(ਉਂਕਾਰਪ੍ਰੀਤ-ਬਰੈਂਪਟਨ) ਨਿਰੋਲ ਸਾਹਿਤਕ
ਲੋਕ ਜਥੇਬੰਦੀ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵਲੋਂ, ਨਵ-ਪ੍ਰਕਾਸਿ਼ਤ ਪੁਸਤਕਾਂ ਨੂੰ
ਉਸਾਰੂ ਪੜਚੋਲ ਮੰਚ ਪ੍ਰਦਾਨ ਕਰਨ ਦੇ ਅਪਣੇ ਉਦੇਸ਼ ਤਹਿਤ ਇੱਕ ਗੋਸ਼ਟੀ ਸਮਾਗਮ 9 ਜੁਲਾਈ
2011 ਨੂੰ ਸੰਤ ਸਿੰਘ ਸੇਖੋਂ ਹਾਲ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕਾਫ਼ਲਾ ਮੈਂਬਰ
ਗੁਰਦਾਸ ਮਿਨਹਾਸ ਹੁਰਾਂ ਦੀ ਕਾਵਿ-ਪੁਸਤਕ ‘ਤੜਪਦੇ ਅਹਿਸਾਸ ਦੀ ਮਹਿਕ’ ਅਤੇ ਬਲਬੀਰ ਸਿਕੰਦ
ਹੁਰਾਂ ਦੀ ਸਵੈ-ਜੀਵਨੀ ਪੁਸਤਕ ‘ਜ਼ੰਗਾਲਿਆਂ ਕਿੱਲ’ ਤੇ ਵਿਚਾਰ ਗੋਸ਼ਟੀ ਦੇ ਨਾਲ ਨਾਲ
ਸ਼ਾਇਰਾਂ ਨੇ ਅਪਣਾ ਕਲਾਮ ਵੀ ਪੇਸ਼ ਕੀਤਾ।
ਇਸ ਸਮਾਗਮ ਦੀ ਸ਼ੁਰੂਆਤ ਕਰਦਿਆਂ ਪ੍ਰੋਗ੍ਰਾਮ ਸੰਚਾਲਕ ਉਂਕਾਰਪ੍ਰੀਤ ਵਲੋਂ ਪਿਛਲੇ ਦਿਨੀਂ
ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਡਾ: ਦਰਸ਼ਨ ਗਿੱਲ ਅਤੇ ਉੱਘੇ ਕਹਾਣੀਕਾਰ ਜਸਵੰਤ ਸਿੰਘ
ਵਿਰਦੀ ਨੂੰ ਯਾਦ ਕਰਨ ਨਾਲ ਹੋਈ। ਉਹਨਾਂ ਕਿਹਾ ਕਿ ਡਾ. ਦਰਸ਼ਨ ਗਿੱਲ ਜਿੱਥੇ ਪੰਜਾਬੀ ਦੇ
ਉੱਘੇ ਕਵੀ ਸਨ ਓਥੇ ਉਹਨਾਂ ਦਾ ਪੰਜਾਬੀ ਆਲੋਚਨਾ, ਸੰਪਾਦਨਾ ਅਤੇ ਅਨੁਵਾਦਕ ਤੌਰ ਤੇ ਯੋਗਦਾਨ
ਵੱਡਮੁੱਲਾ ਸੀ। ਪੰਜਾਬੀ ਦੇ ਵਧੀਆ ਸਾਹਿਤ ਨੂੰ ਸਨਮਾਨਣ ਲਈ ਉਹ ਹਮੇਸ਼ਾ ਤਤਪਰ ਰਹੇ, ਇਸ
