‘‘ਉਹ ਤੁਰੀ ਜਾਂਦੀ ਆ,
ਮੈਡਮ ਜੀ’’।
‘‘ਹਾਏ, ਉਹਨੂੰ ਸੰਗ ਨਹੀਂ ਲਗਦੀ?’’
‘‘ਪਤਾ ਨਹੀਂ।”
ਪਾਲੀ ਦਾ ਸਿਰ ਜੋ ਪਹਿਲਾ ਹੀ ਝੁਕਿਆ ਹੋਇਆ ਸੀ, ਹੋਰ ਨੀਵਾਂ ਹੋ ਗਿਆ। ਉਸ ਨੇ ਆਪਣੇ ਬੱਚਿਆਂ
ਦੇ ਹੱਥ ਹੋਰ ਕਸ ਕੇ ਫੜ ਲਏ ਤੇ ਸਕੂਲ ਵਲ ਤੁਰੀ ਗਈ।
ਰੋਜ਼ ਸਵੇਰ ਨੂੰ ਘਰੋਂ ਨਿਕਲਦੇ ਹੀ ਕੋਈ ਆਂਢ ਗੁਆਂਢ ਦੀ ਔਰਤ ਕੁੱਝ ਨਾ ਕੁੱਝ ਕਹਿ ਦਿੰਦੀ
ਸੀ। ਉਸ ਤੋਂ ਵੀ ਪਹਿਲਾਂ, ਉੱਠਦੇ ਸਾਰ ਉਸ ਦੇ ਸੱਸ ਜਾਂ ਸਹੁਰਾ ਵੀ ਇਹੋ ਜਿਹੀ ਗੱਲ ਕਹਿ
ਕੇ, ਉਸ ਨੂੰ ਘਰੋਂ ਤੋਰਦੇ ਸਨ। ਤੇ ਦੁਪਹਿਰ ਨੂੰ ਘਰ ਨੂੰ ਵਾਪਸ ਆਉਂਦੇ ਸਾਰ, ਫਿਰ ਉਹੀ
ਤਾਹਨੇ ਮਿਹਣੇ। ਹੁਣ ਤਕ ਤਾਂ ਪਾਲੀ ਨੂੰ ਇਸ ਤਰ੍ਹਾਂ ਦੇ ਤਾਹਨੇ ਸੁਣਨ ਦੀ ਆਦੀ ਹੋ ਜਾਣਾ
ਚਾਹੀਦਾ ਸੀ, ਪਰ ਅਜੇ ਵੀ ਉਸ ਨੂੰ ਹਰ ਇੱਕ ਇੱਕ ਸ਼ਬਦ ਉੱਨ੍ਹਾ ਹੀ ਚੁੱਭਦਾ ਸੀ ਜਿੰਨੇ ਪਹਿਲੀ
ਵਾਰੀ ਸੁਣਨ ਤੇ ਚੁੱਭੇ ਸਨ।
ਗੁੱਡੀ ਅਤੇ ਬਿੱਟੂ ਨੂੰ ਆਪਣੇ ਪਹਿਲੀ ਅਤੇ ਦੂਜੀ ਜਮਾਤ ਦੇ ਕਮਰਿਆਂ ’ਚ ਛੱਡ ਕੇ ਉਹ ਅਗਾਂਹ
ਤੁਰ ਕੇ ਦਸਵੀਂ ਦੀ ਜਮਾਤ ਵਿੱਚ ਜਾ ਕੇ, ਆਪਣੀ ਥਾਂ ਤੇ ਬੈਠ ਗਈ।
ਪਾਲੀ ਨੌਵੀਂ ਵਿਚ ਪੜ੍ਹਦੀ ਸੀ ਜਦੋਂ ਉਹਦੀ ਬੀਜੀ ਨੂੰ ਪੀਲੀਆ ਹੋ ਗਿਆ ਅਤੇ ਉਹ ਕਈ ਮਹੀਨੇ
ਮੰਜੇ ਤੋਂ ਨਹੀਂ ਉੱਠੀ। ਪਾਲੀ ਨੂੰ ਆਪਣੀ ਪੜ੍ਹਾਈ ਛੱਡਣੀ ਪਈ ਤਾਂ ਕਿ ਉਹ ਘਰ ਦਾ ਕੰਮ ਅਤੇ
ਆਪਣੇ ਛੋਟੇ ਭੈਣ ਭਰਾਵਾਂ ਦਾ ਖ਼ਿਆਲ ਰੱਖ ਸਕੇ।
ਜਦ ਉਸ ਦੀ ਮੰਮੀ ਠੀਕ ਹੋ ਗਈ ਤਾਂ ਕਿਸੇ ਨੇ ਪਾਲੀ ਦੀ ਪੜ੍ਹਾਈ ਦਾ ਜ਼ਿਕਰ ਹੀ ਨਹੀਂ ਕੀਤਾ।
ਅਖੀਰ ’ਚ ਪਾਲੀ ਨੇ ਆਪਣੀ ਮਾਂ ਨੂੰ ਪੁੱਛਿਆ - ‘‘ਬੀਜੀ, ਮੈਂ ਹੁਣ ਸਕੂਲ ਵਾਪਸ ਜਾਵਾਂ?’’
ਬੀਜੀ ਨੇ ਉਹਦੇ ਵਲ ਹੈਰਾਨੀ ਨਾਲ ਤੱਕਿਆ, ‘‘ਹੁਣ ਤੂੰ ਸਕੂਲ ਜਾ ਕੇ ਕੀ ਕਰਨਾ ਆ?’’
ਪਾਲੀ ਚੁੱਪ ਰਹੀ। ਫਿਰ ਰਾਤ ਦੀ ਰੋਟੀ ਪਕਾਉਂਦੇ ਹੋਏ, ਉਸ ਨੇ ਫਿਰ ਗੱਲ ਤੋਰੀ। ‘‘ਬੀਜੀ,
ਮੈਂ ਦਸਵੀਂ ਤਾਂ ਪੂਰੀ ਕਰ ਲਵਾਂ।”
‘‘ਕੀ ਕਮਲੀਆਂ ਗੱਲਾਂ ਕਰੀ ਜਾ ਰਹੀ ਹੈਂ? ਤੂੰ ਹੁਣ ਪੜ੍ਹ ਕੇ ਕੀ ਕਰਨਾ ਆ?’’
ਪਾਲੀ ਨੀਵੀਂ ਪਾ ਕੇ ਰੋਟੀਆਂ ਥੱਲੀ ਗਈ।
ਕੁੱਝ ਦਿਨਾਂ ਬਾਅਦ ਪਾਲੀ ਨੇ ਦੁਬਾਰਾ ਹਿੰਮਤ ਕੀਤੀ - ਇਸ ਬਾਰ ਆਪਣੇ ਭਾਪਾ ਜੀ ਦੇ ਸਾਹਮਣੇ।
ਰਾਤ ਦੇ ਭਾਂਡੇ ਧੋ ਕੇ, ਜਦ ਬਾਕੀ ਪਰਵਾਰ ਨਾਲ ਜਾ ਕੇ ਬੈਠੀ, ਉਸ ਨੇ ਹੌਲੀ ਜਿਹੀ ਪੁੱਛਿਆ,
‘‘ਭਾਪਾ ਜੀ, ਮੈਂ ਸਕੂਲ ਨੂੰ ਵਾਪਸ ਜਾਵਾਂ?”
