Welcome to WatanPunjabi.ca
ਕੈਨੇਡਾ ਦੇ ਪੰਜਾਬੀ ਸਾਹਿਤਕ ਇਤਿਹਾਸ ਵਿੱਚ ਡਾ: ਦਰਸ਼ਨ ਗਿੱਲ ਦਾ ਨਾਂ ਹਮੇਸ਼ਾਂ ਯਾਦ ਰਹੇਗਾ
ਸੋਹਣ ਕਾਦਰੀ –ਰਵਾਇਤ ਸਿ਼ਕਨ ਕਲਾਕਾਰ
 

ਬਲਰਾਜ ਚੀਮਾ

ਕਹਾਣੀ / ਪਾਲੀ
 

ਰਣਬੀਰ ਜੌਹਲ

ਤਿੰਨ ਕਵਿਤਾਵਾਂ
 

ਮੰਗੇ ਸਪਰਾਏ

ਤਿੜਕਦੇ ਰਿਸ਼ਤੇ
 

ਨਾਹਰ ਔਜਲਾ

ਹਿੰਦੀ ਨਾਵਲ ਦਾ ਅਨੁਵਾਦ / ਧਰਤੀ ਧਨ ਨਾ ਆਪਣਾ
 

ਜਗਦੀਸ਼ ਚੰਦਰ

ਸਥਾਈ ਕਾਲਮ / ਪਰਦਾ ਜੋ ਉੱਠ ਗਿਆ
ਕੰਜਿ਼ਉਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
 

ਸੁਖਵੰਤ ਹੁੰਦਲ

ਪੰਜਾਬੀ ਭਾਈਚਾਰਾ ਤੇ ਧਰਮ
 

ਸਾਧੂ ਬਿਨਿੰਗ

ਸਕੀਨਾ
 

ਫ਼ੌਜ਼ੀਆ ਰਫੀਕ

ਕਾਫ਼ਲੇ ਵਲੋਂ ‘ਜ਼ੰਗਾਲਿਆ ਕਿੱਲ’ ਅਤੇ ‘ਤੜਪਦੇ ਅਹਿਸਾਸ ਦੀ ਮਹਿਕ’ ‘ਤੇ ਭਰਵੀਂ ਗੋਸ਼ਟੀ
 

ਉਂਕਾਰਪ੍ਰੀਤ

ਇਕ ਤਰਕਸ਼ੀਲ ਵਿਆਹ
 

ਪ੍ਰਮਿੰਦਰ ਕੌਰ ਸਵੈਚ

ਹਿੰਦੀ ਕਹਾਣੀ / ਯੁੱਧ ਅਤੇ ਬੁੱਧ
 

ਮਧੂ ਕਾਂਕਰੀਆ

ਅਸਲ ਲੋਕ ਕਵੀ / ਸੰਤ ਰਾਮ ਉਦਾਸੀ
 

ਸੁਖਦੇਵ ਸਿੱਧੂ

   
 


ਹਿੰਦੀ ਨਾਵਲ ਦਾ ਅਨੁਵਾਦ - ਆਖਰੀ ਕਿਸ਼ਤ
ਧਰਤੀ ਧਨ ਨਾ ਆਪਣਾ
ਜਗਦੀਸ਼ ਚੰਦਰ
 

 

(‘ਧਰਤੀ ਧਨ ਨਾ ਆਪਣਾ’ ਪੰਜਾਬ ਦੇ ਇੱਕ ਪਿੰਡ ਬਾਰੇ ਹਿੰਦੀ ਵਿੱਚ ਲਿਖਿਆ ਗਿਆ ਨਾਵਲ ਹੈ। ਇਹ ਨਾਵਲ ਪੰਜਾਬ ਦੇ ਪਿੰਡਾਂ ਬਾਰੇ ਲਿਖੇ ਬਹੁਤੇ ਨਾਵਲਾਂ ਤੋਂ ਇਸ ਲਈ ਵੱਖਰਾ ਹੈ ਕਿ ਇਸ ਵਿੱਚ ਪੰਜਾਬ ਦੇ ਪੇਂਡੂ ਦਲਿਤਾਂ ਦੀ ਜਿਸ ਦਸ਼ਾ ਦਾ ਵਰਣਨ ਹੈ, ਉਹ ਹੁਣ ਤੱਕ ਬਹੁਤ ਘੱਟ ਪੰਜਾਬੀ ਨਾਵਲਾਂ ਵਿੱਚ ਪ੍ਰਗਟ ਹੋਈ ਹੈ। ਬੇਸ਼ੱਕ ਇਹ ਨਾਵਲ 1970ਵਿਆਂ ਵਿੱਚ ਛਪਿਆ ਸੀ, ਪਰ ਪੰਜਾਬ ਦੇ ਸਾਹਿਤਕ ਜਗਤ ਵਿੱਚ ਇਸ ਦੀ ਕੋਈ ਬਹੁਤੀ ਚਰਚਾ ਨਹੀਂ ਹੋਈ। ਅਸੀਂ ਇਸ ਨਾਵਲ ਨੂੰ ਵਤਨ ਵਿੱਚ ਲੜੀਵਾਰ ਛਾਪਣ ਦਾ ਫੈਸਲਾ ਕੀਤਾ ਹੈ। ਪੇਸ਼ ਹੈ ਇਸ ਦੀ ਆਖਰੀ ਕਿਸੰਤ। ਪਹਿਲੀਆਂ ਕਿਸ਼ਤਾਂ ਪੜ੍ਹਨ ਲਈ ਪਿਛਲੇ ਅੰਕ ਦੇਖੋ। ਜੇ ਤੁਹਾਡੇ ਕੋਲ ਪਿਛਲੇ ਅੰਕ ਸਾਂਭੇ ਹੋਏ ਨਹੀਂ ਹਨ ਤਾਂ ਸਾਨੂੰ ਈ-ਮੇਲ ਭੇਜੋ। ਤੁਹਾਨੂੰ ਉਹ ਅੰਕ ਭੇਜ ਕੇ ਸਾਨੂੰ ਖੁਸੰੀ ਹੋਵੇਗੀ -ਸੰਪਾਦਕ)


