹੀ
ਸੀ। ਮੈਂ ਆਪਣੇ ਅਤੀਤ ਵਿੱਚ ਮੁੜਨਾ ਨਹੀਂ ਚਾਹੁੰਦਾ ਸਾਂ। ਦੋਸਤਾਂ ਦੇ ਖ਼ਤ ਆਉਂਦੇ, ਮੈਂ ਦੋ
ਚਾਰ ਸਤਰਾਂ ਲਿਖ ਭੇਜਦਾ। ਫਿਰ ਉਹ ਸਤਰਾਂ ਵੀ ਚੁੱਪ ਦੇ ਸਮੁੰਦਰ ਵਿੱਚ ਡੁੱਬ ਗਈਆਂ।
ਜੂਨ 1973 ਦਾ ਉਹ ਦਿਨ ਅੱਜ ਵੀ ਯਾਦ ਹੈ ਜਿਵੇਂ ਕਲ੍ਹ ਦੀ ਗੱਲ ਹੋਵੇ। ਮੈਂ ਵਾਸ਼ਿੰਗਟਨ ਸਟੇਟ
ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਪੀ ਐੱਚ ਡੀ ਦਾ ਵਿਦਿਆਰਥੀ ਸੀ। ਬਟਾਲੇ ਤੋਂ ਇੱਕ
ਦੋਸਤ ਦਾ ਖ਼ਤ ਆਇਆ। ਲਿਖਿਆ ਸੀ, ਸ਼ਿਵ ਭਾਅ ਜੀ ਹੁਣ ਨਹੀਂ ਰਹੇ। ਇਉਂ ਲੱਗਿਆ ਜਿਵੇਂ ਜਿਸਮ ਦਾ
ਇੱਕ ਅੰਗ ਟੁੱਟ ਕੇ ਸਦਾ ਲਈ ਜੁਦਾ ਹੋ ਗਿਆ ਹੋਵੇ।
ਮੇਰੇ ਅਮਰੀਕਾ ਆਉਣ ਤੋਂ ਬਾਦ ਸ਼ਿਵ ਦੀ ਜ਼ਿੰਦਗੀ ਵਿੱਚ ਕੀ ਵਾਪਰਿਆ ਇਸ ਬਾਰੇ ਮੈਨੂੰ ਕੋਈ ਖ਼ਬਰ
ਨਹੀਂ ਸੀ। ਪਰਦੇਸ ਰਹਿੰਦਿਆਂ ਤੇਰਾਂ ਸਾਲ ਮੈਂ ਦੇਸ ਨਹੀਂ ਪਰਤਿਆ। ਪੰਜਾਬੀ ਸਾਹਿਤ ਨਾਲ ਮੇਰਾ
ਰਿਸ਼ਤਾ ਲਗਭਗ ਟੁੱਟ ਗਿਆ ਸੀ। ਕਈ ਸਾਲ ਬਾਦ ਸ਼ਿਵ ਦੇ ਆਖ਼ਰੀ ਦਿਨਾਂ ਬਾਰੇ ਪਤਾ ਲੱਗਾ। ਉਸ ਦੀ
ਜਿਸਮਾਨੀ, ਮਾਨਸਿਕ ਤੇ ਜਜ਼ਬਾਤੀ ਹਾਲਤ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਤੇ ਕਿੱਸੇ
ਪੜ੍ਹਣ ਸੁਣਨ ਨੂੰ ਮਿਲੇ। ਉਸ ਦੇ ਆਖ਼ਰੀ ਦਿਨਾਂ ਦੀ ਵਿਥਿਆ ਨੇ ਮੇਰਾ ਦਿਲ ਹਿਲਾ ਕੇ ਰੱਖ
ਦਿੱਤਾ। ਮੇਰਾ ਮਨ ਇਹ ਸਭ ਕੁਝ ਮੰਨਣੋਂ ਇਨਕਾਰ ਕਰਦਾ ਰਿਹਾ।
ਸੁਣਿਆ ਕਿ ਉਸ ਦੀ ਇਸ ਹਾਲਤ ਵਿੱਚ ਉਸ ਦੀ ਇੰਗਲੈਂਡ ਫੇਰੀ ਦਾ ਵੱਡਾ ਹੱਥ ਸੀ। ਉਸ ਦੇ ਸਿਰ
ਤੇ ਇੰਗਲੈਂਡ ਜਾਣ ਦਾ ਭੂਤ ਕਈ ਸਾਲ ਪਹਿਲਾਂ ਸਵਾਰ ਹੋ ਚੁੱਕਿਆ ਸੀ। ਕਈ ਵਾਰੀ ਉਸ ਮੈਨੂੰ
ਆਪਣੇ ਇੱਕ ਮਿਹਰਬਾਨ ਦੇ ਭੇਜੇ ਸਪਾਂਸਰਸ਼ਿਪ ਦੇ ਕਾਗਜ਼ ਦਿਖਾਏ ਸਨ। ਉਹ ਇੰਗਲੈਂਡ ਜਾਣ ਲਈ ਏਨਾ
ਉਤਾਵਲਾ ਕਿਉਂ ਸੀ? ਸ਼ੋਹਰਤ ਖੱਟਣ ਲਈ? ਪੈਸਾ ਕਮਾਣ ਲਈ? ਆਪਣਾ ਇਲਾਜ ਕਰਵਾਣ ਲਈ? ਜਾਂ...?
