
ਫ਼ੌਜ਼ੀਆ ਰਫ਼ੀਕ ਦਾ ਨਾਵਲ ‘ਸਕੀਨਾ’ ਸੋਚ
ਨੂੰ ਹਲੂਣਾ ਦੇਣ ਵਾਲਾ ਇਕ ਬੇਹੱਦ ਸ਼ਕਤੀਸ਼ਾਲੀ ਅਤੇ ਪੜ੍ਹਨਯੋਗ ਨਾਵਲ ਹੈ।
ਇਹ ਨਾਵਲ ਪਹਿਲਾਂ 2007 ਵਿਚ ਲਾਹੌਰ ਤੋਂ ਸ਼ਾਹਮੁਖੀ ਵਿਚ ਛਪਿਆ ਸੀ ਤੇ ਹੁਣ ਇਹ ਸਰ੍ਹੀ ਤੋਂ
ਗੁਰਮੁਖੀ ਵਿਚ ਉਡਾਰੀ ਬੁੱਕਸ ਵਲੋਂ ਤੇ ਵੈਨਕੂਵਰ ਤੋਂ ਲਿਬਰੋਜ਼ ਲਿਬਰੇਟਡ ਪਬਲਿਸਿੰਗ ਵਲੋਂ
ਅੰਗ੍ਰੇਜ਼ੀ ਵਿਚ ਛਾਪਿਆ ਗਿਆ ਹੈ।
ਫ਼ੌਜ਼ੀਆ ਰਫ਼ੀਕ ਸਰ੍ਹੀ, ਕਨੇਡਾ ਵਿੱਚ ਰਹਿ ਰਹੀ ਪਾਕਿਸਤਾਨੀ ਪਿਛੋਕੜ ਦੀ ਲੇਖਿਕਾ ਹੈ ਜੋ
ਅੰਗ੍ਰੇਜ਼ੀ ਅਤੇ ਪੰਜਾਬੀ ਦੋਵਾਂ ਜ਼ਬਾਨਾਂ ਵਿਚ ਲਿਖਦੀ ਏ। ਆਪਣੇ ਅਗਾਂਹਵਧੂ ਖਿਆਲਾਂ ਨੂੰ
ਅਮਲੀ ਜਾਮਾ ਪਹਿਨਾਉਣ ਵਾਲੀ ਫ਼ੌਜ਼ੀਆ ਮਨੁੱਖੀ ਹੱਕਾਂ ਲਈ ਹੋਣ ਵਾਲੀਆਂ ਸਰਗਰਮੀਆਂ ਦਾ
ਹਮੇਸ਼ਾਂ ਹਿੱਸਾ ਹੁੰਦੀ ਏ।
ਨਾਵਲ ਸਕੀਨਾ ਪੜ੍ਹਦਿਆਂ ਪਾਠਕ ਇਹ ਮਹਿਸੂਸ ਕਰਨੋ ਨਹੀਂ ਰਹਿ ਸਕਦਾ ਕਿ ਇਸਦੀ ਲੇਖਿਕਾ ਆਪਣੇ
ਸਮਾਜ ਦੇ ਲੋਕਾਂ ਬਾਰੇ ਹੀ ਡੂੰਘੀ ਤੇ ਹਮਦਰਦੀ ਵਾਲੀ ਜਾਣਕਾਰੀ ਹੀ ਨਹੀਂ ਰੱਖਦੀ ਸਗੋਂ ਇਸ
ਦੇ ਨਾਲ ਨਾਲ ਉਹ ਸਮਾਜ ਦੀਆਂ ਆਰਥਿਕ, ਸਿਆਸੀ ਤੇ ਧਾਰਮਿਕ ਸਥਿਤੀਆਂ ਨੂੰ ਵੀ ਵਿਗਿਆਨਕ ਅਤੇ
ਅਲੋਚਨਾਤਮਿਕ ਨਜ਼ਰੀਏ ਤੋਂ ਦੇਖਣ ਦੀ ਗੰਭੀਰ ਜਾਣਕਾਰੀ ਵੀ ਰੱਖਦੀ ਹੈ। ਇਸ ਦੇ ਨਾਲ ਹੀ
ਮਹੱਤਵਪੂਰਨ ਗੱਲ ਇਹ ਹੈ ਕਿ ਉਸ ਨੂੰ ਸਾਹਿਤਕ ਕਲਾ ਦੀ ਵੀ ਪੂਰੀ ਸਮਝ ਹੈ।
ਨਾਵਲ ਦੀ ਹੀਰੋਇਨ ਸਕੀਨਾ ਜਗੀਰਦਾਰ ਪਰਵਾਰ ਦੀ ਕੁੜੀ ਹੈ ਜੋ ਅਣਸੁਖਾਵੇਂ ਹਾਲਾਤ ਵਿਚ