45
ਮੱਕੀ ਅਤੇ ਬਾਜਰੇ ਦੀ ਫਸਲ ਵਧਣ ਦੇ ਨਾਲ-ਨਾਲ ਗਿਆਨੋ ਅਤੇ ਕਾਲੀ ਦੇ ਪਿਆਰ ਦੇ ਚਰਚੇ ਵੀ ਫੈਲਦੇ ਗਏ। ਫਸਲ ਦੀ ਗੁਡਾਈ ਦੌਰਾਨ ਘਾਹ ਕੱਢ ਦਿੱਤਾ ਜਾਂਦਾ ਹੈ ਤਾਂ ਕਿ ਉਹਨੂੰ ਕੋਈ ਨੁਕਸਾਨ ਨਾ ਪਹੁੰਚੇ। ਘਾਹ-ਫੂਸ ਫਿਰ ਉੱਗ ਆਉਂਦਾ ਤਾਂ ਦੁਬਾਰਾ ਗੁਡਾਈ ਕਰ ਦਿੱਤੀ ਜਾਂਦੀ। ਗਿਆਨੋ ਅਤੇ ਕਾਲੀ ਦੇ ਪਿਆਰ ਦੀਆਂ ਕਹਾਣੀਆਂ ਫੈਲਣ ਲੱਗਦੀਆਂ ਤਾਂ ਗਿਆਨੋ ਦੀ ਮਾਰ-ਕੁੱਟ ਅਤੇ ਫਿਟਕਾਰ ਨਾਲ ਉਹਨਾਂ ਨੂੰ ਘੱਟ ਕਰਨ ਦੀ ਕੋਸਿ਼ਸ਼ ਕੀਤੀ ਜਾਂਦੀ। ਦੋਨਾਂ ਦੀਆਂ ਮੁਲਾਕਾਤਾਂ ਬੰਦ ਹੋ ਜਾਂਦੀਆਂ ਪਰ ਕੁਝ ਦਿਨਾਂ ਬਾਅਦ ਇਹ ਸਿਲਸਿਲਾ ਫਿਰ ਸ਼ੁਰੂ ਹੋ ਜਾਂਦਾ।
ਦੋਨਾਂ ਦੀ ਮੁਹੱਬਤ ਦੇ ਚਰਚੇ ਚਮ੍ਹਾਰਲੀ ਤੋਂ ਬਾਹਰ ਖੇਤਾਂ, ਹਵੇਲੀਆਂ ਅਤੇ ਦੁਕਾਨਾਂ ਉੱਤੇ ਵੀ ਹੋਣ ਲੱਗੇ। ਪਿੰਡ ਦੇ ਨੌਜਵਾਨਾਂ ਨੇ ਗਿਆਨੋ ਦੇ ਰੰਗ-ਰੂਪ ਅਤੇ ਚਾਲ-ਢਾਲ ਦੇ ਅਨੁਸਾਰ ਉਹਨੂੰ ਮੋਰਨੀ ਦਾ ਨਾਂ ਦੇ ਦਿੱਤਾ। ਅਤੇ ਜਦੋਂ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਮਾਰ-ਕੁੱਟ ਅਤੇ ਬੰਦਸ਼ਾਂ ਦੇ ਬਾਵਜੂਦ ਵੀ ਉਹਨਾਂ ਦਾ ਪਿਆਰ ਨਹੀਂ ਟੁੱਟਿਆ ਅਤੇ ਉਹ ਚੋਰੀ-ਛਿੱਪੀਂ, ਹਨ੍ਹੇਰੇ-ਸਵੇਰੇ, ਗਲਿਆਂ ਵਿੱਚ, ਖੇਤਾਂ ਵਿੱਚ, ਤਕੀਏ ਦੀਆਂ ਝਾੜੀਆਂ ਵਿੱਚ ਅਤੇ ਕੋਠਿਆਂ ਦੀਆਂ ਛੱਤਾਂ ‘ਤੇ ਮਿਲਦੇ ਰਹਿੰਦੇ ਹਨ ਤਾਂ ਉਹਨਾਂ ਨੇ ਗਿਆਨੋ ਦੇ ਨਵੇਂ ਨਾਂ ਵਿੱਚ ਥੋੜ੍ਹੀ ਜਿਹੀ ਤਬਦੀਲੀ ਕਰਕੇ ਉਹਨੂੰ ‘ਕਾਲੀ ਦੀ ਮੋਰਨੀ’ ਕਹਿਣਾ ਸ਼ੁਰੂ ਕਰ ਦਿੱਤਾ।
ਚਮ੍ਹਾਰਲੀ ਦੇ ਨੌਜਵਾਨਾਂ ਦੇ ਨਾਲ ਜੱਟਾਂ ਦੇ ਮੁੰਡਿਆਂ ਨੇ ਵੀ ਇਹਨਾਂ ਚਰਚਿਆਂ ਤੋਂ ਫਾਇਦਾ ਲੈਣਾ ਚਾਹਾ। ਉਹਨਾਂ ਨੇ ਗਿਆਨੋ ਨਾਲ ਛੇੜ-ਛਾੜ ਸ਼ੁਰੂ ਕਰ ਦਿੱਤੀ, ਉਹਨੂੰ ਧਮਕੀਆਂ ਦਿੱਤੀਆਂ ਪਰ ਉਹ ਪਹਿਲਾਂ ਨਾਲੋਂ ਵੀ ਜਿ਼ਆਦਾ ਮੂੰਹ-ਫੱਟ ਅਤੇ ਨਿਡਰ ਬਣ ਗਈ। ਗਲੀ ਹੋਵੇ ਜਾਂ ਡੰਡੀ, ਖੇਤ ਹੋਵੇ ਜਾਂ ਹਵੇਲੀ, ਜਿੱਥੇ ਵੀ ਉਹਨੂੰ ਕੋਈ ਛੇੜਦਾ, ਉਹ ਗਾਲ੍ਹਾਂ ਕੱਢ ਦਿੰਦੀ ਅਤੇ ਕਈ ਵਾਰ ਤਾਂ ਹੱਥੋਪਾਈ ਲਈ ਵੀ ਤਿਆਰ ਹੋ ਜਾਂਦੀ।
ਚਮਾਰਾਂ ਦੇ ਮੁੰਡੇ ਕਾਲੀ ਦੇ ਸਾਹਮਣੇ ਤਾਂ ਚੁੱਪ ਰਹਿੰਦੇ ਪਰ ਉਹਦੀ ਗੈਰ-ਹਾਜ਼ਰੀ ਵਿੱਚ ਬਹੁਤ ਚਸਕੇ ਲੈ-ਲੈ ਕੇ ਦੋਨਾਂ ਬਾਰੇ ਗੱਲਾਂ ਕਰਦੇ। ਇਹ ਗੱਲਾਂ ਕਾਲੀ ਤੱਕ ਵੀ ਪਹੁੰਚਦੀਆਂ ਅਤੇ ਉਹ ਆਪਣਾ ਗੁੱਸਾ ਕੱਢਣ ਲਈ ਕਿਸੇ ਨਾ ਕਿਸੇ ਬਹਾਨੇ ਸਾਰਿਆਂ ਨਾਲ ਲੜ ਚੁੱਕਿਆ ਸੀ। ਜੱਟਾਂ ਦੇ ਮੁੰਡੇ ਉਹਨੂੰ ਘੇਰ ਕੇ ਪੁੱਛਦੇ ਕਿ ਉਹਦੇ ਕੋਲ ਕਿਹੜੀ ਗਿੱਦੜਸਿੰਗੀ ਹੈ ਜਿਸ ਨਾਲ ਉਹਨੇ ਗਿਆਨੋ ਨੂੰ ਵਸ ਵਿੱਚ ਕੀਤਾ ਹੋਇਆ ਹੈ, ਕਿਹੜਾ ਜਾਦੂ, ਟੂਣਾ, ਯੰਤਰ ਜਾਂ ਤਵੀਤ ਹੈ ਜਿਸ ਨਾਲ ਉਹਨੇ ਗਿਆਨੋ ਦੇ ਤਨ-ਮਨ ਉੱਤੇ ਆਪਣਾ ਅਧਿਕਾਰ ਕਰ ਲਿਆ ਹੈ। ਕਾਲੀ ਕਦੇ ਹਾਸੇ ਵਿੱਚ ਗੱਲ ਟਾਲ ਦਿੰਦਾ ਅਤੇ ਜੇ ਕੋਈ ਗਿਆਨੋ ਦੇ ਸੰਬੰਧ ਵਿੱਚ ਗਲਤ ਗੱਲ ਕਹਿੰਦਾ ਤਾਂ ਉਹ ਮਰਨ-ਮਾਰਨ ਨੂੰ ਵੀ ਤਿਆਰ ਹੋ ਜਾਂਦਾ।
ਚਮਾਰਾਂ ਦੇ ਮੁੰਡੇ ਡਰ ਦੇ ਮਾਰੇ ਮੰਗੂ ਨੂੰ ਤਾਂ ਕੁੱਝ ਨਾ ਕਹਿੰਦੇ ਪਰ ਜੱਟਾਂ ਦੇ ਮੁੰਡੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਤਾਉਂਦੇ ਰਹਿੰਦੇ ਕਿ ਉਹਦੀ ਭੈਣ ਕਾਲੀ ਨਾਲ ਫਸੀ ਹੋਈ ਹੈ। ਮੰਗੂ ਉਹਨਾਂ ਨੂੰ ਤਾਂ ਕੋਈ ਜਵਾਬ ਨਾ ਦਿੰਦਾ ਪਰ ਗਿਆਨੋ ਨੂੰ ਕੁੱਟਦਾ ਅਤੇ ਮਾਂ ਨੂੰ ਝਿੜਕਦਾ। ਕਾਲੀ ਨੂੰ ਉਹਨੂੰ ਦੇਖ ਕੇ ਬਹੁਤ ਗੁੱਸਾ ਆਉਂਦਾ ਪਰ ਉਹ ਇਸ ਖਿਆਲ ਨਾਲ ਚੁੱਪ ਰਹਿੰਦਾ ਕਿ ਜੇ ਗੱਲ ਵੱਧ ਗਈ ਤਾਂ ਪਿੰਡ ਦੇ ਵੱਡੇ ਬਜ਼ੁਰਗਾਂ ਤੱਕ ਵੀ ਜਾ ਪਹੁੰਚੇਗੀ।
ਲੋਕਾਂ ਨੂੰ ਇਹ ਤਾਂ ਪਤਾ ਸੀ ਕਿ ਗਿਆਨੋ ਅਤੇ ਕਾਲੀ ਆਪਸ ਵਿੱਚ ਮਿਲਦੇ ਰਹਿੰਦੇ ਹਨ ਪਰ ਅੱਜ ਤੱਕ ਉਹਨਾਂ ਨੂੰ ਕਿਸੇ ਨੇ ਦੇਖਿਆ ਨਹੀਂ ਸੀ। ਚਮਾਰਾਂ ਅਤੇ ਜੱਟਾਂ ਦੇ ਮੁੰਡਿਆਂ ਨੂੰ ਖੇਤਾਂ ਵਿੱਚ ਘੁੰਮਦਿਆਂ ਕਿਤੇ ਬਾਜਰੇ ਜਾਂ ਮੱਕੀ ਦੇ ਪੰਜ-ਦਸ ਡੰਡਲ ਢੱਠੇ ਹੋਏ ਦਿਸ ਪੈਂਦੇ ਤਾਂ ਉਹ ਇਕ-ਦੂਸਰੇ ਨੂੰ ਅੱਖ ਮਾਰ ਕੇ ਮੁਸਕਰਾਉਂਦੇ ਹੋਏ ਕਹਿੰਦੇ ਕਿ ‘ਕਾਲੀ ਦੀ ਮੋਰਨੀ’ ਸ਼ਾਇਦ ਇੱਥੇ ਪੈਲ ਪਾ ਕੇ ਗਈ ਹੈ।
ਲੋਕਾਂ ਦੀ ਤਾਂਕ-ਝਾਕ ਵਧਣ ਲੱਗੀ ਤਾਂ ਉਹਨਾਂ ਨੇ ਮੁਲਾਕਾਤ ਦੇ ਤਰੀਕੇ ਅਤੇ ਥਾਂ ਬਦਲ ਦਿੱਤੇ। ਕਾਲੀ ਬਹੁਤਾ ਚਿਰ ਲਾਲੂ ਭਲਵਾਨ ਦੀ ਹਵੇਲੀ ਵਿੱਚ ਰਹਿਣ ਲੱਗਾ। ਉਹ ਰਾਤ ਟਿਕ ਜਾਣ ਬਾਅਦ ਦੱਬੇ ਪੈਰੀਂ ਮੁਹੱਲੇ ਵਿੱਚ ਆਉਂਦਾ ਅਤੇ ਬਾਬੇ ਫੱਤੇ ਦੇ ਕੋਠੇ ਦੇ ਉੱਤੋਂ ਦੀ ਮੰਗੂ ਦੇ ਘਰ ਪਹੁੰਚ ਜਾਂਦਾ।
ਜਦੋਂ ਲੋਕਾਂ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਤਾਂ ਉਹ ਬਹੁਤ ਸਵੇਰੇ ਖੇਤਾਂ ਵਿੱਚ ਮਿਲਣ ਲੱਗੇ। ਉਹ ਦੋਵੇਂ ਅਲੱਗ-ਅਲੱਗ ਰਾਹਾਂ ਥਾਣੀਂ ਆਉਂਦੇ ਅਤੇ ਮਿੱਥੀ ਜਗਹ ‘ਤੇ ਮਿਲ ਪੈਂਦੇ। ਦੋਨਾਂ ਨੇ ਕਈ ਵਾਰ ਇਕ-ਦੂਜੇ ਤੋਂ ਪਿੱਛੇ ਹਟਣ ਦੀ ਕੋਸਿ਼ਸ਼ ਕੀਤੀ ਅਤੇ ਕਦੇ ਨਾ ਮਿਲਣ ਦਾ ਇਰਾਦਾ ਕੀਤਾ ਪਰ ਇਹ ਇਰਾਦਾ ਦੋ-ਚਾਰ ਦਿਨਾਂ ਬਾਅਦ ਹੀ ਟੁੱਟ ਜਾਂਦਾ।
ਇਕ ਦਿਨ ਕਾਲੀ ਅਤੇ ਗਿਆਨੋ ਸਵੇਰੇ ਸਵੇਰੇ ਤਕੀਏ ਦੇ ਕੋਲ ਝਾੜੀਆਂ ਵਿੱਚ ਬੈਠੇ ਸਨ। ਉਹਨਾਂ ਨੂੰ ਨਾ ਤਾਂ ਭੂਤਾਂ-ਪ੍ਰੇਤਾਂ ਦਾ ਡਰ ਸੀ ਅਤੇ ਨਾ ਹੀ ਸੱਪ-ਸਪੋਲੀਏ ਦਾ। ਉਹਨਾਂ ਨੂੰ ਇਹ ਵੀ ਯਾਦ ਨਹੀਂ ਸੀ ਕਿ ਪਹੁ ਫਟ ਚੁੱਕੀ ਹੈ। ਪਰ ਕੁੱਝ ਫਾਸਲੇ ‘ਤੇ ਉਹਨਾਂ ਨੂੰ ਕਿਸੇ ਦੇ ਖੰਘਣ ਦੀ ਅਵਾਜ਼ ਸੁਣਾਈ ਦਿੱਤੀ ਅਤੇ ਉਹ ਚੌਂਕ ਗਏ। ਜਦੋਂ ਉਹਨਾਂ ਨੇ ਦੇਖਿਆ ਕਿ ਉਹ ਆਦਮੀ ਉਸ ਹੀ ਪਾਸੇ ਆ ਰਿਹਾ ਹੈ ਤਾਂ ਉਹ ਉੱਠ ਖੜ੍ਹੇ ਹੋਏ। ਕਾਲੀ ਤਕੀਏ ਦੇ ਪਿੱਛੇ ਖੇਤਾਂ ਵੱਲ ਨਿਕਲ ਗਿਆ ਅਤੇ ਗਿਆਨੋ ਝਾੜੀਆਂ ਤੋਂ ਬੱਚਦੀ ਬਚਾਉਂਦੀ ਚੋਅ ਵੱਲ ਆ ਗਈ। ਉਹ ਆਦਮੀ ਝਾੜੀਆਂ ਤੋਂ ਬਾਹਰ ਖੜਾ ਸੀ। ਗਿਆਨੋ ਉਹਨੂੰ ਆਪਣੇ ਸਾਹਮਣੇ ਦੇਖ ਕੇ ਰੁਕ ਗਈ ਤਾਂ ਉਹਨੇ ਅੱਗੇ ਵੱਧ ਕੇ ਗਿਆਨੋ ਦਾ ਹੱਥ ਫੜ ਲਿਆ ਅਤੇ ਉੱਚੀ ਅਵਾਜ਼ ਵਿੱਚ ਬੋਲਿਆ:
“ਹੋ ਗਈ ਤਸੱਲੀ, ਆਪਣੇ ਯਾਰ ਨੂੰ ਕਿੱਥੇ ਨਠਾ ਦਿੱਤਾ?” ਘੜੰਮ ਚੌਧਰੀ ਖੀ ਖੀ ਕਰਕੇ ਹਸਦਾ ਬੋਲਿਆ:
“ਮੋਰਨੀਏ, ਤੇਰੇ ਅੰਦਰ ਕਿੰਨੀ ਅੱਗ ਹੈ ਜੋ ਬੁਝਣ ਵਿੱਚ ਨਹੀਂ ਆਉਂਦੀ।”
ਗਿਆਨੋ ਹੱਥ ਛੁਡਾ ਕੇ ਕੁੱਝ ਕਹੇ ਬਿਨਾਂ ਪਿੰਡ ਵੱਲ ਦੌੜ ਗਈ ਅਤੇ ਘੜੰਮ ਚੌਧਰੀ ਸਾਰੇ ਪਿੰਡ ਨੂੰ ਗਾਲ੍ਹਾਂ ਕੱਢਦਾ ਅੱਗੇ ਵੱਧ ਗਿਆ।
ਦਿਨ ਚੜ੍ਹਨ ਤੱਕ ਘੜੰਮ ਚੌਧਰੀ ਨੇ ਇਸ ਗੱਲ ਨੂੰ ਸਾਰੇ ਪਿੰਡ ਵਿੱਚ ਫੈਲਾ ਦਿੱਤਾ। ਮੰਗੂ ਦੇ ਘਰ ਆ ਕੇ ਘੜੰਮ ਚੌਧਰੀ ਨੇ ਉਹਨੂੰ ਅਤੇ ਉਹਦੀ ਮਾਂ ਜੱਸੋ ਨੂੰ ਬਹੁਤ ਗਾਲ੍ਹਾਂ ਕੱਢੀਆਂ। ਉਹਦੇ ਜਾਣ ਬਾਅਦ ਮੰਗੂ ਬੂਹਾ ਬੰਦ ਕਰਕੇ ਗਿਆਨੋ ਨੂੰ ਡਾਂਗ ਨਾਲ ਕੁੱਟਣ ਲੱਗਾ। ਉਹਦੀਆਂ ਚੀਕਾਂ ਸਾਰੇ ਮੁਹੱਲੇ ਵਿੱਚ ਛਾਈਆਂ ਹੋਈਆਂ ਸਨ ਅਤੇ ਨੌਜਵਾਨਾਂ ਨੂੰ ਇਹ ਚੀਕਾਂ ਸੁਣ ਕੇ ਅਜੀਬ ਜਿਹਾ ਸਕੂਨ ਮਹਿਸੂਸ ਹੋ ਰਿਹਾ ਸੀ।
ਬਾਬਾ ਫੱਤਾ ਅਤੇ ਤਾਇਆ ਬਸੰਤਾ ਜ਼ਮਾਨੇ ਨੂੰ ਬੁਰਾ-ਭਲਾ ਕਹਿ ਰਹੇ ਸਨ। ਗਿਆਨੋ ਦੀਆਂ ਚੀਕਾਂ ਸੁਣ ਕੇ ਬਾਬੇ ਫੱਤੇ ਨੇ ਪੁੱਛਿਆ:
“ਇਹ ਕੌਣ ਰੋ ਰਹੀ ਹੈ?”
ਤਾਇਆ ਬਸੰਤਾ ਅਫਸੋਸ ਭਰੀ ਅਵਾਜ਼ ਵਿੱਚ ਬੋਲਿਆ:
“ਇਹ ਖੁਸ਼ੀਏ ਦੀ ਘਰ ਵਾਲੀ ਪੁੰਨੋ ਹੋਣੀ ਹੈ ਜਾਂ ਫਿਰ ਮੰਗੂ ਦੀ ਭੈਣ ਗਿਆਨੋ। ਏਦਾਂ ਦੀਆਂ ਚੀਕਾਂ ਜਾਂ ਤਾਂ ਬਾਂਝ ਔਰਤਾਂ ਦੀਆਂ ਹੁੰਦੀਆਂ ਹਨ ਜਾਂ ਪਿਆਰ ਦੀਆਂ ਮਾਰੀਆਂ ਮੁਟਿਆਰਾਂ ਦੀਆਂ। ਬੰਜਰ ਜ਼ਮੀਨ, ਬਾਂਝ ਔਰਤ ਅਤੇ ਪਿਆਰ ਦੀ ਮਾਰੀ ਮੁਟਿਆਰ ਨੂੰ ਕੋਈ ਵੀ ਪਸੰਦ ਨਹੀਂ ਕਰਦਾ।”
“ਮੁਹੱਲੇ ਵਿੱਚ ਬਹੁਤ ਗੰਦ ਪੈਣ ਲੱਗਾ ਹੈ। ਮੰਗੂ ਨੂੰ ਸਮਝਾਉ ਕਿ ਕੁੜੀ ਦਾ ਕਿਤੇ ਟਿਕਾਣਾ ਕਰੇ।” ਬਾਬੇ ਫੱਤੇ ਨੇ ਕਿਹਾ।
“ਉਹਨੂੰ ਤਾਂ ਸਮਝਾਵਾਂ ਜੇ ਉਹਨੂੰ ਪਤਾ ਨਾ ਹੋਵੇ।” ਤਾਏ ਬਸੰਤੇ ਨੇ ਜਵਾਬ ਦਿੱਤਾ ਅਤੇ ਜਦੋਂ ਗਿਆਨੋ ਦੀਆਂ ਚੀਕਾਂ ਦਹਾੜਾਂ ਵਿੱਚ ਬਦਲ ਗਈਆਂ ਤਾਂ ਉਹ ਗਾਲ੍ਹਾਂ ਕੱਢਦਾ ਮੰਗੂ ਦੇ ਘਰ ਵੱਲ ਤੁਰ ਪਿਆ।
ਉੱਥੇ ਤੀਵੀਂਆਂ ਅਤੇ ਬੱਚਿਆਂ ਦੀ ਭੀੜ ਇਕੱਠੀ ਹੋ ਗਈ ਸੀ। ਤਾਏ ਬਸੰਤੇ ਨੂੰ ਦੇਖ ਕੇ ਤੀਵੀਂਆਂ ਪਿੱਛੇ ਹੱਟ ਗਈਆਂ ਅਤੇ ਬੱਿਚਆਂ ਨੂੰ ਉਹਨੇ ਝਿੜਕ ਕੇ ਦੌੜਾ ਦਿੱਤਾ। ਉਹ ਦਰਵਾਜ਼ਾ ਖੜਕਾਉਂਦਾ ਮੰਗੂ ਨੂੰ ਅਵਾਜ਼ਾਂ ਮਾਰਨ ਲੱਗਾ।
ਗਿਆਨੋ ਦੇ ਨਾਲ-ਨਾਲ ਜੱਸੋ ਵੀ ਵਿਰਲਾਪ ਕਰ ਰਹੀ ਸੀ। ਉਹ ਗਿਆਨੋ ਦੀ ਬਜਾਏ ਮੰਗੂ ਨੂੰ ਗਾਲ੍ਹਾਂ ਕੱਢਦੀ ਕਹਿਣ ਲੱਗੀ:
“ਮੋਇਆ, ਬਸ ਕਰ, ਕੀ ਇਹਦੀ ਜਾਨ ਲੈ ਕੇ ਹਟੂੰਗਾ... ਮੋਇਆ ਘੜੰਮ ਚੌਧਰੀ ਤਾਂ ਸਿਆਪੇ ਦੀ ਨੈਣ ਹੈ।”
ਤਾਏ ਬਸੰਤੇ ਨੇ ਦਰਵਾਜ਼ੇ ਵਿੱਚ ਬਹੁਤ ਜ਼ੋਰ ਨਾਲ ਪੈਰ ਮਾਰਿਆ ਅਤੇ ਮੰਗੂ ਨੂੰ ਬਹੁਤ ਉੱਚੀ ਦੇਣੀ ਅਵਾਜ਼ ਮਾਰਦਾ ਬੋਲਿਆ:
“ਉਏ ਚਮ੍ਹਾਰਲੀ ਦਿਆ ਸੂਰਮਿਆਂ, ਦਰਵਾਜ਼ਾ ਤਾਂ ਖੋਲ੍ਹ।” ਮੰਗੂ ਨੇ ਫਿਰ ਵੀ ਕੋਈ ਜੁਆਬ ਨਾ ਦਿੱਤਾ ਤਾਂ ਉਹ ਉਹਨੂੰ ਗਾਹਲਾਂ ਕੱਢਦਾ ਹੋਇਆ ਬਾਬੇ ਫੱਤੇ ਦੀ ਛੱਤ ਉੱਤੇ ਜਾ ਚੜ੍ਹਿਆ ਅਤੇ ਉੱਥੋਂ ਮੰਗੂ ਦੀ ਛੱਤ ਉੱਤੇ ਆ ਗਿਆ।