ਕਦੀ ਆਖਦਾ, ਗਾਰਗੀ, ਸੇਖੋਂ ਅੰਮ੍ਰਿਤਾ ਸਭ ਬਾਹਰ ਤੁਰੇ ਰਹਿੰਦੇ ਨੇ... ਇੰਗਲੈਂਡ ਵਿੱਚ ਲੋਕ
ਮੈਨੂੰ ਵੇਖਣ ਨੂੰ ਤਰਸਦੇ ਨੇ... ਬੱਸ ਹੁਣ ਮੈਂ ਵੀ ਚਲੇ ਹੀ ਜਾਣਾ ਏ। ਉਸ ਦੀ ਇਹ ਖ਼ਾਹਿਸ਼
ਆਖ਼ਰ ਪੂਰੀ ਹੋ ਹੀ ਗਈ...
ਜਿਸ ਸ਼ਿਵ ਕੁਮਾਰ ਨੂੰ ਮੈਂ ਜੁਲਾਈ 1970 ਵਿੱਚ ਛੱਡ ਕੇ ਆਇਆ ਸੀ ਉਹ ਸ਼ਿਵ ਆਪਣੇ ਜੋਬਨ ਤੇ
ਪ੍ਰਤਿਭਾ ਦੀ ਸਿਖਰ ਤੇ ਸੀ। ਉਸ ਸ਼ਿਵ ਦੀ ਯਾਦ ਮੇਰੇ ਬੀਤੇ ਦਿਨਾਂ ਦਾ ਸਰਮਾਇਆ ਹੈ। ਮੈਂ
ਸਿਰਫ ਉਸ ਸ਼ਿਵ ਦੀ ਗੱਲ ਹੀ ਕਰਾਂਗਾ।
ਸ਼ਿਵ ਕੁਮਾਰ ਨੇ ਆਪਣੇ ਆਪ ਨੂੰ ਜੋਬਨ ਰੁੱਤੇ ਤੁਰ ਜਾਣ ਦਾ ਵਚਨ ਦਿੱਤਾ ਸੀ। ਇਸ ਪੱਖੋਂ ਉਹ
ਵਚਨ ਦਾ ਪੱਕਾ ਨਿਕਲਿਆ। ਮੈਂ ਅਕਸਰ ਸੋਚਦਾ ਹਾਂ, ਸ਼ਿਵ ਜ਼ਿੰਦਗੀ ਤੋਂ ਏਨਾ ਉਪਰਾਮ ਕਿਉਂ ਸੀ?