ਭਾਪਾ ਜੀ ਨੇ ਸਵਾਲ ਭਰੀਆਂ ਅੱਖਾਂ ਪਾਲੀ ਵਲ ਕੀਤੀਆਂ ਪਰ ਕੁੱਝ ਬੋਲਿਆ ਨਹੀਂ। ਪਾਲੀ ਨੂੰ
ਲੱਗਿਆ ਕਿ ਸ਼ਾਇਦ ਉਸ ਨੇ ਚੰਗੀ ਤਰ੍ਹਾਂ ਸੁਣਿਆ ਨਹੀਂ। ਥੋੜ੍ਹੀ ਉੱਚੀ ਆਵਾਜ਼ ਵਿਚ ਉਹ ਦੁਬਾਰਾ
ਬੋਲੀ, ‘‘ਮੇਰੇ ਦਸਵੀਂ ਦੇ ਪੇਪਰ ਦਵਾ ਦਿਓ।”
ਭਾਪਾ ਜੀ ਅਜੇ ਵੀ ਨਹੀਂ ਬੋਲੇ, ਪਰ ਪਾਲੀ ਦੀ ਮਾਂ ਬੋਲ ਪਈ, ‘‘ਤੂੰ ਹੁਣ ਵਿਆਹ ਕਰਨਾ ਆ,
ਜਾਂ ਪੜ੍ਹਨਾ ਆ?’’
ਹੌਲੀ ਜਿਹੀ ਅਵਾਜ਼ ਵਿਚ ਪਾਲੀ ਨੇ ਇੱਕ ਵਾਰ ਫਿਰ ਕੋਸ਼ਿਸ਼ ਕੀਤੀ, ‘‘ਪ੍ਰਾਈਵੇਟ ਹੀ ਦਵਾ
ਦਿਓ।”
‘‘ਬੱਸ ਵੀ ਕਰ ਹੁਣ!’’ ਬੀਜੀ ਨੇ ਦਬਕਾ ਮਾਰਿਆ। ‘‘ਪਤਾ ਨੀ ਕੁੜੀ ਨੂੰ ਕੀ ਹੋ ਗਿਆ ਆ।”
ਪਾਲੀ ਚੁੱਪ ਕਰ ਕੇ ਕਮਰੇ ਤੋਂ ਬਾਹਰ ਚਲੇ ਗਈ।
***
‘‘ਟ੍ਰਿੰਗ! ਟ੍ਰਿੰਗ!’’ ਸਕੂਲ ਦੀ ਘੰਟੀ ਨੇ ਪਾਲੀ ਨੂੰ ਆਪਣੀਆਂ ਯਾਦਾਂ ਤੋਂ ਖਿੱਚ ਲਿਆਂਦਾ।
ਉਹਨੇ ਆਪਣਾ ਸਿਰ ਚੁੱਕਿਆ ਤੇ ਦੇਖਿਆ ਕਿ ਕੁੱਝ ਕੁੜੀਆਂ ਉਸ ਦੇ ਵਲ ਦੇਖ ਰਹੀਆਂ ਸਨ। ਇੱਕਦਮ
ਉਨ੍ਹਾਂ ਨੇ ਅੱਖਾਂ ਹਟਾ ਲਈਆਂ ਤੇ ਪਾਲੀ ਨੇ ਵੀ। ਕੁੱਝ ਦੇਰ ਬਾਅਦ ਉਹਨੇ ਦੁਬਾਰਾ ਉਨ੍ਹਾਂ
ਵਲ ਦੇਖਿਆ - ਉਹ ਹੌਲੀ ਹੌਲੀ ਇੱਕ ਦੂਸਰੀ ਨਾਲ ਗੱਲਾਂ ਕਰ ਕੇ ਹੱਸ ਰਹੀਆਂ ਸਨ।
‘‘ਮੇਰੇ ਤੇ ਹੀ ਹੱਸ ਰਹੀਆਂ ਹੋਣਗੀਆਂ।” ਪਾਲੀ ਨੇ ਸੋਚਿਆ ਅਤੇ ਦੁਬਾਰਾ ਆਪਣਾ ਸਿਰ ਥੱਲੇ ਕਰ
ਲਿਆ। ਤੇ ਇੱਕ ਵਾਰ ਫਿਰ ਆਪਣੀਆਂ ਯਾਦਾਂ ਵਿਚ ਖੋਹ ਗਈ।
ਉਸ ਦੇ ਅਠਾਰਵੇਂ ਜਨਮ ਦਿਨ ਤੋਂ ਕੁੱਝ ਹਫ਼ਤੇ ਬਾਅਦ ਹੀ ਪਾਲੀ ਦੇ ਮਾਪਿਆਂ ਨੇ ਉਸ ਨੂੰ ਵਿਆਹ
ਦਿੱਤਾ ਸੀ। ਸਹੁਰੇ ਘਰ ਜਾ ਕੇ, ਉਹਨੇ ਇੱਕ ਵਾਰ ਫਿਰ ਹਿੰਮਤ ਕੀਤੀ ਤੇ ਆਪਣੇ ਪਤੀ ਨੂੰ ਅਤੇ
ਸਹੁਰਿਆਂ ਨੂੰ ਪੁੱਛਿਆ, ‘‘ਮੈਂ ਦਸਵੀਂ ਪੂਰੀ ਕਰ ਲਵਾਂ?’’ ਪਰ ਹਰੇਕ ਵਾਰ ਉਹ ਹੀ ਹਾਸੇ, ਉਹ
ਹੀ ਤਾਹਨੇ ਮਿਹਣੇ ‘‘ਤੂੰ ਕੀ ਕੋਈ ਵੱਡੀ ਅਫਸਰਨੀ ਲੱਗਣਾ ਆ ਹੁਣ ਪੜ੍ਹ ਕੇ?’’ ਤੇ ਉਹ ਚੁੱਪ
ਹੋ ਕੇ ਬਹਿ ਜਾਂਦੀ। ਸਹੀ ਗੱਲ ਸੀ - ਉਹ ਕਿੱਥੇ ਕੋਈ ਅਫਸਰਨੀ ਬਣਨ ਵਾਲੀ ਸੀ?
