ਉਦਾਸੀ ਮਾਲਵੇ ਦੇ ਜੰਗਲ਼ ਦਾ ਸੀ, ਅਸੀਂ ਅੰਬੀਆਂ ਵਾਲੇ ਦੇਸ ਦੁਆਬੇ ਦੇ।
ਇਹ ਸਾਰੇ ਪੰਜਾਬ ‘ਚ ਘੁੰਮਿਆਂ-ਫਿਰਿਆ ਸੀ। ਪੰਜਾਬ ਤੋਂ ਬਾਹਰ ਵੀ। ਨਕਸਲਬਾੜੀ ਲਹਿਰ ਸਦਕਾ,
ਇਹਦਾ ਨਾˆ ਪੂਰਾ ਚਮਕਿਆ ਹੋਇਆ ਸੀ। ਲਹਿਰ ਮੱਠੀ ਪਈ ਤੋਂ ਵੀ ਇਹਦੀ ਕਵਿਤਾ ਦੀ ਭੱਲ ਬਣੀ
ਰਹੀ। ਲਹਿਰ ਦੇ ਨਾਮੀ ਸ਼ਾਇਰਾਂ ‘ਚ ਇਹਦਾ ਨਾਂ ਸੀ। ਤੱਟਫੱਟ ਸਮਝ ਆਉਣ ਵਾਲੀ ਸ਼ਾਇਰੀ ਕਰਕੇ
ਇਹਦੀ ਪੂਰੀ ਚੜ੍ਹਾਈ ਸੀ। ਕਵਿਤਾ ਚ ਲੈਅ ਵੀ ਸੀ ਤੇ ਉੱਤੋਂ ਇਹਦੀ ਪੰਚਮ ਸੁਰ ਵੀ ਜੋਸ਼ ਭਰ
ਦਿੰਦੀ ਸੀ। ਜਦ ਇਹ ਆਪ ਗਾਉਂਦਾ, ਤਾਂ ਠੁੱਕ ਬੰਨ੍ਹ ਦਿੰਦਾ। ਕੀਲ ਕੇ ਬਿਠਾ ਲੈਣ ਦੀ ਇਹਦੀ
ਗੱਲ ਮਸ਼ਹੂਰ ਸੀ। ਇਨਕਲਾਬ ਨੂੰ ਉਡੀਕ-ਉਡੀਕ ਅੱਕੇ ਹੋਏ ਕਾਹਲ਼ਿਆਂ ਲਈ ਇਹ ਹੋਰ ਗਰਮਾਇਸ਼ ਪੈਦਾ
ਕਰ ਦਿੰਦਾ ਸੀ। ਇਹੋ ਇਹਦਾ ਮਕਸਦ ਸੀ। ਉਦਾਸੀ ਕਲਾ ਵਾਸਤੇ ਕਲਾ ਦਾ ਹਾਮੀ ਨਹੀਂ ਸੀ। ਮੰਗ
ਤਾਂ ਭਾਵੇ ਹੋਰਾਂ ਦੀ ਵੀ ਬਥੇਰੀ ਸੀ। ਪਰ ਉਦਾਸੀ ਦੀ ਵਧੇਰੇ ਸੀ। ਜਿੱਥੇ ਇਹ ਜਾਂਦਾ, ਲੋਕਾਂ
ਵਹੀਰਾਂ ਘੱਤ ਓਥੇ ਹੀ ਇਹਨੂੰ ਸੁਣਨ ਪਹੁੰਚ ਜਾਂਦੇ।

ਉਦਾਸੀ 1979 ਵਿੱਚ ਬਰੈੱਡਫੋਰਡ, ਇੰਗਲੈਂਡ ਵਿੱਚ
ਪੰਜਾਬ ਰਹਿੰਦਿਆਂ ਮੈˆ ਇਹਨੂੰ ਮਿਲ਼ਿਆ ਨਹੀਂ ਸੀ। ਸਿਰਫ਼ ਦੋ ਵਾਰੀ ਹੀ ਦੇਖਿਆ-ਸੁਣਿਆ
ਸੀ।ਦੋਵੇˆ ਵਾਰ ਟੀਚਰਾˆ ਦੇ ਮੁਜ਼ਾਹਰਿਆˆ ‘ਤੇ। ਇਕ ਵਾਰੀ ਚੰਡੀਗੜ੍ਹ ਤੇ ਦੂਜੀ ਵਾਰੀ ਨਵੇˆ
ਸ਼ਹਿਰ। ਮੈˆ ਆਪ ਤਾˆ ਟੀਚਰ ਨਹੀਂ ਸੀ, ਨਾਂ ਹੀ ਜੱਥੇਬੰਦੀ ਦਾ ਮੈਂਬਰ; ਪਰ ਮੇਰੇ ਪਿੰਡ ਦੇ
ਸਕੂਲੇ ਨਵੇਂ-ਨਵੇਂ ਮਾਸਟਰ ਆਏ ਸੀ। ਚੜ੍ਹਦੀ ਮਾਲੀ ਸੱਜਦੇ ਫਬਦੇ ਜੁਆਨ ਮਾਸਟਰਾਂ ਦੀਆਂ ਦੋ
ਟੋਲੀਆਂ। ਉਨ੍ਹਾਂ ‘ਚ ਕੁਛ ਸਟੇਟ ਲੈਵਲ ਦੇ ਵਧੀਆ ਖਿਡਾਰੀ ਸੀ, ਕੁਛ ਖੱਬੀ ਸੁਰ ਵਾਲੇ
ਸੋਚਵਾਨ ਵੀ ਸੀ। ਇਨ੍ਹਾਂ ਮਾਸਟਰਾˆ ਨਾਲ਼ ਮੇਰਾ ਨੇੜ ਹੋ ਜਾਣਾ ਬੜਾ ਸੁਭਾਵਕ ਹੀ ਸੀ। ਅਸੀਂ
ਰਲ਼ ਕੇ ਸਿਆਸੀ ਪਰਚੇ ਵੀ ਪੜ੍ਹਦੇ। ਮੈˆ ਉਨ੍ਹਾˆ ਨਾਲ਼ ਹੀ ਟਰੱਕਾਂ ‘ਤੇ ਬਹਿ ਕੇ ਮੁਜ਼ਾਹਰਿਆˆ
‘ਤੇ ਚਲੇ ਜਾˆਦਾ ਸੀ।
ਉਦਾਸੀ ਨੇ ਪਹਿਲਾਂ ਸਾਫ਼ ਸੁੱਥਰੇ ਗੀਤ ਲਿਖੇ। ਬਾਅਦ ਚ ਚੱਕਵੇਂ ਗੀਤ ਗਾ ਕੇ ਦਿਲ ਲੁੱਟ
ਲੈਂਦਾ ਸੀ। ਏਸੇ ਕਰਕੇ ਇਹਦਾ ਨਾਂ ਵੱਡਾ ਸੀ। ਇਹਨੂੰ ਦੇਖ ਕੇ ਲੱਗਦਾ ਸੀ ਜਿਵੇਂ ਇਹ ਹਵਾ ਚ
ਤੁਰਿਆ-ਫਿਰਦਾ ਸੀ। ਇਹਦੇ ਪਾਠਕ ਸਰੋਤੇ ਆਪ ਵੀ ਤਾਂ ਇਨਕਲਾਬੀ ਤਾਅ ‘ਚ ਤਪੇ ਹੋਏ ਸੀ। ਲੋਹਾ
ਗਰਮ ਸੀ ਉਦਾਸੀ ਦੇ ਗੀਤ ਬਰਾਬਰ ਸੱਟ ਮਾਰੀ ਜਾਂਦੇ ਸੀ।
ਦਬਾ ਦਬ ਚਲ ਮੇਰੇ ਬੈਲਾਂ ਦੀਏ ਜੋੜੀਏ ਨੀ,
ਬੀਜਣੇ ਨੇ ਅਸੀਂ ਹਥਿਆਰ।
ਮੁੜ੍ਹਕੇ ਦਾ ਵੱਤਰ ਮੈਂ ਮਸਾਂ ਹੈ ਸੰਭਾਲਿ਼ਆ ਨੀ,
ਪਵੇ ਨਾ ਚੌਮਾਸਿਆਂ ਦੀ ਮਾਰ।
ਉਦਾਸੀ ਦੀ ਕਵਿਤਾ ਕਿਰਤੀ ਵਰਗ ਨੂੰ ਹਲੂਣਾ ਦਿੰਦੀ ਸੀ। ਇਹਦੇ ਗੀਤ ਲੋਕਾਂ ਨੂੰ ਉਦਾਸ ਨਹੀਂ
ਕਰਦੇ; ੳੁੱਠ ਕੇ ਹਿੰਮਤ ਕਰਨ ਲਈ ਉਕਸਾਉਂਦੇ:
ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ,
ਏਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ।
ਏਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ,
ਇਹਨਾਂ ਥੋਨੂੰ ਵੀ ਵੇਚ ਕੇ ਖਾ ਛੱਡਣਾ।
ਏਹਨਾਂ ਰੱਜ ਕੇ ਸਾਡੇ ਅਰਮਾਨ ਖੋਹੇ,
ਰਤਾ ਹੱਥ ਵੀ ਇਹਨਾਂ ਦਾ ਰੁੱਕਿਆ ਨਾ।
ਬਾਹਾਂ ਚੁੱਕ ਕੇ ਅਸੀਂ ਜਦ ਹੱਕ ਮੰਗੇ,
ਇਹਨਾਂ ਸਾਡਿਆਂ ਹੱਥਾਂ ਤੇ ਥੁੱਕਿਆ ਨਾ।