ਆਖ਼ਰ ਐਸਾ ਕੀ ਦੁੱਖ ਸੀ ਜਿਸਨੇ ਉਸ ਨੂੰ ਸਮੁੱਚੀ ਜ਼ਿੰਦਗੀ ਤੋਂ ਉਪਰਾਮ ਕਰ ਦਿੱਤਾ ਸੀ। ਸ਼ਿਵ
ਨੇ ਲਿਖਿਆ ਸੀ, ਇਹ ਫੱਟ ਹਨ ਇਸ਼ਕ ਦੇ, ਇਨ੍ਹਾਂ ਦੀ ਯਾਰੋ ਕੀਹ ਦਵਾ ਹੋਵੇ। ਬੇਸ਼ਕ ਇਸ਼ਕ ਦੇ
ਫੱਟ ਲਾਇਲਾਜ ਹਨ ਪਰ ਫ਼ੈਜ਼ ਅਹਿਮਦ ਫ਼ੈਜ਼ ਦੇ ਕਹਿਣ ਅਨੁਸਾਰ, ਔਰ ਭੀ ਗ਼ਮ ਹੈਂ ਜ਼ਮਾਨੇ ਮੇਂ
ਮੁਹੱਬਤ ਕੇ ਸਿਵਾ । ਗ਼ਮ ਤਾਂ ਹਰ ਜ਼ਿੰਦਗੀ ਵਿੱਚ ਹੈ ਪਰ ਇਸ ਦੀ ਕੋਈ ਵਜਹ ਤਾਂ ਹੋਣੀ ਚਾਹੀਦੀ
ਹੈ। ਏਨੇ ਵੱਡੇ ਦੁੱਖ ਦੀ ਵਜਹ ਵੀ ਵੱਡੀ ਹੋਣੀ ਚਾਹੀਦੀ ਹੈ।
ਮੇਰੇ ਖ਼ਿਆਲ ਵਿੱਚ ਸ਼ਿਵ ਕੁਮਾਰ ਦਾ ਦੁੱਖ ਸਮਝਣ ਲਈ ਸਾਨੂੰ ਸ਼ਿਵ ਦੀ ਲਾਜਵੰਤੀ ਦੇ ਮੁੱਖਬੰਧ
ਵਿੱਚ ਸੰਤ ਸਿੰਘ ਸੇਖੋਂ ਦੇ ਸ਼ਿਵ ਬਾਰੇ ਲਿਖੇ ਸ਼ਬਦਾਂ ਤੇ ਧਿਆਨ ਦੇਣਾ ਪਵੇਗਾ: ‘‘ਉਸ ਦੇ
ਦੁੱਖ ਓਥੋਂ ਸ਼ੁਰੂ ਹੁੰਦੇ ਹਨ ਜਿੱਥੇ ਕੀਟਸ ਦੇ ਖਤਮ ਹੁੰਦੇ ਹਨ’’। ਹੁਣ ਜ਼ਰਾ ਅੰਗਰੇਜ਼ੀ ਦੇ
ਇਸ ਅਮਰ ਕਵੀ ਕੀਟਸ ਦੇ ਦੁੱਖਾਂ ਤੇ ਨਜ਼ਰ ਮਾਰੀਏ। ਅੱਠ ਸਾਲ ਦੀ ਉਮਰ ਵਿੱਚ ਬਾਪ ਮਰ ਗਿਆ। ਦਸ
ਸਾਲ ਦੀ ਉਮਰ ਵਿੱਚ ਦਾਦਾ, ਜੋ ਕੀਟਸ ਨੂੰ ਪਾਲ ਪੋਸ ਰਿਹਾ ਸੀ, ਮਰ ਗਿਆ। ਮਾਮੇ ਨੇ ਉਸ ਦੀ
ਦੇਖਭਾਲ ਦੀ ਜ਼ਿੰਮੇਵਾਰੀ ਲਈ ਪਰ ਕੀਟਸ ਹਾਲੇ ਤੇਰਾਂ ਸਾਲਾਂ ਦਾ ਸੀ ਜਦ ਮਾਮਾ ਮਰ ਗਿਆ। ਚੌਧਵੇਂ
ਵਰ੍ਹੇ ਵਿੱਚ ਮਾਂ ਮਰ ਗਈ ਟੀ ਬੀ ਦੀ ਲਾਇਲਾਜ ਬੀਮਾਰੀ ਨਾਲ। ਸਾਰੇ ਪਰਿਵਾਰ ਦਾ ਭਾਰ ਕੀਟਸ
ਦੇ ਮੋਢਿਆਂ ਤੇ ਆਣ ਪਿਆ। ਹਾਲੇ ਇੱਕੀ ਸਾਲ ਪੂਰੇ ਨਹੀਂ ਕੀਤੇ ਸਨ ਕਿ ਛੋਟੇ ਭਰਾ ਨੂੰ ਨਾਮਰਦ
ਟੀ ਬੀ ਖਾ ਗਈ। ਦੋ ਸਾਲ ਬਾਦ ਉਹ ਕੁੜੀ ਜਿਸ ਨਾਲ ਉਸ ਨੇ ਜੀਣ ਮਰਨ ਦੇ ਵਾਅਦੇ ਕੀਤੇ ਸੀ ਛੱਡ
ਗਈ। ਚੱਵ੍ਹੀ ਸਾਲ ਦੇ ਵਿਚਾਲੇ ਟੀ ਬੀ ਨੇ ਕੀਟਸ ਦੇ ਜਿਸਮ ਨੂੰ ਆਪਣਾ ਘਰ ਬਣਾ ਲਿਆ। ਉਮਰ ਦੇ
ਪੰਝੀ ਸਾਲ ਤੇ ਚਾਰ ਮਹੀਨੇ ਪੂਰੇ ਕਰਕੇ ਜਾਨ ਕੀਟਸ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।
ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਜਿੱਥੇ ਕੀਟਸ ਦੇ ਦੁੱਖ ਖਤਮ ਹੁੰਦੇ ਹਨ ਉੱਥੇ
ਕਿਸਤਰ੍ਹਾਂ ਦੇ ਦੁੱਖ ਸ਼ੁਰੂ ਹੁੰਦੇ ਹੋਣਗੇ?