ਪਰ ਪਤਾ ਨਹੀਂ ਕਿਉਂ ਉਸਦੀ ਪੜ੍ਹਨ ਦੀ ਇੱਛਾ ਮਰਨ ਦੀ ਥਾਂ ਹੋਰ ਵੀ ਵਧਦੀ ਗਈ।
ਜਦੋਂ ਉਸ ਦੇ ਬੱਚੇ ਸਕੂਲ ਜਾਣ ਲੱਗੇ ਅਤੇ ਉਨ੍ਹਾਂ ਨੂੰ ਤਿਆਰ ਕਰ ਕੇ, ਸਕੂਲ ਛੱਡ ਕੇ ਆਉਣਾ
- ਜਾਂਦੇ ਸਮੇਂ ਉਸ ਨੇ ਮਸਾਂ ਮਸਾਂ ਆਪਣੇ ਆਪ ਨੂੰ ਜਮਾਤ ਦੇ ਦਰ ਤੋਂ ਖਿੱਚ ਕੇ ਲਿਆਉਣਾ।
ਫਿਰ ਸ਼ਾਮੀ ਜਦ ਬੱਚਿਆਂ ਨੂੰ ਪੜ੍ਹਾਉਣਾ ਤਾਂ ਉਨ੍ਹਾਂ ਦੀਆਂ ਕਿਤਾਬਾਂ ਉੱਤੇ ਆਪਣੇ ਹੱਥ ਇਸ
ਤਰ੍ਹਾਂ ਫੇਰਨੇ, ਜਿਸ ਤਰ੍ਹਾਂ ਉਹ ਆਪਣੇ ਬੇਟੇ ਤੇ ਬੇਟੀ ਦੇ ਸਿਰਾਂ ਉੱਤੇ ਫੇਰਦੀ ਹੁੰਦੀ
ਸੀ।
ਜਦੋਂ ਬੱਚਿਆਂ ਦੀਆਂ ਕਾਪੀਆਂ ਦੇ ਖ਼ਾਲੀ ਪੰਨੇ ਦੇਖਣੇ, ਤਾਂ ਉਹ ਪੰਨੇ ਉਸ ਨੂੰ ਅਵਾਜ਼ ਮਾਰਦੇ
ਜਾਪਦੇ - ਤੇ ਪਾਲੀ ਨੇ ਕੋਈ ਨਾ ਕੋਈ ਕਲਮ ਚੁੱਕ ਕੇ - ਉਨ੍ਹਾਂ ਸਫ਼ੇਦ ਕਾਗ਼ਜ਼ਾਂ ਨੂੰ ਸ਼ਬਦਾਂ
ਨਾਲ ਰੰਗ ਦੇਣਾ।
ਪਰ ਹਮੇਸ਼ਾ ਉਸ ਦੀ ਸੱਸ ਜਾਂ ਉਸ ਦੇ ਪਤੀ ਨੇ ਕੋਲ ਆ ਕੇ ਕਿੱਲ੍ਹਣਾ - ‘‘ਆਹ ਕੀ ਲਕੀਰਾਂ
ਵਾਹੀ ਜਾਂਦੀ ਆਂ? ਹੋਰ ਕੋਈ ਕੰਮ ਨਹੀਂ ਤੈਨੂੰ?’’ ਤੇ ਪਾਲੀ ਦੇ ਹੱਥਾਂ ‘ਚੋ ਕਲਮ ਡਿਗ
ਪੈਣੀ।
ਸਾਰਾ ਦਿਨ ਉਹ ਪੜ੍ਹਨ ਬਾਰੇ ਸੋਚਦੀ ਰਹਿੰਦੀ। ਰਾਤ ਨੂੰ ਸੁਪਨੇ ਵੀ ਸਕੂਲ ਬਾਰੇ ਆਉਂਦੇ । ਉਹ
ਕਲਾਸ ਵਿਚ ਬੈਠੀ ਪੜ੍ਹ ਰਹੀ ਹੁੰਦੀ। ਕਈ ਵਾਰ ਉਹ ਕੋਈ ਇਮਤਿਹਾਨ ਲਿਖ ਰਹੀ ਹੁੰਦੀ ।
ਇਹਨਾਂ ਸੋਚਾਂ ਤੋਂ ਕੋਈ ਛੁਟਕਾਰਾ ਨਹੀਂ ਸੀ ਮਿਲਦਾ ਅਤੇ ਉਹ ਬਿਮਾਰ ਵੀ ਰਹਿਣ ਲੱਗ ਪਈ।
ਇੱਕ ਦਿਨ, ਸਕੂਲ ਤੋਂ ਬਾਅਦ, ਜਦੋਂ ਬਾਕੀ ਸਾਰੇ ਬੱਚੇ ਅਤੇ ਉਨ੍ਹਾਂ ਦੀਆਂ ਮਾਂਵਾਂ ਜਾ
ਚੁੱਕਿਆਂ ਸਨ, ਤਾਂ ਪਾਲੀ ਆਪਣੀ ਬੇਟੀ ਦੇ ਕਮਰੇ ਦੇ ਦਰਵਾਜ਼ੇ ਕੋਲ ਖੜੀ ਹੀ ਰਹੀ।
ਅਧਿਆਪਕਾ ਨੂੰ ਲੱਗਾ ਕਿ ਉਸ ਨੇ ਸ਼ਾਇਦ ਗੁੱਡੀ ਦੇ ਬਾਰੇ ਕੁੱਝ ਪੁੱਛਣਾ ਹੋਵੇ। ਉਸ ਨੇ ਹੱਸ
ਕੇ ਕਿਹਾ, ‘‘ਗੁੱਡੀ ਬਹੁਤ ਬੀਬੀ ਬੱਚੀ ਹੈ। ਬਹੁਤ ਮਨ ਲਗਾ ਕੇ ਪੜ੍ਹਦੀ ਹੈ। ਲੱਗਦਾ ਇਹਨੂੰ
ਪੜ੍ਹਨ ਦਾ ਬਹੁਤ ਸ਼ੌਕ ਹੈ।”
‘‘ਪੜ੍ਹਨ ਦਾ ਤਾਂ ਮੈਨੂੰ ਵੀ ਬਹੁਤ ਸ਼ੌਕ ਸੀ ਮੈਡਮ, ਪਰ ਮੇਰੇ ਮਾਪਿਆਂ ਨੇ ਪੜ੍ਹਾਇਆ ਨਹੀਂ।
ਮੇਰੇ ਬੱਸ ਦਸਵੀਂ ਦੇ ਪੇਪਰ ਰਹਿ ਗਏ ਸੀ। ਮੈਂ ਪੁੱਛਣਾ ਸੀ, ਮੈਂ ਆਪਣੇ ਦਸਵੀਂ ਦੇ ਪੇਪਰ ਇਸ
ਸਕੂਲ ਨਾਲ ਦੇ ਸਕਦੀ ਆਂ?’’ ਪਾਲੀ ਨੇ ਹਿੰਮਤ ਕਰ ਕੇ, ਸਾਰੀ ਗੱਲ ਇੱਕ ਹੀ ਸਾਹ ਵਿਚ ਕੱਢ
’ਤੀ।
ਮੈਡਮ ਹੈਰਾਨੀ ਵਿੱਚ ਕੁੱਝ ਸਮੇਂ ਲਈ ਕੁੱਝ ਬੋਲ ਨਾ ਸਕੀ। ਇਸ ਤਰ੍ਹਾਂ ਦੀ ਫ਼ਰਮਾਇਸ਼ ਪਹਿਲੀ
ਵਾਰ ਉਸ ਦੇ ਕੋਲ ਆਈ ਸੀ। ਇਹ ਵਿਹਲੀਆਂ ਘਰੇਲੂ ਔਰਤਾਂ ਆਪਣਾ ਟਾਈਮ ਪਾਸ ਕਰਨ ਲਈ ਕੀ ਨਵੀਆਂ
