
(1917-2012)
26 ਜਨਵਰੀ 2012 ਨੂੰ ਪੰਜਾਬੀ ਦੇ ਸਿਰਮੌਰ ਲੇਖਕ ਕਰਤਾਰ ਸਿੰਘ ਦੁੱਗਲ ਇਸ ਸੰਸਾਰ ਨੂੰ
ਅਲਵਿਦਾ ਕਹਿ ਗਏ। ਉਸ ਸਮੇਂ ਉਹਨਾਂ ਦੀ ਉਮਰ 94 ਸਾਲ ਸੀ।
ਕਰਤਾਰ ਸਿੰਘ ਦੁੱਗਲ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀਆਂ ਵਿੱਚੋਂ ਇਕ ਸਨ। ਆਪਣੇ ਪੌਣੀ ਸਦੀ
ਦੇ ਕਰੀਬ ਲੰਮੇ ਸਾਹਿਤਕ ਸਫਰ ਦੌਰਾਨ ਉਹਨਾਂ ਨੇ ਕਵਿਤਾ, ਕਹਾਣੀ, ਨਾਵਲ, ਨਾਟਕ ਅਤੇ ਸਾਹਿਤ
ਦੇ ਹੋਰ ਰੂਪਾਂ ਵਿੱਚ ਦਰਜਨਾਂ ਕਿਤਾਬਾਂ ਲਿਖੀਆਂ। ਪੰਜਾਬੀ ਦੇ ਨਾਲ ਨਾਲ ਉਹ ਉਰਦੂ, ਹਿੰਦੀ
ਅਤੇ ਅੰਗਰੇਜ਼ੀ ਵਿੱਚ ਵੀ ਲਿਖਦੇ ਸਨ। ਉਨ੍ਹਾਂ ਦੀਆਂ ਕੁਝ ਜਿ਼ਆਦਾ ਜਾਣੀਆਂ ਜਾਂਦੀਆਂ ਕਿਤਾਬਾਂ
ਦੇ ਨਾਂਅ ਹਨ - ਸਵੇਰ ਸਾਰ, ਕੱਚਾ ਦੁੱਧ, ਨਵਾਂ ਘਰ, ਕਰਾਮਾਤ (ਕਹਾਣੀਆਂ), ਬੰਦ ਦਰਵਾਜੇ (ਕਵਿਤਾ),
ਦਿਲ ਦਰਿਆ, ਇਕ ਦਿਲ ਵਿਕਾਊ ਹੈ, ਮੇਰਾ ਦਿਲ ਮੋੜ ਦੇ (ਨਾਵਲ), ਪੁਰਾਣੀਆਂ ਬੋਤਲਾਂ, ਮਿੱਠਾ
ਪਾਣੀ (ਨਾਟਕ)।
ਲਾਹੌਰ ਦੇ ਫੋਰਮੈਨ ਕ੍ਰਿਸਚੀਅਨ ਕਾਲਜ ਤੋਂ ਅੰਗਰੇਜ਼ੀ ਦੀ ਐਮ ਏ ਕਰਨ ਤੋਂ ਬਾਅਦ ਉਹਨਾਂ
1942 ਵਿੱਚ ਆਲ ਇੰਡੀਆ ਰੇਡੀਓ ਵਿੱਚ ਨੌਕਰੀ ਸ਼ੁਰੂ ਕੀਤੀ ਅਤੇ ਸੰਨ 1966 ਤੱਕ ਆਲ ਇੰਡੀਆ
ਰੇਡੀਓ ਨਾਲ ਕੰਮ ਕਰਦੇ ਰਹੇ। 1966 - 1973 ਤੱਕ ਉਹ ਨੈਸ਼ਨਲ ਬੁੱਕ ਟਰੱਸਟ ਆਫ ਇੰਡਿਆ ਦੇ
ਸਕੱਤਰ/ਡਾਇਰੈਕਟਰ ਰਹੇ ਅਤੇ 1973 ਤੋਂ ਲੈ ਕੇ 1976 ਤੱਕ ਉਹਨਾਂ ਨੇ ਸੂਚਨਾ ਅਤੇ ਪ੍ਰਸਾਰਣ
ਮੰਤਰਾਲੇ ਦੇ ਸਲਾਹਕਾਰ ਵਜੋਂ ਕੰਮ ਕੀਤਾ।
ਉਹਨਾਂ ਦੀਆਂ ਲਿਖਤਾਂ ਕਾਰਨ ਉਹਨਾਂ ਨੂੰ ਬਹੁਤ ਸਾਰੇ ਸਾਹਿਤਕ ਇਨਾਮ ਮਿਲੇ ਜਿਹਨਾਂ ਵਿੱਚ
ਸਾਹਿਤ ਅਕਾਡਮੀ ਅਵਾਰਡ, ਭਾਰਤੀ ਭਾਸ਼ਾ ਪ੍ਰੀਸ਼ਦ ਅਵਾਰਡ, ਗਾਲਿਬ ਅਵਾਰਡ, ਭਾਈ ਮੋਹਨ ਸਿੰਘ
ਵੈਦ ਅਵਾਰਡ ਅਤੇ ਸੋਵੀਅਤ ਲੈਂਡ ਨਹਿਰੂ ਐਵਾਰਡ ਸ਼ਾਮਲ ਸਨ। ਸੰਨ 1988 ਵਿੱਚ ਉਹਨਾਂ ਨੂੰ
ਪਦਮ ਭੂਸ਼ਨ ਦਾ ਐਵਾਰਡ ਦਿੱਤਾ ਗਿਆ ਅਤੇ ਸੰਨ 2007 ਵਿੱਚ ਉਹਨਾਂ ਨੂੰ ਸਾਹਿਤ ਅਕਾਦਮੀ ਦੀ
ਫੈਲੋਸਿ਼ੱਪ ਦਿੱਤੀ ਗਈ।
ਕਰਤਾਰ ਸਿੰਘ ਦੁੱਗਲ ਵਲੋਂ ਪੰਜਾਬੀ ਸਾਹਿਤ ਵਿੱਚ ਪਾਏ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ
ਅਸੀਂ ਅਦਾਰਾ ਵਤਨ ਵਲੋਂ ਉਹਨਾਂ ਨੂੰ ਸਤਿਕਾਰ ਭਰੀ ਸ਼ਰਧਾਂਜਲੀ ਅਰਪਣ ਕਰਦੇ ਹਾਂ। - ਸੰਪਾਦਕ
*** |