Welcome to WatanPunjabi.ca
ਸ਼ਰਧਾਂਜਲੀ / ਭਾਅ ਜੀ ਗੁਰਸ਼ਰਨ ਸਿੰਘ
 

- ਸਾਧੂ ਬਿਨਿੰਗ

ਕਰਤਾਰ ਸਿੰਘ ਦੁੱਗਲ
ਕਰਿਸਟੋਫਰ ਹਿਚਨਜ਼
 

ਸਾਧੂ ਬਿਨਿੰਗ

ਲੇਖ / ਡਰਾਮੇ ਵਾਲ਼ਾ ਬਾਬਾ
 

ਸੁਖਦੇਵ ਸਿੱਧੂ

ਮੈਥੋਂ ਮੇਰਾ ਬਿਰਹਾ ਵੱਡਾ -
ਸ਼ਿਵ ਕੁਮਾਰ ਨਾਲ ਕੀਤੇ ਸਫ਼ਰ ‘ਤੇ ਇੱਕ ਝਾਤ
 

ਪ੍ਰੇਮ ਕੁਮਾਰ

ਸਾਡੇ ਸਮਿਆ ‘ਚ ਮਾਰਕਸ ਤੇ ਉਸ ਦਾ ਚਿੰਤਨ
 

ਤਸਕੀਨ

ਕਾਲਾ ਕਾਦਰ ਦੇ ਵਜ਼ੀਰ ਚਰਵਾਹੇ ਦਾ ਕਵੀ ਪੁੱਤਰ
 

ਅਹਿਮਦ ਨਦੀਮ ਕਾਸਮੀ

ਫੈਜ਼ ਅਹਿਮਦ ਫੈਜ਼ ਦੀ ਪੰਜਾਬੀ ਕਵਿਤਾ
 

ਸਾਧੂ ਬਿਨਿੰਗ

ਸਵੈਕਥਨ / ਗੁਰਸ਼ਰਨ ਸਿੰਘ ਦਾ ਬਚਪਨ ਅਤੇ ਉਹਨਾਂ ਦੇ ਰੰਗਮੰਚ ਦੀ ਸ਼ੁਰੂਆਤ: ਉਹਨਾਂ ਦੀ ਆਪਣੀ ਜ਼ਬਾਨੀ
ਮੁਲਾਕਾਤ / ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨਾਲ ਮੁਲਾਕਾਤ
 

ਸਾਧੂ ਬਿਨਿੰਗ

ਕਹਾਣੀ / ਸੂਰਾ ਸੋ ਪਹਿਚਾਨੀਐ
 

ਹਰਪ੍ਰੀਤ ਸੇਖਾ

ਫਿਲਮ ਰਿਵੀਊ / ਬੋਲ
 

ਸਾਧੂ ਬਿਨਿੰਗ

ਫਿਲਮ ਰਿਵੀਊ / ਨੀਰੋਜ਼ ਗੈੱਸਟ
 

ਸੁਖਵੰਤ ਹੁੰਦਲ

 


ਲੇਖ
ਡਰਾਮੇ ਵਾਲ਼ਾ ਬਾਬਾ
ਸੁਖਦੇਵ ਸਿੱਧੂ
 

 


(ਸੰਨ 1983 ਵਿੱਚ ਕਨੇਡਾ ਦੀ ਆਪਣੀ ਪਹਿਲੀ ਫੇਰੀ ਦੌਰਾਨ ਭਾਜੀ ਗੁਰਸ਼ਰਨ ਸਿੰਘ, ਭਾਬੀ ਜੀ ਕੈਲਾਸ਼ ਕੌਰ ਅਤੇ ਉਹਨਾਂ ਦੀ ਟੀਮ ਦੇ ਮੈਂਬਰ - ਕੇਵਲ ਧਾਲੀਵਾਲ, ਪਰਮਜੀਤ ਸਿੰਘ, ਨਵਸ਼ਰਨ ਕੌਰ, ਅਰੀਤ, ਅਤੇ ਦਲੀਪ ਭਨੋਟ- ਅਤੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਵਿਦਿਆਰਥੀ ਸੁਖਪਾਲ ਸੰਘੇੜਾ ਅਤੇ ਸਿੰਦਰ ਪੁਰੇਵਾਲ .
ਪਿੱਛੇ ਖੜ੍ਹੇ ਹਨ: ਡਾ: ਹਰੀ ਸ਼ਰਮਾ. ਇਹ ਫੋਟੋ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਖੇ ਖਿੱਚੀ ਗਈ ਸੀ.)

ਗੁਰਸ਼ਰਨ ਸਿੰਘ ਦਾ ਸਾਡੇ ਵਿਚ ਨਾ ਹੋਣ ਦਾ ਯਕੀਨ ਨਹੀਂ ਆ ਰਿਹਾ। ਇਨ੍ਹਾਂ ਬਜ਼ੁਰਗੀ ‘ਚ ਪੈਰ ਧਰਨ ਦੀ ਗੱਲ ਪਹਿਲੀ ਵਲੈਤ ਫੇਰੇ ਵੇਲੇ ਕਹੀ ਸੀ, 83 ‘ਚ। ਅਠਾਈ ਸਾਲ ਪਹਿਲਾਂ, 54 ਸਾਲ ਦੀ ਉਮਰੇ। ਪੰਜਾਬ ਦੇ ਬਹੁਤ ਥੋੜ੍ਹੇ ਲੋਕ ਨੇ ਜਿਨ੍ਹਾਂ ਨੂੰ ਪੰਜਾਬੀਆਂ ਏਨਾਂ ਮਾਣ ਸਤਿਕਾਰ ਦਿੱਤਾ ਹੋਵੇ। ਗੁਰਸ਼ਰਨ ਸਿੰਘ ਹੋਰਾਂ ਪਹਿਲਾਂ ਇਹ ਮਾਣ ਸਤਿਕਾਰ ਬੜੀ ਮਿਹਨਤ ਤੇ ਦਿਆਨਤਦਾਰੀ ਨਾਲ ਕਮਾਇਆ; ਫਿਰ ਪੂਰੀ ਤਨ ਦੇਹੀ ਨਾਲ ਨਿਭਾਇਆ; ਸਿਰੇ ਚੜ੍ਹਾਇਆ। ਬੜੇ ਮੁਲਕਾਂ ਚ ਇਹ ਪਾਪੂਲਰ ਹੋਏ। ਹੁਣ ਇਨ੍ਹਾਂ ਦੀਆਂ ਅਸਥੀਆਂ ਹੁਸੈਨੀਵਾਲੇ ਲੈ ਕੇ ਜਾਂਦਿਆਂ ਰਾਹ ‘ਚ ਲੋਕਾਂ ਦੇ ਮਿਲੇ ਪਿਆਰ-ਸਤਿਕਾਰ ਨੂੰ ਦੇਖ ਕੇ ਭਾਬੀ ਜੀ ਬਹੁਤ ਰੋਏ, ਕਹਿੰਦੇ: ਮੈਨੂੰ ਪਤਾ ਨਹੀਂ ਸੀ ਕਿ ਗੁਰਸ਼ਰਨ ਏਨੇ ਮਹਾਨ ਬਨ ਗਏ ਸਨ। ਏਨਾ ‘ਕੱਠ ਤਾਂ ਬਹੁਤ ਵੱਡੇ ਬੰਦਿਆਂ ਦਾ ਵੀ ਨਹੀਂ ਹੁੰਦਾ। ਪਾਸ਼ ਗੁਰਸ਼ਰਨ ਭਾਜੀ ਦੀਆਂ ਗੱਲਾਂ ਕਰਦਾ ਕਹਿੰਦਾ ਹੁੰਦਾ ਸੀ: ਭਾਜੀ ਪੰਜਾਬ ਦਾ ਫ਼ਿਨੋਮਨਾ ਨੇ। ਏਦਾਂ ਕਦੇ ਕਦੇ ਹੀ ਹੁੰਦਾ ਹੈ। ਇਹ ਅਪਣੇ ਪਿੱਛੇ ਬੜਾ ਕੁਝ ਛੱਡ ਗਏ ਨੇ। ਨਾਟ-ਕਰਮੀਆਂ ਦੀਆਂ ਡਾਰਾਂ। ਅਮੀਰ ਵਿਰਾਸਤ ਦੀ ਪੈੜ। ਸਾਹਿਤਕ ਖ਼ਜ਼ਾਨਾ। ਜਿਹਦੀ ਨਿਰਖ-ਪਰਖ ਹੁੰਦੀ ਰਹੇਗੀ।


