(ਭਾਜੀ ਗੁਰਸ਼ਰਨ ਸਿੰਘ ਪਹਿਲੀ ਵਾਰ ਸੰਨ 1983 ਵਿੱਚ ਕਨੇਡਾ ਆਏ ਸਨ। ਉਸ ਫੇਰੀ ਦੌਰਾਨ 23
ਮਈ 1983 ਨੂੰ ਨਿਊਵੈਸਟਮਨਿਸਟਰ ਵਿੱਚ ਵਤਨੋਂ ਦੂਰ ਵਲੋਂ ਕੀਤੇ ਇਕ ਸਮਾਗਮ ਵਿੱਚ ਦਿੱਤੀ ਆਪਣੀ
ਤਕਰੀਰ ਵਿੱਚ ਉਹਨਾਂ ਆਪਣੇ ਬਚਪਨ ਅਤੇ ਆਪਣੇ ਰੰਗਮੰਚ ਦੀ ਸ਼ੁਰੂਆਤ ਬਾਰੇ ਜੋ ਕਿਹਾ, ਉਹ
ਪਾਠਕਾਂ ਲਈ ਹਾਜ਼ਰ ਹੈ। -ਸੰਪਾਦਕ)

(ਸੰਨ 1983 ਵਿੱਚ ਕਨੇਡਾ ਦੀ ਪਹਿਲੀ ਫੇਰੀ ਦੌਰਾਨ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਖੇ ਭਾਬੀ
ਜੀ ਕੈਲਾਸ਼ ਕੌਰ, ਭਾਜੀ ਗੁਰਸ਼ਰਨ ਸਿੰਘ ਅਤੇ ਡਾ: ਹਰੀ ਸ਼ਰਮਾ.)
ਮੈਂ ਇਥੇ ਤੁਹਾਡੇ ਸੱਦੇ ‘ਤੇ ਆਇਆ ਹਾਂ। ਕੁਝ ਆਪਣੇ ਬਾਰੇ, ਕੁਝ ਆਪਣੇ ਪੰਜਾਬ ਬਾਰੇ ਜਾਂ
ਕੁਝ ਤੁਹਾਥੋਂ ਸਾਨੂੰ ਉਮੀਦਾਂ ਨੇ, ਤੁਹਾਡਾ-ਸਾਡਾ ਆਪਸ ਦੇ ਵਿਚ ਸੰਪਰਕ ਕਿਸ ਤਰ੍ਹਾਂ ਹੋ
ਸਕਦਾ ਹੈ ਔਰ ਅਸੀਂ ਤੁਹਾਨੂੰ ਕੀ ਦੇ ਸਕਦੇ ਹਾਂ ਤੇ ਤੁਸੀਂ ਸਾਨੂੰ ਕੀ ਦੇ ਸਕਦੇ ਹੋ, ਇਹਦੇ
ਬਾਰੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਚਾਹਾਂਗਾ। ਸਾਰਿਆਂ ਨਾਲੋਂ ਪਹਿਲਾਂ ਕਿਓਂਕਿ
ਜਦੋਂ ਵੀ ਅਸੀਂ ਆਪਣੀ ਕੋਈ ਗੱਲ ਸ਼ੁਰੂ ਕਰਦੇ ਹਾਂ ਤਾਂ ਆਪਣੇ ਵਿਰਸੇ ਦੀ ਗੱਲ ਜ਼ਰੂਰ ਕਰਦੇ
ਹਾਂ। ਤੇ ਮੈਂ ਸਮਝਦਾ ਹਾਂ ਕਿ ਮੈਂ ਜਿਸ ਫੈਮਲੀ ਦੇ ਵਿਚ ਪੈਦਾ ਹੋਇਆ ਜਾਂ ਵੱਡਾ ਹੋਇਆ, ਉਸ
ਦੇ ਵਿਚ ਸਿੱਖ ਵਿਰਸੇ ਦੀ ਬੜੀ ਗੱਲ ਸੀ। ਮੇਰੇ ਦਾਦਾ ਜੀ ਪੰਜਾਬ ਦੇ ਵਿਚ ਪਹਿਲੇ ਗਰੈਜੂਏਟ
ਤੇ ਪੋਸਟ ਗਰੈਜੂਏਟ ਸਨ ਤੇ ਪੰਜਾਬ ਦੀ ਐਜੂਕੇਸ਼ਨ ਲਾਈਨ ਦੇ ਵਿਚ ਉਹ ਇਕ ਪਾਇਨੀਅਰ ਕਿਸਮ ਦੇ
ਲੋਕ ਸਨ। ਜਿਹਨਾਂ ਨੇ ਪੰਜਾਬ ਦੇ ਵਿਚ, ਖਾਸ ਕਰਕੇ ਪੰਜਾਬੀ ਵਿਦਿਆ ਵਿਚ ਬਹੁਤ ਕੰਮ ਕੀਤਾ।