ਉਦਾਸੀ ਦੀ ਸ਼ਾਇਰੀ ਨੂੰ ਸਿੱਖੀ ਦੀ ਪਾਣ ਵੀ ਚੜ੍ਹੀ ਹੋਈ ਸੀ। ਇਹਦਾ ਪਰਿਵਾਰ ਨਾਮਧਾਰੀ ਲਹਿਰ
ਦਾ ਪੈਰੋਕਾਰ ਸੀ। ਇਹਦੀਆਂ ਪਹਿਲ ਉਮਰ ਦੀਆਂ ਕਵਿਤਾਵਾਂ ਨਿਰੋਲ ਧਾਰਮਿਕ ਜਾਂ ਨਾਮਧਾਰੀ ਰੰਗ
ਦੀਆਂ ਹੀ ਨੇ। ਬੰਦਾ ਅਪਣੇ ਪਿੱਛੇ ਨਾਲ਼ੋਂ ਟੁੱਟਦਾ-ਟੁੱਟਦਾ ਹੀ ਟੁੱਟ ਸਕਦਾ ਹੁੰਦਾ।
ਨਾਮਧਾਰੀ ਸਤਿਗੁਰੂ ਦੀ ਮਹਿਮਾ ਵਾਲ਼ੀ ਇਹਦੀ ਸ਼ਾਇਰੀ ਵੀ ਮਿਲਦੀ ਹੈ। ਇਹ ਚੜ੍ਹਦੀ ਉਮਰ ਦੀਆਂ
ਗੱਲਾਂ ਸੀ। ਫਿਰ ਇਹਨੇ ਦੇਸ-ਭਗਤੀ ਦੇ ਗੀਤ ਵੀ ਲਿਖੇ। ਇਹ ਹੈਰਾਨੀ ਦੀ ਗੱਲ ਨਹੀਂ ਕਿ 60-61
ਚ ਹੀ ਲੋਕ ਰੰਗ ਦੇ ਸਾਹਿਤਕ ਗੀਤ ਰੇਡੀਓ ਸਟੇਸ਼ਨ ਤੇ ਵੀ ਗਾ ਆਇਆ ਸੀ। ਵੰਨਗੀ ਦੇਖੋ:
ਜਦ ਤਕ ਪੰਜ ਦਰਿਆ ਨਾ ਥੰਮ੍ਹਣ,
ਵਗਦਾ ਰਹੇ ਤੇਰਾ ਖੂਹ ਮਿੱਤਰਾ
ਵਧੇਂ ਫੁੱਲੇਂ ਤੇ ਮਾਣੇ ਜੁਆਨੀ,
ਵਸਦੀ ਰਹੇ ਤੇਰੀ ਰੂਹ ਮਿੱਤਰਾ।
ਅਤੇ
ਬਾਜਰੇ ਦਾ ਸਿੱਟਾ ਉੱਤੇ ਬੂਰ ਚਿੱਟਾ ਚਿੱਟਾ,
ਵਿਚ ਪੈਂਦਾ ਜਾਂਦਾ ਦਾਣਾ ਏ।
ਬਾਜਰੇ ਦਾ ਦਾਣਾ ਦਾਣਾ,
ਮੋਤੀ ਬਣ ਜਾਣਾ ਏ।
ਏਦੂੰ ਮਗਰਲੀ ਸਾਰੀ ਦੀ ਸਾਰੀ ਕਵਿਤਾ ਆਮ ਨਿਮਨ ਬੰਦੇ – ਮਜ਼ਦੂਰ ਕਿਸਾਨ- ਦੇ ਦੁੱਖਾਂ ਦੀ
ਕਵਿਤਾ ਸੀ। ਜੱਟ-ਸੀਰੀ ਦਾ ਦੁੱਖ। ਗ਼ੁਰਬਤ ਦੇ ਮਾਰੇ ਦਰੜੇ ਕਾਮਿਆਂ ਦੇ ਹਾਲ ਬਿਆਨ ਕਰਕੇ
ਉਦਾਸੀ ਨੇ ਅਜਿਹੇ ਇਸ਼ਤਿਆਰੇ ਪਹਿਲੀ ਵਾਰ ਸਾਹਿਤ ‘ਚ ਲਿਆਂਦੇ: ਦੰਦ ਕਰੇੜੇ, ਚੁੰਨ੍ਹੀਆਂ
ਅੱਖਾਂ, ਖਾਲੀ ਖੀਸੇ ਜੇਬਾਂ, ਗਲ਼ ਚੀਥੜੇ, ਕੰਮੀਆਂ ਦੀ ਜੀਤੋ, ਭੁੱਖੀ ਪਤਨੀ ਨੂੰ ਉਤਰੇ ਨਾ
ਦੁੱਧ, ਮੁੜਕੇ ਦਾ ਮੋਹ, ਸੀਰੀ ‘ਤੇ ਤੜੀ, ਗ਼ਮਾਂ ਦੀ ਪੰਡ। ਇਸੇ ਤਰ੍ਹਾਂ ਸਿੱਖ ਇਤਿਹਾਸ ‘ਚੋਂ
ਵੀ ਬਿੰਬ ਲਏ, ਜਿਹਦੇ ਕਰਕੇ ਉਦਾਸੀ ‘ਤੇ ਸਿੱਖ ਉਲਾਰੂ ਹੋਣ ਦਾ ਫਤਵਾ ਵੀ ਲੱਗਦਾ ਰਿਹਾ।
ਉਦਾਸੀ ‘ਤੇ, ਜਾਂ ਕਿਸੇ ਹੋਰ ‘ਤੇ, ਵੀ ਸਿੱਖ ਪਰਿਵਾਰ ‘ਚੋਂ ਆਉਣ ਕਰਕੇ ਮੁੱਢਲੇ ਸੰਸਕਾਰਾਂ
ਦਾ ਅਸਰ ਹੋਣਾ ਹੀ ਸੀ। ਉਦਾਸੀ ਆਪ ਸਰਵਹਾਰਿਆਂ ‘ਚੋ ਸੀ - ਦਲਿੱਤਾਂ ਭਾਈਚਾਰੇ ‘ਚੋਂ। ਮਾਲਵੇ
ਵੱਲ ਇਨ੍ਹਾਂ ਨੂੰ ਮਜ਼੍ਹਬੀ ਵੀ ਕਹਿੰਦੇ ਨੇ। ਪਾਸ਼ ਇਹਨੂੰ ਸ਼ੁੱਧ ਮਜ਼ਦੂਰ ਜਮਾਤ ਕਹਿੰਦਾ ਹੁੰਦਾ
ਸੀ ਤੇ ਉਦਾਸੀ ਨੂੰ ਅਸਲ ਲੋਕ ਕਵੀ। ਉਦਾਸੀ, ਪਾਸ਼ ਤੇ ਕਈ ਹੋਰ ਨਾਂ ਵਾਲ਼ੇ ਪਹਿਲੀ ਵਾਰ
ਅਮਰਜੀਤ ਚੰਦਨ ਦੇ ਅੰਡਰਗਰਾਊਂਡ ਪਰਚੇ ਦਸਤਾਵੇਜ਼ ਚ ਛਪੇ। ਫਿਰ ਤਾਂ ਜਾਣੋ ਇਹ ਸਾਰੇ ਇਕਦਮ ਛਾ
ਹੀ ਗਏ ਸੀ; ਹੋਰ ਤਰ੍ਹਾਂ ਦੀਆਂ ਲਿਖਤਾਂ ਇਕਦਮ ਨਕਾਰ ਦਿੱਤੀਆਂ ਗਈਆਂ। ਥਾਂ-ਥਾਂ ਉਦਾਸੀ
ਦੀਆਂ ਲਿਖਤਾਂ ‘ਚੋਂ ਅਪਣੇ ਪਿਛੋਕੜ ਦੇ ਝਲਕਾਰੇ ਮਿਲ ਜਾਂਦੇ ਨੇ। ਸਿੱਖ ਇਤਿਹਾਸ ਦੇ
ਹਵਾਲਿਆਂ ਨਾਲ ਉਦਾਸੀ ਗੱਲ ਤਾਂ ਇਨਕਲਾਬ ਦੀ ਹੀ ਕਰਦਾ ਸੀ। ਸਰਕਾਰਾਂ ਵੀ ਏਨੀਆਂ ਸਿੱਧਰੀਆਂ
ਤਾਂ ਨਹੀਂ ਹੁੰਦੀਆਂ। ਪਰ ਇਹ ਲੁਕੋ ਵੀ ਨਹੀਂ ਸੀ ਰੱਖਦਾ। ਏਦੂੰ ਸਿੱਧੀ ਗੱਲ ਹੋਰ ਭਲਾ ਕੀ
ਹੋ ਸਕਣੀ ਹੈ:
ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਨੂੰ,
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆ ਦੇ ਵਿਹੜੇ।
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ,
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ।
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ,
ਨੱਕ ਵਗਦੇ ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ
ਤੂੰ ਮਘਦਾ ਰਹੀਂ ਵੇ ਸੂਰਜਾ...