ਬਾਬੇ ਬੋਹੜ, ਰੰਗਮੰਚ ਦੇ ਭੀਸ਼ਮ ਪਿਤਾਮੇ, ਪੰਜਾਬੀ ਰੰਗਮੰਚ ਦੇ ਸੂਹੇ ਸੂਰਜ, ਲੋਕਾਂ ਦੇ ਨਾਟਕਕਾਰ, ਪੇਂਡੂ ਰੰਗਮੰਚ ਦੇ ਬਾਦਸ਼ਾਹ, ਪੰਜਾਬੀ ਦੇ ਸ਼ੇਕਸਪੀਅਰ, ਸੂਰਮੇ ਨਾਟਕਕਾਰ, ਨੁਕੜ ਨਾਟਕ ਦੇ ਪਿਤਾਮੇ, ਪੰਜਾਬੀ ਰੰਗਮੰਚ ਦੇ ਮਹਾਰਾਜਾ ਰਣਜੀਤ ਸਿੰਘ, ਗ਼ਰੀਬ ਰੰਗਮੰਚ ਦੀ ਅਮੀਰ ਪਰੰਪਰਾ, ਨਾਟਕ ਦੇ ਸੂਹੇ ਸੂਰਜ, ਲੋਕ ਨਾਟਕਕਾਰ ਵਰਗੇ ਲਕਬਾਂ ਦਾ ਸਿਲਸਿਲਾ ਲਗਾਤਾਰ ਚਲਦਾ ਰਿਹਾ। ਮੈਨੂੰ ਨਹੀਂ ਲੱਗਦਾ ਕਿਸੇ ਹੋਰ ਨੂੰ ਏਨੇ ਵਿਸ਼ੇਸ਼ਣੀ ਨਾਂ ਮਿਲ਼ੇ ਹੋਣਗੇ। ਜੇ ਕੁਝ ਲੰਮੇ ਸਮੇਂ ਲਈ ਨਿਭਿਆ, ਤਾਂ ਮੰਨਾ ਸਿੰਘ ਤੇ ਜਾਂ ਭਾਜੀ ਗੁਰਸ਼ਰਨ ਸਿੰਘ। ਇਸ ਹਿਸਾਬ ਨਾਲ ਇਹ ਜਗਤ ਭਾਜੀ ਹੋ ਗਏ; ਇਨ੍ਹਾਂ ਦੇ ਅਪਣੇ ਹਾਣੀ, ਧੀਆਂ, ਦੋਹਤੀ ਦੇ ਹਾਣੀ ਤੇ ਓਦੂੰ ਅਗਲੀ ਪੀੜ੍ਹੀ ਵਾਲ਼ੇ ਵੀ ਇਨ੍ਹਾਂ ਨੂੰ ਭਾਜੀ ਹੀ ਸੱਦਦੇ ਰਹੇ। ਇਨ੍ਹਾਂ ਦੀ ਅਪਣੀ ਰੀਝ ਵੀ ਕੁਝ ਹੋਰ ਬਣਨ-ਅਖਵਾਉਣ ਦੀ ਹੋਣੀ ਐ। ਹੋਰ ਕਿਤੇ ਇਨ੍ਹਾਂ ਕਿਹਾ ਸੀ: ਏਅਅ ਮੈਨੂੰ ਸਿਰਫ਼ ਨਾਟਕਕਾਰ ਹੀ ਸਮਝਦੇ ਨੇ, ਕਮਿਉਨਿਸਟ ਨਾਟਕਕਾਰ ਨਹੀਂ ਸਮਝਿਆ ਏਅਅਨ੍ਹਾਂ ਨੇ ਹਾਲੀ ਤਕ। ਅਪਣਿਆਂ ‘ਤੇ ਗਿਲੇ ਦੀ ਭਾਅ ਮਾਰਦੀ ਇਸ ਗੱਲ ਚੋਂ ਸੱਚਾਈ ਵੀ ਝਲਕਦੀ ਹੈ।


ਉਹ ਪੰਦਰਾਂ ਸਾਲ ਦੀ ਛੋਟੀ ਉਮਰੇ ਹੀ ਕਮਿਉਨਿਸਟ ਪਾਰਟੀ ਦੇ ਕਾਰਡ ਹੋਲਡਰ ਬਣ ਗਏ ਸੀ। ਘਰੋਂ ਮਿਲ਼ਦੇ ਜੇਬ ਖ਼ਰਚ ਤੋਂ ਪੈਸੇ ਜੋੜ-ਬਚਾ ਕੇ ਪਾਰਟੀ ਨੂੰ ਦਿਆ ਕਰਦੇ ਸੀ। ਖਾਂਦੇ-ਪੀਂਦੇ ਘਰ ਦੇ ਮੁੰਡੇ ਨੂੰ ਸਭ ਸੁੱਖ ਸਹੂਲਤਾਂ ਮਿਲਦੀਆਂ ਸੀ। ਸਭ ਤੋਂ ਛੋਟਾ ਹੋਣ ਕਰਕੇ, ਲਾਡ ਪਿਆਰ ਵੀ। ਮਨ ਤਾਂ ਹੋਰ ਪਾਸੇ ਲੱਗਣਾ ਚਾਹੀਦਾ ਸੀ। ਪਰ ਇਹ ਗਰੀਬ ਗੁਰਬਿਆਂ ਵੱਲ ਖਿੱਚੇ ਗਏ। ਇਸ ਮੋੜ ਦਾ ਕਾਰਣ ਭਾਜੀ ਅਪਣੇ ਸਕੂਲ ਦੇ ਹਮਜਮਾਤੀ ਮੁੰਡੇ ਨੂੰ ਮੰਨਦੇ ਸੀ। ਕੋਈ ਬਹੁਤ ਜ਼ਹੀਨ ਪਰ ਗ਼ਰੀਬ ਜਮਾਂਦਾਰਾਂ ਦਾ ਮੁੰਡਾ ਏਸ ਕਰਕੇ ਪੜ੍ਹਨੋਂ ਹੱਟ ਗਿਆ ਕਿ ਉਹਦੇ ਮਾਂ-ਬਾਪ ਕੋਲ਼ ਉਹਨੂੰ ਪੜ੍ਹਾਉਣ ਦੀ ਹਿੰਮਤ ਨਹੀਂ ਸੀ ਤੇ ਉਸੇ ਬੁਧਵੇ ਨਾਲ ਅਗਲੀ ਵਾਰੀ ਮੇਲ਼ ਉਦੋਂ ਹੋਇਆ, ਜਦ ਓਹੀ ਜ਼ਹੀਨ ਮੁੰਡਾ ਸਫ਼ਾਈ ਸੇਵਕਾਂ ਵਾਲ਼ੇ ਕਪੜੇ ਪਾਈ ਕਿਤੇ ਝਾੜੂ ਫੇਰ ਰਿਹਾ ਸੀ। ਇਹ ਬੁਧਵੇ ਨੂੰ ਅਣਜਾਣ ਸੁਆਲ ਪੁਛ ਬੈਠੇ ਕਿ ਉਹ ਸਕੂਲ ਆਉਣੋਂ ਕਿਉਂ ਹਟ ਗਿਆ। ਇਸੇ ਮੁੰਡੇ ਦੇ ਜੁਆਬ ਨੇ ਇਨ੍ਹਾਂ ਨੂੰ ਝੰਜੋੜ ਦਿੱਤਾ। ਜ਼ਿੰਦਗ਼ੀ ਪ੍ਰਤੀ ਰਵੱਈਆ ਹੀ ਬਦਲ ਦਿੱਤਾ। ਵਿਚਾਰਧਾਰਾ ਦਾ ਬਹੁਤਾ ਸਿਲਾ ਉਹ ਅਪਣੇ ਭਰਾਤਾ ਡਾਕਟਰ ਇੰਦਰਜੀਤ ਸਿੰਘ ਤੇ ਪ੍ਰੀਤਲੜੀ ਵਾਲ਼ੇ ਗੁਰਬਖ਼ਸ਼ ਸਿੰਘ ਦੇ ਵੇਲਿਆਂ ਨੂੰ ਵੀ ਦਿੰਦੇ ਸੀ।


ਤਿੰਨ ਹੋਰ ਗੱਲਾਂ ਭਾਜੀ ਨੇ ਕਈ ਵਾਰ ਸੁਣਾਈਆਂ; ਇਕ ਤਾਂ ਜਦੋਂ ਇਹ ਕਾਲ਼ੇ ਸੰਘਿਆਂ ਨਾਟਕ ਕਰਨ ਗਏ ਡਰਾਮੇ ਦੀ ਸਹੀ ਜਗ੍ਹਾ ਦੇਖ ਪਰਖ ਰਹੇ ਸੀ, ਤਾਂ ਲਾਗੇ ਬੈਠੇ ਕਿਸੇ ਬਜ਼ੁਰਗ ਨੇ ਅਪਣੇ ਚਿੱਤੋਂ ਸੱਚੀ ਗੱਲ ਕਹੀ: ਸਰਦਾਰਾ ਕਰਨਾ ਤਾਂ ਕੰਜਰਖਾਨਾ ਈ ਆਂ, ਜਿੱਥੇ ਮਰਜ਼ੀ ਕਰ ਲੈ। ਖੈਰ ਨਾਟਕ ਹੋਏ। ਲੋਕਾਂ ਪਸੰਦ ਕੀਤੇ। ਇਨ੍ਹਾਂ ਦੇ ਨਾਟਕ ਦੇਖ ਕੇ ਉਹੀ ਬੰਦਾ ਫਿਰ ਭਾਜੀ ਕੋਲ ਆ ਕੇ ਕਹਿੰਦਾ: ਸਰਦਾਰ ਜੀ ਮੈਂ ਤਾਂ ਹੋਰ ਹੀ ਗੱਲ ਸਮਝੀ ਬੈਠਾ ਸੀ, ਤੁਸੀ ਤਾਂ ਕਮਾਲ ਦੀਆਂ ਗੱਲਾਂ ਕੀਤੀਆਂ। ਦੂਜੀ, ਜਦੋਂ ਇਨ੍ਹਾਂ ਨੂੰ ਅਪਣੇ ਕਿਸੇ ਖਾਸ ਕੀਤੇ ਕਰਾਏ ਤੇ ਮਾਣ ਹੋਣ ਦੀ ਗੱਲ ਪੁੱਛਦਾ ਤਾਂ ਇਹ ਕਹਿੰਦੇ: ਏਅਅ, ਬਈ ਮੈ ਨਾਟਕ ਨੂੰ ਪਿੰਡਾਂ ਤੀਕ ਲੈ ਕੇ ਗਿਆਂ ਹਾਂ, ਹੁਣ ਪੰਜਾਬ ਚ ਕਈ ਨਾਟ ਟੋਲੀਆਂ ਨੇ, ਅਪਣਾ ਅਪਣਾ ਕੰਮ ਕਰਦੇ ਨੇ। ਸਸਤੀ ਕੀਮਤ ਤੇ ਉੱਚ ਪਾਏ ਦੀਆਂ ਕਿਤਾਬਾਂ ਛਾਪੀਆਂ ਨੇ। ਅਖ਼ੀਰ ‘ਤੇ ਕਹਿੰਦੇ ਮੈਨੂੰ ਅਪਣੀਆਂ ਧੀਆਂ ‘ਤੇ ਮਾਣ ਹੈ, ਤੇ ਕੇਵਲ ਧਾਲੀਵਾਲ ‘ਤੇ। ਕੇਵਲ ਲਈ ਏਦੂੰ ਵੱਡਾ ਮਾਣ-ਸਨਮਾਣ ਕੋਈ ਨਹੀਂ ਹੋ ਸਕਣਾ। ਤੀਜੀ ਗੱਲ ਕਰਦਿਆਂ ਇਹ ਵੱਧ ਭਾਵੁਕ ਹੋ ਜਾਇਆ ਕਰਦੇ ਸੀ, ਕਿ ਜਦ 47 ‘ਚ ਇਸੇ ਅਮ੍ਰਿਤਸਰ ‘ਚ ਸਿੱਖਾਂ ਨੇ ਮੁਸਲਮਾਨਾਂ ਔਰਤਾਂ ਨੂੰ ਕਟੜਾ ਜੈਮਲ ਸਿੰਘ ਤੋਂ ਨਗਨ ਕਰਕੇ ਜਲੂਸ ਕੱਢਿਆ ਸੀ। ਕਿਹੜੇ ਸੁਆਬ ਦੀ ਆਸ ਨਾਲ ਇਹ ਔਰਤਾਂ ਹੀ ਹੇਠੀ ਕਰ ਰਹੇ ਸੀ, ਇਨ੍ਹਾਂ ਦਾ ਰੱਬ ਜਾਣੇ। ਉਸ ਵੇਲੇ ਦੇ ਮਸ਼ਹੂਰ ਨੇਤਾ ਵੀ ਜਲੂਸ ਦੇ ਨਾਲ਼-ਨਾਲ਼ ਘੋੜਿਆਂ ‘ਤੇ ਜਾ ਰਹੇ ਸੀ। ਇਨ੍ਹਾਂ ਦੀ ਹਮਸ਼ੀਰਾਂ ਨੇ ਅੱਗੇ ਹੋ ਕੇ ਕਿਹਾ ਸੀ: ਬੰਦ ਕਰੋ ਇਹ ਸਭ ਕੁਝ, ਨਹੀਂ ਤਾਂ ਮੈਂ ਵੀ ਅਪਣੇ ਕੱਪੜੇ ਉਤਾਰ ਕੇ ਇਨ੍ਹਾਂ ਨਾਲ਼ ਹੋ ਤੁਰਾਂਗੀ। ਤੇ ਉਹ ਜਲੂਸ ਰੁਕ ਗਿਆ ਸੀ। ਇਹ ਆਪ ਵੀ ਨਾਲ ਸੀ।