ਸੰਦਰਭ ਵਿੱਚ ਉਹਨਾਂ ਵਲੋਂ ਕਾਇਮ ਕੀਤਾ ਗਿਆ ‘ਮਨਜੀਤ ਯਾਦਗਾਰੀ’ ਪੁਰਸਕਾਰ ਅਤੇ ਇਸ ਪੁਰਸਕਾਰ
ਲਈ ਸਮੇਂ ਸਮੇਂ ਕੀਤੀ ਗਈ ਚੋਣ ਹਮੇਸ਼ਾ ਗੌਲਣਯੋਗ ਰਹੇਗੀ। ਜਸਵੰਤ ਸਿੰਘ ਵਿਰਦੀ ਨੂੰ ਅਪਣੇ
ਸ਼ੁਰੂਆਤੀ ਦੌਰ ਦਾ ਰਹਿਨੁਮਾ ਦੱਸਦਿਆਂ ਉਹਨਾਂ ਨਾਲ ਜੁੜੀਆਂ ਅਪਣੀਆਂ ਨਿੱਜੀ ਯਾਦਾਂ ਦੀ
ਸਾਂਝ ਵੀ ਪਾਈ।
ਸਮਾਗਮ ‘ਚ ਸ਼ਾਮਿਲ ਲੋਕਾਂ ਨੇ ਦੋਹਾਂ ਵਿਛੜੇ ਸਾਹਿਤਕਾਰਾਂ ਦੀ ਯਾਦ ‘ਚ ਮੌਨ ਖੜੇ ਹੋ ਕੇ
ਉਹਨਾਂ ਦੀ ਸਾਹਿਤਕ ਘਾਲਣਾ ਨੂੰ ਯਾਦ ਕੀਤਾ।
ਇਸ ਮੌਕੇ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਡਾ: ਵਰਿਆਮ ਸੰਧੂ ਹੁਰਾਂ ਨੇ ਅਪਣੇ ਸਮਕਾਲੀ
ਕਹਾਣੀਕਾਰ ਦੋਸਤ ਜਸਵੰਤ ਵਿਰਦੀ ਜੀ ਨੂੰ ਭਾਵਪੂਰਤ ਸ਼ਰਧਾਜ਼ਲੀ ਭੇਂਟ ਕਰਦਿਆਂ ਉਹਨਾਂ ਨੂੰ
ਜੀਵਨ ਭਰ ਸਵੈਮਾਣ ਨਾਲ ਸਾਹਿਤ ਰਚਨਾ ਕਰਨ ਵਾਲਾ ਮਹੱਤਵਪੂਰਨ ਯੋਧਾ ਲੇਖਕ ਦੱਸਿਆ। ਉਹਨਾਂ
ਕਿਹਾ ਕਿ ਵਿਰਦੀ ਜੀ ਨੇ ਅਪਣੀ ਸਾਹਿਤਕ ਘਾਲਣਾ ਲਈ ਇਨਾਮ ਸਨਮਾਨ ਲੈਣ ਵਾਸਤੇ ਕਦੇ ਵੀ ਕਿਸੇ
ਅੱਗੇ ਸਿਰ ਨਹੀਂ ਝੁਕਾਇਆ। ਉਹਨਾਂ ਕਿਹਾ ਕਿ ਫੈਂਟਸੀ ਕਹਾਣੀ ਵਿਧਾ ‘ਚ ਪੰਜਾਬੀ ਦੇ ਇੱਕੋ
ਇੱਕ ਅਤੇ ਵਿਲੱਖਣ ਹਸਤਾਖਰ ਵਿਰਦੀ ਜੀ ਹਮੇਸ਼ਾ ਨਵੇਂ ਲਿਖਣ ਵਾਲਿਆਂ ਲਈ ਖਾਸ ਪਿਆਰ ਨਾਲ
ਓਤਪੋਤ ਚਾਨਣ ਮੁਨਾਰੇ ਲੇਖਕ ਸਨ।
ਸਮਾਗਮ ਦਾ ਪਹਿਲਾ ਗੋਸ਼ਟੀ ਸੈਸ਼ਨ ਉੱਘੇ ਫਿਲਮਸਾਜ਼ ਅਤੇ ਲੇਖਕ ਬਲਬੀਰ ਸਿਕੰਦ ਹੁਰਾਂ ਦੀ