ਪਰ ਆਲੋਚਕ ਦੀ ਇੱਕ ਸਤਰ ਨੇ ਸ਼ਿਵ ਕੁਮਾਰ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਉਹ ਮੌਤ ਨੂੰ
ਚਿੱਠੀਆਂ ਲਿਖਣ ਲੱਗ ਪਿਆ। ਉਸ ਦੇ ਆਪਣੇ ਕਹਿਣ ਮੁਤਾਬਕ, ਪਹਿਲੇ ਪਿਆਰ ਨੂੰ ਗੁਆਕੇ ਉਹ ਮੁੜ
ਜ਼ਿੰਦਗੀ ਭਰ ਕਿਸੇ ਕੁੜੀ ਨੂੰ ਪਿਆਰ ਨਹੀਂ ਕਰ ਸਕਿਆ। ਹੁਣ ਉਸ ਨੂੰ ਮੌਤ ਨਾਲ ਇਸ਼ਕ ਹੋ ਗਿਆ
ਸੀ। ਪਰ ਜਾਨ ਕੀਟਸ ਨੂੰ ਮੌਤ ਨਾਲ ਇਸ਼ਕ ਨਹੀਂ ਸੀ। ਜ਼ਿੰਦਗੀ ਨੇ ਬੇਸ਼ਕ ਦੁੱਖ ਹੀ ਉਸਦੀ ਝੋਲੀ
ਪਾਏ ਸਨ ਉਹ ਸਦਾ ਜ਼ਿੰਦਗੀ ਦਾ ਆਸ਼ਕ ਬਣਿਆ ਰਿਹਾ। ਸਗੋਂ ਉਸ ਨੂੰ ਸਦਾ ਇਹ ਝੋਰਾ ਖਾਂਦਾ ਰਿਹਾ
ਕਿ ਵਕਤ ਉਸ ਨੂੰ ਜ਼ਿੰਦਗੀ ਦੀਆਂ ਅਨਮੋਲ ਦਾਤਾਂ ਨੂੰ ਮਾਨਣ ਤੋਂ ਵਾਂਝਿਆਂ ਰੱਖੇਗਾ। ਇਹ ਸੋਚਕੇ
ਉਹ ਡਰ ਜਾਂਦਾ ਸੀ। ਇਸ ਡਰ ਦਾ ਪ੍ਰਗਟਾਵਾ ਆਪਣੀ ਕਵਿਤਾ ਵਿੱਚ ਕਰਦਾ ਸੀ। ਮੌਤ ਦੇ ਸਹਿਮ ਨੂੰ
ਸਵੀਕਾਰ ਕਰਨਾ ਉਸ ਦੀ ਕਵਿਤਾ ਦੀ ਈਮਾਨਦਾਰੀ ਹੈ।
ਜਿਸ ਸਾਲ ਸੰਤ ਸਿੰਘ ਸੇਖੋਂ ਨੇ ਸ਼ਿਵ ਕੁਮਾਰ ਦੀ ਜ਼ਿੰਦਗੀ ਦੀ ਕਿਤਾਬ ਦੇ ਇੱਕ ਪੰਨੇ ਤੇ ਜਾਨ
ਕੀਟਸ ਦਾ ਨਾਂ ਝਰੀਟ ਦਿੱਤਾ ਸੀ ਉਸ ਸਾਲ ਸ਼ਿਵ ਉਮਰ ਦੇ ਪੰਝੀ ਵਰ੍ਹੇ ਪੂਰੇ ਕਰ ਚੁੱਕਾ ਸੀ।
ਹੁਣ ਉਸ ਨੂੰ ਮੌਤ ਦੇ ਇੱਕ ਨਵੇਂ ਮੀਲ ਪੱਥਰ ਦੀ ਤਲਾਸ਼ ਸੀ। ਬਿਰਹਣ ਜਿੰਦ ਮੇਰੀ ਨੇ ਸਈਓ,
ਕੋਹ ਇੱਕ ਹੋਰ ਮੁਕਾਇਆ ਨੀ, ਪੱਕਾ ਮੀਲ ਮੌਤ ਦਾ ਨਜ਼ਰੀਂ, ਅਜੇ ਵੀ ਨਾ ਪਰ ਆਇਆ ਨੀ। ਇੱਕ ਰਾਤ
ਅੰਮ੍ਰਿਤਸਰ ਤੋਂ ਕਵੀ ਦਰਬਾਰ ਭੁਗਤਾ ਕੇ ਮੁੜਦਿਆਂ ਉਸ ਕਿਹਾ, ਬੱਸ ਹੁਣ ਮੈਂ ਹੋਰ ਨਹੀਂ ਜੀਣਾ...