ਇਕ ਵਾਰੀ ਭਾਬੀ ਜੀ ਕਹਿੰਦੇ, ਮੈਂ ਬੜਾ ਸੋਹਣਾ ਕੁੜਤਾ ਇਨ੍ਹਾਂ ਲਈ ਲਿਆਂਦਾ ਤੇ ਇਹ ਨਾਟਕ ਚ ਵਰਤਣ ਲਈ ਲੈ ਗਏ। ਓਥੇ ਰੋਲ ਕਰਦਿਆਂ ਕੁੜਤੇ ਨੂੰ ਲਾਲ ਰੰਗ (ਲਹੂ) ਲਾ ਲਿਆਏ। ਭਾਬੀ ਜੀ ਖਪੇ। ਰੋਣਹਾਕੇ, ਪਰੇਸ਼ਾਨ, ਨਾਰਾਜ਼ ਹੋਏ। ਭਾਜੀ ਕਹਿੰਦੇ: ਤੂੰ ਇਕ ਕੁੜਤੇ ਨੂੰ ਰੋਈ ਜਾਨੀ ਐ, ਮੈਂ ਤਾਂ ਸਾਰੀ ਜ਼ਿੰਦਗ਼ੀ ਏਧਰ ਲਾਈ ਹੋਈ ਹੈ। ਓਸ ਤੋਂ ਬਾਅਦ ਭਾਬੀ ਜੀ ਨੇ ਸਮਝ ਲਿਆ ਤੇ ਮੋਢੇ ਨਾਲ਼ ਮੋਢਾ ਲਾ ਕੇ ਤੁਰ ਪਏ। ਭਾਬੀ ਜੀ ਅਕਸਰ ਕਹਿੰਦੇ: ਤੁਹਾਡੇ ਭਾਜੀ ਸੋਸ਼ਲ ਨਹੀਂ ਹੋ ਸਕਦੇ, ਇਨ੍ਹਾਂ ਨੂੰ ਗੱਲ ਹੀ ਸਿਆਸਤ ਜਾਂ ਬਰਾਬਰੀ ਦੀ ਆਉਂਦੀ ਹੈ; ਜਾਂ ਸਾਹਿਤ ਦੀ। ਭਾਜੀ ਨੇ ਸੀ ਪੀ ਆਈ ‘ਚੋ ਸਿੱਧਾ ਛੜੱਪਾ ਨਕਸਲਬਾੜੀ ‘ਚ ਜਾ ਮਾਰਿਆ। ਬਹੁਤੇ ਸੀ ਪੀ ਐੱਮ ‘ਚਂੋ ਆਏ ਸੀ। ਵਜ੍ਹਾ ਸੀ ਪੀ ਆਈ ਦੀ ਕਾਂਗਰਸ ਨਾਲ਼ ਨੇੜਤਾ ਸੀ। ਅੰਬਰਸਰ ਦਾ ਕੋਈ ਬਦਨਾਮ ਲੀਡਰ ਕਾਮਰੇਡਾਂ ਨਾਲ ਸਟੇਜਾਂ ਸਾਂਝੀਆਂ ਕਰੇ, ਇਨ੍ਹਾਂ ਤੋਂ ਜਰ ਨਾ ਹੋਇਆ ਤੇ ਉੱਠ ਕੇ ਬਾਹਰ ਆ ਗਏ। ਅਮਰਜੀਤ ਚੰਦਨ ਦੇ ਕੱਢੇ ਪਰਚੇ ‘ਦਸਤਾਵੇਜ਼’ ਰਾਹੀਂ ਨਵੇਂ ਰਾਹ ਤੁਰ ਪਏ। ਇਨ੍ਹਾਂ ਦੇ ਦਫ਼ਤਰੋਂ ਹੀ ਕਿਸੇ ਨੇ ਮੁਖ਼ਬਰੀ ਕਰਕੇ ਵਰਿਆਮ ਸੰਧੂ ਦੀ ਕਿਤਾਬ ਦਾ ਖਰੜਾ ਦੇਣ ਆਏ ਅਮਰਜੀਤ ਨੂੰ ਫੜਵਾਇਆ ਸੀ। ਮੁਖ਼ਬਰ ਇਨ੍ਹਾਂ ਦੀ ਨਾਟਕ ਮੰਡਲ਼ੀ ‘ਚ ਹੀ ਸੀ। ਭਾਜੀ ਨੇ ਮੁੜਕੇ ਉਸ ਮੁਖ਼ਬਰ ਨੂੰ ਮੂੰਹ ਨਾ ਲਾਇਆ। ਚੰਦਨ ਕੋਲ਼ ਕਾਗ਼ਜ਼ਾਂ ‘ਚ ਲਪੇਟਿਆ ਹੈਂਡ ਗਰਨੇਡ ਸੀ, ਇਸੇ ਗੱਲੋਂ ਭਾਬੀ ਜੀ ਨੇ ਅਮਰਜੀਤ ਨੂੰ ਅੱਜ ਤਕ ਮੁਆਫ਼ ਨਹੀਂ ਕੀਤਾ। ਫਿਰ 1975 ‘ਚ ਐਮਰਜੈਂਸੀ ਲੱਗ ਗਈ ਤੇ ਸਰਕਾਰ ਨੇ ਇਨ੍ਹਾਂ ਦੀ ਨੌਕਰੀ ਖੋਹ ਲਈ ਤੇ ਫੜ ਕੇ ਜੇਲ ਚ ਬੰਦ ਕਰ ਦਿੱਤਾ; ਇਹ 45 ਦਿਨ ਜੇਹਲ ‘ਚ ਰਹੇ। ਨਾਲ ਹੀ ਗੁਰਚਰਨ ਸਿੰਘ ਟੌਹੜਾਂ ਵੀ ਸੀ। ਟੌਹੜਾ ਭਾਜੀ ਨੂੰ ਕਹਿੰਦਾ: ਜਿੰਨਾ ਚਿਰ ਸਾਡੇ ਕੋਲ ਦਰਬਾਰ ਸਾਹਿਬ ਹੈ, ਕਾਮਰੇਡ ਭੁੱਲ ਜਾਣ ਕਿ ਪੰਜਾਬ ‘ਚ ਰਾਜ ਕਰ ਲੈਣਗੇ।


ਇੰਗਲੈਂਡ ਦੇ ਪਹਿਲੇ ਗੇੜੇ ਵੇਲੇ ਆਏ ਭਾਜੀ ਕਹਿੰਦੇ: ਜੇ ਕਿਧਰੇ ਲਾਗੇ ਹੈ ਤਾਂ, ਤੁਸੀਂ ਸਾਨੂੰ ਕੇਂਬ੍ਰਿਜ ਦਿਖਾਓ। ਭਾਜੀ ਦੇ ਕੇਂਬ੍ਰਿਜ ਕੰਨੈਕਸ਼ਨ ਦਾ ਸਾਨੂੰ ਕੋਈ ਗਿਆਨ ਨਹੀਂ ਸੀ। ਅਸੀਂ ਸੋਚਦੇ ਸਾਂ ਕਿ ਇਹਦੀ ਇੰਟਰਨੈਸ਼ਨਲ ਸ਼ਹਿਰ ਵਜੋਂ ਭੱਲ ਕਰਕੇ ਦੇਖਣਾ ਚਾਹੁੰਦੇ ਹੋਣਗੇ। ਅਸੀਂ ਚਾਰ ਪੰਜ ਗੱਡੀਆਂ ਭਰਕੇ ਓਥੇ ਚਲੇ ਗਏ, ਤਾਂ ਭਾ ਜੀ ਹੋਰਾਂ ਦੱਸਿਆ: ਮੇਰੇ ਪਿਤਾ ਜੀ ਏਥੇ ਪੜ੍ਹਨ ਆਏ ਸੀ। ਭਾ ਜੀ ਦੀ ਸਾਰੀ ਟੀਮ ਨਾਲ ਸੀ, ਭਾਬੀ ਜੀ, ਵੱਡੀ ਧੀ, ਕੇਵਲ ਤੇ ਹੋਰ ਵੀ। ਬਾਕੀ ਸਾਰੇ ਬੋਟਿੰਗ ਤੇ ਪੰਟਿੰਗ ਕਰਦੇ ਰਹੇ ਤੇ ਭਾਜੀ ਲਾਗਲੇ ਕਾਲਜ ਦੇਖਣ ਲੱਗ ਪਏ। ਫਿਰ ਬੈਠਿਆਂ-ਬੈਠਿਆਂ ਸਮਤਾ ਲਈ ਲੇਖ ਲਿਖ ਲਿਆ ਸੀ।