ਪੰਜਾਬ ‘ਚ ਤੇ ਲਾਗੇ ਬੰਨੇ ਉਦਾਸੀ ਦੀ ਬੱਲੇ-ਬੱਲੇ ਹੋਈ ਪਈ ਸੀ। ਬਾਹਰ ਵਲੈਤੀਂ ਵਸਦੇ
ਪੰਜਾਬੀਆਂ ਨੂੰ ਵੀ ਉਦਾਸੀ ਨੂੰ ਸੁਣਨ ਦੀ ਤਾਂਘ ਸੀ। ਨਾਲ਼ੇ ਇਹ ਲਾਟ ਮਘਦੀ ਰੱਖਣ ਦਾ ਵਸੀਲਾ
ਵੀ ਸੀ। ਕਨੇਡੇ-ਅਮਰੀਕਾ-ਵਲੈਤ ਵਸਦੇ ਅੱਗੇ ਵਧੂਆਂ ਨੇ ਰਲ਼ ਕੇ ਉਦਾਸੀ ਨੂੰ ਸੱਦਣ ਦਾ
ਪ੍ਰੋਗਰਾਮ ਬਣਾ ਲਿਆ। ਉਦਾਸੀ ਦੇ ਦੱਸਣ ਮੂਜਬ ਜਗਮੋਹਨ ਜੋਸ਼ੀ ਦੀਆਂ ਉਦਾਸੀ ਨੂੰ ਚਿੱਠੀਆਂ ਵੀ
ਗਈਆਂ ਸੀ। ਇਹ ਆਪ ਓਦੋਂ ਜੇਲ੍ਹ ‘ਚ ਸੀ। ਜਗਮੋਹਨ ਜੋਸ਼ੀ ਭਾਰਤੀ ਮਜ਼ਦੂਰ ਸਭਾ ਦਾ ਜਨਰਲ ਸਕੱਤਰ
ਵੀ ਸੀ ਤੇ ਉਰਦੂ ਦਾ ਸ਼ਾਇਰ ਵੀ। ਜਦੋਂ ਤਾਈਂ ਉਦਾਸੀ ਆਇਆ ਜੋਸ਼ੀ ਆਪ ਨਾ ਰਿਹਾ। ਲੰਡਨ ‘ਚ
ਨਸਲਵਾਦ ਦੇ ਵਿਰੁੱਧ ਮੁਜ਼ਾਹਿਰੇ ਦੀ ਅਗਵਾਈ ਕਰਦਾ ਦਿਲ ਦੇ ਦੌਰੇ ਨਾਲ਼ ਪੂਰਾ ਹੋ ਗਿਆ ਸੀ।
ਉਦਾਸੀ 1979 ਚ ਇਪਾਨਾ (ਇੰਡੀਅਨ ਪੀਪਲਜ਼ ਐਸੋਸੀਏਸ਼ਨ ਆਫ ਨੌਰਥ ਅਮੈਰਿਕਾ) ਤੇ ਆਈ ਡਬਲਿਊ ਏ
(ਇੰਡੀਅਨ ਵਰਕਰਜ਼ ਐਸੋਸੀਏਸ਼ਨ) ਦੇ ਸਾˆਝੇ ਸੱਦੇ ‘ਤੇ ਆਇਆ। ਓਦੋਂ ਸਾਂਝੇ ਪ੍ਰੋਗਰਾਮ ਏਦਾਂ ਹੀ
ਤੈਅ ਹੁੰਦੇ ਸੀ। ਪੰਜਾਬ ਤੋਂ ਆਉਣ ਵਾਲ਼ੇ ਕਲਾਕਾਰ, ਲੇਖਕ, ਸਿਆਸੀ ਕਾਰਕੁਨ ਪਹਿਲਾਂ
ਕਨੇਡਾ-ਅਮਰੀਕਾ ਜਾਂਦੇ ਤੇ ਫਿਰ ਵਾਪਸੀ ‘ਤੇ ਵਲੈਤ ਦਾ ਫੇਰਾ ਲੱਗਦਾ ਸੀ। ਉਦਾਸੀ ਦਾ
ਪ੍ਰੋਗਰਾਮ ਵੀ ਏਦਾਂ ਹੀ ਬਣਿਆ। ਦਿੱਲੀਓਂ ਇਹ ਸਿੱਧਾ ਕਨੇਡੇ ਪਹੁੰਚ ਗਿਆ। ਇਹਨੇ ਓਥੇ ਜਾ ਕੇ
ਬੜਾ ਠੁੱਕ ਬੰਨ੍ਹਿਆ ਸੀ। ਇਹਦੇ ਚਹੇਤੇ-ਪਾਠਕ ਓਥੇ ਵੀ ਬਥੇਰੇ ਸੀ। ਇਪਾਨਾ ਵਾਲ਼ਿਆਂ ਨੇ ਇਹਦੀ
ਆਵਦੀ ਆਵਾਜ਼ ‘ਚ ਤਵੇ ਵੀ ਭਰਾਏ ਸੀ। ਉਦੋਂ ਤਵੇ ਹੀ ਭਰਾਏ ਜਾਂਦੇ ਸੀ। ਅਜੇ ਵੀ ਸਾਨੂੰ ਲੋਕ
ਪੁੱਛਦੇ ਰਹਿੰਦੇ ਨੇ ਕਿ ਉਦਾਸੀ ਦੇ ਗਾਏ ਗੀਤ ਕਿਤਿਓਂ ਮਿਲ ਸਕਦੇ ਨੇ।
ਵਲੈਤ ਆ ਕੇ ਇਹ ਥੋੜ੍ਹਾ-ਥੋੜ੍ਹਾ ਸਭ ਸ਼ਹਿਰੀਂ ਰਿਹਾ। ਬਹੁਤਾ ਚਿਰ ਸਾਡੇ ਕੋਲ਼ ਬੈੱਡਫ਼ਰਡ
ਰਿਹਾ। ਜਿਸ ਸ਼ਹਿਰ ਵੀ ਪ੍ਰੋਗਰਾਮ ਹੋਣਾ, ਅਸੀਂ ਉਦਾਸੀ ਨੂੰ ਓਥੇ ਪਹੁੰਚਦਾ ਕਰ ਦੇਣਾ।
ਬੈੱਡਫ਼ਰਡ ਦੀ ਬਰਾਂਚ ਯੰਗ (ਜੁਆਨਾਂ ਦੀ) ਬਰਾਂਚ ਮੰਨੀ ਜਾਂਦੀ ਸੀ। ਸਾਰੇ ਪੱਚੀਆਂ-ਪੱਚੀਆਂ
ਤੀਹਾਂ-ਤੀਹਾਂ ਸਾਲਾਂ ਦੇ ਚੜ੍ਹਦੀ ਮਾਲੀ ਮੁੰਡੇ। ਕੰਮ ਕਰਨ ਨੂੰ ਵੀ ਧੱਕੜ। ਜਿਹੜੇ ਕੰਮ ਨੂੰ
ਹੱਥ ਪਾਉਂਦੇ ਫ਼ਤਿਹ ਪਾ ਕੇ ਛੱਡਦੇ। ਉਦਾਸੀ ਕੰਨ ‘ਤੇ ਹੱਥ ਰੱਖ ਕੇ ਉੱਚੀ ਹੇਕ ਲਾਉਂਦਾ। ਆਪ
ਵੀ ਖ਼ੁਸ਼ ਗਾਹਕ ਵੀ ਖ਼ੁਸ਼। ਉਦੋਂ ਕੁ ਹੀ ਪ੍ਰਿਥੀਪਾਲ ਰੰਧਾਵੇ ਦਾ ਕਤਲ ਹੋਇਆ ਸੀ: ਲਹਿਰ ਦੇ
ਹਮਾਇਤੀ ਵੀ ਅੰਬੇ ਹੋਏ ਸੀ। ਰੰਧਾਵੇ ਦੇ ਹਮਦਰਦ ਏਥੇ ਵੀ ਬਹੁਤ ਸੀ। ਲੋਕ ਹਿਰਖ ‘ਚ ਵੀ ਸੀ
ਤੇ ਉੱਤੋਂ ਉਦਾਸੀ ਨੇ ਜੋਸ਼ ਭਰੇ ਗੀਤ ਗਾਉਣੇ। ਬੜੇ ਵੱਡੇ-ਵੱਡੇ ਕੱਠ ਹੋਏ। ਉਦਾਸੀ ਗਾਉਂਦਾ:
ਜੱਟ ਤੇ ਸੀਰੀ ਦਾ ਹਾਲ, ਸਾਡਾ ਅੰਮੀਓਂ ਰਤਾ ਨਾ ਕਰੋ ਝੋਰਾ, ਮੇਰੇ ਮਿੱਤਰਾਂ ਨੂੰ, ਡੋਲੀ,