ਸਵੈ ਜੀਵਨੀ ਜ਼ੰਗਾਲਿਆ ਕਿੱਲ ਤੇ ਅਧਾਰਿਤ ਸੀ। ਇਸ ਪੁਸਤਕ ਤੇ ਦੋ ਪਰਚੇ ਪੜ੍ਹੇ ਗਏ। ਪਹਿਲਾ
ਪਰਚਾ ਮਹਿੰਦਰਦੀਪ ਗਰੇਵਾਲ ਜੀ ਦਾ ਅਤੇ ਦੂਸਰਾ ਕੁਲਜੀਤ ਮਾਨ ਜੀ ਦਾ।
ਮਹਿੰਦਰਦੀਪ ਗਰੇਵਾਲ ਨੇ ਅਪਣੇ ਪਰਚੇ ਵਿੱਚ ਲੇਖਕ ਦੀ ਭਾਵੁਕਤਾਵਾਦੀ ਮਾਨਸਿਕਤਾ ਦਾ ਉਲੇਖ
ਕਰਦਿਆਂ ਉਸਨੂੰ ਮਨੋਵਿਗਿਆਨਕ ਵਗਾਰ ਦਾ ਸਿ਼ਕਾਰ ਦੱਸਿਆ। ਮਾਪਿਆਂ ਵਲੋਂ ਬੱਚਿਆਂ ਨੂੰ ਅਪਣੇ
ਮਨਪਸੰਦ ਖੇਤਰ ਤੋਂ ਜ਼ਬਰੀ ਪਰ੍ਹੇ ਧੱਕੇ ਜਾਣ ਨੂੰ ਦੂਹਰੀ ਮਾਨਸਿਕਤਾ ਦਾ ਕਾਰਨ ਦੱਸਦਿਆ
ਉਹਨਾਂ ਕਿਹਾ ਕਿ ਅਜਿਹੀ ਮਾਨਸਿਕਤਾ ਵੱਡੇ ਪੱਧਰ ਤੇ ਜੀਵਨ ‘ਚ ਅਸਫ਼ਲਤਾ ਦਾ ਕਾਰਨ ਬਣਦੀ ਹੈ।
ਉਹਨਾ ਬਲਬੀਰ ਸਿਕੰਦ ਨੂੰ ਭਾਵੁਕਤਾ ‘ਚੋਂ ਉਪਜੇ ਦੁਖਾਂਤ ਦਾ ਪਾਤਰ ਦੱਸਦਿਆਂ ਕਿਹਾ ਕਿ ਉਹ
ਪ੍ਰੀਤਮਾ ਦੀ ਅਸਲੀਅਤ ਜਾਣ ਕੇ ਵੀ ਸਬਕ ਨਹੀਂ ਸਿੱਖਦਾ ਅਤੇ ਪਾਠਕ ਦੇ ਉਲਾਂਭੇ ਦਾ ਪਾਤਰ
ਬਣਦਾ ਹੈ। ਇਸਦੇ ਨਾਲ ਨਾਲ ਉਹਨਾਂ ਧਨੀ ਮਾਪਿਆਂ ਵਲੋਂ ਬੱਚਿਆਂ ਨੂੰ ਜ਼ਰੂਰਤ ਤੋਂ ਵੱਧ ਪੈਸਾ
ਦੇ ਕੇ ਉਹਨਾਂ ਨੂੰ ਜੀਵਨ ਸੰਘਰਸ਼ ਦੀ ਲੀਹ ਤੋਂ ਲਾਹੇ ਜਾਣ ਦਾ ਵੀ ਜਿ਼ਕਰ ਕੀਤਾ ਅਤੇ ਕਿਹਾ
ਕਿ ਇਸ ਸਮਾਜਿਕ ਵਿਗਾੜ ਦਾ ਸਿ਼ਕਾਰ ਮੁੰਡੇ ਕੁੜੀਆਂ ਦੋਨੋਂ ਹੋ ਰਹੇ ਹਨ ਅਤੇ ਬਲਬੀਰ ਸਿਕੰਦ
ਵਾਂਗ ਉਲਾਰ ਮਮਤਾ ‘ਚ ਪਿਸਦੇ ਮਾਨਸਿਕ ਅਸਥਿਰਤਾ ਦਾ ਸਿ਼ਕਾਰ ਹੋ ਜਾਂਦੇ ਹਨ।
ਕੁਲਜੀਤ ਮਾਨ ਨੇ ਅਪਣੇ ਪਰਚੇ ਵਿੱਚ ਬਲਬੀਰ ਸਿਕੰਦ ਦੀ ਜੀਵਨੀ ਦੀ ਗੱਲ ਕਰਦਿਆਂ ਕਿਹਾ ਕਿ,