ਪਹਿਲੀ ਫੇਰੀ ਸਮੇਂ, ਭਾਜੀ ਬਹੁਤਾ ਸਮਾਂ ਸਾਡੇ ਕੋਲ਼ ਰਹੇ ਸੀ। ਬਹੁਤ ਸਾਰੇ ਸ਼ਹਿਰੀਂ ਅਸੀਂ ਭਾਜੀ ਨੂੰ ਲੈ ਜਾਂਦੇ ਤੇ ਪਰੋਗਰਾਮ ਕਰਵਾ ਕੇ ਵਾਪਿਸ ਲੈ ਆਉਂਦੇ। ਮੇਰੀ ਧੀ ਲਗਾਤਾਰ ਇਨ੍ਹਾਂ ਦੇ ਡਰਾਮੇ ਦੇਖ ਦੇਖ ਇਕ ਦਿਨ ‘ਕੱਲੀ ਬੈਠੀ ਨਾਟਕ ‘ਟੋਏ’ ਵਿਚਲੇ ਡਾਇਲਾਗ ਬੋਲੇ: ਮੈਂ ਟੋਏ ‘ਚ ਡਿੱਗ ਪਈ ਆਂ, ਮੈਨੂੰ ਕੋਈ ਟੋਏ ‘ਚੋਂ ਬਾਹਰ ਕੱਢੋ; ਮੈਂ ਟੋਏ ‘ਚ ਡਿੱਗ ਪਈ ਆਂ, ਮੈਨੂੰ ਕੋਈ ਟੋਏ ‘ਚੋਂ ਬਾਹਰ ਕੱਢੋ। ਜਸਬੀਰ ਤੇ ਇਹ ਨਜ਼ਾਰਾ ਦੇਖ ਕੇ ਲੋਟ ਪੋਟ ਹੋਈ ਜਾਵੇ। ਅਗਲੇ ਦਿਨ ਮੈਂ ਕਿਹਾ: ਭਾਜੀ ਅਗਲੀ ਵਾਰੀ ਤੁਹਾਨੂੰ ਗੁੱਗੀ ਨੂੰ ਨਾਲ ਲਿਆਉਣ ਦੀ ਲੋੜ ਨਹੀਂ, ਇਕ ਐਕਟਰ ਏਥੋਂ ਤਿਆਰ ਹੋ ਗਈ ਹੈ। ਭਾਜੀ ਮੁਸਕ੍ਰਾਏ ਤੇ ਭਾਬੀ ਜੀ ਬਹੁਤ ਹੱਸੇ।


ਪਹਿਲੀ ਵਾਰੀ ਆਏ ਤਾਂ ਭਾਜੀ ਨੇ ਹਰਪਾਲ ਬਰਾੜ ਨੂੰ ਕਹਿਣਾ: ਮੇਰੇ ਸਿਰ ਤੇ ਪੱਗ ਹੈ, ਖ਼ਾਲਿਸਤਾਨ ਵਾਲੀ ਗੱਲ ਮੈਨੂੰ ਹੀ ਕਰਨ ਦਿਓ। ਅਪਣੇ ਭਾਵੁਕ ਅੰਦਾਜ਼ ‘ਚ ਪੰਜਾਬ ‘ਚ ਸਰਕਾਰੀ ਤੇ ਖ਼ਾਲਿਸਤਾਨੀ ਦਹਿਸ਼ਤਗਰਦੀ ਦੀ ਗੱਲ ਕਰਦੇ, ਉਲਾਰ ਹੋ ਜਾਂਦੇ। ਬਾਬੇ ਨਾਨਕ ਦੀ ਕਿਛੁ ਸੁਣੀਏ, ਕਿਛੁ ਕਹੀਏ ਵਾਲੀ ਬਾਤ ‘ਤੇ ਜ਼ੋਰ ਦਿੰਦੇ। ਆਮ ਲੋਕਾਂ ਦੀ ਤੰਗੀ ਦੀ ਗੱਲ ਕਰਦੇ। ਬਹੁਤੀ ਵਾਰ ਮਿੱਥੇ ਸਮੇਂ ਤੋਂ ਵੱਧ ਸਮਾਂ ਲੈ ਜਾਂਦੇ।


ਜਦੋ ਬਾਕੀ ਦੇ ਲੀਡਰ ਤੇ ਸਿਆਸੀ ਗੁਰੂ ਏਸ ਗੱਲ ਤੇ ਹੀ ਟੇਕ ਲਾ ਕੇ ਬੈਠੇ ਰਹੇ ਕਿ ਜਦੋਂ ਇਨਕਲਾਬ ਆ ਗਿਆ ਸਭ ਠੀਕ ਹੋ ਜਾਣਾ ਹੈ। ਇਹ ਵਰਤਮਾਨ ‘ਚ ਵਸਦੇ ਰਹੇ। ਗ਼ਰੀਬ ਔਰਤਾਂ ਨੂੰ ਕਈ ਬੀਮਾਰੀਆਂ ਦਾ ਕਾਰਨ ਇਹ ਸਮੇਂ ਸਿਰ ਪੈਖਾਨੇ ਦਾ ਪ੍ਰਬੰਧ ਨਾ ਹੋ ਸਕਣਾ ਦਸਦੇ ਸੀ ਤੇ ਓਹਦਾ ਇਲਾਜ ਵੀ ਬੜਾ ਸੌਖਾ ਸੀ। ਓਸ ਲਈ ਵੀ ਇਹ ਗੱਲਾਂ ਕਰਦੇ। ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਵੀ ਸਾਇੰਸਦਾਨ ਵਜੋਂ ਸਮਝਦੇ-ਦਸਦੇ ਤੇ ਲੋਕਾਂ ਦੀ ਵਿਤ ਮੁਤਾਬਕ ਅਪਣਾ ਅਪਣਾ ਹੱਲ ਸੋਚਣ ਦੀ ਗੱਲ ਕਰਦੇ ਸੀ।


ਭਾਜੀ ਨੂੰ ਭਾਬੀ ਜੀ ਤੇ ਇਨ੍ਹਾਂ ਦੀਆਂ ਧੀਆਂ ਦਾ ਵੱਡਾ ਆਸਰਾ ਸੀ। ਇਨ੍ਹਾਂ ਕਰਕੇ ਏਨਾ ਕੰਮ ਕਰ ਸਕੇ ਸੀ। ਜਦੋਂ ਡਰਾਮਿਆਂ ‘ਚ ਔਰਤਾਂ ਦੇ ਪਾਰਟ ਮਰਦ ਹੀ ਕਰਿਆ ਕਰਦੇ ਸੀ, ਇਨ੍ਹਾਂ ਭਾਬੀ ਜੀ ਨੂੰ ਨਾਲ ਤੋਰਿਆ। ਫਿਰ ਦੋਹਾਂ ਧੀਆਂ ਨੂੰ ਵੀ। ਜਦੋਂ ਇਹ ਖ਼ੁਸ਼ ਹੁੰਦੇ, ਇਨ੍ਹਾ ਦੇ ਐਕਟਰ ਕਦੇ ਕਦੇ ਇਨ੍ਹਾਂ ਨੂੰ ਛੇੜ ਵੀ ਲੈਂਦੇ: ਭਾਜੀ ਜੇ ਤੁਹਾਡੇ ਦੋ ਪੁੱਤਰ ਵੀ ਹੁੰਦੇ, ਸਾਡਾ ਨੰਬਰ ਤਾਂ ਕੱਟਿਆ ਜਾਣਾ ਸੀ ਫਿਰ। ਇਹ ਸਿਰਫ ਮੁਸਕਰਾ ਦਿੰਦੇ। ਧੀਆਂ ਮੰਨਦੀਆਂ ਨੇ ਕਿ ਖ਼ੂਨ ਦੇ ਰਿਸ਼ਤੇ ਤੋਂ ਅਸੀਂ ਭਾਵੇ ਦੋਵੇਂ ਭੈਣਾਂ ਹਾਂ, ਪਰ ਭਾਜੀ ਅਪਣਾ ਪਰਿਵਾਰ ਬਹੁਤ ਵੱਡਾ ਕਰ ਗਏ ਨੇ। ਭਾਜੀ ਦੀ ਦੋਹਤੀ, ਨਦੀਆ ਨੂੰ ਅਪਣੇ ਨਾਨੇ ਦੀ ਅਹਿਮੀਅਤ ਦਾ ਹੁਣ ਵਧੇਰੇ ਪਤਾ ਲੱਗਾ ਹੈ, ਓਹ ਕਹਿੰਦੀ ਹੈ: ਬੜੇ ਲੋਕਾਂ ਦੀਆਂ ਉਨ੍ਹਾਂ ਨਾਲ ਫੋਟੋਆਂ ਨੇ, ਪਰ ਮੇਰੀਆਂ ਨਹੀਂ।