ਨਵੀਆਂ ਸਕੀਮਾਂ ਲੱਭਦੀਆਂ ਰਹਿੰਦੀਆਂ ਸਨ? ਫਿਰ ਉਸ ਨੇ ਸੋਚਿਆ, ਮੈਨੂੰ ਕੁੱਝ ਤਾਂ ਕਹਿਣਾ
ਚਾਹੀਦਾ ਹੈ। ਤੇ ਉਹ ਬੋਲੀ ‘‘ਫ਼ੀਸ ਭਰ ਕੇ, ਤੁਸੀਂ ਸ਼ਾਇਦ ਦੇ ਸਕਦੇ ਹੋਵੋ ... ਪਰ, ਸਿਲੇਬਸ
ਸਾਰਾ ਬਦਲ ਚੁੱਕਾ ਆ, ਤੁਹਾਨੂੰ ਸਾਰੀ ਪੜ੍ਹਾਈ ਦੁਬਾਰਾ ਕਰਨੀ ਪਏਗੀ। ਤੁਹਾਨੂੰ ਹਰੇਕ
ਸਬਜੈੱਕਟ ਵਿਚ ਟਿਊਸ਼ਨ ਰੱਖਣੀ ਪਵੇਗੀ। ..ਤੇ... ”
ਇੰਨੇ ਸਾਲਾਂ ਬਾਅਦ, ਪਹਿਲੀ ਵਾਰੀ ਪਾਲੀ ਨੂੰ ਉਮੀਦ ਦੀ ਕਿਰਨ ਨਜ਼ਰ ਆਈ ਤੇ ਉਸ ਨੇ ਛੱਡਣੀ ਨਾ
ਚਾਹੀ। ‘‘ਕੋਈ ਗੱਲ ਨਹੀਂ ਮੈਡਮ! ਮੈਂ ਕਰ ਲਵਾਂਗੀ। ਮੈਂ ਟਿਊਸ਼ਨਾਂ ਰੱਖ ਲਊਂਗੀ! ਮੈਂ
ਰਿਜ਼ਲਟ ਨਹੀਂ ਖ਼ਰਾਬ ਹੋਣ ਦਿਉਂਗੀ। ਮੈਨੂੰ ਬੱਸ ਇੱਕ ਅੰਗਰੇਜ਼ੀ ਥੋੜ੍ਹੀ ਜਿਹੀ ਔਖੀ ਲੱਗਦੀ ਆ।
ਬਾਕੀ ਸਭ ਕੁੱਝ ਠੀਕ ਆ।”
ਮੈਡਮ ਨੇ ਹੋਰ ਗ਼ੌਰ ਨਾਲ ਪਾਲੀ ਵਲ ਦੇਖਿਆ। ਇਸ ਤਰ੍ਹਾਂ ਦੀ ਉਤਸੁਕਤਾ ਉਸ ਨੇ ਕਦੀ ਕਿਸੇ ਵਿਚ
ਨਹੀਂ ਸੀ ਦੇਖੀ।
ਪਾਲੀ ਹੋਰ ਬੋਲੀ ਗਈ, ‘‘ਬੱਸ ਇੱਕ ਮੌਕਾ ਮਿਲ ਜਾਵੇ, ਮੈਂ ਪੂਰੀ ਮਿਹਨਤ ਨਾਲ ਪੜ੍ਹੂੰਗੀ।
ਇੰਨੇ ਸਾਲਾਂ ਤੋਂ ਮੇਰੀ ਇਹ ਹੀ ਇੱਕ ਖ਼ਾਹਿਸ਼ ਰਹੀ ਆ। ਬੱਸ ਪੜ੍ਹਨ ਦੀ। ਦਿਨ ਰਾਤ ਇਸ ਹੀ ਚੀਜ਼
ਬਾਰੇ ਸੋਚਦੀ ਰਹਿੰਦੀ ਆ। ਜਦ ਮੈਂ ਸੌਂਦੀ ਆ, ਉਦੋਂ ਵੀ ਮੈਨੂੰ ਪੜ੍ਹਨ ਦੇ ਸੁਪਨੇ ਆਉਂਦੇ ਹਨ
- ਜਾਂ ਮੈਂ ਕਲਾਸ ਵਿਚ ਬੈਠੀ ਕੁੱਝ ਲਿੱਖ ਰਹੀ ਹੁੰਦੀ ਆਂ, ਜਾਂ ਕਿਤਾਬ ਚੱਕ ਕੇ ਪੜ੍ਹ ਰਹੀ
ਹੁੰਦੀ ਆਂ। ਮੈਨੂੰ ਇੱਦਾਂ ਦੇ ਮੌਕੇ ਦੀ ਹੀ ਉਡੀਕ ਸੀ। ਮੈਡਮ ਮੈਂ ਪੂਰਾ ਦਿਲ ਲਗਾ ਕੇ
ਪੜੂੰਗੀ, ਮੈਂ ਸਕੂਲ ਦਾ ਰੀਜ਼ਲਟ ਬਿਲਕੁਲ ਨਹੀਂ ਖ਼ਰਾਬ ਹੋਣ ਦਿਊਂਗੀ, ਭਾਵੇਂ ਮੈਨੂੰ ਜਿੰਨੀਆਂ
ਮਰਜ਼ੀ ਟਿਊਸ਼ਨਾਂ ਰੱਖਣੀਆਂ ਪੈਣ।”
ਮੈਡਮ ਪਾਲੀ ਦੀਆਂ ਗੱਲਾਂ ਸੁਣ ਕੇ ਸੋਚ ਰਹੀ ਸੀ, ਜਿਸ ਔਰਤ ਨੇ ਅੱਜ ਤਕ ਮਸਾਂ ਦੋ ਸ਼ਬਦ ਮੇਰੇ
ਨਾਲ ਸਾਂਝੇ ਕੀਤੇ ਸਨ, ਉਹ ਹੁਣ ਕਿੰਨੇ ਜੋਸ਼ ਨਾਲ ਇਹ ਸਭ ਕੁੱਝ ਮੈਨੂੰ ਦੱਸ ਰਹੀ ਹੈ। ਕਿੰਨੀ
ਅਭਿਸ਼ਾਲਾ ਹੈ ਇਸ ਵਿਚ। ਤੇ ਉਹ ਫਿਰ ਬੋਲੀਂ, ‘‘ਜੇ ਤੁਸੀਂ ਟਿਊਸ਼ਨਾਂ ਰੱਖੀਆਂ ਤਾਂ ਤੁਹਾਡਾ
ਬਹੁਤ ਖਰਚਾ ਹੋ ਜਾਣਾ ਹੈ...’’
ਪਾਲੀ ਨੂੰ ਡਰ ਲੱਗਾ ਕਿ ਇਹ ਇੱਕ ਆਸ ਵੀ ਨਾ ਖੁਸ ਜਾਵੇ, ‘‘ਤੁਸੀਂ ਫ਼ਿਕਰ ਨਾ ਕਰੋ ਮੈਡਮ,
ਮੈਂ ਖਰਚਾ ਸਾਂਭ ਲਊਂਗੀ ...’’
ਪਰ ਮੈਡਮ ਨੇ ਉਸ ਦੀ ਗੱਲ ਵਿਚ ਹੀ ਕੱਟ ਦਿਤੀ, ‘‘ਨਹੀਂ, ਬਹੁਤ ਔਖਾ ਹੋਵੇਗਾ ਤੁਹਾਡੇ ਲਈ...
ਤੁਸੀਂ ਇੱਦਾਂ ਕਰੋ, ਇੱਥੋਂ ਦੀ ਦਸਵੀਂ ਦੀ ਜਮਾਤ ਵਿਚ ਹੀ ਦਾਖਲਾ ਲੈ ਲਓ।”
ਪਾਲੀ ਨੇ ਤੁਰੰਤ ਹਾਂ ਕਹਿ ਦਿੱਤੀ - ਉਸ ਦੀ ਇੰਨੇ ਸਾਲਾਂ ਦੀ ਇੱਛਾ ਪੂਰੀ ਹੋ ਚਲੀ ਸੀ!