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼, ਕੰਮੀਆਂ ਦਾ ਵਿਹੜਾ, ਦੇਸ਼ ਹੈ ਪਿਆਰਾਂ ਸਾਨੂੰ, ਉੱਠਣ ਦਾ
ਵੇਲਾ।
ਸਾਡੇ ਕੋਲ ਆ ਕੇ ਉਦਾਸੀ ਨੇ ਦੱਸਿਆ ਸੀ ਕਿ ਉਹ ਸਾਡੇ ਪਿੰਡਾਂ ਵੱਲ ਵੀ ਲੁਕ-ਲੁਕਾ ਕੇ
ਵਿਚਰਦਾ ਰਿਹਾ ਸੀ। ਪਰਲੇ ਪਾਸਿਓਂ ਆ ਕੇ ਨਸੀਰੇਵਾਲਾ, ਕਿਸ਼ਨਪੁਰਾ, ਪੱਤੀ ਮੁਲਤਾਨੀ, ਤਰਫ
ਕੋਟਲੀ, ਤਿਹਾੜਾ ਜਾਂ ਕੰਨੀਆਂ ਕੋਲੋਂ ਦੀ ਹੋ ਕੇ ਸਤਲੁਜ ਨੂੰ ਵੇਲੇ ਕੁਵੇਲੇ ਪਾਰ ਕਰਦੇ।
ਫਿਰ ਏਧਰਲੇ ਪਿੰਡਾਂ ਚ ਵਿਚਰਦੇ, ਮੀਟਿੰਗਾਂ ਕਰ ਕਰਾ ਕੇ ਵਾਪਸ ਚਲੇ ਜਾਂਦੇ।
ਉਦਾਸੀ ਬਹੁਤਾ ਪਰੇਸ਼ਾਨ ਉਦੋਂ ਹੁੰਦਾ ਸੀ, ਜਦ ਕਿਸੇ ਸੰਗੀ-ਸਾਥੀ ਦਾ ਝੂਠੇ ਪੁਲਸ ਮੁਕਾਬਲੇ ਚ
ਕਤਲ ਹੋ ਜਾਂਦਾ ਸੀ। ਸਾਰਾ ਜਹਾਨ ਜਾਣਦਾ ਸੀ ਕਿ ਮੁਕਾਬਲਾ-ਮਕੂਬਲਾ ਕੋਈ ਨਹੀਂ ਸੀ ਹੁੰਦਾ।
ਬਹੁਤੇ ਸੰਗੀ ਸਾਥੀ ਤਾਂ ਅਣਜਾਣ ਹੀ ਫੜੇ ਜਾਂਦੇ ਸੀ ਜਾਂ ਮੁਖ਼ਬਰੀ ਕਾਰਣ ਪੁਲਸ ਦੇ ਅੜਿੱਕੇ ਆ
ਜਾਂਦੇ ਸੀ ਜਾਂ ਫਿਰ ਜੁਆਨੀ ਦੇ ਜੋਸ਼ ਦੀ ਬੇਲੋੜੀ ਫੂਕ ਫੜਵਾ-ਮਰਵਾ ਦਿੰਦੀ ਸੀ। ਪੁਲਸ ਵੀ
ਉਰ੍ਹੇ-ਪਰ੍ਹੇ ਕਰਕੇ ਮਾਰ ਦਿੰਦੀ ਸੀ। ਅਖ਼ਬਾਰਾਂ ਚ ਖ਼ਬਰ ਮੁਕਾਬਲੇ ਦੀ ਬਣਾ ਕੇ ਲਵਾ ਦਿੰਦੀ।
ਬਹੁਤਾ ਇਹ ਉਦੋਂ ਤੜਫਦਾ ਸੀ ਜਦੋਂ ਅਪਣੇ ਹੀ ਜਾਂ ਅਪਣਿਆਂ ਨੂੰ ਮਾਰ ਦਿੰਦੇ ਸੀ ਜਾਂ ਕੁੱਟ
ਤੋਂ ਡਰਦੇ ਬਕ ਪੈਂਦੇ ਸੀ। ਸਾਰਾ ਭੇਤ ਖੁੱਲ੍ਹ ਜਾਂਦਾ ਸੀ। ਲਗਦੇ ਹੱਥ ਹੋਰ ਸੰਗੀ-ਸਾਥੀ ਫੜੇ
ਵੀ ਜਾਂਦੇ। ਪਰ ਇਹ ਏਸ ਪਾਸੇ ਤੁਰੇ ਰਹਿਣ ਦਾ ਅਹਿਦ ਕਰੀ ਰੱਖਦਾ ਹੈ:
ਸਾਡਾ ਅੰਮੀਓਂ ਜਰਾ ਨਾ ਕਰੋ ਝੋਰਾ,
ਸਾਨੂੰ ਜ਼ਿੰਦਗ਼ੀ ਸੁਰਖੁਰੂ ਕਰਨ ਦੇਵੇ।
ਅਸੀਂ ਜੰਮੇ ਹਾਂ ਹਉਕੇ ਦੀ ਲਾਟ ਵਿੱਚੋਂ,
ਸਾਨੂੰ ਸੇਕ ਜੁਦਾਈ ਦਾ ਜਰਨ ਦੇਵੋ।
ਸਾਡੇ ਸਿਰਾਂ ਉੱਤੇ ਨੇਹਚਾ ਰੱਖ ਬਾਪੂ,
ਨੰਗੀ ਹੋਣ ਨਾ ਦਿਆਂਗੇ ਕੰਡ ਤੇਰੀ।
ਤਿਪ ਤਿਪ ਜੁਆਨੀ ਦੀ ਡੋਹਲ ਕੇ ਵੀ,
ਹੌਲੀ ਕਰਾਂਗੇ ਗ਼ਮਾਂ ਦੀ ਪੰਡ ਤੇਰੀ।
ਵਰ ਕਿ ਸਰਾਪ ਕਵਿਤਾ ਵਿਚ ਉਦਾਸੀ ਦੱਸਦਾ ਹੈ ਕਿ ਜੇ ਉਹ ਕਿਸੇ ਸਰਦੇ-ਪੁੱਜਦੇ ਘਰ ਦਾ ਹੁੰਦਾ
ਤਾਂ ਗੱਲ ਹੋਰ ਹੋਣੀ ਸੀ। ਜੇ ਉਹ ਸਰਕਾਰੀ ਧੂਤੂ ਹੁੰਦਾ ਤਾਂ ਵੀ ਕਈ ਨੇਹਮਤਾਂ ਉਤਰਨੀਆਂ ਸੀ।
ਜੇ ਉਹ ਧਰਮ ਪ੍ਰਚਾਰ ਹੀ ਕਰਦਾ ਤਾਂ ਵੀ ਮਿਹਰਾਂ ਦੀਆਂ ਬਰਸਾਤਾਂ ਹੋਣੀਆਂ ਸੀ। ਪਰ ਉਹ ਲੋਕਾਂ
ਦਾ ਦਰਦ ਬਿਆਨਦਾ ਹੈ; ਇਸੇ ਲਈ ਔਖਿਆਈਆਂ ਤਾਂ ਝੱਲਣੀਆਂ ਹੀ ਪੈਣੀਆ ਨੇ। ਉਦਾਸੀ ਨੂੰ ਇਸ ਗੱਲ
ਦਾ ਖ਼ਿਆਲ ਸੀ ਕਿ ਇਹਨੇ ਰਸਤਾ ਔਖਾ ਚੁਣਿਆ ਹੈ। ਵਿਅੰਗ ‘ਚ ਇਹ ਲਿਖਦਾ ਹੈ:
ਨਾਲੇ ਪਿੰਡ ਦੇ ਚੌਧਰੀ ਖ਼ੁਸ਼ ਰਹਿੰਦੇ,
ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ।
ਤਿੰਨ ਬਾਂਦਰਾਂ ਦੇ ਮਹਾਂ ਕਾਵਿ ਲਿਖਕੇ,
ਹੁਣ ਨੂੰ ਕੋਈ ਕਿਤਾਬ ਛਪਵਾਈ ਹੁੰਦੀ।
ਜਿਹੜੀ ਆਪ ਵਿਕਦੀ ਆਪੇ ਵੇਚ ਲੈਂਦੇ,
ਰਹਿੰਦੀ ਵਿਚ ਸਕੂਲਾਂ ਲਗਵਾਈ ਹੁੰਦੀ।
ਸੰਤ ਰਾਮ ਉਦਾਸੀ ਦੇ ਜੀਂਦੇ-ਜੀਅ ਤਿੰਨ ਕਾਵਿ ਸੰਗ੍ਰਹਿ ਛਪੇ - ਲਹੂ ਭਿੱਜੇ ਬੋਲ (1972),