ਮੈਂ 84 ‘ਚ ਪੰਜਾਬ ਗਿਆ ਤਾਂ ਭਾ ਜੀ ਹੋਰਾਂ ਨੂੰ ਮਿਲਣ ਅਮ੍ਰਿਤਸਰ ਗਏ। ਮੈਂ ਜਗੀਰ ਜੋਸਣ ਨੂੰ ਨਾਲ ਲੈ ਗਿਆ। ਇਹਨੇ ਅਪਣੀ ਕਵਿਤਾਵਾਂ ਦੀ ਕਿਤਾਬ ਛਪਾਉਣੀ ਸੀ। ਮੈਂ ਕਿਹਾ ਤੈਨੂੰ ਭਾਜੀ ਹੋਰਾਂ ਨਾਲ ਮਿਲਾ ਲਿਆਉਨਾਂ। ਉਹ ਔਖੇ ਡਾਢੇ ਦਿਨ ਸੀ। ਹਰਿਮੰਦਰ ਸਾਹਿਬ ‘ਤੇ ਹਮਲਾ ਹੋ ਚੁੱਕਿਆ ਸੀ, ਇੰਦਰਾ ਗਾਂਧੀ ਦਾ ਕਤਲ ਹੋ ਚੁੱਕਾ ਸੀ ਤੇ ਦਿੱਲੀ ਤੇ ਹੋਰ ਸ਼ਹਿਰਾਂ ‘ਚ ਸਿੱਖਾਂ ਦਾ ਘਾਣ ਬੱਚਾ ਘਾਣ। ਜਦੋਂ ਤਾਈਂ ਅਸੀਂ ਪਹੁੰਚੇ, ਭਾਜੀ ਹੋਰੀਂ ਨਾਟਕਾਂ ਦੀਆਂ ਰਿਹਰਸਲਾਂ ‘ਚ ਰੁੱਝਣ ਵਾਲੇ ਸੀ। ਕੇਵਲ ਦੀ ਜ਼ਿੰਮੇਵਾਰੀ ਲਾ ਕੇ ਕਹਿੰਦੇ: ਅੱਜ ਏਅਅਨਾਂ ਗੱਲਾਂ ‘ਤੇ ਧਿਆਨ ਦੇ ਕੇ ਰਿਹਸਰਲ ਕਰਵਾਓ। ਮੈਂ ਕਿਹਾ: ਤੁਸੀਂ ਰਿਹਰਸਲ ਕਰੋ ਅਸੀਂ ਬਾਹਰ ਫਿਰ ਤੁਰ ਆਉਂਨੇ ਆਂ। ਅਸੀਂ ਓਨਾ ਚਿਰ ਜਗੀਰ ਦੇ ਜਾਣੂੰਆਂ-ਰਿਸ਼ਤੇਦਾਰਾਂ ਦੇ ਚਲੇ ਗਏ। ਓਥੇ ਗਏ, ਤਾਂ ਉਹ ਬਹੁਤ ਗਰਮ ਸਿੱਖ ਸਿਆਸਤ ਦੀਆਂ ਗੱਲਾਂ ਕਰਨ। ਭਿੰਡਰਾਂਵਾਲ਼ੇ ਦੀਆਂ, ਮੁੰਿਡਆਂ ਦੀ ਬਹਾਦਰੀ ਦੀਆਂ। ਸਾਨੂੰ ਬਹੁਤ ਛੇਤੀ ਪਤਾ ਲੱਗ ਗਿਆ ਕਿ ਅਸੀਂ ਗ਼ਲਤ ਥਾਂ ‘ਤੇ ਆ ਗਏ ਆਂ। ਅਸੀਂ ਛੇਤੀ ਭਾਂਜੀ ਵੱਲ ਮੋੜੇ ਪਾ ਲਏ।


ਮੈਨੂੰ ਯਾਦ ਹੈ ਕਿ ਦੂਜੀ ਵਾਰੀ ਭਾਜੀ ’ਕੱਲੇ ਆਏ, ਕਨੇਡੇ ਤੋˆ ਹੋ ਕੇ। ਸ਼ਾਇਦ ਨੱਬੇ ਦੇ ਏੜ ਗੇੜ ਦੀ ਗੱਲ ਹੈ। ਵਲੈਤ ਤਿੰਨ ਚਾਰ ਕੁ ਦਿਨਾˆ ਦਾ ਸਟੇਅ ਸੀ। ਇਹ ਮੇਰੇ ਕੋਲ ਹੀ ਰਹੇ। ਇਕ ਹੀ ਛੋਟੀ ਜਿਹੀ ਮੀਟਿੰਗ ਹੀ ਹੋ ਸਕਦੀ ਤੇ ਓਹ ਅਸੀਂ ਹੀ ਕੀਤੀ। ਉਦੋਂ ਅਕਾਲ ਤਖ਼ਤ ਢਹਿ ਕੇ ਬਣ ਚੁੱਕਾ ਸੀ। ਭਾਜੀ ਭਾਵੁਕ ਹੋ ਕੇ ਬੋਲੇ: ਇਹ ਕੋਈ ਲੜਾਈ ਕਰਨ ਦੀ ਜਗ੍ਹਾ ਸੀ। ਜੇ ਇਨ੍ਹਾਂ ਲੜਾਈ ਕਰਨੀ ਸੀ ਕਿਤੇ ਹੋ ਜਾ ਕੇ ਕਰ ਲੈਂਦੇ। ਕਹਿੰਦੇ: ਮੇਰਾ ਅਮ੍ਰਿਤਸਰ ਨਾਲ ਬੜਾ ਮੋਹ ਏ, ਸਰਕਾਰ ਨੂੰ ਵੀ ਕੋਈ ਹੋਰ ਤਰੀਕਾ ਅਪਨਾਣਾ ਚਾਹੀਦਾ ਸੀ। ਭਾ ਜੀ ਸਵੇਰੇ ਏਅਰਪੋਰਟ ਨੂੰ ਤੁਰਨ ਵੇਲੇ ਬਹੁਤ ਕਾਹਲੀ ਪਾਉਣ ਲੱਗੇ।ਜਸਬੀਰ ਤਿਆਰ ਹੁੰਦੀ ਸੀ।ਇਨ੍ਹਾˆ ਨੂੰ ਲੇਟ ਹੋਣ ਦਾ ਖ਼ਦਸ਼ਾ ਸੀ; ਘਾਬਰ ਗਏ।ਕਾਹਲ਼ੀ ਕਾਹਲ਼ੀ ਏਧਰ ਓਧਰ ਫਿਰਨ ਲੱਗੇ – ਕਵੈਦ ਕਰ ਰਹੇ ਹੋਣ। ਘਰੋˆ ਤੁਰਨ ਦੀ ਦੇਰ ਸੀ ਫਿਰ ਸਹਿਜ।ਕਾਰ ‘ਚ ਜਾਂਦਿਆ, ਫਿਰ ਸਿਆਸਤ ਦੀਆਂ ਗੱਲਾਂ, ਬਰਾਬਰੀ, ਨਾਬਰਾਬਰੀ ਦੀਆਂ ਕਹਾਣੀਆਂ। ਗ਼ਰੀਬਾਂ ਦੇ ਭਲੇ ਦੀਆਂ ਗੱਲਾਂ, ਇਨ੍ਹਾਂ ਦੇ ਉਪਰ ਉਠਣ ਦੇ ਮਸਲੇ।


ਭਾਈ ਮੰਨਾ ਸਿੰਘ ਸੀਰੀਅਲ ਦੀ ਚੜ੍ਹਤ ਏਨੀ ਹੋਈ ਕਿ ਟੀ ਵੀ ਵਾਲ਼ਾ ਸਵਿਤੋਜ (ਦੁਰਗਾ ਦੱਤ) ਅਪਣੀ ਪ੍ਰਾਪਤੀ ਇਸ ਸੀਰੀਅਲ ਨੂੰ ਹੀ ਮੰਨਣ ਲੱਗ ਪਿਆ। ਕਹਿੰਦਾ: ਭਾਈ ਮੰਨਾ ਸਿਓਂ ਦੀਆਂ ਗੱਲਾਂ ਘਰ-ਘਰ ਹੁੰਦੀਆਂ, ਕਵਿਤਾ ਇਹਦੇ ਮੋਹਰੇ ਕੀ ਹੁੰਦੀ ਆ। ਲੋਕ ਇਸ ਕਰਕੇ ਮੈਨੂੰ ਯਾਦ ਰੱਖਣਗੇ, ਮੈਂ ਇਹ ਸੀਰੀਅਲ ਬਣਾਇਆ ਨਾ ਕਿ ਮੈਂ ਸਵਿਤੋਜ ਕਵੀ ਵੀ ਸੀ। ਨਾਲ਼ੇ ਸ਼ੂਟਿੰਗ ਦੌਰਾਨ ਹੋਈਆਂ ਹਾਸੇ ਠੱਠੇ ਦੀਆਂ ਗੱਲਾਂ ਦੱਸਦਾ। ਭਾਜੀ ਇਸ ਕਰੈਕਟਰ ਨੂੰ ਪਹਿਲਾਂ ਵੀ ਖੇਲਦੇ ਰਹੇ ਸੀ ਪਰ ਟੀ ਵੀ ਸੀਰੀਅਲਾਂ ਨੇ ਭਾਜੀ ਨੂੰ ਗੁਰਸ਼ਰਨ ਸਿੰਘ ਤੋਂ ਭਾਈ ਮੰਨਾ ਸਿੰਘ ਬਣਾ ਦਿੱਤਾ ਸੀ। ਕਈ ਬੀਬੀਆਂ, ਨਾਟਕ ਕਰਨ ਗਏ ਭਾਜੀ ਨੂੰ ਬਾਬਾ ਸਮਝ ਕੇ ਦੁਆਨੀ-ਚੁਆਨੀ ਮੱਥਾ ਵੀ ਟੇਕ ਦਿੰਦੀਆਂ ਸੀ।


ਭਾਜੀ ਦੇ ਨਾਟਕਾਂ ਨੂੰ ਦੇਖ ਕੇ ਦਲੀਪ ਕੁਮਾਰ, ਬਲਰਾਜ ਸਾਹਣੀ, ਮਨਮੋਹਨ ਕ੍ਰਿਸ਼ਨ ਵਰਗੇ ਬੰਬੱਈਆਂ ਫ਼ਿਲਮੀ ਜੱਗ ਦੇ ਮਹਾਂਰਥੀ ਜ਼ਰੂਰ ਕਿਸੇ ਵਜਾਹ ਕਰਕੇ ਹੀ ਇਨ੍ਹਾਂ ਦੀ ਕਲਾ ਦੀ ਸਿਫ਼ਤ ਕਰਦੇ ਹੋਣਗੇ। ਬਲਰਾਜ ਸਾਹਣੀ ਨਾਲ ਨੇੜਤਾ ਦੀ ਮਾਣ ਮਰਿਯਾਦਾ ਹਿੱਤ ਇਨ੍ਹਾਂ ਇੱਕ ਦੋ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ। ਪਰ ਮੁੱਖ ਟੇਕ ਪਿੰਡਾਂ ‘ਚ ਨਾਟਕ ਕਰਨ ਤੇ ਹੀ ਰਹੀ। ਇਨ੍ਹਾਂ ਬਹੁਤ ਦੇਰ ਪਹਿਲਾਂ ਜਾਣ ਲਿਆ ਸੀ ਕਿ ਇਨ੍ਹਾਂ ਦਾ ਥੀਏਟਰ ਸ਼ਹਿਰੀ ਦਰਸ਼ਕਾਂ ਲਈ ਨਹੀਂ ਹੈ। ਪਿੰਡ ਦੇ ਲੋਕਾਂ ਦਾ ਮਨੋਰੰਜਨ ਵੀ ਹੋ ਜਾਂਦਾ। ਸੁਨੇਹਾ ਵੀ ਪਹੁੰਚ ਜਾਂਦਾ। ਨਾਲ਼ੇ ਭਾ ਜੀ ਖ਼ੁਸ਼ ਨਾਲ਼ੇ ਦਰਸ਼ਕ।