ਕੁੱਝ ਸਮਾਂ ਉਹ ਬਨੇਰੇ ਤੋਂ ਹੇਠਾਂ ਦੇਖਦਾ ਰਿਹਾ। ਗਿਆਨੋ ਫਰਸ਼ ‘ਤੇ ਅਧਮੋਈ ਜਿਹੀ ਲੰਮੀ ਪਈ ਸੀ। ਜੱਸੋ ਨੇ ਮੰਗੂ ਨੂੰ ਫੜਿਆ ਹੋਇਆ ਸੀ ਅਤੇ ਉਹ ਹਫਦਾ ਹੋਇਆ ਦੰਦ ਪੀਹ ਰਿਹਾ ਸੀ। ਮੰਗੂ ਦਾ ਸਾਹ ਥੋੜ੍ਹਾ ਦਰੁਸਤ ਹੋ ਗਿਆ ਤਾਂ ਉਹਨੇ ਜੱਸੋ ਨੂੰ ਧੱਕਾ ਦੇ ਕੇ ਪਰ੍ਹੇ ਸੁੱਟ ਦਿੱਤਾ ਅਤੇ ਗਿਆਨੋ ਦਾ ਗਲ ਦੋਨਾਂ ਹੱਥਾਂ ਵਿੱਚ ਫੜ ਕੇ ਘੁੱਟਣ ਲੱਗਾ।
ਤਾਇਆ ਬਸੰਤਾ ਲੱਕੜੀ ਦੀ ਪੌੜੀ ਦੇ ਤਿੰਨ ਡੰਡੇ ਇਕ ਵਾਰੀ ਹੀ ਉਤਰਦਾ ਹੇਠਾਂ ਆ ਗਿਆ। ਉਹਨੂੰ ਦੇਖ ਕੇ ਜੱਸੋ ਨੇ ਛੋਟਾ ਜਿਹਾ ਘੁੰਡ ਕੱਢ ਲਿਆ ਅਤੇ ਫਫਕ ਫਫਕ ਕੇ ਰੋਣ ਲੱਗੀ। ਤਾਇਆ ਬਸੰਤਾ ਮੰਗੂ ਦਾ ਹੱਥ ਫੜਦਾ ਹੋਇਆ ਗੁੱਸੇ ਭਰੀ ਅਵਾਜ਼ ਵਿੱਚ ਬੋਲਿਆ:
“ਪਾਗਲ ਹੋ ਗਿਆ ਹੈਂ? ਬਰਾਬਰ ਦੀ ਭੈਣ ‘ਤੇ ਹੱਥ ਚੁੱਕਦਾ ਹੈਂ? ਤੇਰੇ ਸਾਹਮਣੇ ਖੜ੍ਹੀ ਹੋ ਜਾਵੇ ਤਾਂ ਤੇਰੀ ਕੀ ਇੱਜ਼ਤ ਰਹੂਗੀ?”
ਮੰਗੂ ਨੇ ਤਾਏ ਬਸੰਤੇ ਨੂੰ ਧੱਕਾ ਦੇ ਕੇ ਪਰ੍ਹੇ ਕਰ ਦਿੱਤਾ। ਉਹ ਬੜੀ ਮੁਸ਼ਕਿਲ ਨਾਲ ਆਪਣੇ-ਆਪ ਨੂੰ ਸੰਭਾਲ ਸਕਿਆ ਅਤੇ ਮੰਗੂ ਦੇ ਮੋਢਿਆਂ ‘ਤੇ ਦੋਨੋਂ ਹੱਥਾਂ ਦਾ ਦੁਹੱਥੜ ਮਾਰਦਾ ਹੋਇਆ ਬੋਲਿਆ:
“ਤੈਨੂੰ ਆਪਣੇ ਤੋਂ ਵੱਡਿਆਂ ਦਾ ਵੀ ਲਿਹਾਜ਼ ਨਹੀਂ।... ਇਹਨੂੰ ਤੂੰ ਮਾਰ ਦਊਂਗਾ... ਤੈਨੂੰ ਪੁਲਿਸ ਫਾਂਸੀ ਲਾ ਦਊਗੀ... ਇਸ ਵਿਚਾਰੀ ਦਾ ਕੀ ਬਣੂਗਾ?” ਤਾਏ ਬਸੰਤੇ ਨੇ ਜੱਸੋ ਵੱਲ ਇਸ਼ਾਰਾ ਕਰਦਿਆਂ ਕਿਹਾ।
ਇਹ ਸੁਣ ਕੇ ਜੱਸੋ ਹੋਰ ਵੀ ਫਫਕ ਕੇ ਰੋਣ ਲੱਗੀ।
“ਮੋਇਆ ਲੋਕਾਂ ਦੇ ਸਿਖਾਏ-ਪੜ੍ਹਾਏ ਭੈਣ ਦੀ ਜਾਨ ਦਾ ਦੁਸ਼ਮਣ ਹੋ ਗਿਆ ਹੈ।...”
ਤਾਏ ਬਸੰਤੇ ਨੇ ਬਹੁਤ ਮੁਸ਼ਕਿਲ ਨਾਲ ਮੰਗੂ ਨੂੰ ਚੁੱਕਿਆ ਅਤੇ ਉਹਨੂੰ ਪਰ੍ਹੇ ਧੱਕਦਾ ਹੋਇਆ ਗਿਆਨੋ ਦੇ ਸਿਰ ‘ਤੇ ਝੁੱਕ ਗਿਆ ਅਤੇ ਉਹਨੂੰ ਚੰਗੀ ਤਰ੍ਹਾਂ ਦੇਖ-ਭਾਲ ਕੇ ਜੱਸੋ ਨੂੰ ਕਹਿਣ ਲੱਗਾ:
“ਪੁੱਤਰਾ, ਇਹਨੂੰ ਪਾਣੀ ਪਿਲਾ। ਰੋ-ਰੋ ਕੇ ਇਹਦਾ ਗਲ ਸੁੱਕ ਗਿਆ ਹੈ।”
ਤਾਇਆ ਬਸੰਤਾ ਮੰਗੂ ਨੂੰ ਕੋਠੜੀ ਵਿੱਚ ਲੈ ਗਿਆ ਅਤੇ ਉਹਨੂੰ ਸਮਝਾਉਂਦਾ ਹੋਇਆ ਬੋਲਿਆ:
“ਬਰਾਬਰ ਦੀ ਭੈਣ ‘ਤੇ ਹੱਥ ਨਹੀਂ ਚੁੱਕਣਾ ਚਾਹੀਦਾ।”
“ਤਾਇਆ ਮੈਂ ਲੋਕਾਂ ਦੀਆਂ ਗੱਲਾਂ ਸੁਣ ਕੇ ਤੰਗ ਆ ਗਿਆ ਹਾਂ। ਇਹਨੇ ਮੇਰੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਹੈ। ਜਿੱਥੇ ਵੀ ਜਾਂਦਾ ਹਾਂ ਇਕ ਹੀ ਗੱਲ ਕੰਨਾਂ ਵਿੱਚ ਪੈਂਦੀ ਹੈ।... ਮੈਂ ਉਸ ਆਪਣੀ ਮਾਂ ਦੇ ਖਸਮ ਦੀਆਂ ਵੀ ਬੋਟੀਆਂ ਕਰ ਦਊਂਗਾ।” ਮੰਗੂ ਡਾਂਗ ਚੁੱਕਣ ਲਈ ਵਧਿਆ।
“ਪਹਿਲਾਂ ਮੇਰੀ ਗੱਲ ਸੁਣ ਲੈ ਫਿਰ ਜਿਸ ਮਾਂ ਦੇ ਖਸਮ ਦੀਆਂ ਜੀਅ ਕਰਦਾ, ਬੋਟੀਆਂ ਕਰ ਦਈਂ।”
ਮੰਗੂ ਹਫਦਾ ਹੋਇਆ ਤਾਏ ਬਸੰਤੇ ਵੱਲ ਦੇਖਣ ਲੱਗਾ।
“ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਹਾਂ ਇਹ ਤਰੀਕਾ ਠੀਕ ਨਹੀਂ ਹੈ। ਤੂੰ ਸਾਰੀ ਦੁਨੀਆ ਨੂੰ ਤਮਾਸ਼ਾ ਦਿਖਾ ਰਿਹੈਂ। ਏਦਾਂ ਦੇ ਮਾਮਲਿਆਂ ਵਿੱਚ ਪਰਦੇ ਨਾਲ ਕੰਮ ਕਰੀਦਾ, ਰੌਲਾ ਨਹੀਂ ਪਾਈਦਾ। ਇਸ ਨਾਲ ਤੇਰੀ ਹੋਰ ਵੀ ਜਿ਼ਆਦਾ ਬੇਇੱਜ਼ਤੀ ਹੋਊਗੀ। ਜ਼ਰਾ ਦਰਵਾਜ਼ਾ ਖੋਲ੍ਹ ਦੇਖ ਕੇ, ਸਾਰਾ ਮੁਹੱਲਾ ਉੱਥੇ ਖੜ੍ਹਾ ਹੈ।... ਮੈਂ ਤੇਰੀ ਗੱਲ ਸਮਝਦਾ ਹਾਂ, ਪਰ ਇਹਦਾ ਇਹ ਇਲਾਜ਼ ਨਹੀਂ ਜੋ ਤੂੰ ਕਰ ਰਿਹਾ ਹੈਂ।”
ਤਾਇਆ ਬਸੰਤਾ ਕੁੱਝ ਚਿਰ ਚੁੱਪ ਰਿਹਾ ਅਤੇ ਫਿਰ ਜੱਸੋ ਨੂੰ ਅੰਦਰ ਸੱਦ ਹੌਲੀ ਅਵਾਜ਼ ਵਿੱਚ ਬੋਲਿਆ:
“ਕੋਈ ਮੁੰਡਾ ਲੱਭ ਕੇ ਇਹਨੂੰ ਟਿਕਾਣੇ ਲਾਉ। ਕੁੰਵਾਰਾ ਨਹੀਂ ਮਿਲਦਾ ਤਾਂ ਦੁਹਾਜੂ ਦੇਖ ਲਉ। ਭਟਕੇ ਹੋਏ ਆਦਮੀ ਨੂੰ ਸਿੱਧਾ ਰਾਹ ਦਿਖਾਉਣਾ ਚਾਹੀਦਾ, ਉਹਨੂੰ ਕੁੱਟਣਾ ਨਹੀਂ ਚਾਹੀਦਾ। ।... ਤੂੰ ਕੁੜੀ ‘ਤੇ ਨਿਗ੍ਹਾ ਰੱਖ। ਬਗੈਰ ਮਤਲਬ ਦੇ ਬਾਹਰ ਨਾ ਜਾਣ ਦੇ... ਇਸ ਤਰ੍ਹਾਂ ਰੌਲਾ ਪਾਉਗੇ ਤਾਂ ਨੁਕਸਾਨ ਕਰਾਉਗੇ।”
ਤਾਏ ਬਸੰਤੇ ਦੀਆਂ ਗੱਲਾਂ ਸੁਣ ਕੇ ਮੰਗੂ ਕੁਛ ਨਰਮ ਪੈ ਗਿਆ। ਜੱਸੋ ਨੇ ਗਿਆਨੋ ਨੂੰ ਉਠਾ ਕੇ ਮੰਜੇ ‘ਤੇ ਪਾ ਦਿੱਤਾ। ਤਾਇਆ ਬਸੰਤਾ ਉਹਦੇ ਕੋਲ ਆ ਕੇ ਬਹੁਤ ਸਖਤ ਅਵਾਜ਼ ਵਿੱਚ ਬੋਲਿਆ:
“ਦੇਖ, ਹਰ ਆਦਮੀ ਦੀ ਇੱਜ਼ਤ ਉਹਦੇ ਆਪਣੇ ਹੱਥ ਹੁੰਦੀ ਹੈ। ਜੇ ਮੈਂ ਫਿਰ ਕਦੇ ਤੇਰੇ ਬਾਰੇ ਬੁਰੀ ਗੱਲ ਸੁਣੀ ਤਾਂ ਮੈਤੋਂ ਬੁਰਾ ਕੋਈ ਨਹੀਂ ਹੋਊਗਾ। ਜਿਹਨੂੰ ਮਾਂ-ਬਾਪ ਅਤੇ ਭਰਾ ਭੈਣ ਦੀ ਇੱਜ਼ਤ ਦਾ ਖਿਆਲ ਨਾ ਹੋਵੇ ਉਹ ਔਲਾਦ ਕਿਸ ਕੰਮ ਦੀ।”
ਤਾਇਆ ਬਸੰਤਾ, ਮੰਗੂ, ਜੱਸੋ, ਅਤੇ ਗਿਆਨੋ ਨੂੰ ਇਕ ਵਾਰ ਫਿਰ ਆਪਣੇ ਆਪਣੇ ਫਰਜ਼ ਦੇ ਪਾਲਣ ਦਾ ਸੁਨੇਹਾ ਦੇ ਕੇ ਕਾਲੀ ਦੇ ਘਰ ਵੱਲ ਆ ਗਿਆ। ਉੱਥੇ ਤਾਲਾ ਲੱਗਿਆ ਦੇਖ ਕੇ ਉਹ ਲਾਲੂ ਭਲਵਾਨ ਦੀ ਹਵੇਲੀ ਵੱਲ ਤੁਰ ਪਿਆ। ਕਾਲੀ ਉੱਥੇ ਵੀ ਨਹੀਂ ਸੀ। ਲਾਲੂ ਭਲਵਾਨ ਤੋਂ ਪੁੱਛਿਆ ਤਾਂ ਉਹ ਸਿਰਫ ਏਨਾ ਹੀ ਦੱਸ ਸਕਿਆ ਕਿ ਸ਼ਾਇਦ ਟਾਹਲੀ ਵਾਲੀ ਖੇਤ ਵਿੱਚ ਹੋਵੇਗਾ, ਜੇ ਉੱਥੇ ਨਾ ਹੋਇਆ ਤਾਂ ਕਿੱਕਰ ਵਾਲੇ ਖੇਤ ਗਿਆ ਹੋਵੇਗਾ।
ਤਾਇਆ ਬਸੰਤਾ ਹਵੇਲੀ ਤੋਂ ਬਾਹਰ ਜਾਣ ਲਈ ਮੁੜਿਆ ਤਾਂ ਲਾਲੂ ਭਲਵਾਨ ਨੇ ਉਹਨੂੰ ਰੋਕ ਲਿਆ ਅਤੇ ਬਹੁਤ ਹੀ ਗੰਭੀਰ ਅਵਾਜ਼ ਵਿੱਚ ਬੋਲਿਆ:
“ਬਸੰਤਿਆ, ਤੂੰ ਸਿਆਣਾ ਆਦਮੀ ਹੈ, ਸ਼ਾਇਦ ਕੁੱਛ ਦੱਸ ਸਕੇਂ।... ਕਾਲੀ ਵਿੱਚ ਮੈਂ ਕੁਛ ਦਿਨਾਂ ਤੋਂ ਇਕ ਗੱਲ ਦੇਖ ਰਿਹਾਂ ਹਾਂ... ਕਦੇ-ਕਦੇ ਉਹ ਸਾਰਾ ਦਿਨ ਕੰਮ ਨੂੰ ਹੱਥ ਨਹੀਂ ਲਾਉਂਦਾ ਜਾਂ ਫਿਰ ਏਨਾ ਕੰਮ ਕਰਦਾ ਹੈ ਕਿ ਉਹਨੂੰ ਰੋਟੀ-ਪਾਣੀ ਦੀ ਸੁਧ-ਬੁੱਧ ਨਹੀਂ ਰਹਿੰਦੀ... ਮੈਂ ਪਹਿਲਾਂ ਸਮਝਦਾ ਸੀ ਕਿ ਸ਼ਾਇਦ ਉਹਨੂੰ ਆਪਣੀ ਚਾਚੀ ਯਾਦ ਆਉਂਦੀ ਹੋਵੇਗੀ ਪਰ ਅੱਜ ਸਵੇਰੇ ਨੱਥਾ ਸਿੰਘ (ਘੜੰਮ ਚੌਧਰੀ) ਮੈਨੂੰ ਕੁੱਝ ਹੋਰ ਹੀ ਦੱਸ ਗਿਆ ਹੈ।”
ਲਾਲੂ ਭਲਵਾਨ ਦਿਲਚਸਪੀ ਨਾਲ ਉਹਦੀ ਵੱਲ ਦੇਖਣ ਲੱਗਾ। ਤਾਇਆ ਬਸੰਤਾ ਉਹਦੀ ਆਦਤ ਤੋਂ ਵਾਕਫ਼ ਸੀ। ਭਲਵਾਨ ਦੀ ਸਾਰੀ ਖੇਤੀ ਬਰਬਾਦ ਹੋ ਜਾਵੇ, ਉਹਦੀ ਉਹ ਪਰਵਾਹ ਨਹੀਂ ਕਰੇਗਾ ਪਰ ਉਸ ਆਦਮੀ ਨੂੰ ਨਹੀਂ ਰੱਖੇਗਾ ਜੋ ਲੰਗੋਟ ਦਾ ਢਿੱਲਾ ਹੋਵੇ। ਉਹ ਬਹੁਤ ਸ਼ਾਂਤੀ ਨਾਲ ਬੋਲਿਆ:
“ਭਲਵਾਨ ਜੀ, ਤੁਸੀਂ ਨੱਥਾ ਸਿੰਘ ਨੂੰ ਤਾਂ ਜਾਣਦੇ ਹੀ ਹੋ, ਕੋਈ ਬੱਚਾ ਕੁੱਤੀ ਦੇ ਮਗਰ ਦੌੜਿਆ ਜਾ ਰਿਹਾ ਹੋਵੇ ਤਾਂ ਉਹਨੂੰ ਸ਼ੱਕ ਪੈ ਜਾਂਦਾ। ਤੁਸੀਂ ਸੋਚੋ, ਤੀਵੀਂਆਂ ਜੰਗਲ ਪਾਣੀ ਲਈ ਝਾੜੀਆਂ ਜਾਂ ਫਸਲ ਵਿੱਚ ਨਹੀਂ ਜਾਣਗੀਆਂ ਤਾਂ ਕੀ ਖੁਲ੍ਹੇ ਚੋਅ ‘ਚ ਬੈਠਣਗੀਆਂ।”
“ਮੈਂ ਸਮਝ ਗਿਆ... ਮੈਂ ਪਹਿਲਾਂ ਹੀ ਜਾਣਦਾ ਸੀ ਕਿ ਸਾਰੀ ਗੱਲ ਨੱਥਾ ਸਿੰਘ ਦੇ ਦਿਮਾਗ ਦੀ ਕਾਢ ਹੈ।”
ਸਭ ਤੋਂ ਪਹਿਲਾਂ ਤਾਇਆ ਬਸੰਤਾ, ਲਾਲੂ ਭਲਵਾਨ ਦੇ ਟਾਹਲੀ ਵਾਲੇ ਖੇਤ ਵੱਲ ਗਿਆ। ਉੱਥੋਂ ਕਿੱਕਰ ਵਾਲੇ ਖੇਤ ਵਿੱਚ ਅਤੇ ਫਿਰ ਅੰਬ ਵਾਲੇ ਖੇਤ ਵਿੱਚ। ਅਵਾਜ਼ ਮਾਰਨ ‘ਤੇ ਕਾਲੀ ਬਾਹਰ ਆ ਗਿਆ ਅਤੇ ਤਾਏ ਬਸੰਤੇ ਨੂੰ ਦੇਖਦਿਆਂ ਹੀ ਉਹਦਾ ਰੰਗ ਫਕ ਹੋ ਗਿਆ।
“ਦੁਪਹਿਰ ਹੋ ਗਈ ਹੈ, ਕੀ ਪਿੰਡ ਨਹੀਂ ਜਾਣਾ।”
“ਮਰਲੇ-ਡੇਢ ਮਰਲੇ ਦੀ ਗੁਡਾਈ ਰਹਿੰਦੀ ਹੈ।” ਕਾਲੀ ਨੇ ਪਸੀਨਾ ਪੂੰਝਦਿਆਂ ਕਿਹਾ।
ਕਾਲੀ ਮਨ-ਹੀ-ਮਨ ਕੰਬ ਰਿਹਾ ਸੀ ਕਿ ਤਾਇਆ ਬਸੰਤਾ ਹੁਣੇ ਹੀ ਸਵੇਰ ਦੀ ਘਟਨਾ ਦਾ ਜਿ਼ਕਰ ਛੇੜ ਦੇਵੇਗਾ। ਉਹਦੇ ਚਿਹਰੇ ‘ਤੇ ਇਕ ਰੰਗ ਆ ਰਿਹਾ ਸੀ ਅਤੇ ਇਕ ਰੰਗ ਜਾ ਰਿਹਾ ਸੀ। ਜੇ ਤਾਇਆ ਬਸੰਤਾ ਉਹਤੋਂ ਸਿੱਧਾ ਸਵਾਲ ਪੁੱਛਦਾ ਕਿ ਸਵੇਰੇ ਕੀ ਹੋਇਆ ਸੀ ਤਾਂ ਸ਼ਾਇਦ ਕਾਲੀ ਉਹਦੇ ਪੈਰ ਫੜ੍ਹ ਕੇ ਮਾਫੀ ਮੰਗ ਲੈਂਦਾ ਪਰ ਉਸ ਵੱਲੋਂ ਘੁੰਮਾ-ਫਿਰਾ ਕੇ ਗੱਲ ਕਰਨ ਨਾਲ ਕਾਲੀ ਨੂੰ ਸੰਭਲਣ ਦਾ ਮੌਕਾ ਮਿਲ ਗਿਆ। ਉਹ ਘੜੰਮ ਚੌਧਰੀ ਦੀ ਫੈਲਾਈ ਹੋਈ ਗੱਲ ਅਤੇ ਗਿਆਨੋ ਦੀ ਕੁੱਟ-ਮਾਰ ਦੀ ਕਹਾਣੀ ਨੂੰ ਇਸ ਤਰ੍ਹਾਂ ਸ਼ਾਂਤੀ ਨਾਲ ਸੁਣਦਾ ਰਿਹਾ ਜਿਵੇਂ ਉਹਦੇ ਨਾਲ ਉਹਦਾ ਕੋਈ ਸੰਬੰਧ ਨਾ ਹੋਵੇ।
ਉਸ ਵੱਲੋਂ ਇਕ ਹੀ ਵਾਰ ਕਹਿਣ ‘ਤੇ ਕਾਲੀ ਪਿੰਡ ਜਾਣ ਨੂੰ ਰਾਜ਼ੀ ਹੋ ਗਿਆ ਤਾਂ ਤਾਏ ਬਸੰਤੇ ਨੂੰ ਵਿਸ਼ਵਾਸ-ਜਿਹਾ ਹੋਣ ਲੱਗਾ ਕਿ ਉਹਦੀ ਜਗਹ ਸ਼ਾਇਦ ਕੋਈ ਹੋਰ ਮੁੰਡਾ ਹੋਵੇਗਾ। ਪਰ ਫਿਰ ਵੀ ਉਹਨੇ ਕਾਲੀ ਨੂੰ ਸ਼ਰਾਫਤ ਨਾਲ ਰਹਿਣ ਅਤੇ ਮੁਹੱਲੇ ਵਿੱਚ ਹਰ ਇਕ ਕੰਵਾਰੀ ਮੁਟਿਆਰ ਨੂੰ ਭੈਣ ਸਮਝਣ ਦਾ ਸੁਨੇਹਾ ਦਿੱਤਾ। ਕਾਲੀ ਉਹਦੀ ਗੱਲ ਅੱਗੇ ਸਿਰ ਝੁਕਾਉਂਦਾ ਹੋਇਆ ਗਿਆਨੋ ਨੂੰ ਮਿਲਣ ਦੀ ਤਰਕੀਬ ਸੋਚਦਾ ਰਿਹਾ।
ਸ਼ਾਮ ਹੁੰਦਿਆਂ ਹੀ ਕਾਲੀ ਸਾਰਿਆਂ ਦੇ ਸਾਹਮਣੇ ਗਲੀ ਥਾਣੀ ਹੁੰਦਾ ਹੋਇਆ ਲਾਲੂ ਭਲਵਾਨ ਦੀ ਹਵੇਲੀ ਚਲਾ ਗਿਆ। ਲੋਕਾਂ ਨੂੰ ਹੁਣ ਗਿਆਨੋ ਨਾਲ ਹਮਦਰਦੀ ਅਤੇ ਕਾਲੀ ਨਾਲ ਨਫਰਤ ਹੋਣ ਲੱਗੀ ਸੀ। ਗਿਆਨੋ ਨੇ ਲਗਭਗ ਪੱਕਾ ਇਰਾਦਾ ਕਰ ਲਿਆ ਸੀ ਕਿ ਉਹ ਹੁਣ ਕਦੇ ਵੀ ਕਾਲੀ ਨੂੰ ਨਹੀਂ ਮਿਲੇਗੀ। ਪਰ ਜਦੋਂ ਉਹਨੇ ਰਾਤ ਗਈ ਆਪਣੀ ਪੌੜੀ ਰਾਹੀਂ ਹੇਠਾਂ ਉਤਰਦਾ ਇਕ ਪ੍ਰਛਾਵਾਂ ਦੇਖਿਆ ਤਾਂ ਉਹਦਾ ਪੱਕਾ ਇਰਾਦਾ ਇਕ ਪਲ ਵਿੱਚ ਟੁੱਟ ਗਿਆ ਅਤੇ ਉਹ ਕਾਲੀ ਦੀਆਂ ਬਾਹਾਂ ਵਿੱਚ ਲਿਪਟੀ ਖਾਮੋਸ਼ੀ ਵਿੱਚ ਰੋਂਦੀ ਹੋਈ ਆਪਣੇ ਸਾਰੇ ਦੁੱਖ ਧੋਂਦੀ ਰਹੀ।