ਮੈਂ ਜਦੋਂ ਨਿੱਕਾ ਜਿਹਾ ਸਾਂ ਉਨ੍ਹਾਂ ਨੇ ਸਾਡੇ ਘਰ ਦੇ ਹਰੇਕ ਕਮਰੇ ਵਿਚ ਕੋਈ ਨਾ ਕੋਈ
ਸ਼ਲੋਕ ਲਿਖਿਆ ਸੀ ਔਰ ਉਨ੍ਹਾਂ ਸ਼ਲੋਕਾਂ ਵਿਚੋਂ ਇਕ ਸ਼ਲੋਕ ਉੱਥੇ ਸੀ ਜਿੱਥੇ ਹਰ ਵੇਲੇ ਉਨ੍ਹਾਂ
ਦੀ ਨਜ਼ਰ ਰਹਿੰਦੀ ਸੀ: ‘ਸੁਖੀ ਵਸੈ ਮਸਕੀਨੀਆ ਆਪ ਤਲੇ ਵੱਡੇ ਵੱਡੇ ਹੰਕਾਰੀਆ ਨਾਨਕ ਗਰਬ ਗਲੇ।’
ਸੋ ਉਹ ਥਿੰਕਿੰਗ ਜਿਹੜੀ ਅੱਜ ਦੀ ਵੀ ਹੈ ਮੈਂ ਸਮਝਦਾ ਹਾਂ ਕਿ ਮੈਨੂੰ ਬਚਪਨ ਤੋਂ ਮਿਲੀ ਹੈ।
ਪਰ ਜਦੋਂ ਮੈਂ ਚੌਦਾਂ-ਪੰਦਰਾਂ ਸਾਲ ਦਾ ਹੋਇਆ ਤਾਂ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਜਦੋਂ
ਮੈਂ ਨਾਂਵੀਂ ਜਮਾਤ ਵਿਚ ਸੀ ਤਾਂ ਮੈਂ ਕੌਮਨਿਸਟ ਪਾਰਟੀ ਦਾ ਸਭ ਤੋਂ ਛੋਟੀ ਉਮਰ ਦਾ ਕਾਰਡ
ਹੋਲਡਰ ਗਿਣਿਆ ਜਾਂਦਾ ਸਾਂ। ਮੈਂ ਚੌਦਾਂ ਸਾਲ ਦੀ ਉਮਰ ਦੇ ਵਿਚ ਮਾਰਕਸਿਜ਼ਮ ਤੋਂ ਪੂਰਾ
ਪ੍ਰਭਾਵਤ ਹੋ ਕੇ ਔਰ ਇਕ ਸਟੂਡੈਂਟ ਫੈਡਰੇਸ਼ਨ ਦੀ ਹੈਸੀਅਤ ਵਿਚ ਨਾਂਵੀਂ ਜਮਾਤ ਤੋਂ ਕੰਮ
ਸ਼ੁਰੂ ਕੀਤਾ ਤੇ 1943 ਦੇ ਵਿਚ ਮੈਂ ਬਕਾਇਦਾ ਕੌਮਨਿਸਟ ਪਾਰਟੀ ਦਾ ਕਾਰਡ ਹੋਲਡਰ ਸਾਂ। ਸੋਹਣ
ਸਿੰਘ ਜੋਸ਼, ਤੇਜਾ ਸਿੰਘ ਸੁਤੰਤਰ, ਔਰ ਆਪਣੇ ਹਰਕਿਸ਼ਨ ਸਿੰਘ ਜੀ ਸੁਰਜੀਤ ਇਹ ਸਾਰੇ ਮੇਰੇ
ਉਸਤਾਦਾਂ ਦੇ ਵਿੱਚੋਂ ਨੇ। ਜਿਹਨਾਂ ਨੂੰ ਮੈਂ ਪੁਲੀਟੀਕਲ ਉਸਤਾਦ ਕਹਿੰਦਾ ਹਾਂ। ਔਰ ਕਲਚਰਲ
ਫਰੰਟ ‘ਤੇ ਮੈਂ ਸਟਰੇਟ ਵੇਅ ਕਹਿੰਦਾਂ ਹਾਂ ਕਿ ਮੈਂ ਇੰਡੀਅਨ ਪੀਪਲਜ਼ ਆਰਟਿਸਟ ਐਸੋਸੀਏਸ਼ਨ
ਦੀ ਦੇਣ ਹਾਂ। ਇਪਟਾ ਦੀ ਦੇਣ ਹਾਂ। ਪਰ ਹਾਲੀ ਮੈਂ ਇਨ੍ਹਾਂ ਗੱਲਾਂ ਬਾਰੇ ਸੋਚ ਹੀ ਰਿਹਾਂ
ਸਾਂ ਕਿ 1947 ਦੀ ਪਾਰਟੀਸ਼ਨ ਹੋ ਗਈ। ਔਰ ਉਸ ਵੇਲੇ ਸਾਡੇ ਪਿਤਾ ਜੀ ਮੁਲਤਾਨ ਵਿੱਚ ਸਨ। ਮੈਂ