ਤੀਜੀ ਵਾਰ ਆਏ ਤਾਂ ਉਦੋਂ ਤੀਕ ਦੋਵੇਂ ਮਜ਼ਦੂਰ ਸਭਾਵਾਂ ਵੀ ‘ਕੱਠੀਆ ਹੋ ਗਈਆਂ ਸੀ। ਵਲੈਤ ਦੇ ਸਾਰੇ ਪਰੋਗਰਾਮ ਬਹੁਤ ਕਾਮਯਾਬ ਰਹੇ। ਜਿਸ ਦਿਨ ਤੁਰਨਾ ਸੀ, ਭਾਜੀ ਤਲਖ਼ੀ ‘ਚ ਹੱਥ ਉਪਰ ਕਰਕੇ ਬੋਲੇ: ਏਅਅ ਜਿਹੜੇ ਖਰੜੇ ਨੇ ਨਾ ਇਹ ਪਹਿਲਾਂ ਸੂਟਕੇਸ ‘ਚ ਇਹੀ ਪੈਕ ਹੋਣਗੇ, ਬਾਕੀ ਸਮਾਨ ਜਗ੍ਹਾ ਹੋਈ ਤਾਂ ਹੀ ਜਾਏਗਾ। ਸੱਭ ਆਏ ਹੋਏ ਘਾਬਰ ਜਾਂਦੇ ਨੇ। ਭਾਬੀ ਜੀ ਵੀ ਗੁੱਸੇ ਹੋਏ। ਅਸੀਂ ਭਾਜੀ ਦੇ ਇਸ ਸੁਭਾਅ ਤੋਂ ਜਾਣੂੰ ਹਾਂ। ਭਾਬੀ ਜੀ ਵੀ ਤਾਂ ਜਾਣੂੰ ਹੀ ਸਨ। ਸਭ ਨੂੰ ਪਤਾ ਹੈ ਕਿ ਇਹ ਥੋੜ੍ਹ ਚਿਰਾ ਉਬਾਲ ਛੇਤੀ ਸ਼ਾਂਤ ਹੋ ਜਾਣਾ ਹੈ। ਸਭ ਨਾਰਮਲ ਹੋ ਜਾਣਾ ਹੈ। ਜਸਬੀਰ ਤੇ ਮੈਂ ਭਾਬੀ ਜੀ ਨੂੰ ਗੱਡੀ ‘ਚ ਲੈ ਕੇ ਚਲੇ ਗਏ। ਜਦੋਂ ਤਾਂਈ ਅਸੀਂ ਮੁੜ ਕੇ ਆਏ ਸਭ ਸ਼ਾਂਤ ਹੋ ਚੁੱਕਾ ਸੀ। ਭਾਜੀ ਹੋਰੀ ਆਪ ਤਾਂ ਕਮਿਉਨਿਸਟ ਵਿਚਾਰਧਾਰਾ ਨਾਲ਼ ਪ੍ਰਤੀਬੱਧ ਸੀ, ਭਾਬੀ ਹੋਰੀਂ ਤਾਂ ਨਹੀਂ ਸੀ। ਭਾਬੀ ਜੀ ਹੋਰਾਂ ਇਹ ਗੱਲ ਇਕ ਵਾਰ ਦੱਸੀ ਵੀ। ਬਈ ਅਸੀਂ ਤਾਂ ਇਨ੍ਹਾਂ ਨੂੰ ਸੁਪੋਰਟ ਕਰਦੇ ਆਂ। ਭਾਬੀ ਜੀ ਨੇ ਵੀ ਅਪਣਾ ਗੁੱਭ-ਗਲ੍ਹਾਟ ਕੱਢ ਲਿਆ।


ਸਭ ਤੋਂ ਪਹਿਲਾਂ ਭਾਜੀ ਦੇ ਦਰਸ਼ਨ 1974-75 ‘ਚ ਕੀਤੇ ਹੋਣੇ ਨੇ। ਇਨ੍ਹਾਂ ਸਾਡੇ ਨਕੋਦਰ ਕਾਲਜ ਆਪਣੇ ਨਾਟਕ ਖੇਡੇ ਸੀ – ਇਹ ਲਹੂ ਕਿਸਦਾ ਹੈ ਤੇ ਕਿਵ ਕੂੜੇ ਤੁਟਿ ਪਾਲਿ। ਉਦੋਂ ਭਾਜੀ ਹੋਰਾਂ ਨਾਲ ਜਤਿੰਦਰ ਕੌਰ ਅਰੋੜਾ ਹੋਰੀਂ ਤੇ ਹੋਰ ਸੀਨੀਅਰ ਆਰਟਿਸਟ ਕੰਮ ਕਰਿਆ ਕਰਦੇ ਸੀ। ਕਾਲਜ ਆਉਣ ਤੋਂ ਪਹਿਲਾਂ ਮੈਂ ਰਾਮ ਲੀਲਾ ਵਰਗੀ ਨਾਟ ਮੰਡਲੀ ‘ਚ ਆਪ ਰੋਲ ਕਰਦਾ ਰਿਹਾ ਸਾਂ। ਨਾਟਕ ਦੇਖ ਕੇ ਮੈਨੂੰ ਲੱਗਿਆ, ਕਲਾ ਤਾਂ ਏਦਾਂ ਦੀ ਹੁੰਦੀ ਹੈ। ਮੈਂ ਐਵੇਂ ਸਮਾਂ ਬਰਬਾਦ ਕਰਦਾ ਰਿਹਾ ਸੀ। ਇਹ ਪੰਜਾਬ ‘ਚ ਨਕਸਲਬਾੜੀ ਚੜਤ੍ਹ ਦੇ ਦਿਨਾਂ ਦੀਆਂ ਗੱਲਾਂ ਨੇ। ਅਗਲੀ ਵਾਰ ਆਏ, ਤਾਂ ਅਸੀਂ ਕਾਲਜ ਦੇ ਸੀਨੀਅਰ ਵਿਦਿਆਰਥੀ ਹੋ ਗਏ ਸਾਂ। ਪ੍ਰਬੰਧ ‘ਚ ਸਾਡਾ ਹੱਥ ਸੀ। ਭਾਜੀ ਨਾਲ਼ ਮੇਲ਼-ਮਿਲਾਪ ਹੋਇਆ। ਸੰਗ-ਸੰਗਾਅ ‘ਚ ਕੁਝ ਗੱਲਾਂ ਬਾਤਾਂ ਵੀ ਹੋਈਆਂ। ਫਿਰ ਇਨ੍ਹਾਂ ਪਰਚੇ ਕੱਢੇ। ਮੈਂ ਕਵਿਤਾਵਾਂ ਭੇਜੀਆਂ, ਇਨ੍ਹਾਂ ਛਾਪੀਆ। ਤਰਜਮੇ ਛਾਪੇ। ਨੇੜ ਵਧਿਆ। ਵਲੈਤ ਆ ਜਾਣ ‘ਤੇ ਰਾਬਤਾ ਵਧਿਆ। ਭਾਜੀ ਦੇ ਆਖੇ ਮੈਂ ਲੋਕ ਸੱਥ ਸੰਪਾਦਿਤ ਕੀਤੀ, ਇਨ੍ਹਾਂ ਆਪ ਰੀਝ ਨਾਲ਼ ਛਾਪੀ। ਸਮਤਾ ਲਈ ਮੈਨੂੰ ਹੋਰ ਲਿਖਣ ਲਈ ਉਕਸਾਇਆ।


ਮੇਰੀਆਂ ਧੀਆਂ ਨਿੱਕੀਆਂ ਹੁੰਦੀਆਂ ਹੀ ਮੇਰੇ ਬਾਪ ਨੂੰ ਦੇਖ ਕੇ, ਹਰ ਪੱਗ ਵਾਲ਼ੇ ਸਿਆਣੇ ਬੰਦੇ ਨੂੰ ਬਾਬਾ ਹੀ ਕਹਿੰਦੀਆ ਆਈਆਂ ਨੇ। ਭਾਜੀ ਨੂੰ ਵੀ ਇਨ੍ਹਾਂ ਬਾਬਾ ਮੰਨ ਲਿਆ। ਡਰਾਮੇ ਵਾਲ਼ਾ ਬਾਬਾ। ਅਜੇ ਵੀ ਘਰ ਜਦੋਂ ਗੱਲ ਚੱਲੇ ਤਾਂ ਇਹ ਡਰਾਮੇ ਵਾਲੇ ਬਾਬਾ ਹੀ ਆਖਕੇ ਸਿਆਣ ਕਰਾਉਂਦੀਆਂ ਨੇ। ਅਖ਼ੀਰਲੀ ਗੇੜੀ ਵੇਲੇ ਭਾਬੀ ਜੀ ਪੁੱਛਦੇ: ਨਿੱਕੀਆਂ ਦੇ ਕੀ ਹਾਲ ਨੇ। ਮੈਂ ਕਿਹਾ ਜੀ ਹੁਣ ਨਿੱਕੀਆਂ ਨਹੀਂ ਰਹੀਆਂ। ਮੇਰੇ ਮੂੰਹੋਂ ਕਾਹਲ਼ੀ ਨਾਲ਼ ਗੱਲ ਫੜਕੇ ਫ਼ਿਕਰ ‘ਚ ਭਾਬੀ ਜੀ ਕਹਿੰਦੇ: ਕੀ ਹੋ ਗਿਆ ਉਨ੍ਹਾਂ ਨੂੰ? ਮੈ ਠਰੰਮ੍ਹੇ ਨਾਲ਼ ਕਿਹਾ: ਹੁਣ ਵੱਡੀਆਂ ਹੋ ਗਈਆਂ ਨੇ।