ਪਰ ਦੂਜੇ ਦਿਨ ਤਕ ਉਸ ਨੂੰ ਅਹਿਸਾਸ ਹੋ ਚੁੱਕਾ ਸੀ ਕਿ ਇਹ ਇੱਛਾ ਪੂਰੀ ਹੋਣ ਵਿਚ, ਬਹੁਤ
ਸਮਾਂ ਬਾਕੀ ਸੀ ਤੇ ਸਕੂਲ ਵਿਚ ਦਾਖਲਾ ਮਿਲ ਤਾਂ ਗਿਆ ਸੀ, ਪਰ ਹੋਰ ਬਹੁਤ ਰੁਕਾਵਟਾਂ ਦਾ
ਸਾਹਮਣਾ ਕਰਨਾ ਪੈਣਾ ਸੀ। ਉਹਦੇ ਸਹੁਰੇ ਤਾਂ ਇਸ ਗੱਲ ਦੇ ਸਖਤ ਖਿਲਾਫ ਸਨ, ‘‘ਤੂੰ ਵਿਆਹੀ
ਹੋਈ, ਦੋ ਬੱਚਿਆਂ ਵਾਲੀ, ਤੇਰਾ ਕੀ ਕੰਮ ਆ ਸਕੂਲ ਜਾਣ ਦਾ?’’ ਪਾਲੀ ਦੇ ਪਤੀ ਨੇ ਵੀ ਇਤਰਾਜ਼
ਕੀਤਾ ਸੀ, ਪਰ ਜਦ ਪਾਲੀ ਨੇ ਕਿਹਾ ਕਿ ਉਹ ਆਪਣੇ ਕੁਝ ਜਮ੍ਹਾਂ ਕੀਤੇ ਹੋਏ ਪੈਸਿਆਂ ਵਿਚੋਂ
ਫੀਸ ਭਰ ਦੇਵੇਗੀ, ਤੇ ਘਰ ਦਾ ਸਾਰਾ ਕੰਮ ਕਰੀ ਜਾਵੇਗੀ, ਤਾਂ ਉਹ ਵੀ ਮੰਨ ਗਿਆ। ‘‘ਪਰ ਬੀਬੀ
ਤੇ ਭਾਪਾ ਜੀ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ।” ਉਸ ਨੇ ਪਾਲੀ ਨੂੰ ਸਖ਼ਤੀ ਨਾਲ
ਸਮਝਾਇਆ।
ਤੇ ਪਹਿਲੇ ਦਿਨ, ਜਦ ਉਹ ਬੰਟੀ ਅਤੇ ਗੁੱਡੀ ਨੂੰ ਆਪਣਿਆਂ ਕਮਰਿਆਂ ਵਿੱਚ ਛੱਡ ਕੇ, ਬਾਕੀ
ਮਾਂਵਾਂ ਨਾਲ ਵਾਪਸ ਨਾ ਮੁੜੀ, ਤਾਂ ਉਸ ਨੂੰ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਵਿਚ ਕਾਫ਼ੀ
ਸੰਗ ਮਹਿਸੂਸ ਹੋਈ। ਉਸ ਨੇ ਚੁੱਪ ਕਰ ਕੇ ਕਿਹਾ, ਮੈਨੂੰ ਕੁੱਝ ਕੰਮ ਹੈ ਅਤੇ ਆਪਣਾ ਬਸਤਾ
ਚੁੱਕ ਕੇ ਦਸਵੀਂ ਦੇ ਬੱਚਿਆਂ ਨਾਲ ਉਨ੍ਹਾਂ ਦੀ ਕਲਾਸ ਵਿਚ ਵੜ ਗਈ। ਤੇ ਉੱਥੇ ਅੰਦਰ ਵੜਦਿਆਂ
ਤਾਂ ਉਹਨੂੰ ਹੋਰ ਵੀ ਸੰਗ ਲੱਗੀ - ਸਾਰੇ ਬੱਚੇ ਸਵਾਲ-ਭਰੀਆਂ ਅੱਖਾਂ ਨਾਲ ਉਸ ਦੇ ਵਲ ਦੇਖ
ਰਹੇ ਸਨ ਅਤੇ ਜਦੋਂ ਮੈਡਮ ਨੇ ਉਸ ਨੂੰ ਪਿਛਲੀ ਸੀਟ ‘ਤੇ ਬੈਠਣ ਲਈ ਆਖਿਆ, ਤਾਂ ਕਲਾਸ ਵਿਚ
ਇੱਕਦਮ, ਸਾਰੇ ਵਿਦਿਆਰਥੀਆਂ ਦੀਆਂ ਖੁਸਰ-ਫੁਸਰ ਦੀਆਂ ਅਵਾਜ਼ਾਂ ਆਉਣ ਲੱਗੀਆਂ। ਪਾਲੀ ਦਾ ਜੀਅ
ਕਰੇ ਕਿ ਉਹ ਪਿਘਲ ਕੇ ਬੱਸ ਜ਼ਮੀਨ ਵਿੱਚ ਹੀ ਰਲ ਜਾਵੇ।
‘‘ਸਹੀਂ ਗੱਲ ਸੀ ਸਾਰਿਆਂ ਦੀ...’’ ਉਸ ਨੇ ਸੋਚਿਆ। ‘‘ਮੈਂ ਛੱਬੀਆਂ ਸਾਲਾਂ ਦੀ ਜਨਾਨੀ,
ਇੱਥੇ ਪੰਦਰਾਂ ਪੰਦਰਾਂ, ਸੋਲ੍ਹਾਂ ਸੋਲ੍ਹਾਂ ਸਾਲਾਂ ਦੇ ਬੱਚਿਆਂ ਨਾਲ ਬੈਠੀ ਕੀ ਕਰ ਰਹੀ
ਆਂ?’’ ਪਰ ਉੱਠ ਕੇ ਕਲਾਸ ਤੋਂ ਬਾਹਰ ਜਾਣ ਦੀ ਉਸ ਦੀ ਹਿੰਮਤ ਨਾ ਪਈ। ‘‘ਇੱਕ ਵਾਰ ਫਿਰ ਉਹ
ਸਾਰੀਆਂ ਅੱਖਾਂ ਮੇਰੇ ਉੱਤੇ ਹੋਣਗੀਆਂ।” ਉਸ ਨੇ ਆਪਣੇ ਆਪ ਨੂੰ ਕਿਹਾ। ‘‘ਅੱਧੀ ਛੁੱਟੀ ਨੂੰ
ਮੈਂ ਘਰ ਚੱਲੀ ਜਾਵਾਂਗੀ।”
ਪਰ ਜਦੋਂ ਸਕੂਲ ਦਾ ਦਿਨ ਸ਼ੁਰੂ ਹੋ ਗਿਆ, ਤੇ ਪਾਲੀ ਬਾਕੀ ਵਿਦਿਆਰਥੀਆਂ ਨਾਲ ਪੜ੍ਹਨ ਲੱਗੀ,
ਤਾਂ ਉਹ ਕਿਤਾਬਾਂ, ਕਾਪੀਆਂ ਅਤੇ ਪੜ੍ਹਾਈ ਲਿਖਾਈ ਦੀ ਦੁਨੀਆ ਵਿਚ ਇਸ ਤਰ੍ਹਾਂ ਰੁੱਝ ਗਈ, ਕਿ