ਉਸ ਵੇਲੇ ਮੁਲਤਾਨ ਬਾਰਵੀਂ ਜਮਾਤ ਵਿਚ ਪੜ੍ਹਦਾ ਸਾਂ ਜਦੋਂ ਪਾਰਟੀਸ਼ਨ ਹੋਈ। ਘਰ ਸਾਡੇ ਖਾਲਸਾ
ਕਾਲਜ ਦੇ ਨਾਲ ਸਨ। ਅੰ੍ਰਿਮ੍ਰਤਸਰ ਅਸੀਂ ਸਤੰਬਰ ਦੇ ਵਿਚ ਆਏ ਔਰ ਖਾਲਸਾ ਕਾਲਜ ਅੰਿਮ੍ਰਤਸਰ
ਦੇ ਵਿਚ ਰਫਿਊਜੀ ਕੈਂਪ ਸੀ। ਮੈਂ ਉਸ ਕੈਂਪ ਦੇ ਵਿਚ ਵਾਲੰਟੀਅਰ ਦੇ ਤੌਰ ‘ਤੇ ਕੰਮ ਕੀਤਾ। ਔਰ
ਸੋਲਾਂ-ਸਤਾਰਾਂ ਸਾਲ ਦੀ ਉਮਰ ਦੇ ਵਿਚ ਮਨੁੱਖਤਾ ਦੇ ਜਿਹੜੇ ਉਹ ਦ੍ਰਿਸ਼ ਦੇਖੇ... ਮੈਂ
ਨੰਗੀਆਂ ਔਰਤਾਂ ਦੇ ਜਲੂਸ ਕੱਢਦਿਆਂ ਗੁੰਡਿਆਂ ਨੂੰ ਵੀ ਦੇਖਿਆ। ... ਮੈਂ ਉਸ ਰਫਿਊਜੀ ਕੈਂਪ
ਵਿਚ ਤਿੰਨ ਮਹੀਨੇ ਸੇਵਾ ਕੀਤੀ ਹੈ ਬਜ਼ੁਰਗਾਂ ਦੀ। ਉਹਨਾਂ ਦਾ ਮੈਲਾ ਵੀ ਪੂੰਝਿਆ। ਜਿਹੜੇ ਓਥੋਂ
ਆਏ ਜਿਨ੍ਹਾਂ ਦੇ ਵਾਰਿਸ ਜਾਂ ਹੈ ਨਹੀਂ ਸਨ ਜਾਂ ਉਨ੍ਹਾਂ ਦੇ ਬੱਚੇ ਓਧਰ ਰਹਿ ਗਏ ਸਨ ਤੇ ਉਹ
ਬੁੱਢੇ ਐਧਰ ਆ ਗਏ ਸਨ ਜਾਂ ਬਜ਼ੁਰਗ ਔਰਤਾਂ ਓਧਰ ਰਹਿ ਗਈਆਂ ਸਨ ਜਾਂ ਉਨ੍ਹਾਂ ਦੇ ਬੱਚੇ ਓਹਨਾਂ
ਨੂੰ ਓਥੇ ਈ ਛੱਡ ਕੇ ਐਧਰ ਆ ਗਏ ਸਨ। ਉਨ੍ਹਾਂ ਦਾ ਪਹਿਲਾ ਪੜਾਅ ਖਾਲਸਾ ਕਾਲਜ ਅਮਿੰ੍ਰਤਸਰ
ਹੁੰਦਾ ਸੀ ਅਟਾਰੀ ਨੂੰ ਪਾਰ ਕਰਕੇ ਰਫਿਊਜ਼ੀ ਕੈਪਸ ਸੀ। ਔਰ ਓਥੇ ਮੈਂ ਜੋ ਕੁਝ ਦੇਖਿਆ,
ਸੋਲਾਂ-ਸਤਾਰਾਂ ਸਾਲ ਦੀ ਉਮਰ ਦੇ ਵਿਚ ਮੈਂ ਸਮਝਦਾਂ ਕਿ... ਮੈਂ ਉਸ ਤੋਂ ਪਹਿਲੇ ਇਕ ਹਾਕੀ
ਦਾ ਪਲੇਅਰ ਵੀ ਸਾਂ, ਮੈਂ ਬਹੁਤ ਹੱਸਣ-ਖੇਡਣ ਵਾਲਾ ਸੀ। ਪੰਜਾਬ ਲੈਵਲ ਦਾ ਪਲੇਅਰ ਵੀ ਰਿਹਾ,
ਪਰ ਉਸ ਦੁੱਖ ਨੂੰ ਜਿਹੜਾ ਮੈਂ ਦੇਖਿਆ ਹੈ ਉਸ ਤੋਂ ਬਾਅਦ ਮੈਂ ਜਿੰ਼ਦਗੀ ਦੇ ਆਉਣ ਵਾਲੇ ਸਾਲਾਂ
ਵਿਚ ਹੱਸ ਨਹੀਂ ਸਕਿਆ (ਆਵਾਜ਼ ਭਰੜਾਅ ਜਾਂਦੀ ਹੈ), ਮੁਸਕਰਾ ਨਹੀਂ ਸਕਿਆ। ਉਹ ਕਾਲਜ ਦੇ ਦਿਨ
ਜਦੋਂ ਮੁੰਡੇ ਹੱਸਦੇ-ਖੇਡਦੇ-ਟੱਪਦੇ ਨੇ ਮੈਂ ਇਕ ਬੜਾ ਘੁਟਣ ਦੇ ਆਟਮਸਫੀਅਰ ਦੇ ਵਿਚ ਉਹ