ਪੰਜਾਬ ਜਦੋਂ ਵੀ ਜਾਣਾ, ਤਾਂ ਭਾਜੀ ਹੋਰਾਂ ਨੂੰ ਤਾਂ ਮਿਲ਼ ਹੋ ਜਾਣਾ; ਇਨ੍ਹਾਂ ਨਾਟਕ ਕਰਦਿਆਂ ਲਾਗੇ ਬੰਨ੍ਹੇ ਆਏ ਹੋਣਾ। ਮੈਂ ਓਥੇ ਮਿਲ਼ ਲੈਣਾ। ਗੱਲਾਂਬਾਤਾਂ ਹੋ ਜਾਣੀਆਂ। ਬਹੁਤੀ ਵਾਰੀ ਭਾਬੀ ਜੀ ਨੂੰ ਮਿਲਣਾ ਰਹਿ ਜਾਂਦਾ ਰਿਹਾ। ਪਿਛਲੇ ਸਾਲ ਕਿਤਾਬ ‘ਮੇਰੇ ਅਪਣੇ’ ਛਪੀ, ਤਾਂ ਮੈਂ ਚੰਡੀਗੜ੍ਹ ਜਾਣਾ ਸੀ। ਮੇਰੇ ਮਕਸਦ ਦੋ ਸੀ। ਭਾਜੀ-ਭਾਬੀ ਜੀ ਨੂੰ ਮਿਲਣਾ ਤੇ ਕਿਤਾਬ ਲੈਣੀ। ਨਾਲ਼ੇ ਮੁੰਝ ਬਗੜ ਨਾਲ਼ੇ ਦੇਵੀ ਦੇ ਦਰਸ਼ਨ। ਐਤਕੀਂ ਮੈਂ ਧਾਰ ਕੇ ਗਿਆ ਸੀ ਕਿ ਭਾਬੀ ਜੀ ਨੂੰ ਵੀ ਜ਼ਰੂਰ ਮਿਲਣਾ ਹੀ ਮਿਲਣਾ ਹੈ। ਪਹੁੰਚ ਕੇ ਮੈਂ ਅਪਣਾ ਮਨਸ਼ਾ ਦੱਸਿਆ ਤਾਂ ਭਾਬੀ ਜੀ ਕਹਿੰਦੇ: ਆਓ ਆਓ, ਤੁਹਾਡੇ ਭਾਜੀ ਹੁਣ ਘਰ ਹੀ ਹੁੰਦੇ ਨੇ, ਜਦ ਮਰਜ਼ੀ ਆ ਜਾਓ। ਮੈਂ ਚੰਡੀਗੜ੍ਹ ਪਹੁੰਚ ਕੇ ਫਿਰ ਦੱਸਿਆ। ਭਾਬੀ ਜੀ ਨੇ ਕਿਹਾ: ਭਾਵਂੇ ਅੱਜ ਹੀ ਆ ਜਾਓ। ਭਾਜੀ ਨੂੰ ਉਨ੍ਹਾਂ ਦੇ ਸ਼ਗਰਿਦਾਂ ਇਸ਼ਨਾਨ ਕਰਾ ਕੇ, ਕਪੜੇ ਪੁਆ ਕੇ ਮੰਜੇ ਤੇ ਬਿਠਾ ਦਿੱਤਾ ਸੀ, ਸਰ੍ਹਾਣੇ ਦੀ ਢੋਅ ਨਾਲ। ਮੈਂ ਸਾਹਬ-ਸਲਾਮ ਕੀਤੀ। ਭਾਜੀ ਹਮੇਸ਼ਾਂ ਵਾਂਗ ਤਪਾਕ ਨਾਲ਼ ਮਿਲੇ। ਬਹੁਤ ਖੁਸ਼ ਹੋਏ। ਥੋੜੀਆਂ ਰਾਜ਼ੀ ਖ਼ੁਸ਼ੀ ਦੀਆਂ ਗੱਲਾਂ ਤੋਂ ਬਾਅਦ, ਇਨ੍ਹਾਂ ਸਿੱਧੀਆਂ ਮਜ਼ਦੂਰ ਸਭਾ ਦੇ ਕੰਮ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੰਗੀਆਂ ਸਾਥੀਆਂ ਦੀਆਂ। ਭਾਬੀ ਜੀ ਕਹਿੰਦੇ: ਇਹ ਹੁਣ ਸਾਰੀਆਂ ਗੱਲਾਂ ਪੁੱਛਣਗੇ। ਫਿਰ ਕਹਿੰਦੇ: ਅਸੀਂ ਵੀ ਕੋਈ ਘਰ ਪਰਿਵਾਰ ਦੀ ਗੱਲ ਕਰਨੀ ਹੁੰਦੀ ਹੈ! ਭਾਜੀ ਮੁਸਕਰਾਏ। ਮੈਂ ਭਾਜੀ ਹੋਰਾਂ ਨੂੰ ਕਿਤਾਬ ਦਿੱਤੀ, ਤਾਂ ਬੜੇ ਖ਼ੁਸ਼ ਹੋਏ। ਕਹਿੰਦੇ: ਮੈਂ ਏਅਅਸ ਕਿਤਾਬ ਤੇ ਪਰੋਗਰਾਮ ਕਰਨਾਂ ਚਾਅਨਾਂ; ਏਅਅ ਜੋ ਸੋਲਾਂ ਸਤਾਰਾਂ ਚੈਪਟਰ ਨੇ, ਇਨ੍ਹਾਂ ‘ਤੇ ਤੁਹਾਨੂੰ ਸੁਆਲ ਪੁੱਛੇ ਜਾਨਗੇ। ਹੋਰ ‘ਲੋਗ’ ਕਿਤਾਬ ਬਾਰੇ ਅਪਣੇ ਵਿਚਾਰ ਦੱਸਣਗੇ। ਮੈਂ ਸਮੇਂ ਦੀ ਘਾਟ ਦੀ ਦੁਹਾਈ ਪਾਈ। ਇਹ ਸਹਿਜ ‘ਚ ਸੱਜਾ ਹੱਥ ਹਿਲਾਉਂਦਿਆਂ ਕਹਿੰਦੇ: ਅਗਲੀ ਵਾਰੀ ਆਓ, ਤਾਂ ਮੈਨੂੰ ਜਲਦੀ ਪਤਾ ਦੇਨਾ। ਮੈਂ ਆਪੇ ਪ੍ਰਬੰਧ ਕਰ ਲਵਾਂਗਾ, ਸਾਅਡੇ ਕੋਲ ਅਜੇਅਅਹਾ ਬੰਦੋਬਸਤ ਹੈ ਵੇ। ਭਾਬੀ ਜੀ ਨੇ ਮੈਨੂੰ ਫ਼ੋਟੋ ਲੈਂਦਿਆਂ ਦੇਖ ਲਿਆ ਸੀ। ਭਾਜੀ ਦੇ ਕੁੜਤੇ ਦੇ ਬਟਨ ਪੂਰੇ ਨਹੀਂ ਸਨ ਲੱਗੇ ਹੋਏ; ਕੋਲ਼ ਆ ਕੇ ਬਟਨ ਬੰਦ ਕੀਤੇ। ਮੈਂ ਹੋਰ ਫ਼ੋਟੋ ਖਿੱਚੀਆਂ। ਅਜੇ ਦੋ ਕੁ ਮਹੀਨੇ ਪਹਿਲਾਂ ਵੀ ਮੈਂ ਟੈਲੀਫ਼ੋਨ ‘ਤੇ ਗੱਲ ਕੀਤੀ ਸੀ। ਪਰ ਬਾਤ ਪੂਰੀ ਨਹੀਂ ਸੀ ਹੋਈ। ਮੈਨੂੰ ਲੱਗਿਆ ਕਿ ਕੰਨਾਂ ਤੋਂ ਸੁਣਨਾ ਹੋਰ ਘੱਟ ਗਿਆ ਸੀ।


ਸਾਰੀ ਹਯਾਤੀ ਭਾਜੀ ਹੋਰਾਂ ਅਪਣਾ ਸਰੀਰ ਬੜੀ ਹੀ ਕਰੂਰਤਾ ਨਾਲ਼ ਵਾਹਿਆ। ਮਹੀਨੇ ‘ਚੋਂ ਵੀਹ-ਵੀਹ ਪੱਚੀ-ਪੱਚੀ ਦਿਨ ਦੂਰ-ਨੇੜੇ ਨਾਟਕ ਕਰਨੇ। ਕਈ ਵਾਰੀ ਦਿਹਾੜੀ ‘ਚ ਦੋ ਦੋ ਥਾਂਈ ਵੀ ਕਰ ਜਾਂਦੇ। ਮੋਢਿਆਂ ‘ਤੇ ਕਿਤਾਬਾਂ ਨਾਲ਼ ਭਰੇ ਝੋਲ਼ੇ ਲੱਦੇ ਵੀ ਹੋਣੇ। ਪਹਿਲੀਆਂ ‘ਚ ਸਫ਼ਰ ਵੀ ਬੱਸਾਂ ‘ਚ ਕਰਦੇ ਸੀ। ਰਿਹਰਸਲਾਂ ਕਰਨੀਆਂ। ਵਿਚ-ਵਿਚ ਸਿਆਸੀ ਮੀਟਿੰਗਾਂ ‘ਚ ਵੀ ਜਾਣਾ। ਪਰਚਿਆਂ ਦਾ ਪ੍ਰਬੰਧ ਤੇ ਕਿਤਾਬਾਂ ਦੀ ਛਾਪ ਛਪਾਈ। ਨਾਟਕ, ਲੇਖ ਲਿਖਣੇ। ਵਿਦੇਸ਼ਾਂ ਦੀਆਂ ਫੇਰੀਆਂ – ਓਥੇ ਦੀ ਨੱਠ ਭੱਜ। ਮਿਲਣ-ਗਿਲਣ ਵਾਲ਼ਿਆਂ ਨਾਲ਼ ਆਓ ਭਗਤੀ ਵਰਤਾਓ। ਘਰ ਦੀਆਂ ਜ਼ਿੰਮੇਵਾਰੀਆਂ। ਇਸ ਸਾਰੇ ਕੁਛ ‘ਚ ਡਿਸਿਪਲਨ ‘ਚ ਰਤਾ ਢਿੱਲ ਨਾ ਆਉਣ ਦੇਣੀ। ਭਾਜੀ ਨੂੰ ਦੋ ਤਿੰਨ ਵਾਰ ਤਲਖ਼ੀ ‘ਚ ਆਇਆਂ ਮੈਂ ਵੀ ਦੇਖਿਆ, ਜਦੋਂ ਉਹ ਸਮਾਂ ਲੰਘ ਗਿਆ। ਭਾਜੀ ਸ਼ਾਂਤ ਸਮੁੰਦਰ, ਖ਼ੁਸ਼ ਤੇ ਹਸਮੁਖ। ਇਨ੍ਹਾਂ ਅਪਣਾ ਅਸਲ ਨਿਸ਼ਾਨਾ ਕਦੇ ਨਹੀਂ ਚੁੱਕ ਹੋਣ ਦਿੱਤਾ।