ਉਹ ਬਾਕੀ ਸਾਰੀਆਂ ਗੱਲਾਂ ਭੁੱਲ ਗਈ। ਅੱਧੀ ਛੁੱਟੀ ਨੂੰ ਘਰ ਵਾਪਸ ਮੁੜਨ ਦਾ ਕੀ ਸੋਚਣਾ ਸੀ,
ਉਹ ਤਾਂ ਆਪਣੀ ਸੀਟ ਤੋਂ ਨਾ ਹਿੱਲੀ, ਅਤੇ ਨਾ ਹੀ ਰੋਟੀ ਖਾਧੀ। ਉਹ ਬੱਸ ਆਪਣੀਆਂ ਕਿਤਾਬਾਂ
ਪੜ੍ਹੀ ਗਈ। ਕਿੰਨੀਆਂ ਵਧੀਆਂ ਚੀਜ਼ਾਂ ਹਨ ਕਿਤਾਬਾਂ - ਉਹ ਆਪਣੇ ਆਪ ਨੂੰ ਕਹਿ ਰਹੀ ਸੀ। ‘‘ਕੀ
ਕੁੱਝ ਮਿਲਦਾ ਆ ਇਨ੍ਹਾਂ ਵਿਚੋਂ। ਇੱਕ ਪੂਰੀ ਦੁਨੀਆ ਇਨ੍ਹਾਂ ਵਿਚ ਵਸੀ ਹੋਈ ਆ।” ਛੁੱਟੀ
ਵੇਲੇ ਉਸ ਨੇ ਪੂਰਾ ਮਨ ਬਣਾ ਲਿਆ ਸੀ, ਕਿ ਕੁੱਝ ਵੀ ਹੋਵੇ, ਉਹ ਸਕੂਲ ਨੂੰ ਵਾਪਸ ਜ਼ਰੂਰ
ਆਵੇਗੀ।
ਆਪਣੀਆਂ ਕਿਤਾਬਾਂ ਬਸਤੇ ’ਚ ਪਾ ਕੇ, ਉਹ ਗੁੱਡੀ ਅਤੇ ਬੰਟੀ ਦੀਆਂ ਕਲਾਸਾਂ ਵਲ ਤੁਰ ਪਈ। ਪਰ
ਜਦੋਂ ਇਕ ਹੋਰ ਬੱਚੇ ਦੀ ਮਾਂ ਨੇ ਉਸ ਨੂੰ ਪੁੱਛਿਆ, ‘‘ਨੀ ਪਾਲੀ, ਤੂੰ ਉਧਰੋ ਕਿਧਰੋਂ ਆ ਰਹੀ
ਹੈਂ? ਅਸੀਂ ਤੇਰੀ ਰਾਹ ਦੇਖੀ ਜਾਂਦੀਆਂ ਸੀ।’’
ਤੇ ਪਾਲੀ ਦੇ ਜਵਾਬ ਤੋਂ ਪਹਿਲਾਂ, ਇੱਕ ਹੋਰ ਔਰਤ ਨੇ ਟਿੱਚਰ ਕੀਤੀ, ‘‘ਇਹਦੇ ਕੋਲ ਸਾਡੇ
ਵਰਗੀਆਂ ਲਈ ਵਖਤ ਕਿੱਥੇ ਹੁਣ - ਇਹ ਤਾਂ ਦਸਵੀਂ ਨੂੰ ਪੜ੍ਹਾ ਕੇ ਆਈਂ ਆ।”
ਪਾਲੀ ਦਾ ਮੂੰਹ ਲਾਲ ਹੋ ਗਿਆ। ਉਹਨੂੰ ਕੋਈ ਜਵਾਬ ਨਾ ਸੁੱਝਿਆ।
‘‘ਕੀ ਮਤਲਬ? ਦਸਵੀਂ ਨੂੰ ਪੜ੍ਹਾ ਕੇ ਆਈ?’’ ਕਿਸੇ ਹੋਰ ਨੇ ਪੁੱਛਿਆ।
‘‘ਚੱਲ ਪੜ੍ਹਾ ਕੇ ਨਹੀਂ ਆਈਂ, ਨਾ ਸਹੀਂ। ‘ਗਾਹਾਂ ਜਾ ਕੇ ਤਾਂ ਇਹ ਹੀ ਸਲਾਹ ਆ ਇਹਦੀ, ਹੈ
ਨਾ ਪਾਲੀ? ਮੈਡਮ ਬਣਨ ਚੱਲੀ ਆ? ਨਾ ਮੈਡਮ, ਕਿੱਥੇ, ਤੂੰ ਤਾਂ ਕੋਈ ਅਫਸਰਨੀ ਲੱਗਣਾ ਆ
ਗੌਰਮਿੰਟ ਵਿਚ। ਕੁੜੇ ਤੁਸੀਂ ਸੁਣਿਆ ਨਹੀਂ? ਪਾਲੀ ਨੇ ਦਸਵੀਂ ਵਿਚ ਦਾਖਲਾ ਲੈ ਲਿਆ ਆ।”
ਸਾਰੀਆਂ ਔਰਤਾਂ ਹੈਰਾਨ ਹੋ ਕੇ ਚੁੱਪ ਹੋ ਗਈਆਂ। ‘‘ਨੀ ਪਾਲੀ, ਇਹ ਕੀ ਕੰਮ ਫੜਿਆ ਆ ਤੂੰ? ਇਹ
ਹੁਣ ਤੇਰੀ ਕੋਈ ਉਮਰ ਆ ਪੜ੍ਹਨ ਦੀ?’’
ਪਾਲੀ ਨੇ ਆਪਣਾ ਹੱਥ ਪਹਿਲਾਂ ਇੱਕ ਗੱਲ੍ਹ ਤੇ ਰੱਖਿਆ ਫਿਰ ਦੂਸਰੀ ਤੇ, ਤਾਂ ਕਿ ਉਹਨਾਂ ‘ਚੋਂ
ਨਿਕਲਦਾ ਹੋਇਆ ਸੇਕ ਕੁੱਝ ਘੱਟ ਜਾਵੇ। ਨੀਵੀਂ ਪਾ ਕੇ ਉਹਨੇ ਕਿਹਾ, ‘‘ਮੈਂ ਜਾਂਦੀ ਆਂ, ਬੀਬੀ
ਹੁਣੀ ਉਡੀਕਦੇ ਹੋਣੇ ਆ।” ਤੇ ਕਾਹਲੀ ਕਾਹਲੀ ਉੱਥੋਂ ਤੁਰ ਪਈ।
‘‘ਨੀ ਤੂੰ ਕਿਉਂ ਬਣਾਊਂਗੀ ਰੋਟੀ? ਹੁਣ ਤੋਂ ਹੀ ਇੱਕ ਨੌਕਰ ਚਾਕਰ ਰੱਖ ਲਾ, ਮੈਡਮਾਂ ਦੇ
ਘਰਾਂ ਵਿਚ ਉਹ ਖ਼ੁਦ ਥੋੜ੍ਹੋ ਰੋਟੀਆਂ ਪਕਾਉਂਦੀਆਂ ਹੁੰਦੀਆਂ।” ਹੱਸਦੀ ਹੋਈ ਆਵਾਜ਼ ਪਾਲੀ ਦੇ
ਪਿੱਛੇ ਗਈ, ਤੇ ਘਰ ਪਹੁੰਚ ਕੇ ਵੀ ਉਸ ਦੇ ਕੰਨਾਂ ਵਿਚੋਂ ਨਹੀਂ ਨਿਕਲੀ।
ਘਰ ਵੜਦਿਆਂ ਹੀ, ਉਸ ਅਵਾਜ਼ ਦਾ ਸਾਥ ਦੇਣ ਲਈ ਦੋ ਹੋਰ ਅਵਾਜ਼ਾਂ ਬੋਲੀਆਂ, ‘‘ਨੀ ਆ ਗਈ ਆਂ?