ਈਸਾ ਨੂੰ ਤੇਤੀ ਸਾਲ ਦੀ ਉਮਰੇ ਸੂਲੀ ਚੜ੍ਹਾ ਦਿੱਤਾ ਸੀ... ਮੇਰੇ ਲਈ ਸ਼ਾਇਦ ਕੋਈ ਸਲੀਬ...।
ਮੈਂ ਸੁਣਕੇ ਕੰਬ ਗਿਆ ਸੀ। ਸ਼ਿਵ ਦੀ ਉਮਰ ਉਸ ਵੇਲੇ ਤੀਹ ਸਾਲਾਂ ਦੀ ਸੀ। ਕੁਝ ਸਮੇਂ ਬਾਦ ਉਸ
ਲਿਖਿਆ:
ਮੇਰੇ ਵਰਗੇ ਮਸੀਹੇ ਵਾਸਤੇ
ਕਿੱਲ ਬਹੁਤ ਸਸਤੇ ਨੇ
ਸਲੀਬਾਂ ਤੋਂ ਬਿਨਾ ਵੀ ਮਰਨ ਦੇ
ਕਈ ਹੋਰ ਰਸਤੇ ਨੇ
ਇਨ੍ਹਾਂ ਰਸਤਿਆ ਵਿੱਚੋਂ ਇੱਕ ਰਸਤਾ ਜਾਂਦਾ ਸੀ ਨਸ਼ੇ ਤੇ ਮਦਹੋਸ਼ੀ ਦੀ ਦੁਨੀਆ ਵੱਲ। ਕੁਝ ਸਾਲ
ਇਸ ਰਸਤੇ ਤੁਰਿਆ ਜਾ ਸਕਦਾ ਸੀ। ਸ਼ਿਵ ਕੋਲ ਇਸ ਸਫ਼ਰ ਲਈ ਕਿਸੇ ਪਾਸਪੋਰਟ, ਕਿਸੇ ਵੀਜ਼ੇ ਦੀ
ਜ਼ਰੂਰਤ ਨਹੀਂ ਸੀ। ਉਹ ਸਥਾਪਤ ਲੋਕਪ੍ਰਿਯ ਸ਼ਾਇਰ ਸੀ। ਇਸ ਰਸਤੇ ਤੁਰਨ ਨਾਲ ਉਸ ਦਾ ਆਪਣੀ
ਮੰਜ਼ਿਲ ਤੇ ਪਹੁੰਚਣਾ ਨਿਸ਼ਚਤ ਸੀ। ਮੌਤ ਉਸਦਾ ਰਾਹ ਵੇਖ ਰਹੀ ਸੀ।
ਜੇ ਸੋਚਿਆ ਜਾਵੇ ਤਾਂ ਸ਼ਿਵ ਦੀ ਜ਼ਿੰਦਗੀ ਵਿੱਚ ਕੁਦਰਤ ਨੇ ਕਿੰਨੀਆਂ ਦਾਤਾਂ ਬਖ਼ਸ਼ੀਆਂ ਸਨ ਜੋ
ਥੁੜਾਂ ਮਾਰੇ ਇਸ ਦੇਸ਼ ਵਿੱਚ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀਆਂ ਹਨ। ਫਿਰ ਉਹ ਕਿਹੜਾ
ਦੁੱਖ ਸੀ ਜਿਸਤੋਂ ਛੁਟਕਾਰਾ ਪਾਉਣ ਦੀ ਉਸ ਨੂੰ ਏਨੀ ਕਾਹਲ ਪਈ ਸੀ? ਸ਼ਇਦ ਅਸਲੀ ਗ਼ਮ ਨਾਲੋਂ
ਕਲਪਤ ਗ਼ਮ ਦੇ ਦਰਿਆ ਵਿੱਚ ਡੁੱਬਣ ਦਾ ਆਪਣਾ ਹੀ ਆਨੰਦ ਹੈ।
ਕਵਿਤਾ ਲਿਖਦਾ ਲਿਖਦਾ ਸ਼ਿਵ ਕੁਮਾਰ ਖ਼ੁਦ ਕਵਿਤਾ ਬਣ ਗਿਆ ਸੀ। ਕਵਿਤਾ ਉਸ ਦੀ ਜ਼ਿੰਦਗੀ ਵਿੱਚ