ਇਨ੍ਹਾਂ ਦੇ ਕਰਨਲ ਭਾਈ ਨੂੰ ਕਿਸੇ ਨੇ ਕਿਹਾ ਕਿ ਮੈਂ ਤੁਹਾਡੇ ਵੱਡੇ ਭਾਈ ਨੂੰ ਵੀ ਮਿਲ਼ਿਆ ਸਾਂ। ਕਰਨਲ ਅਵਤਾਰ ਸਿੰਘ ਵਿਚੇ ਟੋਕ ਕੇ ਕਹਿੰਦੇ: ਗੁਰਸ਼ਰਨ ਤਾਂ ਮੈਥੋਂ ਬਾਰਾਂ ਸਾਲ ਛੋਟਾ ਹੈ। ਮੈਂ ਸਾਰਿਆਂ ਤੋਂ ਵੱਡਾ ਹਾਂ; ਉਹ ਸਭ ਤੋਂ ਛੋਟਾ। ਮੈਂ ਬੜਾ ਕਿਹਾ ਹੈ ਉਸ ਨੂੰ ਪਰ ਉਹ ਅਪਣੀ ਸਿਹਤ ਦਾ ਖ਼ਿਆਲ ਨਹੀਂ ਰੱਖਦਾ। ਫ਼ੌਜੀ ਅਫ਼ਸਰਾਂ ਦੀ ਬਣ-ਠਣ ਕੇ ਰਹਿਣ ਦੀ ਗੱਲ ਮੰਨੀ ਦੰਨੀ ਹੈ। ਭਾਜੀ ਹੋਰਾਂ ਤਾਂ ਅਪਣਾ ਜੀਵਨ ਬਹੁਤ ਸਾਦਾ ਕੀਤਾ ਹੋਇਆ ਸੀ। ਖਾਣ-ਪੀਣ ਵੀ। ਵਲੈਤ ਚ ਅਕਸਰ ਪਰੋਗਰਾਮਾਂ ਤੋਂ ਬਾਅਦ ਬੀਅਰ ਜਾਂ ਸ਼ਰਾਬ ਵੀ ਵਰਤੀ-ਵਰਤਾਈ ਜਾਂਦੀ ਹੈ। ਮੈਂ ਦੇਖਿਆ ਭਾਜੀ ਇਸ ਤੋਂ ਪਰੇਸ਼ਾਨ ਹੁੰਦੇ ਸੀ। ਬਾਕੀ ਦੇ ਕਈ ਕਲਾਕਾਰ ਇਨ੍ਹਾਂ ਤੋਂ ਡਰਦੇ ਵੀ ਸੀ ਤੇ ਘੁੱਟ ਘੁੱਟ ਲਾਉਣਾ ਵੀ ਚਾਹੁੰਦੇ ਹੁੰਦੇ ਸੀ। ਲੁਕ ਲੁਕ ਕੇ ਹੀ ਪੀ ਸਕਦੇ ਸੀ। ਪੀ ਲੈਂਦੇ, ਝਕਦੇ ਝਕਦੇ। ਭਾਜੀ ਹਮੇਸ਼ਾਂ ਕਿਸੇ ਅਣਸੁਖਾਵੀਂ ਹੋਣ ਤੋਂ ਚੌਕਸੀ ਰੱਖਦੇ।


ਕਾਲ਼ੇ ਦਿਨਾਂ ਦੀ ਗੱਲ ਕਰਦਿਆਂ ਭਾਜੀ ਕਿਤੇ ਕਹਿੰਦੇ ਨੇ: ਗੱਲ ਇਹ ਸੀ ਕਿ ਫ਼ੈਸਲਾ ਕੀਤਾ ਅਸੀਂ ਮਨ ਦੇ ਵਿਚ, ਜਿੱਥੇ ਹੋਰ ਏਨੇ ਬੰਦੇ ਪਏ ਮਰਦੇ ਨੇ ਰੋਜ਼, ਅਸੀਂ ਵੀ ਮਰ ਜਾਂਗੇ; ਪਰ ਕੰਮ ਤੇ ਕਰਨਾ ਹੀ ਹੈ ਅਸੀਂ। ਭਾਬੀ ਜੀ ਹੱਸਦਿਆਂ ਨਾਲ ਆਪਣੀ ਗੱਲ ਵੀ ਜੋੜ ਦਿੰਦੇ: ਏਸੇ ਕਰਕੇ ਮੈਂ ਵੀ ਇਨ੍ਹਾਂ ਦੇ ਨਾਲ਼ ਹੀ ਜਾਂਦੀ ਸੀ, ਬਈ ਜੇ ਮਰੀਏ ਤੇ ਇਕੱਠੇ ਮਰੀਏ। ਪੰਜਾਬ ਦੇ ਕਾਲੇ ਦਿਨਾਂ ‘ਚ ਜਾਨ ਜੋਖ਼ਮ ਚ ਪਾ ਕੇ ਵੀ ਨਾਟਕ ਖੇਡੇ – ਕਈ ਵਾਰੀ ਦਿਨ ‘ਚ ਤਿੰਨ ਤਿੰਨ ਚਾਰ ਦੀ। ਲੋਕਾਂ ਦੇ ਹਮੈਤੀ ਭਾਜੀ ਘਰ ਤਾਂ ਬਹਿ ਨਹੀਂ ਸੀ ਸਕਦੇ। ਪੰਜਾਬ ‘ਚ ਜਿਹੋ ਜਿਹੇ ਹਾਲਤ ਉਸ ਵੇਲੇ ਸੀ, ਓਹ ਘਰ ਆ ਕੇ ਕਿਸੇ ਨੂੰ ਵੀ ਤਾਂ ਮਾਰ ਸਕਦੇ ਸੀ – ਮਨ ਮਰਜ਼ੀ ਨਾਲ, ਚੁਣ ਚੁਣ ਕੇ। ਦਹਿਸ਼ਤਗ਼ਰਦੀ ਸਿਖਰ ਤੇ ਵੀ ਸੀ, ਘਾਤਕ ਵੀ। ਉਨ੍ਹਾਂ ਸੇਵੇਵਾਲੇ ਦਾ ਕਾਰਾ ਕੀਤਾ ਸੀ, ਹੋਰ ਕਈ ਚੋਟੀ ਦੇ ਕਾਮਰੇਡ ਮਾਰੇ ਸੀ।


ਸਾਡਾ ਇਹ ਬਾਬਾ ਬੜਾ ਦਬੰਗ ਸੀ। ਸਾਰੀ ਉਮਰ ਬਿਨਾਂ ਕਿਸੇ ਡਰ ਡੁੱਕਰ ਦੇ, ਦਬੱਲ ਕੇ ਬੋਲਿਆ ਤੇ ਉਹ ਵੀ ਪੰਚਮ ਸੁਰ ‘ਚ। ਸਮੇਂ ਦੀਆਂ ਸਰਕਾਰਾਂ ਦੇ ਖ਼ਿਲਾਫ਼ ਵੀ, ਅਨਿਆਂ ਦੇ ਵਿਰੁੱਧ ਵੀ, ਗ਼ਰੀਬਾਂ ਦੀ ਬਿਹਤਰੀ ਲਈ ਵੀ, ਔਰਤਾਂ ਦੇ ਹੱਕ ਚ ਵੀ, ਇਨਕਲਾਬ ਲਈ ਤੇ ਹੋਰ ਮਸਲਿਆਂ ਤੇ ਵੀ। ਹੱਕ ਸੱਚ ਲਈ, ਭਲੇ ਲਈ, ਇਨਕਲਾਬ ਲਈ ਤੇ ਇੱਛਤ ਯਥਾਰਤ ਦੀ ਪਰਾਪਤੀ ਲਈ ਵੀ। ਵੱਡੀ ਸਰਕਾਰੀ ਨੌਕਰੀ ਕਰਦੇ ਹੋਏ ਵੀ, ਐਮਰਜੰਸੀ ਲੱਗੀ ਵੇਲੇ ਵੀ, ਖ਼ਾਲਿਸਤਾਨੀ ਦਹਿਸ਼ਤਗਰਦੀ ਵੇਲੇ ਵੀ ਤੇ ਸਾਂਵਂੇ ਸਮਿਆਂ ‘ਚ ਵੀ। ਤੇ ਬਾਬਾ ਬੋਲੀ ਗਿਆ, ਨਾ ਜਰਕਿਆ, ਨਾ ਲਿਫਿਆ - ਆਖ਼ਰੀ ਸਾਹਾਂ ਤੱਕ।


ਸੁਖਦੇਵ ਸਿੱਧੂ ਦੀਆਂ ਹੋਰ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ:

ਅਸਲ ਲੋਕ ਕਵੀ ਸੰਤ ਰਾਮ ਉਦਾਸੀ:
ਲਾਲਾ ਝੰਡੇ ਦਾ ਸ਼ਾਇਰ: ਹਬੀਬ ਜਾਲਿਬ :
ਮੁਕਾਬਲਾ :
ਸਾਧਾਂ ਦਾ ਭੇੜ :
ਗੁਰਦਾਸ ਰਾਮ ਆਲਮ: ਵੀਹਵੀਂ ਬਰਸੀ ‘ਤੇ ਯਾਦ ਕਰਦਿਆਂ :

****

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346