ਸੈਨਤਾਂ (1977), ਚੌਨੁਕੱਰੀਆਂ ਸੀਖਾਂ (1978)। ਮਗਰੋਂ ਇਹਦੀ ਸਾਰੀ ਕਵਿਤਾ ਚੀ ਇਕ ਥਾਂ
ਪ੍ਰਕਾਸ਼ਿਤ ਕਰ ਦਿੱਤੀ ਗਈ। ਪਹਿਲੀਆਂ ਕਿਤਾਬਾਂ ਦੇ ਤਿੰਨ-ਤਿੰਨ, ਚਾਰ ਚਾਰ ਐਡੀਸ਼ਨ ਵੀ ਛਪੇ।
ਉਦਾਸੀ ਪੈੱਗ ਦਾ ਸ਼ੌਕੀਨ ਸੀ। ਆਪਣੇ ਜੁਜ ਵਾਲਿਆਂ ਨਾਲ਼ ਰਲ਼ ਕੇ ਹੀ ਪੀਂਦਾ ਸੀ। ਪਰ ਵੱਤ ‘ਚ
ਰਹਿ ਕੇ। ਤਾਂ ਵੀ ਪੰਜਾਬ ਵਿਚ ਸ਼ਰਾਬ ਬਾਰੇ ਤੋਹਮਤਾਂ ਹੋਰ ਤਿੱਖੀਆਂ ਹੋ ਗਈਆਂ। ਅਸੀਂ ਇਹਨੂੰ
ਕਦੇ ਪੀ ਕੇ ਖ਼ਰਾਬ ਹੁੰਦਾ ਨਹੀਂ ਦੇਖਿਆ। ਅਪਣੇ ਕਹਿੰਦੇ ਨੇ ਕਿ ਆਵਦਿਆਂ ਦੇ ਮਾਰੇ ਫੁੱਲਾਂ
ਦਾ ਦੁੱਖ ਦੁਸ਼ਮਣਾਂ ਦੇ ਮਾਰੇ ਪੱਥਰਾਂ ਤੋਂ ਵੱਧ ਹੁੰਦਾ ਹੈ। ਉਦਾਸੀ ਕੋਲ ਸੀਮਿਤ ਸਰੋਤ ਸੀ
ਤੇ ਜੱਥੇਬੰਦੀਆਂ ਚ ਸਰਗਰਮੀ ਕਾਰਣ ਆਰਥਿਕ ਬੋਝ ਵਧੀ ਜਾਂਦਾ ਸੀ। ਬੱਚੇ ਵੱਡੇ ਹੋ ਰਹੇ ਸੀ।
ਟੱਬਰ ਦਾ ਖ਼ਰਚ ਵੀ ਫ਼ਿਕਰ ਸੀ। ਲਹਿਰ ਵੀ ਮੱਠੀ ਪੈ ਗਈ ਸੀ।
ਕਈਆਂ ਨੂੰ ਉਦਾਸੀ ਦੀ ਹਸਤੀ ਦਾ ਪਤਾ ਹੀ ਨਹੀਂ ਸੀ। ਪਹਿਲਾਂ ਦੇ ਬਣੇ ਸੰਸਕਾਰਾਂ ਦੀ ਅਪਣੀ
ਥਾਂ ਸੀ। ਕਿਸੇ ਸਾਥੀ ਨੇ ਅਪਣੇ ਬਾਪ ਨੂੰ ਕਿਹਾ: ਉਦਾਸੀ ਦੇ ਗੀਤ ਸੁਣਨ ਚੱਲੇ ਆਂ ਤੂੰ ਵੀ
ਜਾਣਾ ਤਾਂ ਚਲੇ ਚੱਲ। ਬਜ਼ੁਰਗ ਮੋੜ ਕੇ ਕਹਿੰਦਾ: ਇਨ੍ਹਾਂ ਨੂੰ ਕੀ ਪਤਾ ਕਿੱਦਾਂ ਗਾਈਦਾ। ਤੇ
ਜਦੋਂ ਉਦਾਸੀ ਨੂੰ ਗਾਂਉਂਦੇ ਨੂੰ ਸੁਣਿਆ, ਤਾਂ ਬਜ਼ੁਰਗ ਹੈਰਾਨ ਰਹਿ ਗਿਆ। ਉਦਾਸੀ ਦੀ ਲੰਮੀ
ਦਰਦੀਲੀ ਹੇਕ ਨੇ ਉਹਨੂੰ ਮੋਹ ਲਿਆ ਸੀ। ਗੀਤਾਂ ਵਿਚਲੇ ਸਿੱਖ ਹਵਾਲਿਆਂ ਨੇ ਹੋਰ ਖਿੱਚਿਆ। ਉਹ
ਉਦਾਸੀ ਦੇ ਬਲਿਹਾਰੇ ਜਾਣ ਲੱਗ ਪਿਆ।
ਭਾਰਤੀ ਮਜ਼ਦੂਰ ਸਭਾ ਦਾ ਪ੍ਰਧਾਨ ਤੇਜਾ ਸਿੰਘ ਸਹੋਤਾ ਇਹਦੀ ਮਾਰਕਸਜ਼ਿਮ ਬਾਰੇ ਸਮਝ ਪਰਖਣ ਲੱਗ
ਪਿਆ। ਮਖੌਲ ਕਰਦਾ ਤੇਜਾ ਸਭ ਨਾਲ ਇਓਂ ਹੀ ਕਰਦਾ ਹੁੰਦਾ ਸੀ। ਉਦਾਸੀ ਨੂੰ ਛੇਤੀ ਪਤਾ ਲੱਗ
ਗਿਆ ਕਿ ਵਿਚਲੀ ਗੱਲ ਕੀ ਆ। ਉਦਾਸੀ ਮੋਹਰਿਓਂ ਕਹਿੰਦਾ: ਦੇਖੋ ਹਿੰਦੋਸਤਾਨ ਦੇ ਅਸਲੀ ਬਸ਼ਿੰਦੇ
ਅਸੀਂ ਆਂ। ਇਨਕਲਾਬ ਵੀ ਸਾਨੂੰ ਹੀ ਲਿਆਉਣਾ ਪੈਣਾ।
ਮਿੱਥੇ ਪ੍ਰੋਗਰਾਮ ਅਨੁਸਾਰ ਉਦਾਸੀ ਨੂੰ ਬੈੱਡਫਰਡ ਵਾਲੇ ਸਾਥੀ ਲੰਡਨ ਲੈ ਕੇ ਗਏ।
ਗੱਲਾਂਬਾਤਾਂ ਹੁੰਦੀਆਂ ਗਈਆਂ। ਜਿਸ ਸਾਥੀ ਕੋਲ ਗਏ ਓਥੇ ਵੀ ਖ਼ੁਸ਼ੀ ‘ਚ ਗੱਲਾਂ ਹੀ ਕਰਦੇ ਰਹੇ।
ਕਿਸੇ ਨੂੰ ਵੀ ਨਾ ਸਮੇਂ ਦਾ ਤੇ ਨਾ ਹੀ ਖਾਣ ਪੀਣ ਦਾ ਧਿਆਨ ਰਿਹਾ। ਅਖ਼ੀਰ ਤੇ ਉਦਾਸੀ ਆਪ ਹੀ
ਕਹਿੰਦਾ: ਮੈਨੂੰ ਸੁਪਰਮੈਨ ਨਾ ਸਮਝੋ, ਕੋਈ ਰੋਟੀ ਪਾਣੀ ਦਾ ਪ੍ਰੋਗਰਾਮ ਵੀ ਕਰੋ। ਜਦੋ ਰੋਟੀ
ਪਾਣੀ ਦਾ ਬੰਦੋਬਸਤ ਹੋ ਰਿਹਾ ਸੀ, ਤਾਂ ਉਹਨੂੰ ਯਾਦ ਆ ਗਿਆ ਕਿ ਲੰਡਨ ਤਾਂ ਮਾਰਕਸ ਦੀ ਸਮਾਧ
‘ਤੇ ਜਾਣ ਦਾ ਕਰਕੇ ਆਏ ਸੀ। ਕਹਿੰਦਾ: ਰੋਟੀ ਫਿਰ ਖਾਣੀ ਹੈ ਪਹਿਲਾਂ ਸਮਾਧ ‘ਤੇ ਜਾਣਾ ਹੈ।
ਕੁਵੇਲਾ ਹੋਣ ਦੇ ਬਾਵਜੂਦ ਵੀ ਸਾਰਾ ਦਿਨ ਰੋਟੀ ਨਾ ਖਾਧੀ। ਸਮਾਧ ਦੇ ਦੇਖ ਕੇ ਹੀ ਖਾਧੀ।

ਬਲਦੇਵ ਕਲੇਰ, ਉਦਾਸੀ ਤੇ ਬਲਵੀਰ ਦੱਤ - ਲੰਡਨ ਮਾਰਕਸ ਦੀ ਕਬਰ ਅੱਗੇ (1979)