ਜਿ਼ੰਦਗੀ ਦੇਖੀ ਓਹਦਾ ਮੇਰੇ ਉੱਤੇ ਇਮਪੈਕਟ ਐਨਾ ਸੀ। ਮੈਂ ਸਮਝਦਾਂ ਹਾਂ ਕਿ ਉਹ ਛੇ ਸਤ ਸਾਲ
47 ਤੋਂ 51 ਤੱਕ ਮੈਂ ਵਿਦਿਆਰਥੀ ਰਿਹਾ, ਪੰਜਾਬ ਦੀ ਯੂਨੀਵਰਸਿਟੀ ਦੇ ਵਿਚ ਔਰ ਟਾਪ ਦਾ
ਸਟੂਡੈਂਟ ਵੀ ਸੀ... ਔਰ ਮੈਂ ਦੇਖਦਾ ਰਿਹਾ ਕਿ ਉਹ ਬਾਬਾ ਨਾਨਕ ਦੇ ਮਿਸ਼ਨ ਵਾਲੇ ਲੋਗ , ਉਹ
ਲੋਗ ਜਿਹੜੇ ਗੁਰੂ ਗੋਬਿੰਦ ਸਿੰਘ ਦੀ ਸ਼ਕਤੀ ਦੀ ਗੱਲ ਕਰਦੇ ਨੇ, ਉਹ ਲੋਗ ਜਿਹੜੇ ਭਾਈ ਘਨੱਈਆਂ
ਦੀ ਗੱਲ ਕਰਦੇ ਨੇ, ਉਹ ਜਦੋਂ ਜਿ਼ੰਦਗੀ ਵਿਚ ਵਿਚਰਦੇ ਨੇ ਤਾਂ ਉਹ ਗੁਰੂ ਨਾਨਕ ਦੇ ਵਿਰੁਧ ਸਨ,
ਗੁਰੂ ਗੋਬਿੰਦ ਸਿੰਘ ਦੇ ਵਿਰੁਧ ਸਨ ਤੇ ਭਾਈ ਘਨਈਆ ਦੇ ਵਿਰੁਧ ਸਨ। ਜਿਹਨਾਂ ਨੇ ਗੁਰੂ
ਗੋਬਿੰਦ ਸਿੰਘ ਦੀ ਤਲਵਾਰ ਬੱਚਿਆਂ ਨੂੰ ਮਾਰਨ ਦੇ ਲਈ ਵਰਤੀ ਐ। ਔਰ ਮੈਂ ਰੀਸੈਂਟਲੀ ਸ਼ਹੀਦ
ਭਗਤ ਸਿੰਘ ਹੋਰਾਂ ਦੀ ਭੈਣ ਅਮਰ ਕੌਰ ਨਾਲ ਗੱਲ ਕਰ ਰਿਹਾ ਸਾਂ। ਉਹ ਹਾਲੇ ਵੀ ਅੱਸੀ ਸਾਲ ਦੀ
ਉਮਰ ਵਿਚ ਸਾਡੇ ਡੈਮੋਕਰੈਟਕ ਫਰੰਟ ‘ਤੇ ਆਉਂਦੇ ਨੇ ਇਕ ਗੱਲ ਜਿਹੜੀ ਓਨ੍ਹਾਂ ਨੇ ਮੈਨੂੰ ਦੱਸੀ
ਸੁਣ ਕੇ ਮੈਂ ਹੈਰਾਨ ਰਹਿ ਗਿਆ। ਉਹ ਕਹਿਣ ਲੱਗੇ ਕਿ ਗੁਰਸ਼ਰਨ ਸਿੰਘ ਮੈਂ ਆਪਣੀਆਂ ਅੱਖਾਂ
ਨਾਲ ਦੇਖਿਆ ਕਿ ਇਹ ਜਿਹੜਾ ਚੀਫ਼ ਮਨਿਸਟਰ ਦਰਬਾਰਾ ਸਿੰਘ ਹੈ ਇਹ ਪਾਰਟੀਸ਼ਨ ਵੇਲੇ ਔਰਤਾਂ
ਨੂੰ ਮਾਰਦਿਆਂ ਤੇ ਬੇਪਤ ਕਰਦਿਆਂ ਤੱਕਿਆ ਐ। ਮੈਂ ਕਿਹਾ ਕਿ ਇਹ ਗੱਲ ਤੁਸੀਂ ਸਟੇਜ ‘ਤੇ ਵੀ
ਕਹਿ ਸਕਦੇ ਹੋ। ਉਹ ਕਹਿੰਦੇ ਮੈਨੂੰ ਕੀਹਦਾ ਡਰ ਐ ਮੈਂ ਸਟੇਜ ‘ਤੇ ਵੀ ਕਹਿ ਸਕਦੀ ਹਾਂ। ਉਨ੍ਹਾਂ
ਨੇ ਸਟੇਜ ‘ਤੇ ਕਿਹਾ ਕਿ ਇਹ ਜਿਹੜੇ ਵੱਡੇ ਬੰਦੇ ਨੇ ਇਨ੍ਹਾਂ ਦਾ ਪਿਛੋਕੜ ਮੈਂ ਜਾਣਦੀ ਹਾਂ।
ਖੈਰ ਦੋਨੋਂ ਪਾਸੇ ਪੰਜਾਬ ਦੇ ਜਿਹੜੇ ਸਿਰਕਰਦਾ ਲੀਡਰ ਸਨ ਉਨ੍ਹਾਂ ਦੇ ਰੂਪ ਕੀ ਸਨ। ਉਤੋਂ ਕੀ