ਰਹਿੰਦੀ ਹੋਈ ਵੀ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਮਝੌਤਾ ਨਹੀਂ ਕਰਦੀ। ਪਰ ਉਹ ਕੋਈ ਬਹਾਦਰ ਜਾਂ
ਇਨਕਲਾਬੀ ਕੁੜੀ ਨਹੀਂ ਸਗੋਂ ਇਕ ਆਮ ਇਨਸਾਨ ਹੈ ਜੋ ਇਕ ਸਾਵੀਂ ਪੱਧਰੀ ਜਿ਼ੰਦਗੀ ਜੀਣ ਦੀ
ਚਾਹਵਾਨ ਹੈ। ਉਹ ਬਚਪਨ ਵਿਚ ਡਾਕਟਰ ਜਾਂ ਅਧਿਆਪਕਾ ਬਣਨ ਦੇ ਸੁਪਨੇ ਦੇਖਦੀ ਹੈ। ਪਰ ਸਮਾਜ
ਦੀਆਂ ਕਦਰਾਂ ਕੀਮਤਾਂ ਅਜਿਹੀਆਂ ਹਨ ਕਿ ਉਸ ਨੂੰ ਆਪਣੀ ਮਨ ਮਰਜ਼ੀ ਦੀ ਆਰਾਮ ਦੀ ਜਿ਼ੰਦਗੀ
ਹਾਸਲ ਨਹੀਂ ਹੁੰਦੀ।
ਨਾਵਲ ਦਾ ਪਹਿਲਾ ਹਿੱਸਾ ਜਿਸ ਵਿਚ ਪਾਕਿਸਤਾਨੀ ਪੰਜਾਬੀ ਸਮਾਜ ਦੇ ਜਗੀਰਦਾਰੀ ਢਾਂਚੇ ਅੰਦਰ
ਜਗੀਰਦਾਰ ਤੇ ਉਸ ਦੇ ਕਰਿੰਦਿਆਂ ਦੀਆਂ ਜੀਵਨੀਆਂ ਅਤੇ ਇਕ ਦੂਜੇ ਨਾਲ ਅਦਾਨ ਪ੍ਰਦਾਨ ਨੂੰ
ਦਰਸਾਇਆ ਗਿਆ ਹੈ, ਬਹੁਤ ਹੀ ਰੌਚਕ ਹੈ। ਫ਼ੌਜ਼ੀਆ ਨੇ ਧਰਮ ਤੇ ਜਗੀਰੂ ਕਦਰਾਂ ਕੀਮਤਾਂ ਵਿਚ
ਜਕੜੇ ਪੰਜਾਬੀ ਸਮਾਜ ਦੀ ਬਹੁਤ ਸਹੀ ਤਸਵੀਰ ਪੇਸ਼ ਕੀਤੀ ਹੈ। ਜਗੀਰਦਾਰੀ ਸਮਾਜ ਅੰਦਰ
ਜ਼ਮੀਨਾਂ ਦੇ ਮਾਲਕ ਅਤੇ ਉਨ੍ਹਾਂ ਦੇ ਕਰਿੰਦਿਆਂ ਦੇ ਆਪਸੀ ਰਿਸ਼ਤੇ ਬਹੁਤ ਬਰੀਕੀ ਨਾਲ ਚਿਤਰੇ
ਹਨ। ਇਹ ਸਭ ਕੁਝ ਪਹਿਲਾਂ ਅਸੀਂ ਇਕ ਸੱਤ ਸਾਲ ਦੀ ਨੰਨੀ ਕੁੜੀ ਦੀਆਂ ਨਜ਼ਰਾਂ ਰਾਹੀਂ ਦੇਖਦੇ
ਹਾਂ। ਨਾਵਲ ਸ਼ੁਰੂ ਵਿਚ ਹੀ ਪਾਠਕ ਨੂੰ ਪੂਰੀ ਤਰ੍ਹਾਂ ਆਪਣੇ ਨਾਲ ਤੋਰ ਲੈਂਦਾ ਹੈ ਅਤੇ ਅੱਗੇ
ਜਾਨਣ ਦੀ ਖਿੱਚ ਅਖੀਰ ਤੱਕ ਕਾਇਮ ਰਹਿੰਦੀ ਹੈ।