ਉਦਾਸੀ ਦੇ ਮਨ ਚ ਨਵਾਂ ਜਾਣਨ ਦੀ ਪ੍ਰਬਲ ਚਾਹ ਸੀ। ਬੈਠਿਆਂ-ਬੈਠਿਆਂ ਤੋਂ ਕਹਿੰਦਾ: ਮੈਨੂੰ
ਐਟਮ ਬਾਰੇ ਸਮਝਾਓ, ਇਹ ਕੀ ਹੁੰਦਾ? ਕਿੱਦਾਂ ਕੰਮ ਕਰਦਾ। ਪਿੰਡਾਂ ਵਾਲ਼ੇ ਅੱਧਪੜ੍ਹ ਕਾਮਰੇਡ
ਆਪ ਏਨੀ ਜੋਗੇ ਨਹੀਂ ਸੀ। ਉਨ੍ਹਾਂ ਨੇ ਊਟ-ਪਟਾਂਗ ਜਵਾਬ ਦੇ ਕੇ ਹਾਸੇ ਠੱਠੇ ਚ ਉਦਾਸੀ ਦਾ
ਮਜ਼ਾਕ ਉਡਾਇਆ। ਏਨਾ ਅਣਜਾਣ ਤਾਂ ਉਹ ਵੀ ਨਾ ਸੀ; ਉਹਨੂੰ ਪਤਾ ਲੱਗ ਗਿਆ। ਉਦਾਸੀ ਨੇ ਐਸਾ
ਮੋੜਵਾਂ ਵਾਰ ਕੀਤਾ ਕਿ ਸਭ ਦੀਆ ਬੋਲਤੀਆਂ ਬੰਦ ਹੋ ਗਈਆਂ। ਸਾਰੇ ਹੈਰਾਨ ਰਹਿ ਗਏ ।
ਉਦਾਸੀ ਅਪਣੇ ਪਰਿਵਾਰ ਦੀਆਂ ਗੱਲਾਂ ਕਰਦਾ। ਧੀਆਂ ਪੁੱਤਾਂ ਦਾ ਦੱਸਦਾ। ਮਨੋਂ ਇਹ ਚਾਹੁੰਦਾ
ਸੀ ਕਿ ਇਹਦੇ ਕਿਸੇ ਧੀ-ਪੁੱਤ ਦਾ ਰਿਸ਼ਤਾ ਬਾਹਰ ਹੋ ਜਾਏ। ਇਹ ਕੋਈ ਨਿਆਰੀ ਗੱਲ ਨਹੀਂ। ਸਾਰੇ
ਏਦਾਂ ਹੀ ਚਾਹੁੰਦੇ ਹੁੰਦੇ ਆ। ਪਰ ਇਹਦੇ ਲਈ ਉਹਨੇ ਕੋਈ ਖ਼ਾਸ ਉਚੇਚ ਨਹੀਂ ਸੀ ਕੀਤੀ। ਏਦਾਂ
ਗੱਲ ਬਣਨੀ ਵੀ ਕਿੱਥੇ ਸੀ; ਨਾ ਹੀ ਬਣੀ। ਇਹਦੀ ਮਾਲੀ ਹਾਲਤ ਪਤਲੀ ਸੀ। ਪਤਲੀ ਹੀ ਰਹਿਣੀ ਸੀ।
ਪਤਲੀ ਹੀ ਰਹੀ। ਸੀਮਿਤ ਆਮਦਨ ਤੇ ਸੰਗੀਆਂ-ਸਾਥੀਆਂ ਦਾ ਆਉਣ ਜਾਣ। ਖਾਣ-ਪੀਣ ਸਾਰਾ ਬੋਝ ਹੀ
ਸੀ। ਵਲੈਤ ਵਾਲ਼ੇ ਥੋੜ੍ਹੇ ਬਹੁਤ ਸੰਗੀ ਸਾਥੀ ਵੇਲੇ ਕੁਵੇਲੇ ਮਦਦ ਕਰ ਦਿੰਦੇ ਸੀ। ਉਦਾਸੀ ਨੇ
ਆਪ ਕਦੇ ਕਿਸੇ ਤੋਂ ਮੰਗ ਨਹੀਂ ਕੀਤੀ।
ਸਾਡੇ ਸ਼ਹਿਰ ਵਾਲਾ ਪ੍ਰੋਗਰਾਮ ਸਾਰਿਆਂ ਤੋਂ ਅਖ਼ੀਰਲਾ ਸੀ। ਬੜਾ ਵੱਡਾ ‘ਕੱਠ ਹੋਇਆ। ਹਾਲ
ਤੂੜਿਆ ਹੋਇਆ ਸੀ। ਤਿਲ਼ ਸੁੱਟਣ ਨੂੰ ਥਾਂ ਨਹੀਂ ਸੀ। ਸ਼ਹਿਰ ਦੇ ਬਸ਼ਿੰਦਿਆਂ ਤੋਂ ਬਿਨਾਂ ਲਾਗੇ
ਬੰਨੇ ਦੇ ਬੰਦੇ ਵੀ ‘ਕੱਠੇ ਹੋਏ ਸੀ ਤੇ ਸਭ ਬਰਾਂਚਾਂ ਵਾਲੇ ਵੀ ਹਾਜ਼ਰ ਸੀ। ਓਦੋਂ ਤਕ ਪੂਰੀ
ਵਲੈਤ ‘ਚ ਉਦਾਸੀ ਦੀ ਖ਼ਬਰ ਧੁੰਮੀ ਹੋਈ ਸੀ। ਏਨਾ ‘ਕੱਠ ਬਹੁਤ ਘੱਟ ਦੇਖਿਆ ਸੀ। ਅਸੀਂ ਵੀ ਖ਼ੁਸ਼
ਸੀ, ਉਦਾਸੀ ਵੀ ਉੱਡਿਆ ਫਿਰਦਾ ਸੀ। ਲੋਕਾਂ ਉਦਾਸੀ ਨੂੰ ਖ਼ੁਸ਼ ਹੋ ਕੇ ਬੜੇ ਪੈਸੇ ਦਿੱਤੇ।
ਧੰਨਵਾਦ ਕਰਦਿਆਂ ਜਿੰਨੇ ਪੈਸੇ ਹੋਏ ਉਦਾਸੀ ਨੇ ਸਾਰੇ ਆਈ ਡਬਲਿਊ ਏ ਨੂੰ ਦੇ ਦਿੱਤੇ। ਹੋਰ
ਬਰਾਂਚਾਂ ਵਾਲਿਆਂ ਵੀ ਤੋਹਫ਼ੇ ਦਿੱਤੇ। ਪਰ ਇਹ ਕੀ-ਕੀ ਲੈ ਜਾ ਸਕਦਾ ਸੀ। ਭਾਰ ਲਿਆਉਣ-ਲੈ ਜਾਣ
ਦੇ ਹੱਦ ਬੰਨੇ ਹੁੰਦੇ ਨੇ। ਉਦਾਸੀ ਕਨੇਡੇ ਤੋਂ ਹੋ ਕੇ ਇੰਗਲੈਡ ਆਇਆ ਸੀ। ਓਥੋਂ ਵੀ ਸਾਥੀਆਂ
ਨੇ ਮਾਣ ਕੀਤਾ ਸੀ।
ਵਾਪਿਸ ਗਏ ਤੋਂ ਵੀ ਕੁਝ ਚਿੱਠੀ-ਪੱਤਰ ਚਲਦਾ ਰਿਹਾ ਸੀ। ਏਧਰੋਂ ਕੋਈ ਜਾਂਦਾ, ਤਾਂ
ਮੇਲ਼-ਮਿਲਾਪ ਹੁੰਦਾ ਰਿਹਾ। ਹੌਲ਼ੀ-ਹੌਲ਼ੀ ਰੁਝੇਵਿਆਂ ਨਮਿੱਤ ਇਹ ਘਟਦਾ-ਘਟਦਾ ਘਟ ਵੀ ਗਿਆ।
ਉਦਾਸੀ ਵੀ ਹੋਰਾਂ ਬਹੁਤਿਆਂ ਵਾਂਗ ਅਖੀਰਲੇ ਦਿਨਾਂ ਚ ਉਦਾਸ ਸੀ। ਕੁੰਠਾ ਪ੍ਰਬਲ ਹੋ ਰਹੀ ਸੀ-
ਹੋਣੀ ਸੀ। ਆਉਂਦਾ-ਆਉਂਦਾ ਦਿਸਦਾ ਇਨਕਲਾਬ ਫਿਰ ਤਿਲਕ ਗਿਆ ਸੀ। ਇਨਕਲਾਬ ਦਾ ਭਰਮ ਨੰਗਾ ਹੋ
ਗਿਆ ਸੀ। ਹੁਣ ਕੀ ਕੀਤਾ ਜਾ ਸਕਦਾ ਸੀ। ਵੱਡੇ-ਵੱਡੇ ਦਮਗੱਜੇ ਮਾਰੇ ਸੀ। ਆਸਾਂ ਨੂੰ ਬੂਰ ਪੈਣ