ਮਿਲ ਗਈ ਫ਼ੁਰਸਤ ਆਪਣੀ ਪੜ੍ਹਾਈ ਤੋਂ? ਪੜ੍ਹਾਈ ਦੇ ਨਾਂ ਤੇ ਪਤਾ ਨੀ ਕਿੱਥੇ, ਕੀ ਕਰਨ ਜਾਂਦੀ
ਆ। ਸਾਡੇ ਮੁੰਡੇ ਨੂੰ ਵੀ ਪਤਾ ਨਹੀਂ ਕੀ ਹੋਇਆ ਜਿਹੜਾ ਇਹਨੂੰ ਰੋਕਦਾ ਨਹੀਂ। ਇੱਥੇ ਉਹਦੇ
ਬੁੜੇ ਮਾਂ ਪਿਉ ਭੁੱਖੇ ਮਰੀ ਜਾਂਦੇ ਆ। ਚੱਲ ਉੱਥੋਂ ਚੱਕ ਚਕਲਾ ਬੇਲਨਾ, ਮੇਰੇ ਹੱਥ ਆਟੇ ਵਿਚ
ਆ। ਆਟਾ ਵੀ ਨਹੀਂ ਗੁੰਨ ਕੇ ਗਈ - ਅੱਗੇ ਮੇਰੀਆਂ ਉਂਗਲੀਆਂ ਸੁੱਜੀਆਂ ਰਹਿੰਦੀਆਂ ਆ - ਹੁਣ
ਹੋਰ ਮੁਸੀਬਤ ਪਾ ਦੇ ਮੇਰੇ ਸਿਰ ਤੇ...’’
‘‘ਪਰ ਬੀਜੀ, ਮੈਂ ਤਾਂ ਰੋਟੀ ਬਣਾ ਕੇ ਰੱਖ ਕੇ ਗਈ ਸੀ’’ ਪਾਲੀ ਨੇ ਛੇਤੀ ਆਪਣੀ ਸੱਸ ਤੋਂ
ਆਟੇ ਦੀ ਪਰਾਤ ਫੜ ਲਈ ਤੇ ਹੱਥ ਧੋ ਕੇ, ਆਪ ਆਟਾ ਗੁੰਨ੍ਹਣ ਲੱਗੀ।
‘‘ਉਹ ਕੋਈ ਖਾਣ ਵਾਲੀਆਂ ਹੁੰਦੀਆਂ?’’ ਪਾਲੀ ਦਾ ਸਹੁਰਾ ਬੋਲਿਆ। ‘‘ਠੰਢੀਆਂ ਬਹੀਆਂ।”
‘‘ਬਹੀਆਂ ਕਿੱਥੇ ਹੁੰਦੀਆਂ ਆ, ਭਾਪਾ ਜੀ’’ ਪਾਲੀ ਨੇ ਕਿਹਾ। ‘‘ਤੁਰਨ ਤੋਂ ਕੁੱਝ ਮਿੰਟ
ਪਹਿਲਾ ਹੀ ਬਣਾ ਕੇ ਰੱਖ ਕੇ ਗਈ ਸੀ। ਬਿੱਟੂ ਤੇ ਗੁੱਡੀ ਵੀ ਰੋਜ਼ ਸਕੂਲ ਵਿਚ ਇਸ ਤਰ੍ਹਾਂ
ਦੀਆਂ ਖਾਂਦੇ ਹਨ।”
‘‘ਉਹ ਖਾ ਲੈਂਦੇ ਹੋਣਗੇ, ਇਹੋ ਜਿਹੀਆਂ ਠੰਢੀਆਂ ਬਹੀਆਂ - ਮੈਥੋਂ ਨਹੀਂ ਖਾਧੀਆਂ ਜਾਂਦੀਆਂ।”
ਉਸ ਦੇ ਸਹੁਰੇ ਨੇ ਖਿਝ ਕੇ ਆਖਿਆ।
ਡਰੀ ਹੋਈ, ਪਾਲੀ ਕੁੱਝ ਹੋਰ ਨਾ ਬੋਲੀਂ, ‘‘ਉਸ ਦੇ ਪਤੀ ਤੋਂ ਕੋਈ ਸ਼ਿਕਾਇਤ ਨਹੀਂ ਆਉਣੀ
ਚਾਹੀਦੀ ਸੀ। ਮਸਾਂ ਤਾਂ ਇਹ ਮੌਕਾ ਮਿਲਿਆ ਸੀ, ਸਕੂਲ ਜਾਣ ਦਾ। ਉਹ ਕਿਸੇ ਵੀ ਕਾਰਨ ਕਰ ਕੇ
ਇਹ ਮੌਕਾ ਨਹੀਂ ਗਵਾਉਣਾ ਚਾਹੁੰਦੀ ਸੀ।
ਰੋਟੀ ਬਣਾ ਕੇ, ਤੇ ਪਾ ਕੇ, ਬਰਤਨ ਸਾਫ਼ ਕਰ ਕੇ, ਉਸ ਨੇ ਰਾਤ ਦੀ ਸਬਜ਼ੀ ਬਣਾ ਦਿੱਤੀ ਅਤੇ ਫਿਰ
ਕੱਪੜੇ ਧੋ ਦਿੱਤੇ। ਜਦ ਉਸ ਦਾ ਪਤੀ ਆਇਆ ਕੰਮ ਤੋਂ, ਤਾਂ ਉਸ ਵਾਸਤੇ ਚਾਹ ਬਣਾਈ। ਫਿਰ ਉਸ ਦੀ
ਸੱਸ ਨੇ ਆਪਣੇ ਬੇਟੇ ਕੋਲ ਉਸ ਦੀ ਵਹੁਟੀ ਦੀਆਂ ਹੋਰ ਸ਼ਿਕਾਇਤਾਂ ਲਾਈਆਂ, ਪਰ ਸ਼ੁਕਰ ਸੀ ਰੱਬ
ਦਾ, ਕਿ ਉਸ ਦੇ ਪਤੀ ਦਾ ਧਿਆਨ ਟੀ ਵੀ ਵਲ ਜ਼ਿਆਦਾ ਸੀ ਅਤੇ ਆਪਣੀ ਮਾਂ ਦੀਆਂ ਗੱਲਾਂ ਵਲ ਘੱਟ।
ਰਾਤ ਨੂੰ, ਗੁੱਡੀ ਤੇ ਬੰਟੀ ਦੀਆਂ ਕਾਪੀਆਂ ਦੇਖ ਕੇ, ਉਨ੍ਹਾਂ ਨੂੰ ਸੁਲਾ ਕੇ, ਪਾਲੀ ਆਪਣੀਆਂ
ਕਿਤਾਬਾਂ ਨਾਲ ਬੈਠ ਗਈ, ਤੇ ਉਸ ਨੂੰ ਦੁਬਾਰਾ ਯਾਦ ਆਇਆ ਕਿ ਉਹ ਇਹ ਸਾਰੇ ਤਾਹਨੇ ਮਿਹਣੇ
ਕਿਉਂ ਸਹਿ ਰਹੀ ਹੈ - ਕਿੰਨਾ ਆਨੰਦ ਮਿਲਦਾ ਸੀ ਉਸ ਨੂੰ ਇੰਨਾ ਕਿਤਾਬਾਂ ਤੋਂ!