ਭਾਵੁਕ ਹੋਣਾ ਕੋਈ ਚੰਗੀ ਗੱਲ ਨਹੀਂ ਸਮਝੀ ਜਾਦੀ ਜੇਕਰ ਉਸਦੀ ਉਮਰ ਜਿ਼ੰਦਗੀ ਦੇ ਪੈਂਡੇ
ਜਿੰਨੀ ਲੰਮੀ ਹੋ ਜਾਵੇ। ਭਾਵੁਕ ਹੋ ਕੇ ਸਤਹੀ ਤੌਰ ਤੇ ਡੂੰਘੀਆਂ ਟੁੱਭੀਆਂ ਲਾਉਣਾ ਹੀ ਆਮ
ਵਰਤਾਰਾ ਹੈ। ਇਸ ਟੁੱਭੀ ‘ਚ ਅਕਸਰ ਗ਼ਾਰ ਹੀ ਹੱਥ ਆਉਂਦੀ ਹੈ। ਗ਼ਾਰ ਤੋ ਅਗਲੀ ਧਰਤ ਫਰੋਲਣ
ਲਈ ਬਲਬੀਰ ਸਿਕੰਦ ਜਿਤਨਾ ਜਿਗ਼ਰਾ ਚਾਹੀਦਾ ਹੈ। ਉਹਨਾਂ ਜ਼ੰਗਾਲਿਆ ਕਿੱਲ੍ਹ ਚੋਂ ਉਭਰਦੇ
ਬਲਬੀਰ ਸਿਕੰਦ ਦੇ ਸਮੁੱਚ ਨੂੰ ਰੂਪਮਾਨ ਕਰਦਿਆਂ ਕਿਹਾ ਕਿ, ਅੱਜ ਮੰਡੀ ਦਾ ਦੌਰ ਹੈ ਜਿੱਥੈ
ਕਾਰਪੋਰੇਸ਼ਨ ਨੇ ਵਿਆਪਕ ਝੰਡਾ ਗੱਡਿਆ ਹੈ ਅਤੇ ਹਰ ਚੀਜ਼ ਨੂੰ ਪੈਸੇ ਦੀ ਕਿੱਲੀ ਤੇ ਟੰਗ
ਦਿੱਤਾ ਹੈ ਤੇ ਸਾਨੂੰ ਵੀ ਓਹੀ ਪੈਮਾਨਾ ਵਰਤਣਾ ਚਾਹੀਦਾ ਹੈ। ਉਸੇ ਸਮਾਜ ਦੇ ਆਰਥਿਕ ਸ਼ਬਦਾਂ
ਨੂੰ ਵਰਤਦਾ ਹੋਇਆ ਮੈਂ ਕਹਿ ਸਕਦਾ ਹਾਂ ਕਿ ਬਲਬੀਰ ਸਿਕੰਦ ਇੱਕ ਕਰੋੜਪਤੀ ‘ਸ਼ਾਨੇ ਦਰਵੇਸ਼’
ਹੈ।
ਪਰਚਿਆਂ ਤੋਂ ਬਾਦ ਇਹਨਾਂ ਤੇ ਬਹਿਸ ਦਾ ਆਰੰਭ ਕਰਦਿਆਂ ਬ੍ਰਜਿੰਦਰ ਗੁਲਾਟੀ ਹੁਰਾਂ ਨੇ ਕਿਹਾ
ਕਿ ਕੋਮਲ ਸੁਭਾਅ ਦੇ ਬਲਬੀਰ ਨੂੰ ਘਰ ਵੱਲੋਂ ਕਲਾ ਵੱਲ ਦੀ ਇਜਾਜ਼ਤ ਨਾ ਮਿਲੀ ਅਤੇ ਮਜਬੂਰਨ
ਮਕੈਨੀਕਲ ਇੰਜਨੀਅਰਿੰਗ ਵੱਲ ਜਾਣਾ ਪਿਆ। ਰੇਲ ਹਾਦਸੇ ਵਕਤ ਮੌਤ ਨੂੰ ਨੇੜਿਓਂ ਦੇਖ ਉਸ ਦਾ
ਦਿਲ ਦਹਿਲ ਗਿਆ। ਜਦ ਪਿਆਰ ਕੀਤਾ ਤਾਂ ਵੀ ਬੇਵਫ਼ਾਈ ਹੀ ਮਿਲੀ। ਬ੍ਰਜਿੰਦਰ ਜੀ ਨੇ ਬਲਬੀਰ