ਨਾਵਲ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਗਿਆ ਹੈ। ਪਹਿਲਾ ਜਦੋਂ ਸੱਤ ਸਾਲ ਦੀ ਸਕੀਨਾ ਆਪਣੀ
ਮਾਂ ਅਤੇ ਭਰਾ ਨਾਲ ਪਿੰਡ ਰਹਿੰਦੀ ਹੈ। ਫੇਰ ਲਾਹੌਰ, ਟਰਾਂਟੋ ਤੇ ਸਰ੍ਹੀ। ਇਨ੍ਹਾਂ ਵੱਖ ਵੱਖ
ਥਾਵਾਂ ਤੇ ਸਮਿਆਂ ਵਿਚ ਸਕੀਨਾ ਨੂੰ ਵੱਖਰੀਆਂ ਵੱਖਰੀਆਂ ਸਥਿਤੀਆਂ ਵਿੱਚੋਂ ਗੁਜ਼ਰਨਾ ਪੈਂਦਾ
ਹੈ। ਅਸੀਂ ਪਹਿਲਾਂ ਸਕੀਨਾ ਨੂੰ ਪਿੰਡ ਦੇ ਹਾਲਤ ਵਿਚ ਦੇਖਦੇ ਹਾਂ, ਫੇਰ ਇਕ ਕਾਲਜ ਦੀ
ਵਿਦਿਆਰਥਣ ਤੇ ਹਾਕੀ ਦੀ ਖਿਡਾਰਨ ਵਜੋਂ, ਫੇਰ ਪਿੰਡ ਘਰ ਦੀ ਕੈਦ ਵਿਚ ਤੇ ਫੇਰ ਟਰਾਂਟੋ ਅਤੇ
ਸਰ੍ਹੀ ਵਿਚ। ਉਸ ਦੀ ਇਕ ਆਮ ਇਨਸਾਨ ਵਾਂਗ ਜੀਣ ਦੀ ਖਾਹਿਸ਼ ‘ਤੇ ਹਰ ਪੜ੍ਹਾਅ ਤੇ ਧਾਰਮਿਕ,
ਪਰਿਵਾਰਕ, ਸਿਆਸੀ ਤੇ ਸਮਾਜਿਕ ਬੰਦਸ਼ਾਂ ਰੋਕ ਲਾਉਂਦੀਆਂ ਹਨ। ਸਕੀਨਾ ਆਪਣੀ ਸਹੇਲੀ ਰੱਫੋ
ਵਾਂਗ ਬਹਾਦਰ ਜਾਂ ਇਨਕਲਾਬੀ ਨਹੀਂ। ਪਰ ਹਾਲਤਾਂ ਨਾਲ ਸਮਝੌਤਾ ਨਾ ਕਰਨ ਦੀ ਜਾਂ ਕੁਝ ਹੱਦ
ਤੱਕ ਹੀ ਸਮਝੌਤਾ ਕਰਨ ਦੀ ਕੋਸ਼ਸ਼ ਉਸ ਨੂੰ ਵੱਖਰੇ ਵੱਖਰੇ ਹਾਲਤਾਂ ਵਿਚ ਪਾਉਂਦੀ ਹੈ ਤੇ
ਕੱਢਦੀ ਹੈ। ਘਰਦਿਆਂ ਦੀ ਮਰਜ਼ੀ ਅਨੁਸਾਰ ਨਾ ਜੀਣ ਬਦਲੇ ਉਸ ਨੂੰ ਲਾਹੌਰ ਤੋਂ ਪਿੰਡ ਲਿਜਾ ਕੇ
ਘਰ ਵਿਚ ਹੀ ਕੈਦ ਕਰ ਦਿੱਤਾ ਜਾਂਦਾ ਹੈ। ਫੇਰ ਟਰਾਂਟੋ ਆਪਣੇ ਮਰਦ ਇਹਤਸ਼ਾਮ ਤੇ ਉਹਦੀ ਮਾਂ
ਦਾ ਉਹ ਲੰਮਾ ਸਮਾਂ ਤਸ਼ੱਦਦ ਸਹਿੰਦੀ ਹੈ। ਇਸ ਸਭ ਕਾਸੇ ਦੇ ਬਾਵਜੂਦ ਉਸ ਵਿਚ ਜੀਣ ਦੀ
ਖਾਹਿਸ਼ ਨਹੀਂ ਮਰਦੀ ਅਤੇ ਉਹਨੂੰ ਜਦ ਵੀ ਮੌਕਾ ਮਿਲਦਾ ਹੈ ਉਹ ਆਪਣੇ ਆਲੇ ਦੁਆਲੇ ਲੱਗੀਆਂ