ਇਸ ਤਰ੍ਹਾਂ ਰਚ ਗਈ ਸੀ ਜਿਸ ਤਰ੍ਹਾਂ ਨਾੜੀਆਂ ਵਿੱਚ ਵਗਦਾ ਖ਼ੂਨ। ਉਹ ਉਸ ਮੁਕਾਮ ਤੇ ਪਹੁੰਚ
ਚੁੱਕਾ ਸੀ ਜਿੱਥੇ ਕਲਾਕਾਰ ਆਪਣੀ ਕਲਾ ਵਿੱਚ ਸਮਾ ਜਾਂਦਾ ਹੈ। ਜਾਂ ਇੰਜ ਕਹਿ ਲਵੋ ਕਿ ਕਲਾ
ਕਲਾਕਾਰ ਨੂੰ ਆਪਣੇ ਵਿੱਚ ਸਮੇਟ ਲੈਂਦੀ ਹੈ। ਦੋਹਾਂ ਵਿੱਚ ਕੋਈ ਫਰਕ ਜਾਂ ਫ਼ਾਸਲਾ ਨਹੀਂ
ਰਹਿੰਦਾ। ਸ਼ਿਵ ਕੁਮਾਰ ਲਈ ਜ਼ਿੰਦਗੀ ਤੇ ਮੌਤ ਵਿੱਚ ਕੋਈ ਫ਼ਾਸਲਾ ਨਹੀਂ ਰਿਹਾ ਸੀ।
ਜ਼ਿੰਦਗੀ ਸ਼ਿਵ ਕੁਮਾਰ ਲਈ ਇੱਕ ਕਾਵਿ ਨਾਟਕ ਬਣ ਗਈ ਸੀ ਜਿਸ ਦੀ ਕਥਾ ਉਸ ਨੇ ਖ਼ੁਦ ਲਿਖੀ ਸੀ।
ਇਸ ਨਾਟਕ ਦਾ ਸੂਤਰਧਾਰ ਉਹ ਆਪ ਸੀ ਤੇ ਆਪ ਹੀ ਇਸ ਦਾ ਨਿਰਦੇਸ਼ਕ। ਇਸ ਦਾ ਦਰਸ਼ਕ ਵੀ ਉਹੀ ਸੀ।
ਆਪਣੀ ਆਵਾਜ਼ ਦੇ ਜਾਦੂ ਦਾ ਕੀਲਿਆ ਸਰੋਤਾ ਵੀ ਆਪ ਸੀ।
ਅੱਜ ਇਹ ਸਤਰਾਂ ਲਿਖਦਿਆਂ ਸੋਚਦਾ ਹਾਂ ਕਿ ਮੀਲਾਂ ਤੇ ਵਰ੍ਹਿਆਂ ਦਾ ਇਕੱਠੇ ਸਫ਼ਰ ਕਰਨ ਦੇ
ਬਾਵਜੂਦ ਵੀ ਸ਼ਿਵ ਕੁਮਾਰ ਮੇਰੇ ਲਈ ਹਮੇਸ਼ਾ ਇੱਕ ਪੈਰਾਡਾਕਸ ਬਣਿਆ ਰਿਹਾ ਹੈ। ਕਿਸੇ ਹੱਦ ਤੱਕ
ਅਸੀਂ ਸਾਰੇ ਆਪਣੇ ਆਪਣੇ ਪੈਰਾਡਾਕਸ ਹਾਂ। ਆਤਮਵਿਰੋਧ ਮਨੁੱਖੀ ਫਿਤਰਤ ਹੈ। ਸ਼ਿਵ ਕੁਮਾਰ ਨੂੰ
ਜਿੰਨੀ ਮੁਹੱਬਤ ਤੇ ਮਾਣਤਾ ਆਪਣੇ ਸਰੋਤਿਆਂ ਤੇ ਪਾਠਕਾਂ ਕੋਲੋਂ ਮਿਲੀ ਉਸ ਦਾ ਅੰਦਾਜ਼ਾ ਲਾਉਣਾ
ਮੁਸ਼ਕਿਲ ਹੈ। ਪਰ ਉਹ ਆਲੋਚਕਾਂ ਤੋਂ ਮਿਲਣ ਜਾਂ ਨਾ ਮਿਲਣ ਵਾਲੀ ਮਾਣਤਾ ਨੂੰ ਹੀ ਤਰਜੀਹ ਦੇਂਦਾ
ਰਿਹਾ। ਸਮਕਾਲੀ ਸਾਹਿਤਕਾਰ ਸਨਮਾਨ ਤੇ ਪ੍ਰਮਾਣਿਕਤਾ ਹਾਸਲ ਕਰਨ ਲਈ ਜਦ ਤਰ੍ਹਾਂ ਤਰ੍ਹਾਂ ਦੇ