46
ਪ੍ਰੀਤੋ ਨੂੰ ਜਦੋਂ ਪਤਾ ਲੱਗਾ ਕਿ ਜੱਸੋ, ਗਿਆਨੋ ਦੀ ਮੰਗਨੀ ਕਰਨ ਲਈ ਕਾਹਲੀ ਹੈ ਤਾਂ ਉਹ ਉਹਦੇ ਘਰ ਗਈ ਅਤੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਬਾਅਦ ਜੱਸੋ ਦੇ ਕੰਨ ਵਿੱਚ ਬਹੁਤ ਹੌਲੀ ਅਵਾਜ਼ ਵਿੱਚ ਬੋਲੀ:
“ਸੁਣਿਆ ਤੂੰ ਗਿਆਨੋ ਦੀ ਕੁੜਮਾਈ ਕਰ ਰਹੀ ਹੈਂ?”
ਜੱਸੋ ਨੇ ਹਾਂ ਵਿੱਚ ਸਿਰ ਹਿਲਾਇਆ ਤਾਂ ਪ੍ਰੀਤੋ ਕੁੱਝ ਉੱਚੀ ਅਵਾਜ਼ ਵਿੱਚ ਬੋਲੀ:
“ਮੈਂ ਤੈਨੂੰ ਪਹਿਲਾਂ ਵੀ ਕਈ ਵਾਰ ਕਿਹਾ ਸੀ ਪਰ ਤੂੰ ਮੇਰੀ ਗੱਲ ਵੱਲ ਧਿਆਨ ਨਹੀਂ ਦਿੰਦੀ ਸੀ।”
“ਪ੍ਰੀਤੋ, ਇਹ ਕੰਮ ਮਰਦਾਂ ਦੇ ਹਨ। ਮੈਂ ਮੰਗੂ ਨੂੰ ਪਿਛਲੇ ਛੇ ਮਹੀਨਿਆਂ ਤੋਂ ਕਹਿ ਰਹੀ ਹਾਂ ਕਿ ਗਿਆਨੋ ਵੱਡੀ ਹੋ ਗਈ ਹੈ। ਇਹਦਾ ਕਿਤੇ ਕੋਈ ਟਿਕਾਣਾ ਕਰ।” ਜੱਸੋ ਨੇ ਦ੍ਰਿੜ ਅਵਾਜ਼ ਵਿੱਚ ਕਿਹਾ।
“ਸੱਚ ਤਾਂ ਇਹ ਹੈ ਕਿ ਜਵਾਨ ਭੈਣਾਂ ਅਤੇ ਧੀਆਂ ਸਹੁਰੀਂ ਚੰਗੀਆਂ ਲੱਗਦੀਆਂ ਹਨ... ਜਦੋਂ ਤੱਕ ਵਿਆਹ ਨਾ ਹੋ ਜਾਵੇ ਹਰ ਵੇਲੇ ਧੁੜਕੂ ਲੱਗਾ ਰਹਿੰਦਾ। ਮੈਂ ਇਹ ਨਹੀਂ ਕਹਿੰਦੀ ਕਿ ਹਰ ਜਵਾਨ ਕੁੜੀ ਬਦਮਾਸ਼ ਹੁੰਦੀ ਹੈ। ਪਰ ਇਕ ਕੱਚੀ ਉਮਰ, ਦੂਜਾ ਪਰਾਏ ਘਰਾਂ ਅਤੇ ਖੇਤਾਂ ਵਿੱਚ ਆਉਣਾ ਜਾਣਾ। ਏਦਾਂ ਦੀ ਹਾਲਤ ਵਿੱਚ ਕਈ ਕੁੜੀਆਂ ਆਪਣਾ ਹਾਨ-ਲਾਭ ਭੁੱਲ ਜਾਂਦੀਆਂ ਹਨ...”
“ਸੱਚ ਕਹਿੰਦੀ ਹੈਂ।” ਜੱਸੋ ਨੇ ਬੁੱਝੀ ਹੋਈ ਅਵਾਜ਼ ਵਿੱਚ ਕਿਹਾ।
“ਤੂੰ ਗਿਆਨੋ ਨੂੰ ਛੁੱਟੀ ਵੀ ਬਹੁਤ ਦੇ ਰੱਖੀ ਸੀ। ਫਸਲ ਦੁਆਲੇ ਵਾੜ ਨਾ ਹੋਵੇ ਤਾਂ ਰਾਹ ਜਾਂਦੇ ਜਾਨਵਰ ਵੀ ਮੂੰਹ ਮਾਰਦੇ ਹਨ। ਜਿਹਨੂੰ ਆਦਤ ਪੈ ਜਾਵੇ ਉਹ ਤਾਂ ਸੌ ਕੋਹ ਦਾ ਵਲ ਪਾ ਕੇ ਵੀ ਉੱਥੇ ਪਹੁੰਚੂਗਾ। ਮਾਰ ਕੇ ਪਰ੍ਹਾਂ ਕਰੋ ਤਾਂ ਮੌਕਾ ਮਿਲਦਿਆਂ ਹੀ ਫਿਰ ਆ ਜਾਊਗਾ।”
ਪ੍ਰੀਤੋ ਦੀ ਗੱਲ ਸੁਣ ਕੇ ਜੱਸੋ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਉਹਨੂੰ ਪੀ ਗਈ ਅਤੇ ਲੰਮਾ ਸਾਹ ਖਿੱਚਦੀ ਹੋਈ ਬੋਲੀ:
“ਕੋਈ ਚੰਗਾ-ਜਿਹਾ ਮੁੰਡਾ ਮਿਲ ਜਾਵੇ ਤਾਂ ਅੱਜ ਹੀ ਕੁੜਮਾਈ ਕਰ ਦੇਵਾਂ।”
“ਮੁੰਡਾ ਤਾਂ ਹੈਗਾ...”
“ਕਿਹੜਾ?” ਜੱਸੋ ਨੇ ਚੌਂਕ ਕੇ ਕਿਹਾ।
“ਘਰ ਵੀ ਚੰਗਾ। ਉਹ ਆਪਣਾ ਹੀ ਕੰਮ ਕਰਦੇ ਹਨ। ਮੁੰਡੇ ਦਾ ਪੇ ਖੱਡੀ ਚਲਾਉਂਦਾ ਅਤੇ ਮੁੰਡਾ ਜੁੱਤੀਆਂ ਸਿਉਂਦਾ। ਉਹ ਗਿਆਰਾਂ ਭਰਾ ਭੈਣ ਸੀਗੇ ਪਰ ਹੁਣ ਸੱਤ ਰਹਿ ਗਏ ਹਨ।” ਪ੍ਰੀਤੋ ਬੋਲੀ।
“ਕਿੱਥੋਂ ਦੇ ਹਨ, ਉਹਨਾਂ ਦਾ ਕੋਈ ਅਤਾ ਪਤਾ ਤਾਂ ਹੋਊ।” ਜੱਸੋ ਦੀ ਜਗਿਆਸਾ ਜਾਗ ਉੱਠੀ।
“ਇੱਥੋਂ ਬਹੁਤ ਦੂਰ ਨਹੀਂ ਰਹਿੰਦੇ। ਨੈਨੋਵਾਲ ਇੱਥੇ ਦੋ ਕੋਹ ਹੈ। ... ਨੈਨੋਵਾਲ ਤੋਂ ਸੀਕਰੀ ਇਕ ਕੋਹ... ਸੀਕਰੀ ਤੋਂ ਡੇਢ ਕੋਹ ‘ਤੇ ਸ਼ੇਰ ਪੁਰ ਹੈ। ਉੱਥੇ ਰਹਿੰਦੇ ਹਨ ਉਹ।” ਪ੍ਰੀਤੋ ਨੇ ਕਿਹਾ।
“ਤੇਰੀ ਉਹਨਾਂ ਨਾਲ ਜਾਣ ਪਛਾਣ ਹੈ?”
“ਜਾਣ-ਪਛਾਣ? ... ਮੇਰੇ ਤਾਂ ਨਜ਼ਦੀਕੀ ਰਿਸ਼ਤੇਦਾਰ ਹਨ। ... ਮੁੰਡਾ ਹੈ ਕਮਾਊ... ਪਹਿਲਾਂ ਦੇਸੀ ਜੁੱਤੀਆਂ ਬਣਾਉਂਦਾ ਸੀ ਹੁਣ ਵਿਲਾਇਤੀ ਜੁੱਤੀਆਂ ਬਣਾਉਣ ਲੱਗ ਪਿਆ।” ਪ੍ਰੀਤੋ ਗੱਲ ਨੂੰ ਲਮਕਾਉਂਦੀ ਬੋਲੀ।
ਜੱਸੋ ਉਸ ਮੁੰਡੇ ਬਾਰੇ ਇਕ ਹੀ ਵਾਰ ਸਭ ਕੁੱਝ ਜਾਣ ਲੈਣਾ ਚਾਹੁੰਦੀ ਸੀ ਪਰ ਪ੍ਰੀਤੋ ਇੱਧਰ-ਉੱਧਰ ਦੀਆਂ ਉੱਪਰਲੀਆਂ ਗੱਲਾਂ ਜਿ਼ਆਦਾ ਦੱਸ ਰਹੀ ਸੀ।
“ਮੁੰਡੇ ਦੀ ਉਮਰ ਕਿੰਨੀ ਹੈ?”
“ਪੱਕਾ ਤਾਂ ਮੈਨੂੰ ਯਾਦ ਨਹੀਂ... ਗਿਆਨੋ ਦੇ ਹਾਣ-ਪ੍ਰਵਾਣ ਦਾ ਹੀ ਹੋਣਾ। ਦੋ ਚਾਰ ਸਾਲ ਵੱਡਾ ਹੋਊਗਾ। ਜਦੋਂ ਮੇਰਾ ਵਿਆਹ ਹੋਇਆ ਤਾਂ ਉਹ ਮੇਰੇ ਛੋਟੇ ਅਮਰੂ ਜਿੱਡਾ ਸੀ। ਅਮਰੂ ਨੇ ਅਗਲੇ ਵਿਸਾਖ ਬਾਰਾਂ ਸਾਲਾਂ ਦਾ ਹੋ ਜਾਣਾ।... ਅੱਗੇ ਤੂੰ ਹਿਸਾਬ ਲਾ ਲੈ।” ਪ੍ਰੀਤੋ ਨੇ ਸੋਚਦਿਆਂ ਜੁਆਬ ਦਿੱਤਾ।
“ਏਨਾ ਵੱਡਾ ਹੋ ਗਿਆ ਹੈ ਅਜੇ ਤੱਕ ਉਹਦਾ ਵਿਆਹ ਨਹੀਂ ਹੋਇਆ? ਕੀ ਅੰਗ-ਰੰਗ ਤਾਂ ਠੀਕ ਹੈ?”
“ਜੋ ਏਨਾ ਕਮਾਊ ਹੈ ਉਹਦਾ ਅੰਗ-ਰੰਗ ਠੀਕ ਨਹੀਂ ਹੋਊ। ਹੁਣ ਤਾਂ ਉਹਨੇ ਆਪਣੇ ਨਾਲ ਕੰਮ ਸਿਖਾਉਣ ਲਈ ਦੋ ਮੁੰਡੇ ਸ਼ਗਿਰਦ ਵੀ ਰੱਖ ਲਏ ਹਨ।”
ਜੱਸੋ ਵਾਰ ਵਾਰ ਅੰਗ-ਰੰਗ ਬਾਰੇ ਪੁੱਛਦੀ ਅਤੇ ਪ੍ਰੀਤੋ ਉਹਦੀ ਕਮਾਈ ਬਾਰੇ ਦੱਸਣਾ ਸ਼ੁਰੂ ਕਰ ਦਿੰਦੀ। ਜਦੋਂ ਜੱਸੋ ਜ਼ੋਰ ਦੇ ਕੇ ਪੁੱਛਣ ਲੱਗੀ ਤਾਂ ਪ੍ਰੀਤੋ ਕੁੱਝ ਖਿੱਝ ਕੇ ਬੋਲੀ:
“ਦੇਖ, ਗਿਆਨੋ ਲਈ ਠੀਕ ਰਹੂ।”
“ਕੀ ਮਤਲਬ?” ਜੱਸੋ ਨੇ ਵੀ ਸਖਤ ਅਵਾਜ਼ ਵਿੱਚ ਪੁੱਛਿਆ।
“ਮਤਲਬ ਇਹ ਹੈ ਕਿ ਬਚਪਨ ‘ਚ ਉਹਨੂੰ ਵੱਡੀ ਮਾਤਾ ਨਿਕਲੀ ਸੀ। ਉਸ ਨਾਲ ਉਹਦੀ ਇਕ ਅੱਖ ਚਲੀ ਗਈ ਸੀ। ਪਰ ਦੂਸਰੀ ਅੱਖ ਬਿਲੌਰ ਦੀ ਤਰ੍ਹਾਂ ਸਾਫ ਹੈ।” ਪ੍ਰੀਤੋ ਨੇ ਕਿਹਾ।
“ਸਿੱਧੀ ਤਰ੍ਹਾਂ ਕਿਉਂ ਨਹੀਂ ਕਹਿੰਦੀ ਕਿ ਮੁੰਡਾ ਕਾਣਾ ਹੈ।...” ਜੱਸੋ ਨੇ ਗੁੱਸੇ ਵਿੱਚ ਕਿਹਾ।
“ਆਪਣੀ ਕੁੜੀ ਕਾਣੇ ਨੂੰ ਦੇ ਦੇਵਾਂ... ਵੱਡਾ ਰਿਸ਼ਤਾ ਦਸਦੀ ਹੈ...” ਜੱਸੋ ਜਿਵੇਂ ਫੁੱਟ ਪਈ।
“ਤੇਰੀ ਕੁੜੀ ਵੀ ਕੋਈ ਸੁੱਚਾ ਮੋਤੀ ਨਹੀਂ ਹੈ। ਖੋਟੇ ਮਾਲ ਨੂੰ ਕੋਈ ਕਾਣਾ, ਲੰਗੜਾ-ਲੂਲਾ ਹੀ ਕਬੂਲ ਕਰੂਗਾ।” ਪ੍ਰੀਤੋ ਨੇ ਵੀ ਤਲਖ ਅਵਾਜ਼ ਵਿੱਚ ਜਵਾਬ ਦਿੱਤਾ ਅਤੇ ਬਾਹਰ ਚਲੇ ਗਈ।
ਮੁਹੱਲੇ ਦੀਆਂ ਕੁਛ ਹੋਰ ਬੁੜੀਆਂ ਨੇ ਵੀ ਮੁੰਡਿਆਂ ਦੀ ਦਸ ਪਾਈ ਪਰ ਉਹਨਾਂ ਵਿੱਚੋਂ ਕੋਈ ਚੇਚਕ ਦਾ ਖਾਧਾ ਹੋਇਆ ਸੀ ਅਤੇ ਕੋਈ ਟਾਈਫਾਈਡ ਦਾ ਮਾਰਿਆ ਹੋਇਆ। ਜੱਸੋ ਪਰੇਸ਼ਾਨ ਹੋ ਕੇ ਰੋ ਪੈਂਦੀ ਅਤੇ ਗਿਆਨੋ ਨੂੰ ਬੁਰਾ ਭਲਾ ਕਹਿੰਦੀ। ਪਰ ਆਸ ਦਾ ਕਿਨਾਰਾ ਫੜ੍ਹ ਕੇ ਫਿਰ ਕੋਸਿ਼ਸ਼ ਸ਼ੁਰੂ ਕਰ ਦਿੰਦੀ।
ਇਕ ਦਿਨ ਉਹ ਘਰ ਵਿੱਚ ਇਕੱਲੀ ਬੈਠੀ ਸੀ ਕਿ ਪ੍ਰਸਿੰਨੀ ਆ ਗਈ। ਉਹ ਇੱਧਰ ਉੱਧਰ ਦੀਆਂ ਗੱਲਾਂ ਕਰਨ ਬਾਅਦ ਜੱਸੋ ਨੂੰ ਕਹਿਣ ਲੱਗੀ:
“ਚਾਚੀ ਮੈਂ ਤੇਰੇ ਨਾਲ ਇਕ ਗੱਲ ਕਰਨ ਆਈ ਹਾਂ।”
ਜੱਸੋ ਹੈਰਾਨੀ ਅਤੇ ਡਰ ਨਾਲ ਉਹ ਮੂੰਹ ਵੱਲ ਦੇਖਣ ਲੱਗੀ ਤਾਂ ਉਹ ਮੁਸਕਰਾਉਂਦੀ ਹੋਈ ਬੋਲੀ:
“ਮੈਂ ਕਿਸੇ ਤੇ ਤੁਹਮਤ ਲਾਉਣ ਲਈ ਨਹੀਂ ਆਈ। ਏਦਾਂ ਦੀਆਂ ਗੱਲਾਂ ਤਾਂ ਉਹ ਰੰਡੀਆਂ ਕਰਦੀਆਂ ਹਨ ਜਿਹਨਾਂ ਦੇ ਆਪਣੇ ਕਰਮ ਖੋਟੇ ਹੋਣ।”
ਜੱਸੋ ਦੇ ਚਿਹਰੇ ‘ਤੇ ਸਕੂਨ ਦਿਸਣ ਲੱਗਾ ਤਾਂ ਪ੍ਰਸਿੰਨੀ ਬੋਲੀ:
“ਮੇਰੀ ਪੰਡੋਰੀ ਵਾਲੀ ਮਾਸੀ ਦਾ ਮੁੰਡਾ ਹੈ। ਉਮਰ ਕੋਈ ਵੀਹ ਸਾਲ ਹੋਊਗੀ। ਅੰਗ-ਰੰਗ ਸਭ ਠੀਕ ਹੈ। ਸਾਲ ਵਿੱਚ ਛੇ ਮਹੀਨੇ ਹਮੀਰੇ ਦੀ ਗੰਨਾ ਮਿੱਲ ਵਿੱਚ ਕੰਮ ਕਰਦਾ ਹੈ ਅਤੇ ਛੇ ਮਹੀਨੇ ਪਿੰਡ ਵਿੱਚ ਮਿਹਨਤ ਮਜ਼ਦੂਰੀ। ਛੇ ਭੈਣ ਭਰਾ ਹਨ। ਉਹ ਸਾਰਿਆਂ ਤੋਂ ਵੱਡਾ ਹੈ। ਕਹੇਂ ਤਾਂ ਗਿਆਨੋ ਬਾਰੇ ਗੱਲ ਕਰਾਂ।”
ਜੱਸੋ ਸੋਚ ਵਿੱਚ ਪੈ ਗਈ। ਪ੍ਰਸਿੰਨੀ ਉਹਦੇ ਮਨ ਦਾ ਡਰ ਭਾਂਪਦੀ ਹੋਈ ਬੋਲੀ:
“ਮੁੰਡੇ ਦਾ ਅੰਗ-ਰੰਗ ਸਭ ਠੀਕ ਹੈ। ਮੇਰੇ ‘ਤੇ ਯਕੀਨ ਨਹੀਂ ਤਾਂ ਆਪ ਜਾ ਕੇ ਦੇਖ ਆ ਜਾਂ ਮੰਗੂ ਨੂੰ ਭੇਜ ਦੇ। ਅੱਜਕੱਲ੍ਹ ਉਹ ਪਿੰਡ ਹੀ ਹੈ।”
ਪ੍ਰਸਿੰਨੀ ਨੂੰ ਵਿਸ਼ਵਾਸ ਨਾਲ ਗੱਲ ਕਰਦਿਆਂ ਦੇਖ ਜੱਸੋ ਦੀ ਸ਼ੱਕ ਦੂਰ ਹੋ ਗਈ ਅਤੇ ਉਹ ਫੈਸਲਾਕੁਨ ਅਵਾਜ਼ ਵਿੱਚ ਕਹਿਣ ਲੱਗੀ, “ਤੇਰੀ ਤਸੱਲੀ ਹੈ ਤਾਂ ਮੇਰੀ ਵੀ ਤਸੱਲੀ ਹੈ। ਤੂੰ ਮੁੰਡੇ ਨੂੰ ਚੰਗੀ ਤਰ੍ਹਾਂ ਦੇਖਿਆ ਹੋਇਆ ਹੈ ਨਾ?”
“ਮੈਂ ਤਾਂ ਪਿਛਲੇ ਸਾਲ ਮਾਸੀ ਦੇ ਘਰ ਮਹੀਨਾ-ਭਰ ਰਹਿ ਕੇ ਆਈ ਸੀ। ਇਹ ਕੰਮ ਹੋ ਜਾਵੇ ਤਾਂ ਗਿਆਨੋ ਸੁਖੀ ਰਹੂਗੀ ... ਕੱਚੀ ਉਮਰ ਵਿੱਚ ਕੌਣ ਗਲਤੀ ਨਹੀਂ ਕਰਦਾ। ਇਹ ਜੋ ਵਧਾ ਵਧਾ ਕੇ ਗੱਲਾਂ ਕਰਦੀਆਂ ਹਨ, ਇਹਨਾਂ ਨੂੰ ਆਪਣੇ ਦਿਨ ਯਾਦ ਨਹੀਂ ਰਹੇ। ਚਲੋ ਉਹ ਨਾ ਸਹੀ, ਆਪਣੀ ਔਲਾਦ ਦੀਆਂ ਕਰਤੂਤਾਂ ਕਿਉਂ ਨਹੀਂ ਦੇਖਦੀਆਂ?”
ਜੱਸੋ ‘ਤੇ ਫਿਰ ਉਦਾਸੀ ਛਾਉਣ ਲੱਗੀ ਤਾਂ ਪ੍ਰਸਿੰਨੀ ਨੇ ਗੱਲ ਦਾ ਰੁਖ ਬਦਲ ਦਿੱਤਾ ਅਤੇ ਲੜਕੇ ਅਤੇ ਉਹਦੇ ਮਾਂ-ਬਾਪ ਬਾਰੇ ਵਿਸਥਾਰ ਨਾਲ ਦੱਸਣ ਲੱਗੀ। ਜੱਸੋ ਨੇ ਆਪਣੀ ਤਸੱਲੀ ਕਰਨ ਬਾਅਦ ਸਹਿਮਤੀ ਦੇ ਦਿੱਤੀ ਤਾਂ ਪ੍ਰਸਿੰਨੀ ਸਿਰ ਹਿਲਾਉਂਦੀ ਹੋਈ ਬੋਲੀ:
“ਪਰ ਇਕ ਸ਼ਰਤ ਹੈ?”
“ਕੀ?” ਜੱਸੋ ਚੌਂਕ ਗਈ।
“ਮੇਰੇ ਤਾਏ ਦੀ ਕੁੜੀ ਦਾ ਰਿਸ਼ਤਾ ਮੰਗੂ ਲਈ ਲੈਣਾ ਪਊਗਾ...”
ਪ੍ਰਸਿੰਨੀ ਜੱਸੋ ਦੇ ਜੁਆਬ ਦੀ ਉਡੀਕ ਕੀਤੇ ਬਿਨਾਂ ਹੀ ਤੇਜ਼ ਅਵਾਜ਼ ਵਿੱਚ ਬੋਲੀ:
“ਕੁੜੀ ਸੋਲ੍ਹਵੇਂ ਸਾਲ ਵਿੱਚ ਹੈ। ਰੰਗ ਮੇਰੇ ਰੰਗ ਤੋਂ ਸਾਫ ਹੈ। ਪਰ ਅੱਖਾਂ ‘ਚ ਕੁਕਰੇ ਹਨ। ਵੱਡੀ ਹੋਊਗੀ ਤਾਂ ਆਪਣੇ ਆਪ ਠੀਕ ਹੋ ਜਾਣਗੇ। ਸੁਰਮਾ ਪਾ ਲਵੇ ਤਾਂ ਉਹਨਾਂ ਦਾ ਹੁਣ ਵੀ ਪਤਾ ਨਹੀਂ ਚਲਦਾ। ਦੇਖਣ ਨੂੰ ਪਤਲੀ ਜਿਹੀ ਹੈ ਪਰ ਕੰਮ ਨੂੰ ਗੱਡਾ ਹੈ। ਤੇਰੇ ਘਰੋਂ ਇਕ ਗਿਆਨੋ ਜਾਊਗੀ ਅਤੇ ਦੂਜੀ ਆਊਗੀ। ਉਹਦਾ ਨਾਂ ਵੀ ਗਿਆਨੋ ਹੈ।”
ਜੱਸੋ ਉਹਦੀ ਵੱਲ ਦੇਖਦੀ ਹੋਈ ਬੋਲੀ, “ਇਹ ਤਾਂ ਵੱਟਾ-ਸੱਟਾ ਹੋ ਗਿਆ।”
“ਵੱਟਾ-ਸੱਟਾ ਕਿਵੇਂ? ਗਿਆਨੋ ਮੇਰੀ ਮਾਸੀ ਦੇ ਘਰ ਜਾਊਗੀ ਅਤੇ ਮੇਰੇ ਤਾਏ ਦੀ ਕੁੜੀ ਤੇਰੇ ਘਰ ਆਊਗੀ।”
“ਅੱਛਾ, ਤੇਰੇ ਤਾਏ ਦੀ ਕੁੜੀ ਹੈ। ਮੈਂ ਸਮਝੀ ਸੀ ਮਾਮੇ ਦੀ ਹੈ।” ਜੱਸੋ ਨੇ ਖੁਸ਼ ਹੁੰਦਿਆਂ ਕਿਹਾ ਅਤੇ ਪ੍ਰਸਿੰਨੀ ਨੂੰ ਕਹਿਣ ਲੱਗੀ:
“ਮੁਹੱਲੇ ਵਿੱਚ ਅਜੇ ਕਿਸੇ ਨਾਲ ਗੱਲ ਨਾ ਕਰੀਂ। ਸ਼ਗਨ ਚਲਾ ਗਿਆ ਤਾਂ ਲੋਕਾਂ ਨੂੰ ਆਪਣੇ-ਆਪ ਹੀ ਪਤਾ ਲੱਗ ਜਾਊਗਾ।”
“ਚਾਚੀ, ਮੈਂ ਇਸ ਮੁਹੱਲੇ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਤੂੰ ਚਿੰਤਾ ਨਾ ਕਰ।”