ਵਾੜਾਂ ਨੂੰ ਤੋੜਨਾ ਚਾਹੁੰਦੀ ਹੈ, ਕੁਝ ਵੱਖਰਾ ਕਰਨਾ ਚਾਹੁੰਦੀ ਹੈ। ਤੇ ਹੌਲੀ ਹੌਲੀ ਉਹ ਇਸ
ਵਿਚ ਕਾਮਯਾਬ ਵੀ ਹੁੰਦੀ ਹੈ।
ਵਿਗਿਆਨਕ ਜਾਂ ਮਾਰਕਸੀ ਨਜ਼ਰੀਏ ਅਨੁਸਾਰ ਇਹ ਮੰਨਿਆਂ ਜਾਂਦਾ ਹੈ ਕਿ ਇਨਸਾਨ ਦੇ ਜੀਵਨ ‘ਤੇ
ਸਭ ਤੋਂ ਵੱਧ ਅਸਰ ਬਾਹਰਲੇ ਹਾਲਾਤ ਪਾਉਂਦੇ ਹਨ। ਕੋਈ ਵੀ ਇਨਸਾਨ ਨਾ ਚੰਗਾ ਜੰਮਦਾ ਹੈ ਤੇ ਨਾ
ਮਾੜਾ। ਜੀਵਨ ਵਿਚ ਇਨਸਾਨ ਜੋ ਵੀ ਬਣਦਾ ਹੈ ਉਹ ਉਸ ਦੇ ਸਮਾਜ ਦੀ ਉਪਜ ਹੁੰਦਾ ਹੈ। ਜਿਵੇਂ
ਜੰਮਣ ਵੇਲੇ ਭਾਸ਼ਾ ਬੋਲ ਸਕਣ ਦੀ ਯੋਗਤਾ ਉਸ ਵਿਚ ਹੁੰਦੀ ਹੈ ਨਾ ਕਿ ਕੋਈ ਵਿਸ਼ੇਸ਼ ਭਾਸ਼ਾ
ਅਤੇ ਉਹ ਜਿਸ ਵੀ ਪਰਵਾਰ ਵਿਚ ਜੰਮਦਾ ਹੈ ਉੱਥੇ ਬੋਲੀ ਜਾਂਦੀ ਬੋਲੀ ਹੀ ਸਿੱਖਦਾ ਹੈ, ਇਸੇ
ਤਰ੍ਹਾਂ ਉਹ ਜਿਨ੍ਹਾਂ ਹਾਲਤਾਂ ਵਿਚ ਪੈਦਾ ਹੁੰਦਾ ਅਤੇ ਰਹਿੰਦਾ ਹੈ ਉਨ੍ਹਾਂ ਅਨੁਸਾਰ ਹੀ ਉਸ
ਦਾ ਜੀਵਨ ਢਲਦਾ ਹੈ। ਜੇ ਹਾਲਤ ਬਦਲ ਜਾਣ ਤਾਂ ਵਿਕਅਤੀ ਵਿਚ ਵੀ ਬਦਲ ਸਕਣ ਦੀ ਸੰਭਾਵਨਾ
ਹੁੰਦੀ ਹੈ। ਇਸ ਵਿਗਿਅਨਕ ਨਜ਼ਰੀਏ ਨੂੰ ਇਹ ਨਾਵਲ ਪੂਰੀ ਤਰ੍ਹਾਂ ਸਹੀ ਸਿੱਧ ਕਰਦਾ ਹੈ।
ਉਦਹਰਨ ਵਜੋਂ, ਗਾਮੂ ਜਿਹੜਾ ਜਗੀਰੂ ਢਾਂਚੇ ਅੰਦਰ ਆਪਣੀਆ ਗੁਲਾਮੀ ਵਾਲੀਆਂ ਹਾਲਤਾਂ ਦਾ
ਮਾਰਿਆ ਆਪਣੀ ਘਰ ਵਾਲੀ ਜੀਨੋ ਨੂੰ ਮਾਰਦਾ ਕੁੱਟਦਾ ਹੈ ਤੇ ਫੇਰ ਬਦਲਾ ਲੈਣ ਲਈ ਅਯੋ ਦਾ ਖੂਨ
ਕਰ ਦਿੰਦਾ ਹੈ, ਜਦੋਂ ਉਸ ਨੂੰ ਵੱਖਰੇ ਹਾਲਤਾਂ ਵਿਚ ਜੀਣ ਦਾ ਮੌਕਾ ਮਿਲਦਾ ਹੈ ਤਾਂ ਉਹ ਇਕ
ਵਧੀਆ ਇਨਸਾਨ ਬਣ ਜਾਂਦਾ ਹੈ। ਏਸੇ ਤਰ੍ਹਾਂ ਜੀਨੋ ਹੈ। ਉਹਨੂੰ ਪਿੰਡ ਦੇ ਜੀਵਨ ਤੋਂ ਸ਼ਹਿਰ ਆ