ਸਨ ਤੇ ਵਿੱਚੋਂ ਕੀ ਸਨ। ਇਹ ਸਾਨੂੰ ਵੇਖਣ ਦਾ ਮੌਕਾ ਵੀ ਮਿਲਿਆ ਤੇ ਮੇਰੇ ਜਿਹੜੇ ਸਾਥੀ ਉਸ
ਵੇਲੇ ਦੇ ਨੇ ਉਹ ਕਹਿ ਸਕਦੇ ਨੇ ਕਿ ਓਸ ਵੇਲੇ ਜੇ ਕਿਸੇ ਨੇ ਆਪਣੇ ਆਪ ਨੂੰ ਸਾਵਾਂ ਰੱਖਿਆ ਤੇ
ਬੈਲੇਂਸ ਰੱਖਿਐ ਉਹ ਉਹੀ ਲੋਗ ਸਨ ਜਿਹੜੇ ਮਾਰਕਸ ਦੇ ਸਿਧਾਂਤ ਨਾਲ ਜਾਂ ਕੌਮਨਿਜ਼ਮ ਦੇ
ਸਿਧਾਂਤ ਨਾਲ ਬੱਝੇ ਸਨ। ਭਾਵੇ ਉਹ ਪਾਕਿਸਤਾਨ ਦੇ ਸਨ ਤੇ ਭਾਂਵੇ ਹਿੰਦੋਸਤਾਨ ਦੇ। ਜਿਹੜੀ ਇਹ
ਕਮਿਊਨਲਜਿ਼ਮ ਦੀ ਹਨ੍ਹੇਰੀ ਝੁੱਲੀ ਹੈ, ਪ੍ਰੌਗਰੈਸਿਵ ਲਹਿਰ ਨੇ ਆਪਣੇ ਆਪ ਨੂੰ ਕਾਇਮ ਰੱਖਦਿਆਂ
ਹੋਇਆਂ ਦੋਨੋ ਪਾਸੇ ਇਸ ਦੁੱਖ ਨੂੰ ਘਟਾਣ ਦੀ ਕੋਸਿ਼ਸ਼ ਕੀਤੀ ਐ। ...
ਮੈਂ ਭਾਖੜਾ ਨੰਗਲ ਪ੍ਰੌਜੈਕਟ ਵਿਚ ਸੀਮੈਟ ਟੈਕਨੌਲੋਜਿਸਟ ਦੇ ਰੂਪ ਵਿਚ ਕੰਮ ਕਰਨਾ ਸ਼ੁਰੂ
ਕੀਤਾ ਤੇ ਓਸ ਦੇ ਵਿਚ ਵੀ ਮੈਂ ਸਮਝਦਾ ਹਾਂ ਕਿ ਕੁਝ ਕੰਮ ਮੇਰੇ ਐਸੇ ਨੇ ਕਿ ਇੰਟਰਨੈਸ਼ਨਲ
ਪੱਧਰ ਤੱਕ ਫੇਮ ਮੈਂ ਲਈ ਐਜ਼ ਸੀਮੰਟ ਟੈਕਨੌਲਿਜਸਟ। ਖਾਸ ਕਰਕੇ ਲਾਲ ਮਿੱਟੀ ਦੀ ਰੀਸਰਚ ਜਿਹੜੀ
ਕਿ ਭਾਖੜਾ ਡੈਮ ਵਿਚ ਸੀਮੈਂਟ ਦੀ ਥਾਂ ਲਾਈ ਗਈ ਤੇ ਓਹੀ ਪਹਾੜ ਸਿ਼ਵਾਲਕ ਤੇ ਓਹੀ ਮਿੱਟੀ।
ਲਾਲ ਮਿੱਟੀ ਵਰਤ ਕੇ ਅਸੀਂ ਸੀਮੈਂਟ ਨੂੰ ਸੇਵ ਕੀਤਾ। ਹੁਣ ਮੈਂ ਦੱਸਦਾਂ ਕਿ ਮੈਂ ਨਾਟਕ ਦੇ
ਫੀਲਡ ਵਿਚ ਕਿਸ ਤਰ੍ਹਾਂ ਆਇਆ। ਇਹ 1955 ਦੀ ਗੱਲ ਹੈ। ਖੁਰਸ਼ਚੋਵ ਅਤੇ ਬੁਲਗੈਨਿਨ ਇੰਡੀਆ
ਵਿਚ ਆਏ ਤੇ ਓਸ ਵੇਲੇ ਓਹਨਾਂ ਨੇ ਜਿਹੜੀ ਪੰਡਤ ਨਹਿਰੂ ਜੀ ਨਾਲ ਗੱਲ-ਬਾਤ ਕੀਤੀ ਉਹ ਮੇਨ
ਗੱਲ-ਬਾਤ ਨੰਗਲ ਦੇ ਵਿਚ ਹੋਈ ਸੀ। ਤੇ ਨੰਗਲ ਸਤਲੁਜ ਦੇ ਕਿਨਾਰੇ ਰੈਸਟ ਹਾਊਸ ਇਕ ਖਾਸ ਕਿਸਮ
ਦਾ ਬਣਾਇਆ ਗਿਆ ਸੀ ਤੇ ਓਥੇ ਓਨ੍ਹਾਂ ਨੇ ਦੋ ਦਿਨ ਰਹਿ ਕੇ ਓਹ ਸਾਰੀ ਗੱਲ-ਬਾਤ ਕਰਨੀ ਸੀ।