ਸਿਕੰਦ ਬਾਰੇ ਦੱਸਿਆ ਕਿ ਜੋ ਕਮੀ ਜਿ਼ੰਦਗੀ ਵਿੱਚ ਪਾਈ ਜੋ ਦਰਦ ਪਾਇਆ, ਉਸ ਨੂੰ ‘ਜ਼ੰਗਾਲਿਆ
ਕਿੱਲ’ ਵਿੱਚ ਸਮੇਟਿਆ। ਇਹ ਵੀ ਦੱਸਿਆ ਕਿਵੇਂ ਉਸ ਨੇ ਮਾਂ ਦੀਆਂ ਪੀੜਾਂ ਨੂੰ ਲੈ ਕੇ ਜੀਵਨ
ਵਿੱਚ ਆਈਆਂ ਮਾਂ-ਰੂਪੀ ਔਰਤਾਂ ਬਾਰੇ ਇੱਕ ਕਿਤਾਬ ‘ਦਰਵੇਸ਼ ਬੀਬੀਆਂ’ ਵੀ ਲਿਖੀ ਹੈ।
ਇਸ ਮੌਕੇ ਹਾਜ਼ਰ ਲੇਖਕਾਂ, ਪਾਠਕਾਂ ਅਤੇ ਚਿੰਤਕਾਂ ਵਲੋਂ ਆਪੋ ਅਪਣੇ ਵਿਚਾਰ ਪੇਸ਼ ਕੀਤੇ ਗਏ।
ਜਿਹਨਾਂ ਚੋਂ ਨੀਟਾ ਬਲਵਿੰਦਰ, ਸੁਦਾਗਰ ਬਰਾੜ, ਬਲਬੀਰ ਸਿੰਘ ਗਿੱਲ, ਬਲਬੀਰ ਸਿਕੰਦ ਅਤੇ
ਪਰਮਜੀਤ ਸੰਧੂ(ਖ਼ਬਰਨਾਮਾ) ਦੇ ਨਾਮ ਖਾਸ ਵਰਨਣਯੋਗ ਹਨ।
ਚਾਹ ਦੀ ਛੋਟੀ ਜਿਹੀ ਬਰੇਕ ਉਪਰੰਤ ਗੋਸ਼ਟੀ ਸਮਾਗਮ ਦਾ ਅਗਲਾ ਭਾਗ ਆਰੰਭ ਹੋਇਆ। ਸਮਾਗਮ ਦਾ
ਇਹ ਗੋਸ਼ਟੀ ਸੈਸ਼ਨ ਉੱਘੇ ਹਾਸ-ਵਿਅੰਗ ਸ਼ਾਇਰ ਅਤੇ ਸੀਨਅਰ ਕਾਫ਼ਲਾ ਮੈਂਬਰ ਗੁਰਦਾਸ ਮਿਨਹਾਸ
ਹੁਰਾਂ ਦੀ ਕਾਵਿ-ਪੁਸਤਕ ‘ਤੜਪਦੇ ਅਹਿਸਾਸ ਦੀ ਮਹਿਕ’ ਤੇ ਅਧਾਰਿਤ ਸੀ। ਇਸ ਪੁਸਤਕ ਤੇ
ਬ੍ਰਜਿੰਦਰ ਗੁਲਾਟੀ ਜੀ ਵਲੋਂ ਇੱਕ ਪਰਚਾ ਪੜ੍ਹਿਆ ਗਿਆ। ਆਪਣੇ ਪਰਚੇ ਵਿੱਚ ਉਹਨਾਂ ਨੇ ਕਿਹਾ
ਕਿ ਮਿਨਹਾਸ ਜੀ ਦੀ ਸ਼ਾਇਰੀ ਵਿੱਚ ਹਾਸ ਵਿਅੰਗ ਬਰਨਾਰਡ ਸ਼ਾਅ ਦੇ ਅੰਦਾਜ਼ ਵਰਗਾ ਲੱਗਦਾ ਹੈ।
ਜਿੱਥੇ ਆਮ ਪਾਠਕ ਕੋਈ ਗੰਭੀਰ ਖ਼ਬਰ ਪੜ੍ਹ ਕੇ ਥੋੜ੍ਹੀ ਦੇਰ ਉਸ ਬਾਰੇ ਸੋਚ ਕੇ ਉਸ ਨੂੰ ਉਥੇ
ਹੀ ਛੱਡ ਅੱਗੇ ਵਧ ਜਾਂਦਾ ਹੈ, ਮਿਨਹਾਸ ਜੀ ਉਸ ਤੇ ਮਿੰਨ੍ਹਾ ਜਿਹਾ ਹੱਸਦੇ ਹੋਏ ਚੋਟ ਕਰ