ਕੇ ਵਸਣ ਦਾ ਮੌਕਾ ਮਿਲਦਾ ਹੈ ਅਤੇ ਉਸ ਦਾ ਜੀਵਨ ਵੀ ਬਦਲ ਜਾਂਦਾ ਹੈ ਜੇ ਉਹ ਪਿੰਡ ਹੀ
ਰਹਿੰਦੀ ਤਾਂ ਉਸ ਵਿਚ ਇਹ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ ਸੀ। ਸਕੀਨਾ ਇਸ ਦੀ ਵੱਡੀ ਮਿਸਾਲ
ਹੈ। ਕਨੇਡਾ ਵਿਚ ਮਿਲਦੇ ਮੌਕਿਆਂ ਕਾਰਨ ਹੁਣ ਉਹ ਕਿਸੇ ਹੋਰ ਦੀ ਮੁਥਾਜ ਨਹੀਂ। ਇਸ ਤਰ੍ਹਾਂ
ਕਹਾਣੀ ਦੇ ਅੰਤ ਵਾਲੀ ਸਕੀਨਾ ਇਕ ਵੱਖਰੀ ਔਰਤ ਹੈ, ਖੁਦ ਕਮਾਉਣ ਵਾਲੀ, ਆਪਣੇ ਪੈਰਾਂ ‘ਤੇ
ਖੜ੍ਹੀ। ਜਿਹਦੀ ਜਿ਼ੰਦਗੀ ਹੁਣ ਕਾਫੀ ਹੱਦ ਤੱਕ ਉਹਦੇ ਆਪਣੇ ਕਬਜ਼ੇ ਵਿਚ ਹੈ। ਸਕੀਨਾ ਨੇ
ਏਨੀਆਂ ਔਖੀਆਂ ਸਥਿਤੀਆਂ ਵਿਚ ਵੀ ਬੜਾ ਲੰਮਾ ਚੌੜਾ ਪੈਂਡਾ ਤਹਿ ਕੀਤਾ ਹੈ। ਇਹ ਠੀਕ ਹੈ ਕਿ
ਨਾਵਲ ਦਾ ਅਖੀਰਲਾ ਕਾਂਡ ‘ਮੇਰੀ ਕੋਈ ਤਾਰੀਖ਼ ਨਹੀਂ’ ਵਿਚ ਸਕੀਨਾ ਆਪਣੇ ਘਰ ਦੀ ਕੈਦ ਵਿਚੋਂ
ਭੱਜਣ ਤੇ ਖੁਦਕਸ਼ੀ ਬਾਰੇ ਸੋਚ ਰਹੀ ਜਾਪਦੀ ਹੈ। ਸੰਭਵ ਹੈ ਕਿ ਮੈਨੂੰ ਸਮਝਣ ਵਿਚ ਗਲਤੀ ਲੱਗੀ
ਹੋਵੇ, ਪਰ ਮੈਨੂੰ ਨਾਵਲ ਦੀ ਕਹਾਣੀ ਦਾ ਅੰਤ ਉੱਥੇ ਜਾਪਦਾ ਏ ਜਿੱਥੇ ਇਸ ਤੋਂ ਪਹਿਲੇ ਕਾਂਡ
ਦਾ ਅਖੀਰਲਾ ਅੱਧਾ ਵਾਕ ਹੈ ਜਦੋਂ ਸਕੀਨਾ ਕਹਿੰਦੀ ਹੈ ਕਿ “ਮੈਨੂੰ ਆਪਦੇ ਆਪ ਵਿਚ ਜ਼ੋਰ
ਉੱਠਦਾ ਜਾਪਦਾ ਏ”। ਮੈਨੂੰ ਲੱਗਾ ਕਿ ਏਨੀਆਂ ਭਿਆਨਕ ਸਥਿਤੀਆਂ ਦੇ ਬਾਵਜੂਦ ਸਕੀਨਾ ਵਿਚ ਜੀਣ
ਦੀ ਖਾਹਿਸ਼ ਤੇ ਤਾਕਤ ਪੂਰੀ ਕਾਇਮ ਹੈ।
ਸਕੀਨਾ ਵਿਚ ਕਹਾਣੀ ਸਿਰਫ ਪਾਤਰਾਂ ਜਾਂ ਉਨ੍ਹਾਂ ਦੇ ਆਪਸੀ ਰਿਸ਼ਤਿਆਂ ਦੁਆਲੇ ਹੀ ਨਹੀਂ