“ਤੂੰ ਅੱਜਕੱਲ੍ਹ ਵਿੱਚ ਹੀ ਪੰਡੋਰੀ ਚਲੀ ਜਾ। ਉੱਧਰ ਗੱਲ ਪੱਕੀ ਕਰਕੇ ਗਿਆਨੋ ਦਾ ਸ਼ਗਨ ਲੈ ਜਾ ਅਤੇ ਫਿਰ ਆਪਣੇ ਪੇਕੀਂ ਜਾ ਕੇ ਮੰਗੂ ਲਈ ਸ਼ਗਨ ਲੈ ਆ। ਤੂੰ ਇਹ ਕੰਮ ਪੱਕਾ ਕਰ ਦੇ ਤਾਂ ਮੈਂ ਸਾਰੀ ਉਮਰ ਤੇਰੇ ਗੁਣ ਗਾਊਂਗੀ।”
ਸੱਤਾਂ ਦਿਨਾਂ ਬਾਅਦ ਤਾਇਆ ਬਸੰਤਾ ਅਤੇ ਮੰਗੂ ਗਿਆਨੋ ਦਾ ਸ਼ਗਨ ਪਾ ਆਏ। ਦੋਨਾਂ ਨੂੰ ਮੁੰਡਾ ਪਸੰਦ ਆਇਆ ਸੀ ਅਤੇ ਉਹ ਉਹਦੀਆਂ ਬਹੁਤ ਸਿਫਤਾਂ ਕਰ ਰਹੇ ਸਨ। ਕੁੱਝ ਦਿਨਾਂ ਬਾਅਦ ਪ੍ਰਸਿੰਨੀ ਦਾ ਭਰਾ ਮੰਗੂ ਨੂੰ ਸ਼ਗਨ ਪਾ ਗਿਆ।
ਗਿਆਨੋ ਦੀ ਮੰਗਣੀ ਤੋਂ ਬਾਅਦ ਪ੍ਰਸਿੰਨੀ ਦਾ ਉਹਨਾਂ ਦੇ ਘਰ ਆਉਣਾ-ਜਾਣਾ ਬਹੁਤ ਵਧ ਗਿਆ। ਪ੍ਰਸਿੰਨੀ ਗਿਆਨੋ ਦੇ ਕੋਲ ਬੈਠਦੀ ਤਾਂ ਹਮੇਸ਼ਾਂ ਉਹਦੇ ਮੰਗੇਤਰ ਦੀਆਂ ਗੱਲਾਂ ਕਰਦੀ। ਉਹਦੇ ਗੁਣ ਗਾਉਂਦੀ ਅਤੇ ਉਹਨੂੰ ਵਿਸ਼ਵਾਸ ਦਿਵਾਉਂਦੀ ਕਿ ਉਹ ਉਹਨੂੰ ਉਂਗਲੀ ਦੇ ਛੱਲੇ ਵਾਂਗ ਰੱਖੇਗਾ। ਗਿਆਨੋ ਆਪਣੇ ਹੀ ਖਿਆਲਾਂ ਵਿੱਚ ਗੁਆਚੀ ਸਿਰ ਹਿਲਾਉਂਦੀ ਰਹਿੰਦੀ।
ਕਾਲੀ ਜਿ਼ਆਦਾਤਰ ਲਾਲੂ ਭਲਵਾਨ ਦੀ ਹਵੇਲੀ ਵਿੱਚ ਹੀ ਰਹਿੰਦਾ। ਉੱਥੇ ਹੀ ਖਾਂਦਾ ਪੀਂਦਾ ਅਤੇ ਉੱਥੇ ਹੀ ਸੌਂ ਜਾਂਦਾ। ਮੁਹੱਲੇ ਵਿੱਚ ਜਦੋਂ ਕਦੇ ਵੀ ਆਉਂਦਾ ਤਾਂ ਕੋਈ-ਨਾ-ਕੋਈ ਉਹਨੂੰ ਇਹ ਖਬਰ ਜ਼ਰੂਰ ਸੁਣਾਉਂਦਾ ਕਿ ਗਿਆਨੋ ਦੀ ਮੰਗਨੀ ਹੋ ਗਈ ਹੈ। ਗੱਲ ਕਰਨ ਦਾ ਢੰਗ ਏਦਾਂ ਦਾ ਹੁੰਦਾ ਜਿਵੇਂ ਪੁੱਛ ਰਿਹਾ ਹੋਵੇ ਕਿ ਹੁਣ ਉਹਦਾ ਕੀ ਬਣੂਗਾ। ਜੱਟਾਂ ਦੇ ਮੁੰਡੇ ਉਹਨੂੰ ਅਵਾਜ਼ ਮਾਰ ਕੇ ਸੱਦਦੇ ਅਤੇ ਮਖੌਲ ਉਡਾਉਂਦੇ ਹੋਏ ਕਹਿੰਦੇ:
“ਚਮਾਰਾ, ਤੂੰ ਮੋਰਨੀ ਦੇ ਜਿਉਂਦੇ ਜੀਅ ਰੰਡਾ ਹੋ ਜਾਣਾ।”
ਦੂਜਾ ਪੁਚਕਾਰ ਕੇ ਕਹਿੰਦਾ, “ਤੂੰ ਇਹਨੂੰ ਨਹੀਂ ਜਾਣਦਾ, ਇਹ ਚਮ੍ਹਾਰਲੀ ਦਾ ਰਾਂਝਾ ਹੈ। ਇਹ ਕੋਈ ਹੋਰ ਹੀਰ ਲੱਭ ਲਊਗਾ।”
ਲੋਕਾਂ ਦੀਆਂ ਗੱਲਾਂ ਸੁਣ ਕੇ ਕਾਲੀ ਨੂੰ ਸ਼ੱਕ ਹੋਣ ਲੱਗਾ ਕਿ ਗਿਆਨੋ ਆਪਣੀ ਮੰਗਨੀ ਤੋਂ ਸੰਤੁਸ਼ਟ ਹੈ। ਉਹ ਰਾਤ ਨੂੰ ਉੱਠ ਕੇ ਹਰ ਉਸ ਜਗ੍ਹਾ ਜਾਂਦਾ ਜਿੱਥੇ ਉਹ ਮਿਲਿਆ ਕਰਦੇ ਸਨ। ਮੁਹੱਲੇ ਵਿੱਚ ਜਾਂਦਾ ਤਾਂ ਵੀ ਗਿਆਨੋ ਗਲੀ ਵਿੱਚ ਦਿਖਾਈ ਨਾ ਦਿੰਦੀ। ਇਹ ਸਾਰਾ ਕੁਝ ਦੇਖ ਕੇ ਉਹਦਾ ਸ਼ੱਕ ਵਿਸ਼ਵਾਸ ਵਿੱਚ ਬਦਲਣ ਲੱਗਾ। ਕਦੇ ਕਦੇ ਇਹ ਸੋਚ ਕੇ ਉਹਦੇ ਦਿਲ ਵਿੱਚ ਹੂਕ ਜਿਹੀ ਉੱਠਦੀ ਕਿ ਗਿਆਨੋ ਨੇ ਮੰਗਨੀ ਤੋਂ ਬਾਅਦ ਉਹਤੋਂ ਮੂੰਹ ਮੋੜ ਲਿਆ ਹੈ। ਉਹਦਾ ਦਿਲ ਕਰਦਾ ਕਿ ਉਹ ਘੱਟੋ ਘੱਟ ਇਕ ਵਾਰ ਮਿਲ ਪਵੇ ਤਾਂਕਿ ਉਹ ਆਪਣੀਆਂ ਅੱਖਾਂ ਨਾਲ ਦੇਖ ਸਕੇ, ਆਪਣੇ ਕੰਨਾਂ ਰਾਹੀਂ ਸੁਣ ਸਕੇ ਕਿ ਉਹ ਖੁਸ਼ ਹੈ।
ਗਲੀਆਂ ਵਿੱਚ ਹਨ੍ਹੇਰਾ ਛਾ ਗਿਆ ਸੀ ਅਤੇ ਘਰਾਂ ਵਿੱਚ ਦੀਵੇ ਬਲ ਚੁੱਕੇ ਸਨ। ਕਾਲੀ ਲਾਲੂ ਭਲਵਾਨ ਦੀ ਹਵੇਲੀ ਵਿੱਚੋਂ ਆਪਣੇ ਘਰ ਨੂੰ ਆ ਰਿਹਾ ਸੀ। ਜੀਤੂ ਦੇ ਘਰ ਦੇ ਸਾਹਮਣਿਉਂ ਲੰਘ ਕੇ ਉਹ ਮੋੜ ‘ਤੇ ਪਹੁੰਚਿਆ ਤਾਂ ਉਹਦੇ ਪੈਰ ਰੁਕ ਗਏ... ਥੋੜ੍ਹੀ ਦੂਰ ‘ਤੇ ਹੀ ਗਿਆਨੋ ਦਾ ਘਰ ਸੀ। ਪਰ ਉਹ ਸਿਰ ਝੁਕਾਈ ਅੱਗੇ ਵਧਣ ਲੱਗਾ। ਗਿਆਨੋ ਦੇ ਘਰ ਦੇ ਬੂਹੇ ਦੇ ਦੋਨੋਂ ਦਰ ਖੁਲ੍ਹੇ ਸਨ। ਵਿਹੜੇ ਵਿੱਚ ਇਕ ਪਾਸੇ ਮਿੱਟੀ ਦੇ ਤੇਲ ਦਾ ਦੀਵਾ ਜਗ ਰਿਹਾ ਸੀ ਅਤੇ ਉਹ ਚੁੱਲ੍ਹੇ ਦੇ ਨੇੜੇ ਦੋਨੋਂ ਗੋਡਿਆਂ ਉੱਤੇ ਠੋਡੀ ਟਿਕਾਈ ਬੈਠੀ ਸੀ। ਉਹਦੇ ਚਿਹਰੇ ਦੇ ਇਕ ਹਿੱਸੇ ‘ਤੇ ਚੁੱਲ੍ਹੇ ਵਿੱਚ ਬਲ ਰਹੀ ਮੱਧਮ ਅੱਗ ਦੀ ਰੌਸ਼ਨੀ ਪੈ ਰਹੀ ਸੀ ਅਤੇ ਵਾਲਾਂ ਦੀਆਂ ਲਟਾਂ ਚਿਹਰੇ ਉੱਤੇ ਝੁਕੀਆਂ ਹੋਈਆਂ ਸਨ।
ਕਾਲੀ ਉਹਨੂੰ ਦੇਖ ਕੇ ਰੁਕ ਗਿਆ ਅਤੇ ਫਿਰ ਉਹਦੀ ਦਹਿਲੀਜ਼ ਵੱਲ ਵੱਧਦਾ ਹੋਇਆ ਬਹੁਤ ਹੀ ਧੀਮੀ ਅਵਾਜ਼ ਵਿੱਚ ਬੋਲਿਆ:
“ਗਿਆਨੋ।”
ਉਹ ਉਸ ਹੀ ਤਰ੍ਹਾਂ ਚੁੱਪਚਾਪ ਅਤੇ ਗੁੰਮ-ਸੁੰਮ ਬੈਠੀ ਰਹੀ ਤਾਂ ਉਹਨੇ ਇਕ ਵਾਰ ਅੱਗੇ ਵੱਧ ਕੇ ਉਹਨੂੰ ਫਿਰ ਅਵਾਜ਼ ਮਾਰੀ। ਗਿਆਨੋ ਨੇ ਚੌਂਕ ਕੇ ਉਸ ਵੱਲ ਦੇਖਿਆ ਅਤੇ ਇਕਦਮ ਉੱਠ ਖੜ੍ਹੀ ਹੋਈ ਅਤੇ ਤੇਜ਼ੀ ਨਾਲ ਉਹਦੇ ਕੋਲ ਆ ਗਈ। ਉਹਦੀਆਂ ਅੱਖਾਂ ਫੈਲ ਕੇ ਬਹੁਤ ਵੱਡੀਆਂ ਲੱਗ ਰਹੀਆਂ ਸਨ। ਬੁੱਲ੍ਹ ਕੰਬ ਰਹੇ ਸਨ। ਉਹ ਇਕਟਕ ਉਹਦੀ ਵੱਲ ਦੇਖਦੀ ਰਹੀ।
ਕਾਲੀ ਕੁੱਝ ਪਲ ਉੱਥੇ ਖੜ੍ਹਾ ਉਹਨੂੰ ਦੇਖਦਾ ਰਿਹਾ ਅਤੇ ਲੰਮਾ ਸਾਹ ਛੱਡਦਾ ਹੋਇਆ ਸਿਰ ਝੁਕਾਈ ਦਰਵਾਜ਼ੇ ਵੱਲ ਮੁੜਿਆ। ਗਿਆਨੋ ਨੇ ਅੱਗੇ ਵੱਧ ਕੇ ਉਹਦਾ ਹੱਥ ਫੜ ਲਿਆ।
ਉਹ ਅਜੇ ਕੋਈ ਗੱਲ ਨਹੀਂ ਕਰ ਸਕੇ ਸਨ ਕਿ ਤਾਈ ਨਿਹਾਲੀ ਆ ਗਈ ਅਤੇ ਕਾਲੀ ਨੂੰ ਉੱਥੇ ਖੜਾ ਦੇਖ ਕੇ ਤਿੱਖੀ ਅਵਾਜ਼ ਵਿੱਚ ਬੋਲੀ:
“ਵੇ, ਤੂੰ ਇੱਥੇ ਖੜ੍ਹਾ ਕੀ ਕਰ ਰਿਹਾ ਹੈਂ?” ਫਿਰ ਉਹ ਜੱਸੋ ਨੂੰ ਅਵਾਜ਼ਾਂ ਮਾਰਦੀ ਉੱਚੀ ਅਵਾਜ਼ ਵਿੱਚ ਬੋਲੀ:
“ਜੱਸੋ ਰੰਡੀ ਦਾ ਵੀ ਕੋਈ ਟਿਕਾਣਾ ਨਹੀਂ। ਕੁੜੀ ਪਹਿਲਾਂ ਹੀ ਮੁਸ਼ਟੰਡੀ ਹੈ ਅਤੇ ਉੱਪਰੋਂ ਇਹ ਉਹਨੂੰ ਇਕੱਲੀ ਛੱਡ ਕੇ ਚਲੀ ਜਾਂਦੀ ਹੈ। ਤਾਂ ਕਿ ਉਹ ਯਰਾਨੇ ਪਾਲ ਸਕੇ।”
ਤਾਈ ਨਿਹਾਲੀ ਦੀ ਅਵਾਜ਼ ਸੁਣ ਕੇ ਮੁਹੱਲੇ ਦੇ ਕਈ ਲੋਕ ਇਕੱਠੇ ਹੋ ਗਏ। ਕਾਲੀ ਦਾ ਤਨ ਅਤੇ ਮਨ ਕੰਬਣ ਲੱਗਾ। ਉਹ ਜਿੱਥੇ ਖੜ੍ਹਾ ਸੀ ਉੱਥੇ ਹੀ ਖੜ੍ਹਾ ਰਿਹਾ। ਗਿਆਨੋ ਉਹਦਾ ਹੱਥ ਛੱਡ ਕੇ ਪਿੱਛੇ ਹੱਟ ਗਈ। ਜੱਸੋ ਆਉਂਦੀ ਹੀ ਕਾਲੀ ਦੇ ਦੁਹੱਥੜਾਂ ਮਾਰਨ ਲੱਗੀ ਅਤੇ ਉਹਨੂੰ ਗਾਹਲਾਂ ਕੱਢਣ ਲੱਗੀ। ਕਾਲੀ ਚੁੱਪਚਾਪ ਖੜ੍ਹਾ ਰਿਹਾ। ਮੰਗੂ ਨੇ ਕਾਲੀ ਨੂੰ ਗਲੋਂ ਫੜ ਲਿਆ ਅਤੇ ਉਹਨੂੰ ਜ਼ੋਰ-ਜ਼ੋਰ ਨਾਲ ਕੁੱਟਣ ਲੱਗਾ। ਇਹ ਦੇਖ ਕੇ ਗਿਆਨੋ ਤੜਪ ਉੱਠੀ ਅਤੇ ਉਹਨੂੰ ਛੁਡਾਉਣ ਲਈ ਅੱਗੇ ਵਧੀ ਪਰ ਜੱਸੋ ਨੇ ਧੱਕਾ ਦੇ ਉਹਨੂੰ ਪਿੱਛੇ ਹਟਾ ਦਿੱਤਾ।
ਮੰਗੂ ਦੀ ਦੇਖਾ-ਦੇਖੀ ਜੀਤੂ, ਬੰਤੂ, ਸੰਤੂ ਅਤੇ ਬੱਗੇ ਨੇ ਵੀ ਕਾਲੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਉਹ ਜੋਸ਼ ਵਿੱਚ ਆ ਗਿਆ। ਉਹਨੇ ਬੰਤੂ ਦਾ ਗੁੱਟ ਮਰੋੜ ਦਿੱਤਾ। ਜੀਤੂ ਦੀ ਪੁੜਪੁੜੀ ਵਿੱਚ ਮੁੱਕਾ ਮਾਰਿਆ ਅਤੇ ਸੰਤੂ ਨੂੰ ਧੱਕਾ ਦੇ ਕੇ ਪਿੱਛੇ ਸੁੱਟ ਦਿੱਤਾ ਪਰ ਮੰਗੂ ਤੋਂ ਚੁੱਪਚਾਪ ਕੁੱਟ ਖਾਂਦਾ ਰਿਹਾ।
ਤਾਏ ਬਸੰਤੇ ਨੇ ਮੰਗੂ ਨੂੰ ਰੋਕ ਦਿੱਤਾ ਅਤੇ ਕਾਲੀ ਨੂੰ ਵਾਲਾਂ ਤੋਂ ਫੜ ਕੇ ਝੰਜੋੜਦਾ ਹੋਇਆ ਬੋਲਿਆ:
“ਕੁੱਤੇ ਦਿਆ ਪੁੱਤਾਂ, ਇੱਥੇ ਕੀ ਲੈਣ ਆਇਆ ਸੀ?”
ਕਾਲੀ ਨੇ ਕੋਈ ਜੁਆਬ ਨਾ ਦਿੱਤਾ ਤਾਂ ਤਾਏ ਬਸੰਤੇ ਨੇ ਉਹਨੂੰ ਖੂਬ ਝੰਜੋੜਿਆ ਅਤੇ ਉਹਦੇ ਮੂੰਹ ‘ਤੇ ਦੋ ਤਿੰਨ ਥੱਪੜ ਜੜ੍ਹ ਦਿੱਤੇ। ਤੀਵੀਂਆਂ ਗਲੀ ਵਿੱਚ ਖੜੀਆਂ ਕਾਲੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਗਾਲ੍ਹਾਂ ਕੱਢਦੀਆਂ ਹੋਈਆਂ ਰੌਲਾ ਪਾ ਰਹੀਆਂ ਸਨ। ਮੰਗੂ ਲੋਕਾਂ ਦੀ ਸ਼ਹਿ ਪਾ ਕੇ ਕਾਲੀ ਦਾ ਖੂਨ ਕਰਨ ਲਈ ਤਿਆਰ ਸੀ।
ਬਾਬਾ ਫੱਤਾ ਆ ਗਿਆ ਤਾਂ ਤਾਇਆ ਬਸੰਤਾ ਪਿੱਛੇ ਹੱਟਦਾ ਹੋਇਆ ਬੋਲਿਆ:
“ਚਾਚਾ, ਮਾਖੇ ਦਾ ਪੁੱਤ ਤਾਂ ਅਨਰਥ ਕਰ ਰਿਹਾ ਹੈ। ਨਾ ਸ਼ਰਮ ਨਾ ਹਿਆ... ਦੇਖੋ ਹਨ੍ਹੇਰ ਸਾਈ ਦਾ...”
ਬਾਬੇ ਫੱਤੇ ਨੇ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਅਤੇ ਸ਼ਾਂਤ ਅਵਾਜ਼ ਵਿੱਚ ਬੋਲਿਆ:
“ਤੂੰ ਇੱਥੇ ਕਿਸ ਲਈ ਆਇਆ ਸੀ?... ਕੀ ਮੰਗੂ ਨਾਲ ਕੋਈ ਕੰਮ ਸੀ?”
ਕਾਲੀ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ ਤਾਂ ਉਹ ਬੋਲਿਆ:
“ਕੀ ਕੁੱਛ ਮੰਗਣ ਆਇਆ ਸੀ?”
“ਨਹੀਂ।”
“ਕੀ ਚੋਰੀ ਕਰਨ ਆਇਆ ਸੀ?”
“ਨਹੀਂ।”
“ਤਾਂ ਫਿਰ ਇਹ ਆਪਣੀ ਮਾਂ...” ਤਾਏ ਬਸੰਤੇ ਨੇ ਗੁੱਸੇ ਵਿੱਚ ਕਿਹਾ। ਬਾਬੇ ਫੱਤੇ ਨੇ ਉਹਨੂੰ ਚੁੱਪ ਕਰਾਉਂਦਿਆਂ ਕਾਲੀ ਨੂੰ ਪੁੱਛਿਆ:
“ਕੀ ਬਦਮਾਸ਼ੀ ਕਰਨ ਆਇਆ ਸੀ?”
“ਨਹੀਂ।”
“ਤਾਂ ਫਿਰ ਆਪ ਹੀ ਦੱਸ ਦੇ ਕਿਸ ਲਈ ਆਇਆ ਸੀ।” ਕਾਲੀ ਦਾ ਜਵਾਬ ਸੁਣਨ ਲਈ ਲੋਕਾਂ ਨੇ ਸਾਹ ਰੋਕ ਲਏ ਅਤੇ ਅੱਗੇ ਵੱਧ ਕੇ ਇਕ ਦੂਜੇ ਨਾਲ ਫਸ ਕੇ ਖੜ੍ਹੇ ਹੋ ਗਏ।
ਕਾਲੀ ਨੇ ਕੋਈ ਜਵਾਬ ਨਾ ਦਿੱਤਾ ਤਾਂ ਉਹ ਉਹਨੂੰ ਸਮਝਾਉਂਦਾ ਹੋਇਆ ਬੋਲਿਆ:
“ਦੇਖ, ਜਿਸ ਵੇਲੇ ਤੂੰ ਮੰਗੂ ਦੇ ਘਰ ਆਇਆ ਸੀ ਤਾਂ ਉਸ ਸਮੇਂ ਉੱਥੇ ਗਿਆਨੋ ਇਕੱਲੀ ਬੈਠੀ ਸੀ। ਜੇ ਤੇਰੇ ਮਨ ਵਿੱਚ ਕੋਈ ਪਾਪ ਨਹੀਂ ਸੀ ਤਾਂ ਤੂੰ ਇਹ ਕਹਿ ਦੇ ਕਿ ਗਿਆਨੋ ਤੇਰੀ ਭੈਣ ਲੱਗਦੀ ਹੈ। ਸਾਡੀ ਸਾਰਿਆਂ ਦੀ ਤਸੱਲੀ ਹੋ ਜਾਊਗੀ ਅਤੇ ਮਾਮਲਾ ਰਫਾ-ਦਫਾ ਹੋ ਜਾਊਗਾ।”
ਬਾਬੇ ਫੱਤੇ ਨੇ ਆਪਣਾ ਸਵਾਲ ਕਈ ਵਾਰ ਦੁਹਰਾਇਆ ਤਾਂ ਕਾਲੀ ਧੀਮੀ ਅਵਾਜ਼ ਵਿੱਚ ਬੋਲਿਆ:
“ਪਹਿਲਾਂ ਗਿਆਨੋ ਤੋਂ ਪੁੱਛ ਲਉ।”
“ਉਹਦੇ ਕੋਲੋਂ ਪੁੱਛ ਲੈਂਦੇ ਹਾਂ।” ਬਾਬਾ ਫੱਤਾ ਗਿਆਨੋ ਨੂੰ ਅਵਾਜ਼ ਦੇ ਕੇ ਬੋਲਿਆ। “ਪੁੱਤ ਪਹਿਲਾਂ ਤੂੰ ਕਹਿ ਦੇ ਕਿ ਇਹ ਤੇਰਾ ਭਰਾ ਲੱਗਦਾ ਹੈ।”
ਗਿਆਨੋ ਚੁੱਪ ਰਹੀ ਤਾਂ ਜੱਸੋ ਚੀਕ ਕੇ ਬੋਲੀ:
“ਸਿਰਮੁੰਨੀਏ, ਬੋਲਦੀ ਕਿਉਂ ਨਹੀਂ।”
ਗਿਆਨੋ ਨੇ ਸਾਰਿਆਂ ਉੱਤੇ ਨਿਗ੍ਹਾ ਮਾਰੀ ਅਤੇ ਕਾਲੀ ਵੱਲ ਇਸ਼ਾਰਾ ਕਰਦੀ ਹੋਈ ਬੋਲੀ:
“ਜੇ ਇਹ ਆਪਣੀ ਛਾਤੀ ‘ਤੇ ਹੱਥ ਰੱਖ ਕੇ ਕਹਿ ਦੇਵੇ ਕਿ ਇਹ ਮੈਨੂੰ ਆਪਣੀ ਭੈਣ ਸਮਝਦਾ ਹੈ ਤਾਂ ਮੈਂ ਮੰਨ ਲਊਂਗੀ।”
ਕਾਲੀ ਨੇ ਚੌਂਕ ਕੇ ਗਿਆਨੋ ਵੱਲ ਦੇਖਿਆ ਅਤੇ ਤਾਏ ਬਸੰਤੇ ਦੀ ਗ੍ਰਿਫਤ ਤੋਂ ਆਪਣਾ ਹੱਥ ਛੁਡਾਉਂਦਾ ਹੋਇਆ ਬੋਲਿਆ:
“ਨਹੀਂ, ਮੈਂ ਨਹੀਂ ਕਹੁੰਗਾ।”
ਲੋਕ ਇਕ ਵਾਰ ਫਿਰ ਰੌਲਾ ਪਾਉਣ ਲੱਗੇ। ਕਾਲੀ ਭੀੜ ਨੂੰ ਚੀਰਦਾ ਹੋਇਆ ਤੇਜ਼ ਤੇਜ਼ ਕਦਮਾਂ ਨਾਲ ਅੱਗੇ ਵੱਧ ਗਿਆ।