ਜਾਂਦੇ ਹਨ। ਉਨ੍ਹਾਂ ਨੇ ਘਰੇਲੂ ਮਾਹੌਲ ਹੋਵੇ ਜਾਂ ਰਾਜਨੀਤਕ ਹਰ ਇੱਕ ਤੇ ਵਿਅੰਗ ਕੱਸਿਆ ਹੈ।
ਮਿਨਹਾਸ ਜੀ ਦੀ ਕਲਪਨਾ ਦੀ ਦੌੜ ਵੀ ਚੰਗੀ ਹੈ ਅਤੇ ਉਹ ਰੱਬ ਨੂੰ ਬਾਬੇ ਦੇ ਭੇਸ ਵਿੱਚ ਲੈ ਕੇ
ਦਿੱਲੀ ਦਾ ਭੀੜ ਭੜੱਕਾ, ਪੁਲਿਸ ਦੇ ਨਿੱਘਰਦੇ ਹਾਲਾਤ ਬਾਰੇ ਨਜ਼ਰ ਦੌੜਾਂਦੇ ਹਨ। ਬਗਦਾਦ ਦੇ
ਅਤੇ ਟਵਿੱਨ ਟਾਵਰਜ਼ ਤੇ ਵਾਪਰੇ ਦੁਖਾਂਤ ਜਾਂ ਫਿਰ ਕਸ਼ਮੀਰ ਦੀ ਵਾਦੀ ਵਿੱਚ ਮੌਤ ਦੇ ਦ੍ਰਿਸ਼
ਦਿਖਾਉਂਦਿਆਂ ਉਹ ਆਮ ਆਦਮੀ ਦੀ ਗੱਲ ਕਰਦੇ ਹਨ। ਅੱਤਵਾਦ, ਔਰਤਾਂ ਦੇ ਦੁਖੜੇ ਗੱਲ ਕੀ ਹਰ
ਪਾਸੇ ਨੂੰ ਵਾਚਿਆ ਹੈ ਅਤੇ ਹੱਸਦਿਆਂ ਹੱਸਦਿਆਂ ਵੱਡੇ ਮਸਲਿਆਂ ਤੇ ਝਾਤ ਮਾਰੀ ਹੈ।
ਇਸ ਮੌਕੇ ਹਾਜ਼ਰ ਲੇਖਕਾਂ, ਪਾਠਕਾਂ ਅਤੇ ਚਿੰਤਕਾਂ ਵਲੋਂ ਇਸ ਪੁਸਤਕ ਬਾਰੇ ਆਪੋ ਅਪਣੇ ਵਿਚਾਰ
ਪੇਸ਼ ਕੀਤੇ ਗਏ। ਜਿਹਨਾਂ ਚੋਂ ਹਰਮੋਹਨ ਲਾਲ ਛਿੱਬੜ, ਸੁਦਾਗਰ ਬਰਾੜ, ਰਾਜਪਾਲ ਬੋਪਾਰਾਏ,
ਨਵਤੇਜ ਭਾਰਤੀ, ਰਛਪਾਲ ਕੌਰ, ਬਲਰਾਜ ਚੀਮਾਂ, ਕੁਲਜੀਤ ਮਾਨ,ਗੁਰਦਾਸ ਮਿਨਹਾਸ ਅਤੇ ਸਰਗਮ
ਰੇਡੀਓ/ ਪੰਜਾਬੀ ਡੇਲੀ ਤੋਂ ਡਾ: ਬਲਵਿੰਦਰ ਦੇ ਨਾਮ ਖਾਸ ਵਰਨਣਯੋਗ ਹਨ।
ਉਪਰੰਤ ਦੋਹਾਂ ਗੋਸ਼ਟੀ ਸੈਸ਼ਨਾਂ ਬਾਰੇ ਅਪਣੇ ਕੁੰਜੀਵਤ ਵਿਚਾਰ ਪੇਸ਼ ਕਰਦਿਆਂ ਡਾ: ਵਰਿਆਮ
ਸੰਧੂ ਹੁਰਾਂ ਨੇ ਕਿਹਾ ਕਿ, ਗੁਰਦਾਸ ਮਿਨਹਾਸ ਅਤੇ ਬਲਬੀਰ ਸਿਕੰਦ ਦੀਆਂ ਲਿਖ਼ਤਾਂ ਦੇ ਵੱਖਰੇ