ਪਰਪੰਚ ਰਚਦੇ ਤਾਂ ਉਹ ਉਨ੍ਹਾਂ ਦੀ ਨਿੰਦਿਆ ਕਰਦਾ। ਬੁਰਜ਼ੂਆ ਕੀਮਤਾਂ ਦੀ ਨਖੇਧੀ ਕਰਦਾ ਪਰ
ਖ਼ੁਦ ਇਨ੍ਹਾਂ ਦਾ ਸ਼ਿਕਾਰ ਬਣ ਜਾਂਦਾ। ਆਪਣੇ ਨਾਂ ਨਾਲ ਆਪ ਜੋੜੇ ਆਪਣੇ ਪਹਿਚਾਨ ਪੱਤਰ ‘‘ਬਟਾਲਵੀ’’
ਨੂੰ ਵਗਾਹ ਵਗਾਹ ਮਾਰਦਾ। ਆਪਣੇ ਮੁੱਢਲੇ ਗੀਤਾਂ (ਮੈਨੂੰ ਹੀਰੇ ਹੀਰੇ ਆਖੇ) ਨੂੰ ਨਕਾਰਦਾ
(‘‘ਇਹ ਮੇਰੀ ਅਨਪੜ੍ਹਤਾ ਦਾ ਢੰਡੋਰਾ ਪਿੱਟ ਰਿਹੈ’’)। ਆਪਣੇ ਮੱਧਵਰਗੀ ਪਿਛੋਕੜ ਤੇ ਸ਼ਰਮ
ਮਹਿਸੂਸ ਕਰਦਾ। ਨਿਰੋਲ ਸੁੱਚੀ ਕਵਿਤਾ (ਲੋਕੀਂ ਪੂਜਣ ਰੱਬ ਮੈਂ ਤੇਰਾ ਬਿਰਹੜਾ, ਸਾਨੂੰ ਸੌ
ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ) ਲਿਖਣ ਦੀ ਸਮਰੱਥਾ ਰੱਖਦਾ ਸਰਕਾਰੀ ਮਹਿਕਮੇ ਲਈ
ਇਸ਼ਤਿਹਾਰੀ ਤੁਕਬੰਦੀ ਕਰਨੋਂ ਵੀ ਗੁਰੇਜ਼ ਨਾ ਕਰਦਾ। ਮੈਨੂੰ ਇਹ ਸ਼ਬਦ ਲਿਖਣ ਲਈ ਆਪਣੀ ਜ਼ਮੀਰ ਤੇ
ਦੋਸਤੀ ਦੇ ਅਹਿਸਾਸ ਨਾਲ ਸੰਘਰਸ਼ ਕਰਨਾ ਪਿਆ ਹੈ। ਇਨ੍ਹਾਂ ਸ਼ਬਦਾਂ ਦੀ ਤਲਖੀ ਨੇ ਮੇਰੀ ਰੂਹ
ਨੂੰ ਝੰਜੋੜ ਦਿੱਤਾ ਹੈ।
ਸ਼ਿਵ ਕੁਮਾਰ ਬਾਰੇ ਲਿਖਦਿਆਂ ਮੈਨੂੰ ਅਸਮਰਥਤਾ ਮਹਿਸੂਸ ਹੁੰਦੀ ਹੈ। ਸ਼ਿਵ ਕੁਮਾਰ ਵਰਗਾ ਸ਼ਖਸ
ਆਪਣਾ ਇਤਿਹਾਸ ਆਪ ਲਿਖਦਾ ਹੈ।
ਸ਼ਿਵ ਕੁਮਾਰ ਦਾ ਨਾਂ ਮੋਹਨ ਸਿੰਘ - ਅਮ੍ਰਿਤਾ ਪ੍ਰੀਤਮ ਦੀ ਪੀੜ੍ਹੀ ਨਾਲ ਜੋੜਿਆ ਜਾਂਦਾ ਹੈ।
ਅਸਲ ਵਿੱਚ ਉਸ ਦਾ ਰਿਸ਼ਤਾ ਮਿਰਜ਼ਾ ਗ਼ਾਲਿਬ - ਮਜਾਜ਼ ਲਖਨਵੀ ਦੀ ਪਰੰਪਰਾ ਨਾਲ ਹੈ। ਉਸ ਨੇ ਕਵਿਤਾ