47

ਅਗਲੇ ਹੀ ਦਿਨ ਲਾਲੂ ਭਲਵਾਨ ਨੇ ਕਾਲੀ ਨੂੰ ਕੱਢ ਦਿੱਤਾ। ਤਿੰਨ ਦਿਨਾਂ ਬਾਅਦ ਪ੍ਰਸਿੰਨੀ ਨੇ ਗਿਆਨੋ ਅਤੇ ਮੰਗੂ ਦੋਹਾਂ ਦੀਆਂ ਮੰਗਣੀਆਂ ਤੋੜ ਦਿੱਤੀਆਂ। ਕੁਛ ਦਿਨਾਂ ਲਈ ਗਿਆਨੋ ਅਤੇ ਕਾਲੀ ਦੋਹਾਂ ਨੂੰ ਬਹੁਤ ਦੁੱਖ ਝੱਲਣੇ ਪਏ। ਕਾਲੀ ਨੂੰ ਪਿੰਡ ਦਾ ਕੋਈ ਵੀ ਚੌਧਰੀ ਅਤੇ ਦੁਕਾਨਦਾਰ ਕੰਮ ਦੇਣ ਲਈ ਤਾਂ ਕੀ ਮੂੰਹ ਲਾਉਣ ਲਈ ਵੀ ਤਿਆਰ ਨਹੀਂ ਸੀ। ਮੁਹੱਲੇ ਦਾ ਕੋਈ ਵੀ ਆਦਮੀ ਉਹਦੀ ਸ਼ਕਲ ਨਹੀਂ ਸੀ ਦੇਖਣੀ ਚਾਹੁੰਦਾ ਸੀ। ਉਹ ਸਾਰਾ ਦਿਨ ਘਰ ਦੇ ਅੰਦਰ ਬੰਦ ਰਹਿੰਦਾ ਅਤੇ ਗਲੀ ਵਿੱਚ ਆਉਂਦੇ-ਜਾਂਦੇ ਲੋਕਾਂ ਦੀਆਂ ਗਾਹਲਾਂ ਅਤੇ ਅਵਾਜ਼ਾਂ ਸੁਣਦਾ ਰਹਿੰਦਾ।
ਮੰਗੂ, ਜੱਸੋ ਅਤੇ ਮੁਹੱਲੇ ਦੇ ਲੋਕ ਗਿਆਨੋ ‘ਤੇ ਸਖਤ ਨਿਗਰਾਨੀ ਰੱਖਣ ਲੱਗੇ। ਉਹ ਬਾਹਰ ਜਾਂਦੀ ਤਾਂ ਜੱਸੋ ਉਹਦਾ ਪਿੱਛਾ ਕਰਦੀ। ਰਾਤ ਨੂੰ ਮੰਜੇ ਤੇ ਪੈਂਦੀ ਤਾਂ ਉਹਦੇ ਹੱਥ ਪੈਰ ਰੱਸੀ ਨਾਲ ਬੰਨ ਦਿੱਤੇ ਜਾਂਦੇ।
ਪਰ ਹੌਲੀ-ਹੌਲੀ ਤਾਜ਼ਾ ਘਟਨਾ ਦੀ ਚਰਚਾ ਘਟਣ ਲੱਗੀ। ਲੋਕਾਂ ਦੇ ਅੰਦਰ ਗਿਆਨੋ ਅਤੇ ਕਾਲੀ ਬਾਰੇ ਨਫਰਤ ਦੀ ਥਾਂ ਬੇਰੁਖੀ ਨੇ ਲੈਣੀ ਸ਼ੁਰੂ ਕਰ ਦਿੱਤੀ। ਕਾਲੀ ਟਾਂਡਾ ਉੜਮੁੜ ਦੇ ਅੱਡੇ ‘ਤੇ ਮਿਹਨਤ ਮਜ਼ਦੂਰੀ ਕਰਨ ਲੱਗਾ। ਉਹ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਪਿੰਡੋਂ ਚਲਾ ਜਾਂਦਾ ਅਤੇ ਰਾਤ ਪਈ ਵਾਪਸ ਆਉਂਦਾ। ਗਿਆਨੋ ਵੀ ਕੰਮ-ਕਾਰ ਲਈ ਗਲੀ-ਮੁਹੱਲੇ ਵਿੱਚ ਆਉਣ ਲੱਗੀ।
ਕੁੱਝ ਦਿਨ ਲੰਘਣ ਬਾਅਦ ਜੱਸੋ ਨੇ ਗਿਆਨੋ ਦੀ ਮੰਗਣੀ ਦੀ ਗੱਲ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤੀ। ਉਹ ਪ੍ਰੀਤੋ ਦੇ ਘਰ ਉਹਦੇ ਉਸ ਹੀ ਰਿਸ਼ਤੇਦਾਰ ਮੁੰਡੇ ਦਾ ਰਿਸ਼ਤਾ ਮੰਗਣ ਗਈ ਜੋ ਕਾਣਾ ਸੀ। ਪਰ ਪ੍ਰੀਤੋ ਨੇ ਉਹਨਾਂ ਠੁਕਰਾ ਦਿੱਤਾ। ਉਹ ਨੱਕ ਸਿਕੋੜਦੀ ਬੋਲੀ:
“ਅਣਜਾਣੇ ਵਿੱਚ ਤਾਂ ਮੱਖੀ ਨਿਗਲੀ ਜਾ ਸਕਦੀ ਹੈ ਪਰ ਅੱਖੀਂ ਦੇਖ ਕੇ ਕੌਣ ਨਿਗਲੇਗਾ। ਜਿਹੜੀ ਕੁੜੀ ਅੱਜ ਕੁੜਮਾਈ ਛੱਡ ਸਕਦੀ ਹੈ ਉਹ ਕੱਲ੍ਹ ਵਿਆਹ ਵੀ ਤੋੜ ਸਕਦੀ ਹੈ।”
ਪ੍ਰੀਤੋ ਦੀਆਂ ਸੜੀਆਂ-ਬਲੀਆਂ ਗੱਲਾਂ ਸੁਣ ਕੇ ਜੱਸੋ ਘਰ ਵਾਪਸ ਆ ਗਈ ਅਤੇ ਉਹਨੇ ਗਿਆਨੋ ਨੁੰ ਬਹੁਤ ਕੁੱਟਿਆ ਅਤੇ ਆਪ ਵੀ ਬਹੁਤ ਰੋਈ। ਉਹ ਉਹਦੇ ਲਈ ਸਿਰਫ ਵਰ ਚਾਹੁੰਦੀ ਸੀ। ਹੁਣ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਉਹ ਕਾਣਾ ਹੈ ਜਾਂ ਲੰਗੜਾ, ਲੂਲਾ ਹੈ ਜਾਂ ਅਪਾਹਿਜ। ਆਖਿਰਕਾਰ ਉਹਨੂੰ ਇਕ ਤਿੰਨ ਬੱਚਿਆਂ ਦਾ ਰੰਡਾ ਬਾਪ ਮਿਲ ਗਿਆ ਜਿਸ ਨੂੰ ਗਿਆਨੋ ਦੇ ਨਾਲ ਵਿਆਹ ਨੂੰ ਮਨਾਇਆ ਜਾ ਸਕਦਾ ਸੀ।
ਜੱਸੋ ਉਹਦੇ ਬਾਰੇ ਵਿੱਚ ਗੱਲਬਾਤ ਚਲਾ ਰਹੀ ਸੀ ਕਿ ਇਕ ਦਿਨ ਚੌਧਰੀ ਮੁਨਸ਼ੀ ਦੀ ਪਤਨੀ ਨੇ ਉਹਨੂੰ ਆਪਣੇ ਕੋਲ ਸੱਦਿਆ। ਚੌਧਰਾਣੀ ਉਹਨੂੰ ਇਕ ਪਾਸੇ ਲਿਜਾ ਕੇ ਭੇਤਭਰੀ ਅਵਾਜ਼ ਵਿੱਚ ਬੋਲੀ:
“ਨੀ ਜੱਸੋ, ਤੇਰੀ ਕੁੜੀ ਦੇ ਕਿਤੇ ਪੈਰ ਤਾਂ ਨਹੀਂ ਭਾਰੇ?”
“ਕਿਉਂ?” ਜੱਸੋ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ।
“ਕੱਲ੍ਹ ਜਦੋਂ ਉਹ ਇੱਥੇ ਕੰਮ ਕਰਨ ਆਈ ਤਾਂ ਇਸ ਤਰ੍ਹਾਂ ਉਲਟੀਆਂ ਕਰਨ ਲੱਗੀ ਜਿਵੇਂ ਕੁੜੀਆਂ ਪਹਿਲੀ ਵਾਰ ਗਰਭਵਤੀ ਹੋਣ ‘ਤੇ ਕਰਦੀਆਂ ਹਨ। ਮੈਂ ਪੁੱਛਿਆ ਤਾਂ ਕਹਿਣ ਲੱਗੀ ਕਿ ਉਹਦਾ ਜੀਅ ਖਰਾਬ ਹੈ ਅਤੇ ਢਿੱਡ ਵਿੱਚ ਗੜਬੜ ਦੀ ਵਜਹ ਕਾਰਨ ਉਹਨੂੰ ਕਈ ਵਾਰ ਉਲਟੀ ਆ ਜਾਂਦੀ ਹੈ... ਮੈਨੂੰ ਸ਼ੱਕ ਹੈ, ਤੂੰ ਉਹਤੋਂ ਪਤਾ ਕਰੀਂ।” ਚੌਧਰਾਣੀ ਸਮਝਾਉਂਦੀ ਹੋਈ ਬੋਲੀ:
“ਕੁੜੀ ਪਰਾਇਆ ਧਨ ਹੁੰਦੀ ਹੈ। ਜੇ ਮੇਰਾ ਸ਼ੱਕ ਠੀਕ ਨਿਕਲਿਆ ਤਾਂ ਬਹੁਤ ਬੁਰੀ ਗੱਲ ਹੋਊਗੀ। ਕੁੜੀ ਸਾਰੀ ਉਮਰ ਲਈ ਦਾਗੀ ਹੋ ਜਾਊਗੀ।”
ਚੌਧਰਾਣੀ ਜਿ਼ਆਦਾ ਪੁੱਛ-ਗਿੱਛ ਕਰਨ ਲੱਗੀ ਤਾਂ ਜੱਸੋ ਵਾਪਸ ਆ ਗਈ। ਗੁੱਸੇ ਅਤੇ ਡਰ ਨਾਲ ਉਹਦਾ ਸਾਰਾ ਸਰੀਰ ਕੰਬ ਰਿਹਾ ਸੀ। ਉਹ ਡਿੱਗਦੀ ਢਹਿੰਦੀ ਆਪਣੇ ਘਰ ਪਹੁੰਚੀ ਅਤੇ ਸਿਰ ਫੜ ਕੇ ਬੈਠ ਗਈ। ਉਹ ਗਿਆਨੋ ਨੂੰ ਘਰ ਦਾ ਕੰਮ-ਕਾਰ ਕਰਦੀ ਨੂੰ ਬਹੁਤ ਧਿਆਨ ਨਾਲ ਦੇਖਦੀ ਰਹੀ। ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਬਾਰੇ ਵਿੱਚ ਗਿਆਨੋ ਤੋਂ ਕਿਵੇਂ ਪੁੱਛੇ। ਉਹ ਚੌਵ੍ਹੀ ਘੰਟੇ ਇਸ ਫਿਕਰ ਵਿੱਚ ਹੀ ਘੁਲਦੀ ਰਹਿੰਦੀ। ਜੇ ਗਿਆਨੋ ਸੱਚਮੁੱਚ ਹੀ ਗਰਭਵਤੀ ਹੋਈ ਤਾਂ ਇਹਦਾ ਕੀ ਬਣੂਗਾ। ਇਹਦੇ ਨਾਲ ਕੋਈ ਵਿਆਹ ਨਹੀਂ ਕਰੂਗਾ ਅਤੇ ਉਹ ਗਲੀ -ਮੁਹੱਲੇ ਵਿੱਚ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹਿਣਗੇ। ਮੰਗੂ ਨੂੰ ਵੀ ਕੋਈ ਕੁੜੀ ਦੇਣ ਲਈ ਤਿਆਰ ਨਹੀਂ ਹੋਵੇਗਾ।
ਰਾਤ ਨੂੰ ਗਿਆਨੋ ਸੌਂ ਗਈ ਤਾਂ ਜੱਸੋ ਉੱਠ ਕੇ ਉਹਦੇ ਪੁਆਂਦੀ ਬਹਿ ਗਈ ਅਤੇ ਉਹਦਾ ਢਿੱਡ ਟੋਹਣਾ ਸ਼ੁਰੂ ਕਰ ਦਿੱਤਾ। ਗਿਆਨੋ ਦੀ ਅੱਖ ਖੁੱਲ੍ਹ ਗਈ ਅਤੇ ਉਹ ਹੈਰਾਨੀ ਨਾਲ ਆਪਣੀ ਮਾਂ ਨੂੰ ਘੂਰਦੀ ਹੋਈ ਬੋਲੀ:
“ਮਾਂ, ਕੀ ਹੈ?”
ਜੱਸੋ ਨੇ ਪਹਿਲਾਂ ਤਾਂ ਘੁਮਾ-ਫਿਰਾ ਕੇ ਪੁੱਛਣ ਦੀ ਕੋਸਿ਼ਸ਼ ਕੀਤੀ ਪਰ ਜਦੋਂ ਗਿਆਨੋ ਦੀ ਸਮਝ ਵਿੱਚ ਗੱਲ ਨਹੀਂ ਆਈ ਤਾਂ ਉਹਨੇ ਸਿੱਧੀ ਤਰ੍ਹਾਂ ਪੁੱਛ ਲਿਆ।
ਗਿਆਨੋ ਦਾ ਰੰਗ ਉੱਡ ਗਿਆ ਅਤੇ ਉਹ ਡੂੰਘੀ ਚਿੰਤਾ ਨਾਲ ਬੋਲੀ:
“ਮਾਂ, ਮੈਨੂੰ ਪਤਾ ਨਹੀਂ ਹੈ।”
ਜੱਸੋ ਉਹਨੂੰ ਦੁਲਾਰਦੀ ਹੋਈ ਬੋਲੀ:
“ਪੁੱਤ, ਇਹਦੇ ਵਿੱਚ ਸਾਰਿਆਂ ਦੀ ਭਲਾਈ ਹੈ। ਇਸ ਵਿੱਚ ਹੀ ਸਾਰਿਆਂ ਦੀ ਇੱਜ਼ਤ ਹੈ ਕਿ ਤੂੰ ਸਾਫ ਸਾਫ ਦੱਸ ਦੇਵੇਂ।” ਜੱਸੋ ਨਾਲ ਨਾਲ ਹੀ ਰੱਬ ਅੱਗੇ ਅਰਦਾਸ ਕਰ ਰਹੀ ਸੀ ਕਿ ਚੌਧਰਾਣੀ ਦਾ ਸ਼ੱਕ ਨਿਰਆਧਾਰ ਸਿੱਧ ਹੋਵੇ।
ਗਿਆਨੋ ਕੁੱਝ ਦੱਸਣ ਵਿੱਚ ਅਸਫਲ ਰਹੀ ਤਾਂ ਜੱਸੋ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਣ ਲੱਗੀ ਤਾਂ ਕਿ ਉਹਨਾਂ ਦੇ ਜਵਾਬਾਂ ਤੋਂ ਕਿਸੇ ਨਤੀਜੇ ‘ਤੇ ਪਹੁੰਚ ਸਕੇ। ਹੌਲੀ-ਹੌਲੀ ਜੱਸੋ ਨੇ ਉਹਦੀ ਮਾਂਹਵਾਰੀ ਬਾਰੇ ਪੁੱਛਿਆ ਅਤੇ ਗਿਆਨੋ ਦਾ ਜਵਾਬ ਸੁਣ ਕੇ ਕਈ ਸਾਲਾਂ ਦੇ ਉਹਦੇ ਤਜਰਬੇ ਨੇ ਦੱਸ ਦਿੱਤਾ ਕਿ ਚੌਧਰਾਣੀ ਦਾ ਸ਼ੱਕ ਸਹੀ ਹੈ। ਉਹ ਚੀਕ ਕੇ ਬੋਲੀ:
“ਸਿਰਮੁੰਨੀਏ, ਤੂੰ ਅਨਰਥ ਕਰ ਦਿੱਤਾ ਹੈ। ਤੂੰ ਜੰਮਦਿਆਂ ਹੀ ਮਰ ਜਾਂਦੀ ਤਾਂ ਚੰਗਾ ਸੀ।”
ਜੱਸੋ ਰੋਂਦੀ ਹੋਈ ਕਦੇ ਗਿਆਨੋ ਨੂੰ ਦੁਹੱਥੜਾਂ ਮਾਰਦੀ ਅਤੇ ਕਦੇ ਆਪਣਾ ਸਿਰ ਪਿੱਟਣਾ ਸ਼ੁਰੂ ਕਰ ਦਿੰਦੀ।
ਉਹ ਇਸ ਮਾਮਲੇ ਬਾਰੇ ਜਿੰਨਾ ਜਿ਼ਆਦਾ ਸੋਚਦੀ ਉਹਨੂੰ ਉਨਾ ਜਿ਼ਆਦਾ ਹੀ ਡਰ ਮਹਿਸੂਸ ਹੋਣ ਲੱਗਦਾ। ਕਈ ਵਾਰ ਉਹਦੇ ਮਨ ਵਿੱਚ ਵਿਚਾਰ ਆਉਂਦਾ ਕਿ ਉਹਦਾ ਵਿਆਹ ਕਾਲੀ ਨਾਲ ਕਰ ਦੇਵੇ ਪਰ ਇਹ ਸੋਚ ਕੇ ਕੰਬ ਜਾਂਦੀ ਕਿ ਆਪਣੇ ਹੀ ਪਿੰਡ, ਆਪਣੇ ਹੀ ਮੁਹੱਲੇ, ਆਪਣੀ ਹੀ ਗਲੀ ਅਤੇ ਆਪਣੇ ਹੀ ਗੋਤ ਦੇ ਮੁੰਡੇ ਨਾਲ ਕਿਵੇਂ ਵਿਆਹ ਕਰ ਸਕਦੀ ਹੈ। ਇਸ ਤਰ੍ਹਾਂ ਅੱਜ ਤੱਕ ਕਦੇ ਨਹੀਂ ਸੀ ਹੋਇਆ। ਮੁਹੱਲੇ ਵਾਲੇ ਇਹ ਸੁਣਦਿਆਂ ਹੀ ਖਾ ਜਾਣਗੇ ਅਤੇ ਉਹਨਾਂ ਨੂੰ ਇਲਾਕੇ ਵਿੱਚ ਤਾਂ ਕੀ ਕਬਰਾਂ ਵਿੱਚ ਵੀ ਥਾਂ ਨਹੀਂ ਲੱਭੇਗੀ।
ਜੱਸੋ ਦੇ ਸਾਹਮਣੇ ਦੂਜੀ ਵੱਡੀ ਸਮੱਸਿਆ ਇਹ ਸੀ ਕਿ ਉਹ ਮੰਗੂ ਨੂੰ ਦੱਸ ਦੇਵੇ ਜਾਂ ਇਸ ਗੱਲ ਨੂੰ ਆਪਣੇ ਤੱਕ ਹੀ ਰੱਖੇ। ਗਿਆਨੋ ਨੂੰ ਉੱਠਦਿਆਂ-ਬੈਠਦਿਆਂ ਦੇਖ ਕੇ ਉਹ ਰੋ ਪੈਂਦੀ। ਜੇ ਵਿਆਹ ਤੋਂ ਬਾਅਦ ਗਰਭਵਤੀ ਹੁੰਦੀ ਤਾਂ ਲੋਕ ਉਹਦੇ ਘਰ ਵਧਾਈ ਦੇਣ ਆਉਂਦੇ। ਉਹ ਆਪ ਲੋਕਾਂ ਨੂੰ ਦੱਸਦੀ ਕਿ ਉਹਦੀ ਧੀ ਮਾਂ ਬਣਨ ਵਾਲੀ ਹੈ। ਗਲੀ-ਮੁਹੱਲੇ ਦੀਆਂ ਤੀਵੀਂਆ ਉਹਦਾ ਦਿਲ ਪਰਚਾਉਂਦੀਆਂ ਅਤੇ ਉਹਦੇ ਨਾਲ ਛੇੜ-ਛਾੜ ਕਰਦੀਆਂ। ਇਹਦੇ ਸਹੁਰੇ ਕੱਪੜੇ ਭੇਜਦੇ।