ਘੁੰਮਦੀ ਇਸ ਵਿਚ ਸਮੇਂ ਤੇ ਸਥਾਨ ਦੀਆਂ ਘਟਨਾਵਾਂ ਤੇ ਸਿਆਸਤ ਨੂੰ ਵੀ ਬਾਖੂਬੀ ਚਿਤਰਿਆ ਗਿਆ
ਹੈ। ਅਸਲ ਵਿਚ ਤਾਂ ਇਹ ਨਾਵਲ ਸਹੀ ਅਰਥਾਂ ਵਿਚ ਇਕ ਸਿਆਸੀ ਤੇ ਇਨਕਲਾਬੀ ਨਾਵਲ ਹੈ। ਜਿਸ ਵਿਚ
ਔਰਤ ਦੀ ਆਪਣੀ ਹਸਤੀ ਵਾਸਤੇ ਜੱਦੋਜਹਿਦ ਬਹੁਤ ਹੀ ਕਲਾਤਮਿਕ ਤਰੀਕੇ ਨਾਲ ਦਰਸਾਈ ਗਈ ਹੈ।
ਪਹਿਲੇ ਹਿੱਸੇ ਵਿਚ ਹਿੰਦ ਪਾਕਿ ਦੀ 1971 ਵਾਲੀ ਲੜਾਈ ਦਾ ਜਿ਼ਕਰ ਇਸ ਹੁਨਰ ਨਾਲ ਕੀਤਾ ਗਿਆ
ਹੈ ਕਿ ਪਤਾ ਹੀ ਨਹੀਂ ਚਲਦਾ ਕਿ ਸਾਨੂੰ ਦੋਂਹ ਮੁਲਕਾਂ ਦੀ ਲੜਾਈ ਬਾਰੇ ਦੱਸਿਆ ਜਾ ਰਿਹਾ ਹੈ।
ਏਸੇ ਤਰ੍ਹਾਂ ਅਮਰੀਕਾ ਵਿਚ ਹੋਏ ਨੌਂ ਗਿਆਰਾਂ ਦੇ ਅੱਤਵਾਦੀ ਹਮਲੇ ਦਾ ਜਿ਼ਕਰ ਵੀ ਪਾਤਰਾਂ ਦੇ
ਜੀਵਨ ਦਾ ਇਸ ਤਰ੍ਹਾਂ ਹਿੱਸਾ ਬਣਾਇਆ ਹੈ ਕਿ ਇਹ ਕਿਸੇ ਤਰ੍ਹਾਂ ਵੀ ਗੈਰ-ਸੁਭਾਵਿਕ ਨਹੀਂ
ਲਗਦਾ। ਇਸ ਸਮੇਂ ਇਕ ਪਾਸੇ ਸਕੀਨਾ ਦੇ ਆਪਣੇ ਜੀਵਨ ਵਿਚ ਵੱਡੀਆਂ ਘਟਨਾਵਾਂ ਵਾਪਰਦੀਆਂ ਹਨ।
ਉਸ ਨੂੰ ਪਤਾ ਲਗਦਾ ਹੈ ਕਿ ਉਸ ਦਾ ਇਕਬਾਲ ਅਸਲ ਵਿਚ ਉਸ ਦੇ ਪਿੰਡ ਵਾਲਾ ਗਾਮੂ ਏਂ। ਤੇ ਫੇਰ
ਇਕਬਾਲ ਤੇ ਮਹਿੰਗਾ ਸਿੰਘ ਦਾ ਕਤਲ। ਇਨ੍ਹਾਂ ਘਟਨਾਵਾਂ ਦੇ ਨਾਲ ਹੀ ਨੌਂ ਗਿਆਰਾਂ ਦੀ ਘਟਨਾ
ਅਤੇ ਸਕੀਨਾ ਨੂੰ ਵੀ ਅੱਤਵਾਦੀ ਸਮਝਿਆ ਜਾ ਰਿਹਾ ਹੈ। ਇਹ ਸਭ ਕੁਝ ਇਸ ਨਾਵਲ ਨੂੰ ਇਕ ਬਹੁਤ
ਦਿਲਚਸਪ ਰਚਨਾ ਬਣਾਉਂਦਾ ਹੈ ਤੇ ਨਾਲ ਹੀ ਗੰਭੀਰ ਮਸਲੇ ਉਭਾਰਨ ਵਾਲੀ ਲਿਖਤ ਵੀ।
ਨਾਵਲ ਵਿਚ ਹੋਰ ਵੀ ਬਹੁਤ ਕੁਛ ਹੈ ਜਿਹੜਾ ਇਸ ਨੂੰ ਇਕ ਵੱਡੀ ਰਚਨਾ ਬਣਾਉਂਦਾ ਹੈ। ਉਦਾਹਰਨ