ਵੱਖਰੇ ਰੰਗ ਹਨ। ਇੱਕ ਕਵਿਤਾ ਹੈ ਤੇ ਇਕ ਵਾਰਤਕ। ਜਿੱਥੇ ਗੁਰਦਾਸ ਦੀ ਕਿਤਾਬ ‘ਚ ਖੇੜਾ ਹੈ
ਓਥੇ ਸਿਕੰਦ ਦੀ ਕਿਤਾਬ ‘ਚ ਗਹਿਰੀ ਉਦਾਸੀ। ਮਿਨਹਾਸ ਹਸਾਉਣੇ ਤੇ ਕਾਟਵੇਂ ਅੰਦਾਜ਼ ਵਿੱਚ
ਚੌਗਿਰਦੇ ਸੰਸਾਰ ਨਾਲ ਸੰਵਾਦ ਰਚਾਉਂਦਾ ਹੈ ਜਦ ਕਿ ਬਲਬੀਰ ਸਿਕੰਦ ਦਾ ਸੰਵਾਦ ਆਤਮਮੁਖੀ ਹੈ
ਤੇ ਉਹ ਕਰੁਣਾ ਤੇ ਸਵੈਅ-ਤਰਸ ਨੂੰ ਜੁਗਤ ਵਜੋਂ ਵਰਤਦਾ ਹੈ। ਮਿਹਨਾਸ ਦੀ ਰਚਨਾ ਭਰੇ-ਪੂਰੇ
ਉਤਸ਼ਾਹ ਅਤੇ ਚਾਅ ਨਾਲ ਜਿ਼ੰਦਗੀ ਨੂੰ ਵੇਖਣ ਤੇ ਮਾਨਣ ਦੀ ਰਾਹ ਦਰਸਾਉਂਦੀ ਹੈ ਜਦ ਕਿ ਸਿਕੰਦ
ਦੀ ਰਚਨਾ ਦੁੱਖ ਨੂੰ ਸਮਝਣ ਤੇ ਸਹਿਣ ਕਰਨ ਵਿੱਚ ਸਹਾਈ ਹੁੰਦੀ ਹੈ। ਉਦਾਸੀ, ਨਿਰਾਸ਼ਾ ਤੇ
ਅਸਫਲਤਾ ਵੀ ਜਿ਼ੰਦਗੀ ਦੀਆਂ ਹਕੀਕਤਾਂ ਹਨ ਪਰ ਦੁੱਖ ਨੂੰ ਖਲੁਦ ਭੱਜ ਕੇ ਗ਼ਲੇ ਲਗਾਉਣ ਦੀ
ਥਾਂ ਇਸ ਬਿਰਤੀ ਤੋਂ ਪਾਸਾ ਮੋੜ ਕੇ ਸਿਕੰਦ ਜਿ਼ੰਦਗੀ ਨੂੰ ਵੇਖਣ ਲਈ ਸੱਜਰੀ ਤੇ ਉਤਸ਼ਾਹੀ
ਨਜ਼ਰ ਮਿਨਹਾਸ ਕੋਲੋਂ ਲੈ ਲਵੇ ਤਾਂ ਉਸਦੀ ਲਿਖਤ ਦਾ ਰੰਗ ਗੰਭੀਰ ਤੇ ਗੂੜ੍ਹਾ ਹੋ ਸਕਦਾ ਹੈ।
ਇੰਝ ਹੀ ਗੁਰਦਾਸ ਮਿਨਹਾਸ ਵੀ ਕਵਿਤਾ ਨੂੰ ਹੋਰ ਥੋੜਾ ਸਿ਼ੰਗਾਰ ਲਵੇ ਤਾਂ ਕਵਿਤਾ ਦਾ ਕੁਝ
ਸੌਰ ਜਾਵੇਗਾ।
ਗੋਸ਼ਟੀ ਸਮਾਗਮ ਦੇ ਅੰਤ ‘ਤੇ ਹਾਜ਼ਰ ਸ਼ਾਇਰਾਂ ਨੇ ਅਪਣਾ ਕਲਾਮ ਪੇਸ਼ ਕੀਤਾ, ਜਿਹਨਾਂ ‘ਚੋਂ
ਕਾਫ਼ਲੇ ਨਾਲ ਪਹਿਲੀ ਵੇਰ ਜੁੜੀ ਨਵੀਂ ਪੰਜਾਬੀ ਕਵਿਤਾ ਦੀ ਉਭਰਦੀ ਸ਼ਾਇਰਾ ਨੀਰੂ ਅਸੀਮ ਦਾ