ਗਿਆਨੋ ਆਪਣੀ ਜਗਹ ਪਰ ਬਹੁਤ ਜਿ਼ਆਦਾ ਫਿਕਰਮੰਦ ਸੀ। ਉਹਨੂੰ ਪਤਾ ਸੀ ਕਿ ਇਸ ਪਿੰਡ ਵਿੱਚ ਰਹਿੰਦਿਆਂ ਕਾਲੀ ਦੇ ਨਾਲ ਉਹਦਾ ਵਿਆਹ ਨਹੀਂ ਹੋ ਸਕਣਾ। ਉਸ ਲਈ ਤਾਂ ਕਾਲੀ ਨਾਲ ਮਿਲਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਸੀ। ਉਹ ਬਹੁਤ ਰਾਤ ਗਈ ਆਉਂਦਾ ਅਤੇ ਸਵੇਰੇ-ਸਵੇਰੇ ਹੀ ਨਿਕਲ ਜਾਂਦਾ। ਉਹਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕਿਸ ਤਰ੍ਹਾਂ ਉਹਨੂੰ ਇਹ ਖਬਰ ਪਹੁੰਚਾਵੇ ਕਿ ਉਹ ਬਹੁਤ ਮੁਸ਼ਕਿਲ ਵਿੱਚ ਫਸ ਗਈ ਹੈ।
ਜੱਸੋ ਨੇ ਫੈਸਲਾ ਕੀਤਾ ਕਿ ਅਜੇ ਉਹ ਮੰਗੂ ਨੂੰ ਕੁੱਝ ਨਹੀਂ ਦੱਸੇਗੀ। ਉਹਨੂੰ ਚੌਧਰਾਣੀ ਨੇ ਫਿਰ ਸੱਦਿਆ ਤਾਂ ਉਹ ਉਹਨੂੰ ਕਹਿ ਆਈ ਕਿ ਉਹਦਾ ਸ਼ੱਕ ਨਿਰਆਧਾਰ ਹੈ। ਪਰ ਇਹ ਕਹਿੰਦਿਆਂ ਉਹਦੀ ਜ਼ਬਾਨ ਕੰਬ ਗਈ ਅਤੇ ਚੌਧਰਾਣੀ ਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ। ਉਹਨੇ ਚਮ੍ਹਾਰਲੀ ਦੀਆਂ ਹੋਰ ਔਰਤਾਂ ਨਾਲ ਗੱਲ ਕਰ ਦਿੱਤੀ। ਉਹਨਾਂ ਦੀ ਵੀ ਜਗਿਆਸਾ ਜਾਗ ਉੱਠੀ ਅਤੇ ਉਹ ਗਿਆਨੋ ਨੂੰ ਆਉਂਦਿਆਂ-ਜਾਂਦਿਆਂ ਬਹੁਤ ਧਿਆਨ ਨਾਲ ਦੇਖਦੀਆਂ।
ਉਹਨੇ ਗਿਆਨੋ ਨੂੰ ਗਰਮ ਚੀਜ਼ਾਂ ਦਾ ਉਹ ਕਾੜ੍ਹਾ ਪਿਲਾਉਣਾ ਸ਼ੁਰੂ ਕਰ ਦਿੱਤਾ ਜਿਹੜਾ ਪਸ਼ੂਆਂ ਨੂੰ ਠੰਢ ਲੱਗਣ ‘ਤੇ ਦਿੱਤਾ ਜਾਂਦਾ ਹੈ। ਗਿਆਨੋ ਕੌੜਾ ਅਤੇ ਕਸੈਲਾ ਕਾੜ੍ਹਾ ਵੀ ਚਾਅ ਨਾਲ ਪੀਂਦੀ ਰਹੀ। ਜੱਸੋ ਨੇ ਉਹਨੂੰ ਸਖਤ ਹਿਦਾਇਤ ਕਰ ਦਿੱਤੀ ਕਿ ਉਹ ਘਰ ਤੋਂ ਬਾਹਰ ਅਤੇ ਕਿਸੇ ਦੇ ਸਾਹਮਣੇ ਪਿਸ਼ਾਬ ਨਾ ਕਰੇ। ਉਹ ਜਿੰਨੀ ਵਾਰ ਪਿਸ਼ਾਬ ਕਰਦੀ ਜੱਸੋ ਧਿਆਨ ਨਾਲ ਉਹਦਾ ਨਿਰੀਖਣ ਕਰਦੀ ਅਤੇ ਉਸ ਵਿੱਚ ਖੂਨ ਦੇ ਧੱਬੇ ਨਾ ਦੇਖ ਕੇ ਨਿਰਾਸ਼ ਹੋ ਜਾਂਦੀ।
ਤਿੰਨ ਦਿਨ ਤੱਕ ਕਾੜ੍ਹਾ ਪੀਣ ਤੋਂ ਬਾਅਦ ਗਿਆਨੋ ਦਾ ਪੇਟ ਸਖਤ ਖਰਾਬ ਹੋ ਗਿਆ ਅਤੇ ਉਹਨੂੰ ਦਸਤ ਲੱਗ ਗਏ। ਜੱਸੋ ਦੀ ਨਿਰਾਸ਼ਾ ਆਸ ਵਿੱਚ ਬਦਲ ਗਈ। ਗਿਆਨੋ ਨੂੰ ਕਈ ਵਾਰ ਰਾਤ ਨੂੰ ਵੀ ਬਾਹਰ ਜਾਣਾ ਪੈਂਦਾ। ਜੱਸੋ ਦੋ-ਚਾਰ ਵਾਰ ਉਹਦੇ ਨਾਲ ਗਈ ਪਰ ਬਾਅਦ ਵਿੱਚ ਗਿਆਨੋ ਇਕੱਲੀ ਜਾਣ ਲੱਗ ਪਈ।
ਗਿਆਨੋ ਰਾਤ ਨੂੰ ਖੇਤਾਂ ਵਿੱਚੋਂ ਵਾਪਸ ਆ ਰਹੀ ਸੀ ਕਿ ਕਾਲੀ ਦੇ ਘਰ ਵਿੱਚ ਉਹਨੂੰ ਰੌਸ਼ਨੀ ਦਿਖਾਈ ਦਿੱਤੀ। ਉਹ ਬੇ-ਝਿਜਕ ੳਹਦੇ ਦਰਵਾਜ਼ੇ ਵੱਲ ਵੱਧ ਗਈ। ਪਹਿਲੀ ਦਸਤਕ ‘ਤੇ ਉਹਨੇ ਬੂਹਾ ਖੋਲ੍ਹ ਦਿੱਤਾ। ਗਿਆਨੋ ਨੂੰ ਬਹੁਤ ਹੀ ਕਮਜ਼ੋਰ, ਪਰੇਸ਼ਾਨ ਅਤੇ ਹਤਾਸ਼ ਦੇਖ ਕੇ ਕਾਲੀ ਦੇ ਕਾਲਜੇ ਵਿੱਚ ਖੋਹ ਪਈ। ਉਹਦਾ ਉੱਡਿਆ ਹੋਇਆ ਜੋਬਨ ਅਤੇ ਰੰਗਰੂਪ ਦੇਖ ਕੇ ਗਿਆਨੋ ਨੂੰ ਵੀ ਬਹੁਤ ਦੁੱਖ ਪਹੁੰਚਿਆ।
ਗਿਆਨੋ ਉਹਦੇ ਨੇੜੇ ਆ ਗਈ ਅਤੇ ਕੁੱਝ ਦੇਰ ਤੱਕ ਦੋਵੇਂ ਖਾਮੋਸ਼ ਬੈਠੇ ਰਹੇ। ਪਹਿਲਾਂ ਉਹ ਮਿਲਦੇ ਤਾਂ ਆਪਣੇ ਸਾਰੇ ਦੁੱਖ-ਦਰਦ ਭੁੱਲ ਕੇ ਖੁਸ਼ੀ ਵਿੱਚ ਡੁੱਬ ਜਾਂਦੇ ਸੀ ਪਰ ਅੱਜ ਦੋਨਾਂ ਦੇ ਦੁੱਖ ਪਹਿਲਾਂ ਨਾਲੋ ਬਹੁਤ ਜਿ਼ਆਦਾ ਵੱਧ ਚੁੱਕੇ ਸਨ। ਗਿਆਨੋ ਨਜ਼ਰਾਂ ਝੁਕਾਈ ਬੈਠੀ ਸੀ। ਕਾਲੀ ਨੇ ਹੌਂਸਲਾ ਕਰਕੇ ਉਹਦਾ ਚਿਹਰਾ ਉੱਪਰ ਚੁੱਕਿਆ ਤਾਂ ਉਹਦੀਆਂ ਅੱਖਾਂ ਵਿੱਚ ਛਲਕ ਰਹੇ ਹੰਝੂ ਗੱਲਾਂ ‘ਤੇ ਵਗਣ ਲੱਗੇ। ਉਹ ਹੰਝੂ ਪੂੰਝਦੀ ਬਹੁਤ ਹੀ ਤਰਲੇ ਭਰੀ ਅਵਾਜ਼ ਵਿੱਚ ਬੋਲੀ:
“ਮੈਨੂੰ ਇੱਥੋਂ ਕਿਤੇ ਲੈ ਜਾ। ਗੱਲ ਬਹੁਤ ਵਿਗੜ ਗਈ ਹੈ।”
ਗਿਆਨੋ ਨੇ ਕਾਲੀ ਨੂੰ ਆਪਣੇ ਗਰਭ ਬਾਰੇ ਦੱਸਿਆ ਤਾਂ ਉਹਦੀਆਂ ਅੱਖਾਂ ਫੈਲ ਗਈਆਂ। ਉਹ ਡਰ ਨਾਲ ਕੰਬਣ ਲੱਗੀ। ਹੌਲੀ-ਹੌਲੀ ਉਹਨੇ ਆਪਣੇ-ਆਪ ‘ਤੇ ਕਾਬੂ ਪਾ ਲਿਆ ਅਤੇ ਆਪਣੀ ਅਵਾਜ਼ ਵਿੱਚ ਠਰੰਮਾ ਲਿਆਉਣ ਦੀ ਕੋਸਿ਼ਸ਼ ਕਰਦਾ ਬੋਲਿਆ, “ਮੈਂ ਇਕ-ਦੋ ਦਿਨ ਵਿੱਚ ਕੁੱਛ ਨਾ ਕੁੱਛ ਕਰੂੰਗਾ।” ਕਹਿ ਕੇ ਕਾਲੀ ਸੋਚ ਵਿੱਚ ਪੈ ਗਿਆ ਅਤੇ ਫਿਰ ਗਿਆਨੋ ਦਾ ਸਿਰ ਸਹਿਲਾਉਂਦਾ ਹੋਇਆ ਬੋਲਿਆ:
“ਤੂੰ ਇਸਾਈ ਬਣਨ ਨੂੰ ਤਿਆਰ ਹੈਂ ਨਾ?”
“ਤੇਰੇ ਨਾਲ ਤੂੰ ਜੋ ਕਹੇਂਗਾ ਬਣ ਜਾਊਂਗੀ ਪਰ ਮੈਨੂੰ ਇੱਥੋਂ ਕੱਢ ਲੈ।”
“ਅੱਛਾ, ਕੱਲ੍ਹ ਦੱਸੂੰਗਾ, ਤੂੰ ਪਹਿਰਾ ਸ਼ੁਰੂ ਹੋਣ ਵੇਲੇ ਤਕੀਏ ਤੋਂ ਪਰ੍ਹੇ ਮਿਲੀਂ। ਮੈਂ ਉੱਥੇ ਤੇਰੀ ਉਡੀਕ ਕਰੂੰਗਾ।”
ਕਾਲੀ ਸਵੇਰੇ ਉੱਠਦੇ ਸਾਰ ਹੀ ਪਾਦਰੀ ਦੇ ਕੋਲ ਗਿਆ। ਉਹ ਹਮੇਸ਼ਾਂ ਦੀ ਤਰ੍ਹਾਂ ਖੁਸ਼ੀ ਨਾਲ ਮਿਲਿਆ ਅਤੇ ਇੱਧਰ-ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਕਾਲੀ ਨੂੰ ਉਦਾਸ ਅਵਾਜ਼ ਵਿੱਚ ਕਹਿਣ ਲੱਗਾ:
“ਇਹ ਪਿੰਡ ਬਹੁਤ ਖਰਾਬ ਹੈ। ਇੱਥੋਂ ਦੇ ਲੋਕਾਂ ਦੇ ਖਿਆਲਾਤ ਬਹੁਤ ਗੰਦੇ ਹਨ। ਚੰਗੇ ਭਲੇ ਬੰਦੇ ਵਿੱਚ ਕੀੜੇ ਕੱਢਦੇ ਹਨ। ਯੀਸੂ ਮਸੀਹ ਇਹਨਾਂ ‘ਤੇ ਰਹਿਮ ਕਰੇ।” ਪਾਦਰੀ ਨੇ ਛਾਤੀ ‘ਤੇ ਹੱਥ ਨਾਲ ਕਰਾਸ ਬਣਾ ਕੇ ਕਿਹਾ।
ਕਾਲੀ ਪਾਦਰੀ ਦੇ ਮੂੰਹ ਤੋਂ ਧੀਰਜ ਬਣਾਉਣ ਵਾਲੇ ਸ਼ਬਦ ਸੁਣ ਕੇ ਧੀਮੀ ਅਵਾਜ਼ ਵਿੱਚ ਆਪਣੇ ਮਨ ਦੀ ਗੱਲ ਦੱਸਣ ਲੱਗਾ। ਪਾਦਰੀ ਦੀ ਹਮਦਰਦੀ ਲਗਾਤਾਰ ਉਹਦੇ ਨਾਲ ਵੱਧਦੀ ਜਾ ਰਹੀ ਸੀ। ਕਾਲੀ ਨੇ ਜਦੋਂ ਇਸਾਈ ਧਰਮ ਗ੍ਰਹਿਣ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਪਾਦਰੀ ਦਾ ਚਿਹਰਾ ਖਿੜ ਉੱਠਿਆ ਅਤੇ ਉਹ ਖੁਸ਼ ਹੋ ਕੇ ਬੋਲਿਆ:
“ਮੈਨੂੰ ਯਕੀਨ ਸੀ ਕਿ ਇਕ-ਨਾ-ਇਕ ਦਿਨ ਤੇਰੇ ਅੰਦਰ ਯੀਸੂ ਮਸੀਹ ਦਾ ਪ੍ਰੇਮ ਜਾਗੂਗਾ ਅਤੇ ਤੂੰ ਉਸ ਮੁਕੱਦਸ ਬਾਪ ਦੇ ਪੈਰਾਂ ਵਿੱਚ ਆ ਡਿੱਗੇਗਾਂ।”
“ਮੈਂ ਇਕੱਲਾ ਹੀ ਇਸਾਈ ਨਹੀਂ ਬਣੂੰਗਾ, ਮੇਰੇ ਸਾਥ ਗਿਆਨੋ ਵੀ ਇਸਾਈ ਬਣੂਗੀ।”
“ਉਹਦੀ ਮਾਂ ਅਤੇ ਭਰਾ ਵੀ?” ਪਾਦਰੀ ਨੇ ਉਤਸੁਕਤਾ ਨਾਲ ਪੁੱਛਿਆ।
“ਉਹ ਨੀਂ ਬਣਨਗੇ। ਇਸਾਈ ਬਣਨ ਤੋਂ ਬਾਅਦ ਮੈਂ ਅਤੇ ਗਿਆਨੋ ਵਿਆਹ ਕਰਾਂਗੇ... ਇਸਾਈ ਧਰਮ ‘ਚ ਇਸ ਤਰ੍ਹਾਂ ਦੇ ਵਿਆਹ ਦੀ ਮਨਾਹੀ ਤਾਂ ਨਹੀਂ?”
“ਨਹੀਂ, ਮਨਾਹੀ ਤਾਂ ਨਹੀਂ ਹੈ... ਪਰ ਗਿਆਨੋ ਦੀ ਉਮਰ ਛੋਟੀ ਹੈ, ਉਹ ਨਾਬਾਲਿਗ ਹੈ... ਉਹ ਆਪਣੀ ਮਾਂ ਦੀ ਇਜਾਜ਼ਤ ਬਿਨਾਂ ਆਪਣਾ ਧਰਮ ਨਹੀਂ ਬਦਲ ਸਕਦੀ।”
ਪਾਦਰੀ ਦੀ ਗੱਲ ਸੁਣ ਕੇ ਕਾਲੀ ਬਹੁਤ ਉਦਾਸ ਹੋ ਗਿਆ ਅਤੇ ਉਹਦੇ ਗੋਡਿਆਂ ਵੱਲ ਝੁਕਦਾ ਹੋਇਆ ਤਰਲੇ ਭਰੇ ਅਵਾਜ਼ ਵਿੱਚ ਬੋਲਿਆ:
“ਪਾਦਰੀ ਜੀ, ਸਾਡੀ ਮਦਦ ਕਰੋ... ਸਾਨੂੰ ਕੋਈ ਰਸਤਾ ਦੱਸੋ... ਘਰ ਤੋਂ ਭੱਜਦੇ ਹਾਂ ਤਾਂ ਪੁਲਿਸ ਪਿੱਛਾ ਕਰੂਗੀ... ਫਿਰ ਭੱਜ ਕੇ ਜਾਵਾਂਗੇ ਕਿੱਥੇ?” ਕਾਲੀ ਦੀਆਂ ਅੱਖਾਂ ਵਿੱਚ ਹੰਝੂ ਛਲਕਣ ਲੱਗੇ। ਪਾਦਰੀ ਉਹਦੇ ਸਿਰ ਉੱਤੇ ਹੱਥ ਰੱਖਦਾ ਹੋਇਆ ਬੋਲਿਆ:
“ਮੈਂ ਇਸ ਮਾਮਲੇ ਵਿੱਚ ਤੇਰੀ ਕੋਈ ਮਦਦ ਨਹੀਂ ਕਰ ਸਕਦਾ... ਤੁਹਾਡੇ ਲਈ ਸਿਰਫ ਦੁਆ ਹੀ ਮੰਗ ਸਕਦਾ ਹਾਂ।”
ਕਾਲੀ ਪਾਦਰੀ ਦੇ ਘਰੋਂ ਸਿੱਧਾ ਟਾਂਡਾ ਉੜਮੁੜ ਚਲਾ ਗਿਆ। ਉਹ ਸਾਰਾ ਦਿਨ ਅੱਡੇ ਦੇ ਨਾਲ ਅੰਬਾਂ ਦੇ ਬਾਗ ਵਿੱਚ ਲੰਮਾ ਪਿਆ ਸੋਚ ਵਿੱਚ ਡੁੱਬਿਆ ਰਿਹਾ। ਗਿਆਨੋ ਨੂੰ ਨਾਲ ਲੈ ਕੇ ਭੱਜਣ ਦੀ ਗੱਲ ਸੋਚਦਾ ਤਾਂ ਉਹਦੀਆਂ ਅੱਖਾਂ ਅੱਗੇ ਪੁਲਿਸ ਦੇ ਸਿਪਾਹੀਆਂ ਦੀਆਂ ਸਖਤ ਸ਼ਕਲਾਂ ਘੁੰਮ ਜਾਂਦੀਆਂ ਅਤੇ ਕੰਨਾਂ ਵਿੱਚ ਉਹਨਾਂ ਦੀਆਂ ਗਾਲ੍ਹਾਂ ਅਤੇ ਕੁੱਟ ਗੂੰਜਣ ਲੱਗਦੀ ਅਤੇ ਉਹਦਾ ਹੌਂਸਲਾ ਟੁੱਟ ਜਾਂਦਾ। ਕਦੇ ਉਹ ਸੋਚਦਾ ਕਿ ਉਹ ਇਕੱਲਾ ਹੀ ਪਿੰਡ ਛੱਡ ਕੇ ਚਲਾ ਜਾਵੇ ਪਰ ਇਸ ਗੱਲ ਲਈ ਵੀ ਉਹਦਾ ਮਨ ਨਾ ਮੰਨਦਾ।
ਰਾਤ ਨੂੰ ਉਹ ਅਣਮੰਨਿਆ ਜਿਹਾ ਤਕੀਏ ਤੋਂ ਪਰ੍ਹਾਂ ਫਸਲ ਵਿੱਚ ਬੈਠਾ ਗਿਆਨੋ ਦੀ ਉਡੀਕ ਕਰਦਾ ਰਿਹਾ। ਉਹਦਾ ਦਿਲ ਧੱਕ-ਧੱਕ ਕਰ ਰਿਹਾ ਸੀ। ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਉਹਨੂੰ ਕੀ ਜਵਾਬ ਦੇਵੇਗਾ। ਇਸ ਸਖਤ ਮੁਸ਼ਕਿਲ ਦਾ ਕਿਸ ਤਰ੍ਹਾਂ ਹੱਲ ਕੱਢੇਗਾ। ਪੱਤਾ ਵੀ ਹਿੱਲਦਾ ਤਾਂ ਉਹਦੇ ਕੰਨ ਖੜ੍ਹੇ ਹੋ ਜਾਂਦੇ ਅਤੇ ਸਾਹ ਰੁਕਣ ਲੱਗਦਾ। ਪਿੰਡ ਵਿੱਚ ਪਹਿਰਾ ਸ਼ੁਰੂ ਹੋ ਗਿਆ ਪਰ ਗਿਆਨੋ ਨਾ ਆਈ। ਉਹ ਕੁਛ ਸਮੇਂ ਤੱਕ ਲੁਕ ਕੇ ਬੈਠਾ ਰਿਹਾ। ਪਹਿਰੇਦਾਰ ਪਿੰਡ ਦੇ ਦੂਸਰੇ ਪਾਸੇ ਪਹੁੰਚ ਗਿਆ ਸੀ ਪਰ ਗਿਆਨੋ ਅਜੇ ਤੱਕ ਨਹੀਂ ਸੀ ਆਈ। ਉਹ ਫਸਲ ਤੋਂ ਬਾਹਰ ਆ ਗਿਆ ਅਤੇ ਦੱਬੇ ਪੈਰੀਂ ਪਿੰਡ ਵੱਲ ਤੁਰ ਪਿਆ। ਉਹ ਗਿਆਨੋ ਦੇ ਦਰਵਾਜ਼ੇ ਦੇ ਸਾਹਮਣੇ ਕੁੱਝ ਪਲਾਂ ਲਈ ਰੁਕ ਗਿਆ ਅਤੇ ਉੱਥੇ ਬਿਲਕੁਲ ਖਾਮੋਸ਼ੀ ਦੇਖ ਕੇ ਅੱਗੇ ਵੱਧ ਗਿਆ। ਮੰਜੇ ‘ਤੇ ਪੈਂਦਿਆਂ ਹੀ ਉਹਨੂੰ ਫਿਕਰ ਨੇ ਘੇਰ ਲਿਆ ਕਿ ਪਤਾ ਨਹੀਂ ਗਿਆਨੋ ਕਿਉਂ ਨਹੀਂ ਆਈ। ਉਹ ਵਚਨ ਦੇ ਕੇ ਪਿੱਛੇ ਹਟਣ ਵਾਲੀ ਤਾਂ ਨਹੀਂ ਹੈ। ਉਹ ਸਾਰੀ ਰਾਤ ਸੁੱਤਾ-ਅੱਧਸੁੱਤਾ ਇਸ ਹੀ ਸੋਚ ਵਿੱਚ ਡੁੱਬਿਆ ਰਿਹਾ।