ਲਿਖੀ ਹੀ ਨਹੀਂ, ਕਵਿਤਾ ਨੂੰ ਜੀਵਿਆ ਹੈ, ਭੋਗਿਆ ਹੈ। ਜੇ ਉਸਨੇ ਉਮਰ ਭਰ ਗ਼ਮ ਦੇ ਗੀਤ ਹੀ
ਗਾਏ ਹਨ ਤਾਂ ਇਹੀ ਉਸ ਦੀ ਹੋਂਦ ਦਾ, ਉਸ ਦੀ ਕਲਾ ਦਾ ਸੱਚ ਸੀ। ਗ਼ਾਲਿਬ ਦੇ ਕਹਿਣ ਵਾਂਗ, ਕੈਦੇ
ਹਯਾਤ-ਉ-ਬੰਦੇ ਗ਼ਮ ਅਸਲ ਮੇਂ ਦੋਨੋਂ ਏਕ ਹੈਂ, ਮੌਤ ਸੇ ਪਹਿਲੇ ਆਦਮੀ ਗ਼ਮ ਸੇ ਨਜਾਤ ਪਾਏ ਕਿਯੂੰ
। ਸ਼ਿਵ ਦੇ ਗ਼ਮ, ਦੁੱਖ, ਦਰਦ ਅੱਗੇ ਪ੍ਰਸ਼ਨ ਚਿਨ੍ਹ ਖੜਾ ਕਰਨ ਦੀ ਲੋੜ ਨਹੀਂ।
ਸ਼ਿਵ ਕੁਮਾਰ ਦੀ ਰਚਨਾ ਕਿਸੇ ਸਹਿਤਕ ਮਾਪਦੰਡ ਜਾਂ ਰਵਾਇਤੀ ਕਸੌਟੀ ਤੇ ਪੂਰੀ ਉੱਤਰੇ ਜਾਂ ਨਾ
ਉੱਤਰੇ, ਉਸ ਦੀ ਮਹਾਨਤਾ ਉਸਦੇ ਪਾਠਕਾਂ ਦੇ ਦਿਲ ਦੀਆਂ ਗਹਿਰਾਈਆਂ, ਜ਼ਿਹਨ ਦੀਆਂ ਪਰਤਾਂ ਤੇ
ਰੂਹ ਦੀਆਂ ਗੁਫਾਵਾਂ ਵਿੱਚ ਉੱਤਰ ਕੇ ਆਪਣਾ ਸਦੀਵੀ ਸਥਾਨ ਬਣਾ ਲੈਣ ਵਿੱਚ ਹੈ। ਮੇਰਾ ਵਿਸ਼ਵਾਸ
ਹੈ ਕਿ ਜਦ ਕਦੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਦੋ ਪੰਜਾਬੀ ਮਿਲ ਬੈਠਣਗੇ ਤਾਂ ਸ਼ਿਵ
ਕੁਮਾਰ ਦਾ ਜ਼ਿਕਰ ਕੀਤੇ ਬਿਨਾ ਨਹੀਂ ਰਹਿਣਗੇ।
Prem Kumar, Ph.D.
8501 NE 110th PL
Kirkland, WA 98034
(Editor’s note: Prem Kumar is the Founder/Executive Director of Indian
American Education Foundation, a non-profit organization dedicated to
providing educational support to disabled children in India. Details at:
www.iaefseattle.org) |