... ਤੇ ਓਨ੍ਹਾਂ ਦੇ ਵਾਸਤੇ ਜਿਹੜੀ ਕਲਚਰਲ ਨਾਈਟ ਦਾ ਇੰਤਜ਼ਾਮ ਕੀਤਾ ਗਿਆ ਓਹ ਨੰਗਲ ਦੇ ਵਿਚ
ਹੀ ਕੀਤਾ ਗਿਆ। ਓਸ ਰਾਤ ਨੰਗਲ ਦੇ ਵਿਚ ਇਕ ਬਹੁਤ ਵੱਡਾ ਕਲਚਰਲ ਪ੍ਰੌਗਰਾਮ ਕਰਨ ਦਾ ਇੰਤਜ਼ਾਮ
ਸੀ। ਜੀਹਦੇ ਵਿਚ ਇੰਦਰਾਨੀ ਰਹਿਮਾਨ ਵਰਗੀਆਂ ਡਾਂਸਰਜ਼ ਤੇ ਏਧਰੋਂ ਪੰਜਾਬ ਦਾ ਸਾਰਾ ਭੰਗੜਾ
ਤੇ ਨਵਾਂ ਨਵਾਂ ਉੱਠਿਆ ਸੀ ਮਨੋਹਰ ਦੀਪਕ ਦਾ ਸੁਨਾਮ ਦਾ ਗਰੁੱਪ ਬਹੁਤ ਮਸ਼ਹੂਰ ਗਰੁੱਪ ਗਿਣਿਆ
ਜਾਂਦਾ ਸੀ... ਲਾਲ ਚੰਦ ਯਮਲਾ ਜੱਟ, ਸੁਰਿੰਦਰ ਕੌਰ ਤੇ ਹੋਰ ਵੀ ਹਿੰਦੋਸਤਾਨ ਭਰ ਦੇ ਕਲਾਕਾਰਾਂ
ਵਿੱਚੋਂ ਸਨ ਪਰ ਪੰਜਾਬ ਦੀ ਮੇਨ ਰਿਪਰਜੈਂਟੇਸ਼ਨ ਸੀ। ਔਰ ਉਹ ਸਾਰੇ ਕਲਾਕਾਰਾਂ ਨੇ ਇਕ ਹਫ਼ਤਾ
ਪਹਿਲਾਂ ਓਥੇ ਨੰਗਲ ਦੇ ਵਿਚ ਦਾ ਡੇਰਾ ਆ ਲਾਇਆ ਸੀ। ਔਰ ਮੇਰੀ ਆਫ਼ੀਸ਼ਅਿਲ ਤੌਰ ‘ਤੇ ਓਹਨਾਂ
ਦੀ ਲੁੱਕ-ਆਫਟਰ ਕਰਨ ਦੀ ਡਿਊਟੀ ਲੱਗੀ ਹੋਈ ਸੀ। ਓਸ ਤਰ੍ਹਾਂ ਵੀ ਸੁਰਿੰਦਰ ਕੌਰ ਵਗੈਰਾ ਸਾਡੇ
ਪਹਿਲਾਂ ਵੀ ਬੜੇ ਨੇੜੇ ਸਨ। ਤਾਂ ਇਹ ਜਦੋਂ ਪ੍ਰੋਗਰਾਮ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਇਕ
ਰੀਹਰਸਲ ਪ੍ਰੋਗਰਾਮ ਹੋਣਾ ਸੀ। ਜਿਸ ਦਿਨ ਪ੍ਰੋਗਰਾਮ ਹੋਣਾ ਸੀ ਉਸ ਤੋਂ ਦੋ ਦਿਨ ਪਹਿਲਾਂ
ਜੀਹਨੂੰ ਗਰੈਂਡ ਰੀਹਰਸਲ ਕਹਿੰਦੇ ਨੇ ਉਹ ਰੀਹਰਸਲ ਹੋਣੀ ਸੀ। ਮੈਨੂੰ ਪਤਾ ਸੀ ਕਿ ਜਿਹੜਾ ਅਸਲੀ
ਪ੍ਰੋਗਰਾਮ ਹੈ ਉਹ ਸਕਿਊਰਿਟੀ ਪਰਪਜ਼ਜ਼ ਕਰਕੇ ਬਹੁਤ ਲਿਮਿਟਡ ਲੋਕਾਂ ਵਿਚ ਹੀ ਹੋ ਸਕਨਾ ਸੀ।
ਪਰ ਮੈਂ ਬੇਨਤੀ ਕੀਤੀ, ਉਸ ਵੇਲੇ ਡਾਕਟਰ ਆਨੰਦ ਸਨ ਆਲ ਇੰਡੀਆ ਰੇਡੀਓ ਜਲੰਧਰ ਦੇ ਡਾਇਰੈਕਟਰ,
ਮੈਂ ਓਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਇਹ ਜਿਹੜੀ ਗਰੈਂਡ ਰੀਹਰਸਲ ਹੈ ਇਹ ਜਿਹੜੇ ਸਾਡੇ