ਦੀ ਪੂਰੀ ਆਸ ਲਾਈ ਹੋਈ ਸੀ। ਸਰਦੇ-ਪੁੱਜਦੇ ਅਪਣੇ-ਅਪਣੇ ਹੀਲੇ ਮਾਰ ਕੇ ਕਨੇਡੇ ਅਮਰੀਕਾ ਚਲੇ
ਗਏ ਸੀ। ਜ਼ਮੀਨ ਭਾਂਡੇ ਵਾਲ਼ਿਆਂ ਨੂੰ ਫ਼ਿਕਰ ਹੀ ਨਹੀਂ ਸੀ। ਤੇ ਕੁਝ ਹੋਰ ਰਾਹੀਂ ਤੁਰ ਪਏ ਸੀ।
ਇਹ ਕੀ ਕਰਦਾ।
ਉਦਾਸੀ ਨੇ ਥੋੜ੍ਹੀਆਂ ਕੁ ਗ਼ਜ਼ਲਾਂ ਵੀ ਲਿਖੀਆਂ। ਗ਼ਜ਼ਲਾਂ ਦਾ ਵਿਸ਼ਾ ਤਾਂ ਕੀ ਬਦਲਣਾ ਸੀ। ਸਭ
ਇਨਕਲਾਬੀ ਸੁਰ ਵਾਲ਼ੀਆਂ ਹੀ ਸੀ। ਇਕ ਸਾਧੂ ਸਿੰਘ ਹਮਦਰਦ ਦੀ ਘੜੰਮ-ਚੌਧਰ ਦੀ ਲਾਲਸਾ ਤੋਂ ਅੱਕ
ਕੇ ਲਿਖੀ ਸੀ। ਹਮਦਰਦ ਆਪੇ ਹੀ ਗ਼ਜ਼ਲ ਦਾ ਉਸਤਾਦ ਬਣਦਾ ਫਿਰਦਾ ਸੀ। ਪੰਜਾਬੀ ਗ਼ਜ਼ਲ ਦੀ ਸਾਰੀ ਦੀ
ਸਾਰੀ ਤਰੱਕੀ ਦਾ ਸਿਹਰਾ ਅਪਣੇ ਸਿਰ ਬੰਨ੍ਹਦਾ ਸੀ। ਉਦਾਸੀ ਨੇ ਚੋਭ ਲਾ ਕੇ ਉਹਦੇ ਮੂੰਹੋ
ਅਖਵਾਇਆ ਸੀ:
ਕਿਹੜਾ ਮੈਨੂੰ ਮੰਨਦਾ ਨਹੀਂ ਸਰਦਾਰ ਗ਼ਜ਼ਲ ਦਾ
ਮੇਰੇ ਹੱਥ ਵਿਚ ਸਾਰਾ ਕਾਰੋਬਾਰ ਗ਼ਜ਼ਲ ਦਾ।
ਤੁਸੀਂ ਤਾਂ ਦੂਰੋਂ ਨੇੜਿਓਂ ਅੰਗਲੀ ਸੰਗਲੀ ਲੱਭਦੇ
ਮੈਂ ਹਾਂ ਸੱਭ ਤੋਂ ਨੇੜੇ ਰਿਸ਼ਤੇਦਾਰ ਗ਼ਜ਼ਲ ਦਾ।
ਜੇ ਪਾਉਣਾ ਕੋਈ ਰੁਤਬਾ ਚਰਨੀਂ ਮੇਰੇ ਲੱਗ
ਲਾ ਦੇਵਾਂਗਾ ਤੈਨੂੰ ਚੌਕੀਦਾਰ ਗ਼ਜ਼ਲ ਦਾ।
ਫਿਰ ਅਚਾਨਕ ਉਦਾਸੀ ਦੇ ਵਿਛੋੜੇ ਦੀ ਖ਼ਬਰ ਆ ਗਈ। ਉਹ ਵੀ ਘਰੋਂ ਸੈਆਂ ਮੀਲ ਦੂਰ। ਨਾ ਘਰਦਿਆਂ
ਆਖ਼ਿਰੀ ਵਾਰ ਮੂੰਹ ਦੇਖਿਆ; ਨਾ ਸੰਗੀਆਂ-ਸਾਥੀਆਂ ਤੇ ਨਾ ਹੀ ਪਾਠਕਾਂ ਪ੍ਰਸੰਸਕਾਂ ਨੇ। ਸਭ
ਨੂੰ ਇਸ ਗੱਲ ਦਾ ਝੋਰਾ ਰਿਹਾ। ਮੈਨੂੰ ਯਾਦ ਹੈ ਵਲੈਤ ਦੌਰੇ ਵੇਲੇ ਉਦਾਸੀ ਨੇ ਜਗਮੋਹਣ ਜੋਸ਼ੀ
ਦਾ ਮਰਸੀਆ ਬਹੁਤ ਵਾਰੀ ਪੜ੍ਹਿਆ ਸੀ। ਹਰ ਵਾਰੀ ਵਧ ਕੇ ਦਾਦ ਮਿਲੀ ਸੀ। ਲੋਕਾਂ ਦੇ ਹਜੂਮ ਵਿਚ
ਹੋਈ ਮੌਤ ਨੂੰ ਉੱਤਮ ਕਿਹਾ ਸੀ। (ਆਈ ਡਬਲਿਊ ਏ ਦੇ ਲੀਡਰ ਜਗਮੋਹਨ ਜੋਸ਼ੀ ਮੁਜ਼ਾਹਿਰੇ ਦੀ
ਅਗਵਾਈ ਕਰਦਿਆਂ ਦਿਲ ਦੇ ਦੌਰੇ ਨਾਲ਼ 1979 ਲੰਡਨ ਚ ਪੂਰੇ ਹੋਏ ਸੀ) ਹੱਕਾਂ ਲਈ ਘੋਲ ਕਰਦਿਆਂ।
ਜਗਮੋਹਣ ਜੋਸ਼ੀ ਲਈ ਉਦਾਸੀ ਦੇ ਵਿਰਲਾਪ ਦੇ ਬੋਲ ਸੀ:
ਚੰਨ ਧੁੱਪ ਦੇ ਵਿੱਚ ਹੈ ਸੌਂ ਗਿਆ, ਹੈ ਨੀ ਸਿਖਰ ਦੁਪਹਿਰੇ
ਕਿਰਨਾਂ ਹੋਈਆਂ ਸੌਲੀਆਂ , ਅੱਜ ਸਿਖਰ ਦੁਪਹਿਰੇ।
ਜੋ ਸੈਆਂ ਦੀ ਹਾਜ਼ਰੀ ਵਿਚ ਤੁਰਦਾ ਬੰਦਾ
ਓਹਦੇ ਵਰਗੀ ਮੌਤ ਨੂੰ ਹਰ ਝੁਰਦੈ ਬੰਦਾ
ਪਲ ਦੀ ਪਲ ਤੁਸੀਂ ਤਾਰਿਓ, ਸਿਰ ਨੀਵੇਂ ਕਰਲੋ
ਸਿਜਦਾ ਕਰਕੇ ਤੋਰ ਨੂੰ ਹੋਰ ਤਿੱਖੀ ਕਰਲੋ
ਉਦਾਸੀ ਦੇ ਪਰਿਵਾਰ ਵਾਲ਼ੇ ਏਸ ਗੱਲੋਂ ਨਾਰਾਜ਼ ਨੇ ਕਿ ਇਹਨੂੰ ਬਿਨ੍ਹਾਂ ਵਜਾਹ ਭੰਡਿਆ ਗਿਆ ਹੈ।
ਅਪਣਿਆਂ ਵੀ ਤੇ ਬੇਗ਼ਾਨਿਆਂ ਵੀ। ਲਹਿਰ ਦਾ ਸੇਕ ਨਾ ਝੱਲਦੇ ਜਿਹੜੇ ਭੱਜ ਗਏ ਸੀ, ਉਹ ਹੁਣ ਫਿਰ
ਲਾਡਲੇ ਹੋ ਗਏ ਨੇ। ਸਨਮਾਨਾਂ ਦੇ ਹੱਕਦਾਰ ਹੋ ਗਏ ਤੇ ਉਦਾਸੀ ਤ੍ਰਿਸਕਾਰ ਦਾ ਭਾਗੀ। ਉਦਾਸੀ
ਦੀ ਧੀ ਦਾ ਕਹਿਣਾ ਹੈ: ਜੇ ਚਾਹੁੰਦੇ ਤਾਂ ਪਾਪਾ ਜੀ ਹੋਰ ਬਹੁਤੇ ਕਵੀਆਂ ਵਾਂਗ, ਗੀਤ ਲਿਖਕੇ
ਜਾਂ ਗਾ ਕੇ ਹੀ ਅਪਣਾ ਚੰਮ ਵੀ ਬਚਾ ਸਕਦੇ ਸਨ ਤੇ ਅਪਣਾ ਨਾਂ ਵੀ ਚਮਕਾ ਸਕਦੇ ਸਨ। ਸਭਿਆਚਾਰਕ