ਵਜੋਂ ਇਸ ਵਿਚ ਪੇਸ਼ ਕੀਤਾ ਸਮਲਿੰਗਤਾ ਦਾ ਮਸਲਾ। ਜਿੱਥੇ ਕਨੇਡੀਅਨ ਸਮਾਜ ਵਿਚ ਇਹ ਹੁਣ ਆਮ
ਜਾਣੀ ਜਾਂਦੀ ਗੱਲ ਹੈ ਪਰ ਪੰਜਾਬੀ ਭਾਈਚਾਰੇ ਵਿਚ ਇਸ ਦਾ ਰੂਪ ਅਤੇ ਇਸ ਵੱਲ ਲੋਕਾਂ ਦਾ
ਨਜ਼ਰੀਆ ਵੱਖਰਾ ਹੈ, ਕਾਫੀ ਹੱਦ ਤੱਕ ਨਾਂਹਪੱਖੀ ਹੈ ਵਿਸ਼ੇਸ਼ ਕਰਕੇ ਧਾਰਮਿਕ ਲੋਕਾਂ ਵਿਚ।
ਫੌਜ਼ੀਆ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪਾਕਿਸਤਾਨੀ ਭਾਈਚਾਰੇ ਵਿਚ ਇਸ ਦਾ ਰੂਪ ਸਾਡੇ
ਸਾਹਮਣੇ ਲਿਆਂਦਾ ਹੈ ਅਤੇ ਜਿਸ ਤਰੀਕੇ ਨਾਲ ਕਨੇਡੀਅਨ ਲਿਜ਼ਬੀਅਨ ਜੋੜੇ ਜੋਇਨੀ ਤੇ ਮੈਗੀ ਨੂੰ
ਪੇਸ਼ ਕੀਤਾ ਹੈ ਉਹ ਸਾਡੇ ਮਨਾਂ ਵਿਚ ਇਨ੍ਹਾਂ ਲਈ ਸਤਿਕਾਰ ਪੈਦਾ ਕਰਦਾ ਹੈ ਅਤੇ ਇਸ ਤਰ੍ਹਾਂ
ਇਹ ਇਸ ਵੱਲ ਸਾਡੇ ਨਜ਼ਰੀਏ ਨੂੰ ਇਕ ਹਾਂ-ਪੱਖੀ ਨਜ਼ਰੀਏ ਵਿਚ ਬਦਲਣ ਦੀ ਯੋਗਤਾ ਰੱਖਦਾ ਹੈ।
ਇਹ ਆਪਣੇ ਆਪ ਦੇ ਵਿਚ ਇਕ ਵੱਡੀ ਤੇ ਹੌਂਸਲੇ ਵਾਲੀ ਗੱਲ ਏ।
ਏਸੇ ਤਰ੍ਹਾਂ ਇਸ ਨਾਵਲ ਵਿਚ ਧਾਰਮਿਕ ਆਗੂਆਂ ਦੀ ਕੋਝੀ ਅਸਲੀਅਤ ਨੂੰ ਵੀ ਮੌਲਵੀ ਦੇ ਪਾਤਰ
ਰਾਹੀਂ ਅਤੇ ਹੋਰ ਬਹੁਤ ਥਾਂਵੀਂ ਵੱਖਰੇ ਵੱਖਰੇ ਰੂਪਾਂ ਵਿਚ ਪੇਸ਼ ਕੀਤਾ ਗਿਆ ਹੈ। ਅਜਿਹਾ
ਕਰਕੇ ਫੌਜ਼ੀਆ ਨੇ ਸਮਾਜ ਦੇ ਇਸ ਕੋਹੜ ਨੂੰ ਸਾਡੇ ਸਾਹਮਣੇ ਲਿਆਂਦਾ ਹੈ। ਇਹ ਵੀ ਕੋਈ ਘੱਟ
ਜ਼ੁਅਰਤ ਵਾਲੀ ਗੱਲ ਨਹੀਂ।
ਨਾਵਲ ਦੀ ਪਾਤਰ ਉਸਾਰੀ ਅਤੇ ਇਸ ਵਿਚ ਵਰਤੀ ਬੋਲੀ ਬਹੁਤ ਪ੍ਰਭਾਵਸ਼ਾਲੀ ਹਨ। ਨਾਵਲ ਦਾ ਬਹੁਤਾ