ਭਾਖੜਾ ਨੰਗਲ ਪ੍ਰੋਜੈਕਟ ਦੇ ਵਰਕਰ ਹਨ, ਖਾਸ ਕਰਕੇ ਜਿਹੜੇ ਪੰਜਾਬ ਦੇ ਫੋਕ ਆਈਟਮਜ਼ ਨੇ, ਇਹ
ਸਾਡੇ ਵਰਕਰਜ਼ ਨੂੰ ਦੇਖਣ ਦੀ ਖੁੱਲ੍ਹ ਦੇ ਦਿਓ। ਤਾਂ ਓਨ੍ਹਾਂ ਨੇ ਮੈਨੂੰ ਇਕਦਮ ਹੀ ਇਹ ਗੱਲ
ਆਖੀ ਕਿ ਗੁਰਸ਼ਰਨ ਸਿੰਘ ‘ਦੇਅ ਡੌਂਟ ਡੀਜ਼ਰਵ ਇੱਟ , ਦੇਅ ਵੌਂਟ ਅੰਡਰਸਟੈਂਡ ਇੱਟ’। ਮੈਂ
ਇਕਦਮ ਹੈਰਾਨ ਰਹਿ ਗਿਆ। ਕਿ ਪੰਜਾਬ ਦਾ ਭੰਗੜਾ ਹੋ ਰਿਹੈ। ਜਿਵੇਂ ਤੁਸੀਂ ਏਥੇ ਸਾਰੇ ਮਾਝੇ,
ਮਾਲਵੇ ਤੇ ਦੁਆਬੇ ਤੋਂ ਆ ਜਾਂਦੇ ਹੋ ਇਸ ਤਰ੍ਹਾਂ ਨੰਗਲ ਵੀ ਅਜਿਹੀ ਥਾਂ ਸੀ ਜਿੱਥੇ ਪੰਜਾਬ
ਦੇ ਹਰ ਕੋਨੇ ਤੋਂ ਵਰਕਰ ਆਏ ਹੋਏ ਸਨ। ਔਰ ਸਾਰੀ ਓਨ੍ਹਾਂ ਦੀ ਸਾਂਝੀ ਜਿਹੀ ਗੱਲ ਸੀ। ਮੈਂ
ਹੈਰਾਨ ਹੋ ਗਿਆ ਕਿ ਇਹ ਲੋਗ ਇਹ ਸਮਝਦੇ ਨੇ ਕਿ ਇਹ ਭੰਗੜਾ ਇਹ ਲੋਕ ਗੀਤ ਜਿਨ੍ਹਾਂ ਦੇ ਹੈਗੇ
ਨੇ ਉਹ ਏਨਾਂ ਨੂੰ ਡੀਜ਼ਰਵ ਨਹੀਂ ਕਰਦੇ ਤੇ ਇਹ ਏਨਾਂ ਦੀ ਥਿੰਕਿੰਗ ਹੈ। ਮੇਰੇ ਮਨ ਦੇ ਵਿਚ
ਇਕਦਮ ਖਿਆਲ ਆਇਆ ਕਿ ਇਹ ਸਿਰਫ ਜਿ਼ੰਦਗੀ ਦੀਆਂ ਹੋਰ ਜਿਹੜੀਆਂ ਸਾਡੀਆਂ ਸਹੂਲਤਾਂ ਨੇ ਓਨ੍ਹਾਂ
ਨੂੰ ਹੀ ਨਹੀਂ ਮੋਨੋਪਲਾਈਜ਼ ਕਰਨਾ ਚਾਹੁੰਦੇ, ਇਹ ਵੱਡੇ ਲੋਗ ਇਹ ਸਾਡੀ ਕਲਚਰ ਨੂੰ ਇਹ ਸਾਡੇ
ਸਭਿੱਆਚਾਰ ਨੂੰ ਵੀ ਮੋਨੋਪਲਾਈਜ਼ ਕਰਨਾ ਚਾਹੁੰਦੇ ਨੇ ਸਿਰਫ਼ ਆਪਣੇ ਤੱਕ ਮਹਿਦੂਦ ਰੱਖਣਾ
ਚਾਹੁੰਦੇ ਨੇ। ਐਂਡ ਦਿਸ ਵਾਜ਼ ਦਾ ਫਸਟ।... ਇਨ ਨਾਈਨਟੀਨ ਫਿਪਟੀ ਫਾਈਵ... ਜਿਹਨੇ ਮੈਨੂੰ
ਮਜਬੂਰ ਕੀਤਾ... ਕਿ ਜਦੋਂ ਇਹ ਫੰਕਸ਼ਨ ਖਤਮ ਹੋ ਜਾਵੇ... ਤਾਂ ਮੈਂ ਸਾਰੇ ਕਲਾਕਾਰਾਂ ਨੂੰ
ਕਿਹਾ ਕਿ ਅਸੀਂ ਤੁਹਾਨੂੰ ਖਰਚ ਦੇਵਾਂਗੇ, ਵਰਕਰ ਅਸੀਂ ਝੋਲੀ ਅੱਡ ਕੇ ਪੈਸੇ ‘ਕੱਠੇ ਕਰਲਾਂਗੇ