ਮੇਲਿਆਂ ‘ਤੇ ਉਨ੍ਹਾਂ ਦੇ ਗਲ਼ ‘ਚ ਨੋਟਾਂ ਦੇ ਹਾਰ ਵੀ ਪਾਏ ਜਾਣੇ ਸਨ; ਉਨ੍ਹਾਂ ਦੇ ਥੱਲੇ
ਮਹਿੰਗੀ ਕਾਰ ਹੋਇਆ ਕਰਨੀ ਸੀ, ਸਰਕਾਰੇ-ਦਰਬਾਰੇ ਪੁੱਛਗਿੱਛ ਹੋਇਆ ਕਰਨੀ ਸੀ, ਉਨ੍ਹਾਂ ਦੇ
ਬੱਚੇ ਕਨੇਡਾ-ਅਮਰੀਕਾ ਵਿੱਚ ਸੈੱਟ ਹੋਣੇ ਸਨ। ਚਾਰੇ ਪਾਸੇ ਬੱਲੇ ਬੱਲੇ ਹੋਇਆ ਕਰਨੀ ਸੀ। ਇਹ
ਨਹੀਂ ਸੀ ਕਿ ਉਨ੍ਹਾਂ ਨੇ ਜੋ ਰਾਹ ਚੁਣਿਆ, ਉਨ੍ਹਾਂ ਨੇ ਐਵੇਂ ਵਿਸਰ ਭੋਲ ਹੀ ਚੁਣ ਲਿਆ।
ਉਨ੍ਹਾਂ ਦੇ ਸਾਹਮਣੇ ਦੋਵਾਂ ਰਾਹਾਂ ਦੀ ਚੋਣ ਖੜ੍ਹੀ ਸੀ, ਇਕ ਰਾਹ ਤੁਰਿਆਂ ਮੂਹਰੇ ਸੂਲ਼ੀ
ਗੱਡੀ ਨਜ਼ਰ ਆਉਂਦੀ ਸੀ; ਖੋਪੜੀਆਂ ਲਾਹੁਣ ਵਾਲੀਆਂ ਰੰਬੀਆਂ ਪਈਆਂ ਸਨ; ਬੰਦ ਬੰਦ ਕੱਟਣ ਵਾਲ਼ੇ
ਟੋਕੇ ਪਏ ਸਨ; ਵਿਚਕਾਰੋਂ ਚੀਰਨ ਵਾਲ਼ੇ ਆਰੇ ਖੜ੍ਹੇ ਸਨ; ਦਰ-ਦਰ ਰੁਲ਼ਦਾ ਪਰਿਵਾਰ ਦਿਸਦਾ ਸੀ;
ਦੂਜੇ ਰਾਹ ਪਿਆਂ ਜਿਵੇਂ ਕਹਿੰਦੇ ਹਨ ਕਿ ਜੱਨਤ ਦੀਆਂ ਹੂਰਾਂ ਮਿਲਣੀਆਂ ਸਨ, ਕੋਠੀਆਂ
ਮਿਲਣੀਆਂ ਸਨ, ਕਾਰਾਂ ਮਿਲਣੀਆਂ ਸਨ। ਪਰ ਪਾਪਾ ਜੀ ਨੇ ਅਪਣੇ ਪੁਰਖੇ, ਸ਼ਹੀਦਾਂ ਸੂਰਮਿਆਂ
ਵਾਲ਼ਾ ਰਾਹ ਚੁਣਨ ਦਾ ਸੁਚੇਤ ਫ਼ੈਸਲਾ ਕੀਤਾ। ਉਹ ਕਹਿੰਦੇ ਸਨ ਕਿ ਮੈਂ ਦਿਓਰ ਭਾਬੀਆਂ, ਜੀਜੇ
ਸਾਲ਼ੀਆਂ, ਛੜਿਆਂ ਜੇਠਾਂ ਤੇ ਮੁੰਡਿਆਂ ਕੁੜੀਆਂ ਦੇ ਗੀਤ ਲਿਖਕੇ ਜ਼ਿੰਦਗੀ ਦਾ ਸੁੱਖ ਆਰਾਮ ਤਾਂ
ਹਾਸਿਲ ਕਰ ਸਕਦਾ ਸੀ, ਸਾਧਾਰਣ ਲੋਕਾਂ ਦਾ ਮਨ ਪਰਚਾਵਾ ਤਾਂ ਕਰ ਸਕਦਾ ਸੀ, ਪਰ ਮੈਂ ਉਨ੍ਹਾਂ
ਦੀ ਗ਼ੁਲਾਮੀ ਦੇ ਸੰਗਲ ਕੱਟਣ ਦਾ ਅਹਿਸਾਸ ਨਹੀਂ ਕਰਵਾ ਸਕਦਾ ਸੀ, ਜਿਸ ਨੇ ਉਨ੍ਹਾਂ ਨੂੰ
ਸਦੀਆਂ ਤੋਂ ਬੰਦੇ ਹੀ ਨਹੀਂ ਰਹਿਣ ਦਿੱਤਾ, ਜਿਨ੍ਹਾਂ ਦੀਆਂ ਸਿਰਫ਼ ਸ਼ਕਲਾਂ ਹੀ ਬੰਦਿਆਂ
ਵਰਗੀਆਂ ਲੱਗਦੀਆਂ ਹਨ। ਉਨ੍ਹਾਂ ਨੇ ਦੋ ਰਾਹਾਂ ‘ਚੋਂ ਇਕ ਦੀ ਚੋਣ ਬਾਰੇ ਅਪਣੀ ਕਵਿਤਾ 'ਵਰ
ਕਿ ਸਰਾਪ‘ ਵਿਚ ਪੂਰੀ ਤਰ੍ਹਾਂ ਜ਼ਿਕਰ ਕੀਤਾ ਹੈ।
ਮੇਰੇ ਰੱਬਾ ਜੇ ਮੇਰੇ ‘ਤੇ ਮਿਹਰ ਕਰਦਾ
ਘਰੇ ਕਿਰਤੀ ਦੇ ਦਿੰਦਾ ਨਾ ਜਨਮ ਮੈਨੂੰ।
ਉਦਾਸੀ ਨੇ ਜ਼ਿੰਦਗੀ ਵਿਚ ਬੜੇ ਉਤਰਾਅ-ਚੜ੍ਹਾਅ ਦੇਖੇ। ਇਹਦੀ ਕਵਿਤਾ ਦਾ ਮੁੱਲ ਰਿਹਾ ਵੀ ਹੈ
ਤੇ ਰਹਿਣਾ ਵੀ ਹੈ। ਇਹਦੀ ਨਿਵੇਕਲੀ ਸਾਦਾ ਸ਼ੈਲੀ ਤੇ ਸੁਹਜ ਉਹਦਾ ਅਪਣਾ ਹੈ, ਜੋ ਪਹਿਲਾਂ
ਨਹੀਂ ਸੀ ਦੇਖਿਆ ਗਿਆ। ਤਾਂ ਹੀ ਸੰਤ ਰਾਮ ਉਦਾਸੀ ਵਰਗਾ ਕਵੀ ਲੋਕਾਂ ਦੇ ਦਿਲਾਂ ‘ਤੇ ਰਾਜ
ਕਰਦਾ ਹੈ।
ਮੇਰੀ ਮੌਤ ‘ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ, ਰੇਤੇ ‘ਚ ਨਾ ਰਲ਼ਾਇਓ।
ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ,
ਜਿਸਦਾ ਹੈ ਪੰਧ ਬਿਖੜਾ, ਉਸੇ ਹੀ ਰਾਹ ਲਿਜਾਇਓ।
ਊਠ ਦਾ ਬੁੱਲ੍ਹ ਬਣਿਆ ਇਨਕਲਾਬ ਭਾਰਤ ਚ ਜਦੋਂ ਵੀ ਆਵੇ, ਉਹਦੀ ਉਡੀਕ ਹੈ। ਉਦਾਸੀ ਦੀ ਸ਼ਾਇਰੀ
ਦਾ ਅਪਣਾ ਮੁਕਾਮ ਹੈ। ਲਿਖਤ ਲੇਖਕ ਦਾ ਹਲਫ਼ੀਆ ਬਿਆਨ ਹੀ ਹੁੰਦੀ ਹੈ। ਉਦਾਸੀ ਦੇ ਗੀਤ ਜੀਅ
ਰਹੇ ਹਨ; ਜੀਉਂਦੇ ਜਗਦੇ ਰਹਿਣਗੇ।
|