ਹਿੱਸਾ ਪਾਤਰਾਂ ਦੇ ਸੰਵਾਦ ਰਾਹੀਂ ਦਰਸਾਇਆ ਗਿਆ ਹੈ। ਇਨ੍ਹਾਂ ਪਾਤਰਾਂ ਦੀ ਬੋਲੀ ਪੰਜਾਬੀ
ਪਾਠਕ ਨੂੰ ਆਪਣੀ ਮਿਠਾਸ ਦੇ ਜਾਦੂ ਨਾਲ ਕੀਲ ਲੈਂਦੀ ਹੈ। ਮੈਂ ਇਹ ਨਾਵਲ ਕੁਝ ਸਾਲ ਪਹਿਲਾਂ
ਸ਼ਾਹਮੁਖੀ ਵਿਚ ਪੜ੍ਹਿਆ ਸੀ। ਹੁਣ ਇਸ ਨੂੰ ਗੁਰਮੁਖੀ ਲਿੱਪੀ ਵਿਚ ਪੜ੍ਹਨ ਦਾ ਵੱਖਰਾ ਸੁਆਦ
ਆਇਆ ਹੈ। ਪਰ ਗੁਰਮੁਖੀ ਵਾਲੀ ਛਾਪ ਵਿਚ ਕੁਝ ਗੰਭੀਰ ਸਮੱਸਿਆਵਾਂ ਵੀ ਹਨ। ਕੁਝ ਸ਼ਬਦਜੋੜ ਗਲਤ
ਜਾਪਦੇ ਨੇ ਤੇ ਲਿੱਪੀ ਦੇ ਅੰਤਰ ਕਾਰਨ ਕੁਝ ਸ਼ਬਦ ਅਤੇ ਵਾਕ ਸਮਝਣ ਵਿਚ ਮੁਸ਼ਕਲ ਆਉਂਦੀ ਹੈ।
ਅਖੀਰ ਵਿਚ ਮੈਂ ਫ਼ੌਜ਼ੀਆ ਜੀ ਨੂੰ ਇਹ ਨਾਵਲ ਲਿਖਣ ਦੀ ਤੇ ਨਾਲ ਹੀ ਹੁਣ ਇਸ ਨੂੰ ਗੁਰਮੁਖੀ
ਤੇ ਅੰਗ੍ਰੇਜ਼ੀ ਵਿਚ ਛਪਵਾਉਣ ਵਾਸਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸਕੀਨਾ ਦੇ ਇਸ ਨਾਵਲ
ਨਾਲ ਸਾਡਾ ਪੰਜਾਬੀ ਸਾਹਿਤ ਹੋਰ ਅਮੀਰ ਹੋਇਆ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਪੰਜਾਬੀ ਬੋਲੀ
ਤੇ ਸਾਹਿਤ ਨਾਲ ਨਾਤਾ ਰੱਖਣ ਵਾਲੇ ਲੋਕਾਂ ਵਲੋਂ ਫੌਜ਼ੀਆ ਜੀ ਹੋਰਾਂ ਦੀ ਇਸ ਰਚਨਾ ਲਈ
ਧੰਨਵਾਦ ਕਰਨਾ ਚਾਹੀਦਾ ਹੈ। ਹੁਣ ਇਹ ਰਚਨਾ ਅੰਗ੍ਰੇਜ਼ੀ ਤੇ ਪੰਜਾਬੀ ਦੀਆਂ ਦੋਵਾਂ ਲਿਪੀਆਂ
ਵਿਚ ਉਪਲੱਬਧ ਹੈ ਤੇ ਉਮੀਦ ਹੈ ਪਾਠਕ ਇਸ ਨਾਵਲ ਨੂੰ ਚਾਅ ਨਾਲ ਪੜ੍ਹਨਗੇ। ਨਾਵਲ ਪ੍ਰਾਪਤ ਕਰਨ
ਲਈ ਫ਼ੌਜ਼ੀਆ ਰਫੀਕ ਨਾਲ uddari@live.ca ‘ਤੇ ਸੰਪਰਕ ਕੀਤਾ ਜਾ ਸਕਦਾ ਹੈ। (ਸਾਧੂ
ਬਿਨਿੰਗ) |