ਨਾਮ ਖਾਸ ਤੌਰ ਤੇ ਵਰਨਣਯੋਗ ਹੈ। ਉਹਨਾਂ ਨੇ ਅਪਣੀ ਪੁਸਤਕ ‘ਸਿਫ਼ਰ’ ਚੋਂ ਦੋ ਨਜ਼ਮਾਂ
‘ਮਿਲਨ’ ਅਤੇ ‘ਵਜੂਦ’ ਸਾਂਝੀਆਂ ਕੀਤੀਆਂ। ਨੀਰੂ ਜੀ ਤੋਂ ਇਲਾਵਾ ਇਸ ਮੌਕੇ ਬਲਦੇਵ ਸਿੱਧੂ,
ਰਾਜਪਾਲ ਬੋਪਾਰਾਏ ਅਤੇ ਮਹਿੰਦਰਦੀਪ ਗਰੇਵਾਲ ਜੀ ਨੇ ਵੀ ਅਪਣਾ ਕਲਾਮ ਪੇਸ਼ ਕੀਤਾ ਅਤੇ
ਸਰੋਤਿਆਂ ਦੀ ਭਰਪੂਰ ਦਾਦ ਲਈ।
ਇਸ ਭਰਵੀਂ ਸਾਹਿਤਕ ਮੀਟਿੰਗ ਵਿੱਚ ਭਾਗ ਲੈਣ ਵਾਲਿਆਂ ਦੀ ਗਿਣਤੀ 60 ਤੋਂ ਵੱਧ ਸੀ ਜਿਨ੍ਹਾਂ
ਵਿੱਚ ਕੁਲਵੰਤ ਸਿੰਘ ਕੰਮੋਹ, ਵਕੀਲ ਸਿੰਘ ਕਲੇਰ, ਪੂਰਨ ਸਿੰਘ ਪਾਂਧੀ, ਤਿਲਕ ਰਾਜ ਸ਼ਰਮਾ,
ਹਰੀ ਕ੍ਰਿਸ਼ਨ ਸ਼ਰਮਾ, ਬਰਖਾ ਰਾਮ ਸੈਨੀ, ਕਸ਼ਮੀਰ ਸਿੰਘ ਬੈਂਸ, ਗੁਰਮੇਲ ਪਵਾਰ, ਕ੍ਰਿਪਾਲ
ਸਿੰਘ ਪੰਨੂੰ, ਤ੍ਰਿਲੋਚਨ ਸਿੰਘ ਆਸੀ, ਹਰਬੰਸ ਸਿੰਘ ਪੁਰੇਵਾਲ, ਅਮਰਜੀਤ ਮਿਨਹਾਸ, ਰਾਵੀ
ਮਿਨਹਾਸ, ਸੁਰਿੰਦਰ ਮਿਨਹਾਸ, ਮਿੰਨੀ ਗਰੇਵਾਲ, ਅਨੀਤ, ਅਜੀਤ ਰੇਖਾ, ਗੁਰਬੰਤ ਮਾਨ, ਗੁਰਦਿਆਲ
ਮਿਨਹਾਸ, ਹਰਜੀਤ ਸਿੰਘ ਬਾਜਵਾ(ਅਜੀਤ,ਪੰਜਾਬ),ਇਕਬਾਲ ਬਰਾੜ, ਸੁਖਵਿੰਦਰ ਘੁੰਮਣ, ਮਲੂਕ ਸਿੰਘ
ਕਾਹਲੋਂ, ਪਰਮਿੰਦਰ ਮਿਨਹਾਸ, ਪਰਮਜੀਤ ਢਿੱਲੋਂ, ਗੁਰਬਖ਼ਸ਼ ਸਿੰਘ ਭੰਡਾਲ (ਪੰਜਾਬੀ ਪੋਸਟ),
ਸਿ਼ਵ ਰਾਜ ਸੰਨੀ, ਸੁਰਿੰਦਰ ਭਾਰਤੀ, ਮਨਮੋਹਣ ਗੁਲਾਟੀ, ਅਜੇ ਸਹੋਤਾ-ਹਰਪ੍ਰੀਤ
ਸਹੋਤਾ(ਪੰਜਾਬੀ ਕੁਨੈਕਸ਼ਨ ਰੇਡੀਓ), ਇਕਬਾਲ ਸੁੰਬਲ, ਅਤੇ ਅਮਰ ਸਿੰਘ ਢੀਂਡਸਾ ਵੀ ਹਾਜ਼ਰ
ਸਨ। |