ਕਈ ਮਹੀਨੇ ਇਸ ਤਰ੍ਹਾਂ ਪੜ੍ਹਾਈ ਤੇ ਤਾਹਨੇ ਨਾਲ ਨਾਲ ਚੱਲਦੇ ਰਹੇ - ਪੜ੍ਹਾਈ ਔਖੀ ਜ਼ਰੂਰ ਸੀ,
ਖ਼ਾਸ ਕਰ ਕੇ ਅੰਗਰੇਜ਼ੀ, ਪਰ ਪਾਲੀ ਪੂਰਾ ਦਿਲ ਲਗਾ ਕੇ ਪੜ੍ਹਦੀ ਰਹੀ। ਫਿਰ ਗੁੱਡੀ ਨੂੰ ਬੁਖ਼ਾਰ
ਚੜ੍ਹ ਗਿਆ, ਤੇ ਉਹ ਸਕੂਲ ਤੋਂ ਇੱਕ ਹਫ਼ਤਾ ਘਰ ਰਹੀ, ਪਾਲੀ ਨੂੰ ਵੀ ਉਸ ਨਾਲ ਰਹਿਣਾ ਪਿਆ। ਜਦ
ਗੁੱਡੀ ਠੀਕ ਹੋਈ, ਤੇ ਦੋਨੋਂ ਮਾਂ ਬੇਟੀ ਦੁਬਾਰਾ ਸਕੂਲ ਜਾਣ ਲੱਗੀਆਂ, ਫਿਰ ਕੁੱਝ ਦਿਨਾਂ
ਬਾਅਦ ਬੰਟੀ ਬਿਮਾਰ ਹੋ ਗਿਆ ਤੇ ਪਾਲੀ ਨੂੰ ਉਸ ਨਾਲ ਘਰ ਰਹਿਣਾ ਪਿਆ। ਉਸਦੀ ਪੜ੍ਹਾਈ ਹੋਰ ਵੀ
ਪਿੱਛੇ ਪੈ ਗਈ।
ਬੰਟੀ ਤਾਂ ਚਾਰ ਕੁ ਦਿਨਾਂ ਬਾਅਦ ਹੀ ਠੀਕ ਹੋ ਗਿਆ ਤੇ ਪਾਲੀ ਨੇ ਸ਼ੁਕਰ ਮਨਾਇਆ ਕਿ ਉਸ ਦੇ
ਬਹੁਤੇ ਦਿਨ ਨਹੀਂ ਖ਼ਰਾਬ ਹੋਏ। ਪਰ ਬੱਚੇ, ਸਕੂਲ ਅਤੇ ਘਰ ਦਾ ਸਾਰਾ ਕੰਮ - ਜ਼ੁੰਮੇਵਾਰੀ
ਜ਼ਿਆਦਾ ਸੀ ਅਤੇ ਵਖਤ ਥੋੜ੍ਹਾ। ਰਾਤ ਨੂੰ ਪੜ੍ਹ ਕੇ ਬੱਸ ਚਾਰ ਪੰਜ ਕੁ ਘੰਟੇ ਸੌਣ ਦੇ ਕਾਰਨ,
ਪਾਲੀ ਵਿਚ ਵੀ ਕਮਜ਼ੋਰੀ ਵਧ ਗਈ ਸੀ ਅਤੇ ਉਹ ਖੁਦ ਵੀ ਬਿਮਾਰ ਹੋ ਗਈ। ਇਸ ਵਾਰ ਉਸ ਦੇ ਪੂਰੇ
ਦੋ ਹਫ਼ਤੇ ਖ਼ਰਾਬ ਹੋ ਗਏ।
ਹੁਣ ਪੇਪਰਾਂ ਦੇ ਵੇਲੇ, ਪਾਲੀ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਸ ਦੀ ਤਿਆਰੀ ਚੰਗੀ ਤਰ੍ਹਾਂ
ਨਹੀਂ ਹੋਈ ਸੀ। ਤੇ ਹੁਣ ਉੱਥੇ ਬੈਠੀ ਬੈਠੀ ਉਹ ਡਰੀ ਗਈ ਕਿ ਉਸ ਕਾਰਨ ਸਕੂਲ ਦਾ ਰਿਜ਼ਲਟ ਵੀ
ਖ਼ਰਾਬ ਹੋ ਗਿਆ ਹੋਣਾ ਹੈ।
ਉਸ ਨੇ ਸਿਰ ਚੁੱਕ ਕੇ ਦੇਖਿਆ ਕਿ ਮੈਡਮ ਉਸ ਦੇ ਵਲ ਤੁਰੀ ਆ ਰਹੀ ਸੀ। ਪਾਲੀ ਨੂੰ ਲੱਗਾ ਕਿ
ਕਿਸੇ ਨੇ ਉਸ ਦੀ ਛਾਤੀ ਅੰਦਰ ਹੱਥ ਪਾ ਕੇ, ਉਸ ਦੇ ਦਿਲ ਨੂੰ ਜ਼ੋਰ ਨਾਲ ਕਸ ਕੇ, ਥੱਲੇ ਨੂੰ
ਖਿੱਚ ਦਿੱਤਾ ਹੈ। ‘‘ਰੀਜ਼ਲਟ ਹੀ ਦੱਸਣ ਲੱਗੀ ਹੋਊਗੀ’’ ਉਹ ਨੇ ਸੋਚਿਆ
ਮੈਡਮ ਪਾਲੀ ਦੇ ਸਾਹਮਣੇ ਰੁਕੀ, ‘‘ਵਧਾਈਆਂ ਤੁਹਾਨੂੰ’’ ਮੈਡਮ ਹੱਸ ਕੇ ਬੋਲੀਂ। ‘‘ਸੈਕੰਡ
ਡਿਵੀਜ਼ਨ ਵਿਚ ਪਾਸ ਹੋਏ ਹੋ।”
ਪਾਲੀ ਹੈਰਾਨੀ ਨਾਲ ਚੁੱਪ ਰਹੀ।
‘‘ਸੁਣਿਆ? ਤੁਸੀਂ ਸੈਕੰਡ ਡਿਵੀਜ਼ਨ ਵਿਚ ਪਾਸ ਹੋ ਗਏ ਹੋ। ਕੀ ਸੋਚ ਰਹੇ ਹੋ?’’
ਪਾਲੀ ਦੇ ਬੁੱਲ੍ਹਾਂ ਤੇ ਹੌਲੀ ਹੌਲੀ ਇੱਕ ਮੁਸਕਾਨ ਉੱਗ ਗਈ।
‘‘ਮੈਂ ਸੋਚ ਰਹੀ ਸੀ ਮੈਡਮ...’’ ਉਸ ਨੇ ਕਿਹਾ, ‘‘ਮੈਂ ਸੋਚ ਰਹੀ ਸੀ, ਪਲੱਸ ਵੰਨ ਦੇ ਪੇਪਰ
ਕਿੱਥੇ ਭਰਾਂ?’’ |