ਇਕ ਰਾਤ ਤੁਸੀਂ ਸਾਡੇ ਮਹਿਮਾਨ ਹੋਵੋ। ਜਦੋਂ ਬੁਲਗੈਨਿਨ ਚਲੇ ਗਏ ਉਸ ਤੋਂ ਦੋ ਦਿਨ ਬਾਅਦ ਅਸੀਂ
ਨੰਗਲ ਦੇ ਗਰਾਊਂਡ ਵਿਚ ਇਹ ਭੰਗੜਾ ਤੇ ਹੋਰ ਪ੍ਰੌਗਰਾਮ ਕਰਵਾਏ। ਖਰਚ ਸੀ ਓਦੋਂ ਅੱਠ ਸੌ-ਹਜ਼ਾਰ
ਰੁਪਏ ਦਾ ਜਿਹੜਾ ਆਇਆ । ਮੈਂ ਤੇ ਮੇਰੇ ਸਾਥੀਆਂ ਨੇ ਝੋਲੀ ਅੱਡੀ ਆਪਣੇ ਲੋਗਾਂ ਅੱਗੇ ਤੇ ਐਟ
ਦੀ ਸਪਾਟ ਨੌਂ ਸੌ ਰੁਪਏ ‘ਕੱਠੇ ਹੋ ਗਏ। ਖੈਰ ਇਨ੍ਹਾਂ (ਕਲਾਕਾਰਾਂ ਨੇ) ਲਿਆ ਨਾ। ਆਪਣੇ
ਥੋੜ੍ਹੇ-ਥੋੜ੍ਹੇ ਖਰਚੇ ਲਏ। ਸੋ ਮੇਰੇ ਵਾਸਤੇ ਉਹ ਪਹਿਲੀ ਵਾਰੀ ਸੀ ਔਰਗੇਨਾਈਜੇਸ਼ਨ ਆਫ਼
ਕਲਚਰਲ ਸ਼ੋਅਜ਼। ਮੈਂ ਓਥੇ ਆਪਣੀ ਔਰਗੇਨਾਈਜੇਸ਼ਨ ਬਣਾਈ। ਜਿਹੜੀ ਕਿ ਭਾਖੜਾ ਨੰਗਲ ਪ੍ਰੌਜੈਕਟ...
ਦੇ ਇਟ ਵਾਜ਼ ਨੋਨ ਐਸ ਏ ਸਟਾਫ਼ ਡਰਾਮੈਟਿਕ ਕਲੱਬ... ਔਰ ਮੈਂ ਪਹਿਲਾਂ ਜਿਹੜਾ ਆਪਣਾ ਨਾਟਕ
ਲਿਖਿਆ ਉਹ ਨੰਗਲ ਦੇ ਉੱਤੇ ਈ ਸੀ। ਹੜਤਾਲ ਹੋਈ ਸੀ ਉੱਥੇ। ਓਹਦੇ ਨਾਂ ਨਾਲ ਹੀ... ਹੜਤਾਲ
ਨਾਟਕ ਨਾਲ ਮੈਂ ਆਪਣੇ ਨਾਟਕ ਦਾ ਸਫ਼ਰ ਸ਼ੁਰੂ ਕੀਤੈ। ਖੈਰ 1959 ਦੇ ਵਿਚ ਮੇਰੀ ਮੈਰੀਜ਼ ਤੋਂ
ਬਾਅਦ ਮੇਰਾ ਇਕ ਨਾਟਕ ਬਹੁਤ ਮਸ਼ਹੂਰ ਹੋਇਆ ਘੁੰਮਣਘੇਰੀ ਜਿਹਨੂੰ ਅਵਾਰਡ ਮਿਲੇ। ਇਸ ਤਰਾਂ
ਮੇਰੇ ਨਾਟਕ ਦੀ ਸ਼ੁਰੂਆਤ ਹੋਈ। ਉਸ ਤੋਂ ਬਾਅਦ 1962 ਵਿਚ ਚਾਈਨਾਂ ਦੀ ਵਾਰ ਤੋਂ ਬਾਅਦ ਸਾਡਾ
ਪ੍ਰੌਜੈਕਟ ਖਤਮ ਹੋ ਗਿਆ ਤੇ ਮੈਂ ਆਪਣੇ ਹੈਡ ਕੁਆਟਰ ਅਮ੍ਰਿਤਸਰ ਆ ਗਿਆ। 1962 ਤੋਂ ਬਾਅਦ
ਮੈਂ ਆਪਣੀਆਂ ਐਕਟੀਵੀਟੀਜ਼ ਅਮ੍ਰਿਤਸਰ ਤੋਂ ਹੀ ਕੀਤੀਆਂ। ਔਰ 1964 ਵਿਚ ਅਮ੍ਰਿਤਸਰ ਨਾਟਕ ਕਲਾ
ਕੇਂਦਰ ਦੀ ਬਣਾਈ। ... (ਟੇਪ ਤੋਂ ਉਤਾਰਾ - ਹਰਪ੍ਰੀਤ ਸੇਖਾ)
ਭਾਜੀ ਗੁਰਸ਼ਰਨ ਸਿੰਘ ਦੇ ਨਾਟਕ ਮਿੱਟੀ ਦਾ ਮੁੱਲ ਅਤੇ ਚਾਂਦਨੀ ਚੌਂਕ ਤੋਂ ਸਰਹਿੰਦ ਤੱਕ
ਦੇਖਣ ਲਈ ਕਲਿੱਕ ਕਰੋ। |