ਸੱਤ ਦਿਨਾਂ ਤੱਕ ਕਾੜ੍ਹਾ ਪਿਲਾਉਣ ਤੋਂ ਬਾਅਦ ਵੀ ਗਿਆਨੋ ਨੂੰ ਕੋਈ ਫਾਇਦਾ ਨਾ ਹੋਇਆ ਤਾਂ ਜੱਸੋ ਬੁਖਲਾ ਗਈ। ਉਹਨੇ ਗਿਆਨੋ ਨੂੰ ਬਹੁਤ ਕੁੱਟਿਆ ਅਤੇ ਆਪ ਵੀ ਬਹੁਤ ਰੋਈ। ਉਹ ਕੋਠੜੀ ਵਿੱਚ ਪਈ ਇਸ ਤਰ੍ਹਾਂ ਵਿਰਲਾਪ ਕਰਦੀ ਰਹੀ ਜਿਵੇਂ ਉਹਦਾ ਨੌਜਵਾਨ ਪੁੱਤ ਮਰ ਗਿਆ ਹੋਵੇ। ਉਹਨੇ ਮੰਗੂ ਨੂੰ ਚੌਧਰੀ ਦੀ ਹਵੇਲੀਓਂ ਸੱਦ ਲਿਆ ਅਤੇ ਉਹਨੂੰ ਕੋਠੜੀ ਵਿੱਚ ਲਿਜਾ ਕੇ ਦਰਵਾਜ਼ਾ ਬੰਦ ਕਰ ਲਿਆ ਅਤੇ ਆਪਣੀ ਛਾਤੀ ਪਿੱਟਦੀ ਬੋਲੀ, “ਪੁੱਤਰਾ ਅਨਰਥ ਹੋ ਗਿਆ ਹੈ।” ਫਿਰ ਉਹ ਮੰਗੂ ਦੇ ਕੰਨ ਵਿੱਚ ਖੁਸਰ-ਫੁਸਰ ਕਰਨ ਲੱਗੀ।
ਮੰਗੂ ਉਹਦੀ ਗੱਲ ਸੁਣ ਕੇ ਭੜਕ ਪਿਆ ਅਤੇ ਦੰਦ ਪੀਂਹਦਾ ਹੋਇਆ ਬੋਲਿਆ, “ਮੈਂ ਦੋਨਾਂ ਨੂੰ ਮਾਰ ਦਿਆਂਗਾ।” ਜੱਸੋ ਉਹਦੇ ਮੂੰਹ ‘ਤੇ ਹੱਥ ਰੱਖਦੀ ਹੋਈ ਦੱਬੀ ਅਵਾਜ਼ ਵਿੱਚ ਬੋਲੀ:
“ਰੌਲਾ ਕਿਉਂ ਪਾਉਂਦੇ ਹੋ। ਇੱਜ਼ਤ ਪਹਿਲਾਂ ਹੀ ਰੁਲ ਗਈ ਹੈ ਹੁਣ ਮਿੱਟੀ ਵੀ ਰੋਲਣੀ ਚਾਹੁੰਦਾ ਹੈਂ... ਆਪਣੀ ਚੀਜ਼ ਖੋਟੀ ਸੀ। ਦੂਜੇ ਨੂੰ ਦੋਸ਼ ਕਿਸ ਗੱਲ ਦਾ।”
ਮੰਗੂ ਕੁੱਝ ਸ਼ਾਂਤ ਹੋ ਗਿਆ ਤਾਂ ਜੱਸੋ ਉਦਾਸ ਅਵਾਜ਼ ਵਿੱਚ ਬੋਲੀ:
“ਮੈਂ ਸਭ ਓੜ੍ਹ-ਪੋੜ੍ਹ ਕਰਕੇ ਦੇਖ ਲਏ ਹਨ। ਉਹਨਾਂ ਨਾਲ ਕੁਛ ਨਹੀਂ ਬਣਿਆ। ਮੁਹੱਲੇ ਵਿੱਚ ਵੀ ਲੋਕਾਂ ਨੂੰ ਸ਼ੱਕ ਹੋ ਗਿਆ ਹੈ। ਹਾਲੇ ਤੱਕ ਮੈਨੂੰ ਕਿਸੇ ਨੇ ਕੁੱਛ ਕਿਹਾ ਤਾਂ ਨਹੀਂ ਪਰ ਆਪਸ ਵਿੱਚ ਖੁਸਰ-ਫੁਸਰ ਜ਼ਰੂਰ ਕਰਦੀਆਂ ਹਨ... ਤੂੰ ਕਿਤਿਓਂ ਮੈਨੂੰ ਸੰਖੀਆ ਲਿਆ ਦੇ, ਮੈਂ ਇਹਨੂੰ ਦੇ ਦਊਂਗੀ। ਇਹ ਮਰ ਗਈ ਤਾਂ ਸਾਰੀ ਗੱਲ ਖਤਮ ਹੋ ਜਾਊਗੀ। ਜੇ ਇਸ ਹਾਲ ਵਿੱਚ ਜਿਉਂਦੀ ਰਹੀ ਤਾਂ ਤੈਨੂੰ ਵੀ ਕਿਸੇ ਨੇ ਕੁੜੀ ਨਹੀਂ ਦੇਣੀ।”
ਇਹ ਸੁਝਾਅ ਦੇ ਕੇ ਜੱਸੋ ਰੋਣ ਲੱਗੀ। ਮੰਗੂ ਸੋਚ ਵਿੱਚ ਪੈ ਗਿਆ ਅਤੇ ਫਿਰ ਉੱਠ ਕੇ ਬਾਹਰ ਚਲਾ ਗਿਆ।
ਤਿੰਨ ਦਿਨਾਂ ਬਾਅਦ ਮੰਗੂ ਨੇ ਆਪਣੀ ਮਾਂ ਨੂੰ ਸੰਖੀਏ ਦੀਆਂ ਡਲੀਆਂ ਲਿਆ ਦਿੱਤੀਆਂ। ਜੱਸੋ ਉਸ ਪੁੜੀ ਨੂੰ ਹੱਥ ਵਿੱਚ ਫੜੀ ਬਹੁਤ ਦੇਰ ਤੱਕ ਬੈਠੀ ਰੋਂਦੀ ਰਹੀ। ਕਈ ਵਾਰ ਉਹਦੇ ਜੀ ਵਿੱਚ ਆਇਆ ਕਿ ਉਹ ਪੁੜੀ ਨੂੰ ਨਾਲੀ ਵਿੱਚ ਸੁੱਟ ਦੇਵੇ ਪਰ ਜਦੋਂ ਇਹ ਸੋਚਦੀ ਕਿ ਸੱਤ-ਅੱਠ ਮਹੀਨਆਂ ਬਾਅਦ ਉਹਦੀ ਕੁਆਰੀ ਕੁੜੀ ਦੇ ਬੱਚਾ ਹੋਏਗਾ ਤਾਂ ਉਹ ਕੰਬ ਜਾਂਦੀ।
ਉਹਨੇ ਗਿਆਨੋ ਨੂੰ ਤਿੰਨ ਦਿਨ ਹੋਰ ਵੀ ਸਖਤ ਕਾੜ੍ਹਾ ਦਿੱਤਾ। ਉਹ ਦਿਨ ਰਾਤ ਰੱਬ ਅੱਗੇ ਅਰਦਾਸ ਕਰਦੀ ਕਿ ਗਿਆਨੋ ਦਾ ਗਰਭ ਡਿੱਗ ਜਾਏ। ਉਹਨੂੰ ਪੂਰੀ ਆਸ ਸੀ ਕਿ ਤੀਜੇ ਦਿਨ ਕਾੜ੍ਹਾ ਜ਼ਰੂਰ ਅਸਰ ਕਰੂਗਾ ਪਰ ਉਹ ਦਿਨ ਲੰਘਣ ਬਾਅਦ ਵੀ ਗਿਆਨੋ ਚੰਗੀ ਭਲੀ ਰਹੀ ਤਾਂ ਜੱਸੋ ਨੇ ਸੰਖੀਆ ਦੇਣ ਦਾ ਫੈਸਲਾ ਕਰ ਲਿਆ। ਉਹਨੇ ਮੰਗੂ ਨੂੰ ਦੱਸ ਦਿੱਤਾ। ਜੱਸੋ ਖਾਮੋਸ਼ੀ ਨਾਲ ਰੋਂਦੀ ਹੋਈ ਸੰਖੀਏ ਦੀਆਂ ਡਲੀਆਂ ਨੂੰ ਗੁੜ ਵਿੱਚ ਲਪੇਟ ਕੇ ਉਹਨਾਂ ਦੀਆਂ ਗੋਲੀਆਂ ਵੱਟਦੀ ਰਹੀ।
ਸ਼ਾਮ ਨੂੰ ਮੰਗੂ ਘਰ ਆਇਆ ਅਤੇ ਗਿਆਨੋ ਨੂੰ ਰੋਟੀ ਪਕਾਉਂਦਿਆਂ ਦੇਖ ਕੇ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਦੀਵੇ ਦੀ ਲੋਅ ਵਿੱਚੋਂ ਉੱਠ ਕੇ ਹਨ੍ਹੇਰੇ ਵਿੱਚ ਜਾ ਬੈਠਾ ਅਤੇ ਇਕਟੱਕ ਉਹਦੀ ਵੱਲ ਦੇਖਦਾ ਰਿਹਾ। ਉਹਨੇ ਗਿਆਨੋ ਦੇ ਹੱਥੋਂ ਰੋਟੀ ਲੈ ਕੇ ਖਾਧੀ। ਅੱਜ ਸ਼ਾਇਦ ਮੰਗੂ ਦੀ ਜਿ਼ੰਦਗੀ ਵਿੱਚ ਪਹਿਲਾ ਦਿਨ ਸੀ ਕਿ ਉਹਨੇ ਗਿਆਨੋ ਨਾਲ ਗਾਲ੍ਹੀ ਗਲੋਚ ਨਹੀਂ ਕੀਤਾ ਸੀ। ਉਹਨੇ ਸੋਚਿਆ ਕਿ ਉਹ ਘਰ ਹੀ ਸੌਂਵੇਗਾ ਪਰ ਬਾਅਦ ਵਿੱਚ ਇਰਾਦਾ ਬਦਲ ਦਿੱਤਾ।
ਜੱਸੋ ਗਿਆਨੋ ਨਾਲ ਬਹੁਤ ਚਾਅ ਅਤੇ ਲਾਡ ਕਰ ਰਹੀ ਸੀ। ਉਹਨੂੰ ਪੁੱਤ ਪੁੱਤ ਕਹਿਕੇ ਬੁਲਾ ਰਹੀ ਸੀ। ਗਿਆਨੋ ਦੀ ਸਮਝ ਵਿੱਚ ਕੁੱਛ ਨਹੀਂ ਆ ਰਿਹਾ ਸੀ ਕਿ ਅੱਜ ਮਾਂ ਦੇ ਵਤੀਰੇ ਵਿੱਚ ਤਬਦੀਲੀ ਕਿਉਂ ਆ ਗਈ ਹੈ। ਉਹ ਖੁਸ਼ ਸੀ ਕਿ ਉਹਦੀ ਮਾਂ ਅਤੇ ਭਰਾ ਦੋਵੇਂ ਗੁੱਸੇ ਵਿੱਚ ਨਹੀਂ ਹਨ।
ਜੱਸੋ ਨੇ ਆਪਣੇ-ਆਪ ਗਿਆਨੋ ਦੀ ਮੰਜੀ ਵਿਹੜੇ ਵਿੱਚ ਵਿਛਾਈ ਅਤੇ ਜਦੋਂ ਉਹ ਸੌਣ ਲੱਗੀ ਤਾਂ ਉਹਦੇ ਹੱਥ ਉੱਤੇ ਗੋਲੀ ਰੱਖ ਕੇ ਪਾਣੀ ਦਾ ਗਿਲਾਸ ਦੇ ਕੇ ਕੰਬਦੀ ਅਵਾਜ਼ ਵਿੱਚ ਬੋਲੀ:
“ਲੈ ਪੁੱਤ, ਖਾ ਲੈ, ਇਸ ਨਾਲ ਅਰਾਮ...” ਜੱਸੋ ਅੱਗੇ ਕੁੱਝ ਨਾ ਬੋਲ ਸਕੀ ਅਤੇ ਮੂੰਹ ਵਿੱਚ ਪੱਲਾ ਲੈ ਕੇ ਰੋਣ ਲੱਗੀ।
ਗਿਆਨੋ ਨੇ ਚੁੱਪਚਾਪ ਗੋਲੀ ਖਾ ਲਈ। ਕੁੱਝ ਸਮੇਂ ਤੱਕ ਉਹ ਆਰਾਮ ਨਾਲ ਲੰਮੀ ਪਈ ਰਹੀ। ਫਿਰ ਉਹਨੂੰ ਮਹਿਸੂਸ ਹੋਇਆ ਜਿਵੇਂ ਉਹਦੇ ਢਿੱਡ ਨੂੰ ਕੋਈ ਤੇਜ਼ ਚੀਜ਼ ਵੱਢ ਰਹੀ ਹੋਵੇ। ਉਹਦਾ ਸਾਰਾ ਸਰੀਰ ਆਕੜਨ ਲੱਗਾ। ਉਹ ਮੰਜੀ ‘ਤੇ ਪਈ ਤੜਫਨ ਲੱਗੀ ਅਤੇ ਜੱਸੋ ਉਹਦੇ ਆਲੇ ਦੁਆਲੇ ਘੁੰਮਦੀ ਹੋਈ ਹੰਝੂ ਵਹਾਉਂਦੀ ਰਹੀ।
ਗਲੀ ਦੇ ਬਾਹਰ ਪਹਿਰੇਦਾਰ ਚੌਥੀ ਵਾਰ ਆਇਆ ਤਾਂ ਗਿਆਨੋ ਨੂੰ ਜ਼ੋਰ ਦੀ ਉਲਟੀ ਆਈ। ਜੱਸੋ ਆਪਣਾ ਰੋਣਾ-ਧੋਣਾ ਭੁੱਲ ਗਈ ਅਤੇ ਦੀਵਾ ਜਗਾ ਕੇ ਗਿਆਨੋ ‘ਤੇ ਝੁੱਕ ਗਈ। ਉਹ ਬਿਲਕੁਲ ਬੇਹੋਸ਼ ਪਈ ਸੀ ਅਤੇ ਉਹਦਾ ਸਾਹ ਉੱਖੜ ਰਿਹਾ ਸੀ। ਥੋੜ੍ਹੀ ਹੀ ਦੇਰ ਬਾਅਦ ਉਹਨੂੰ ਇਕ ਹੋਰ ਉਲਟੀ ਆਈ ਅਤੇ ਉਹ ਮੰਜੀ ਉੱਤੇ ਲੁੜਕ ਗਈ।
ਜੱਸੋ ਨੇ ਆਪਣਾ ਸਿਰ ਪਿੱਟ ਲਿਆ ਅਤੇ ਉਹਦੇ ਨਾਲ ਲਿਪਟੀ ਵਿਰਲਾਪ ਕਰਦੀ ਰਹੀ। ਆਖਰੀ ਪਹਿਰ ਤੋਂ ਪਹਿਲਾਂ ਮੰਗੂ ਵੀ ਘਰ ਆ ਗਿਆ ਅਤੇ ਮਾਂ ਨੂੰ ਰੋਂਦਾ ਦੇਖ ਕੇ ਸਮਝ ਗਿਆ ਕਿ ਗਿਆਨੋ ਆਪਣੀ ਜਿ਼ੰਦਗੀ ਦਾ ਦਾਗ ਨਾਲ ਲੈ ਕੇ ਹਮੇਸ਼ਾਂ ਲਈ ਇਸ ਸੰਸਾਰ ਤੋਂ ਚਲੀ ਗਈ ਹੈ। ਉਹਨੂੰ ਦੇਖਦਿਆਂ ਹੀ ਜੱਸੋ ਫੁੱਟ ਪਈ। ਹੁਣ ਤੱਕ ਉਹਨੇ ਥੋੜ੍ਹਾ ਜਿਹਾ ਕਾਬੂ ਰੱਖਿਆ ਹੋਇਆ ਸੀ ਪਰ ਮੰਗੂ ਦੇ ਆਉਣ ਨਾਲ ਜਿਵੇਂ ਉਹਨੂੰ ਛੁੱਟੀ ਮਿਲ ਗਈ ਅਤੇ ਉਹ ਆਪਣੀ ਚੀਕ ਨੂੰ ਦਬਾਉਂਦੀ ਹੋਈ ਨਿਢਾਲ ਹੋ ਗਈ। ਮੰਗੂ ਗਿਆਨੋ ਉੱਪਰ ਝੁੱਕ ਗਿਆ ਅਤੇ ਉਹਦਾ ਚਿਹਰਾ ਆਪਣੇ ਹੰਝੂਆਂ ਨਾਲ ਧੋ ਦਿੱਤਾ। ਜਦੋਂ ਉਹਨੂੰ ਯਾਦ ਆਇਆ ਕਿ ਇਹ ਸਭ ਕਾਲੀ ਕਾਰਨ ਹੋਇਆ ਹੈ ਤਾਂ ਉਹਦੇ ਅੰਦਰ ਬਦਲਾ ਲੈਣ ਦੀ ਤੀਬਰ ਭਾਵਨਾ ਜਾਗ ਉੱਠੀ। ਉਹ ਡਾਂਗ ਚੁੱਕ ਕੇ ਗਲੀ ਵਿੱਚ ਆ ਗਿਆ। ਪਰ ਜੱਸੋ ਨੇ ਡਿਗਦਿਆਂ-ਢਹਿੰਦਿਆਂ ਉਹਨੂੰ ਆ ਫੜਿਆ ਅਤੇ ਬਹੁਤ ਹੀ ਧੀਮੀ ਅਵਾਜ਼ ਵਿੱਚ ਬੋਲੀ:
“ਪੁੱਤ, ਪਹਿਲਾਂ ਇਸ ਕੰਮ ਨੂੰ ਸਾਂਭ ਲੈ। ਉਹਨੂੰ ਬਾਅਦ ਵਿੱਚ ਦੇਖ ਲਵਾਂਗੇ। ਉਹ ਇਸ ਗਲੀ ਵਿੱਚ ਜਿ਼ੰਦਾ ਨਹੀਂ ਰਹਿ ਸਕਦਾ। ਜਿਹੜੀ ਮਾਂ ਆਪਣੀ ਕੁੱਖੋਂ ਜੰਮੀ ਧੀ ਨੂੰ ਜ਼ਹਿਰ ਦੇ ਸਕਦੀ ਹੈ, ਉਹ ਉਹਨੂੰ ਜਿਉਂਦਾ-ਜਾਗਦਾ ਨਹੀਂ ਰਹਿਣ ਦਊਗੀ।”
ਮਾਂ-ਬੇਟਾ ਅੰਦਰ ਆ ਗਏ। ਜੱਸੋ ਨੇ ਖੂਨ ਦੇ ਸਾਰੇ ਨਿਸ਼ਾਨ ਮਿਟਾ ਦਿੱਤੇ ਅਤੇ ਫਰਸ਼ ਉੱਤੇ ਲੇਪ ਕਰ ਦਿੱਤਾ। ਜਦੋਂ ਪਹੁ ਫੱਟ ਗਈ ਤਾਂ ਉਹਨੇ ਵਿਹੜੇ ਵਿੱਚ ਖੜੀ ਹੋ ਕੇ ਦਹਾੜ ਮਾਰੀ:
“ਹਾਇ ਵੇ ਲੋਕੋ ਮੈਂ ਲੁੱਟੀ ਗਈ।” ਫਿਰ ਉਹਦੀਆਂ ਚੀਕਾਂ ਸਾਰੇ ਪਿੰਡ ਵਿੱਚ ਛਾ ਗਈਆਂ।
ਲੋਕਾਂ ਨੂੰ ਪਤਾ ਸੀ ਕਿ ਇਹ ਚੀਕਾਂ ਜੱਸੋ ਦੀਆਂ ਹਨ ਅਤੇ ਇਹ ਵੀ ਪਤਾ ਸੀ ਕਿ ਉਹ ਕਿਉਂ ਰੋ ਰਹੀ ਹੈ। ਪਿੰਡ ਵਿੱਚ ਹਰ ਪਿਆਰ ਦੀ ਮਾਰੀ ਮੁਟਿਆਰ ਦਾ ਗਰਭਵਤੀ ਹੋਣ ਬਾਅਦ ਇਹ ਹੀ ਹਾਲ ਹੁੰਦਾ ਸੀ ਅਤੇ ਇਸ ਤਰ੍ਹਾਂ ਦੀ ਮੁਟਿਆਰ ਦੀ ਮਾਂ ਦੀਆਂ ਚੀਕਾਂ ਬਹੁਤ ਹੀ ਦਰਦਭਰੀਆਂ ਹੁੰਦੀਆਂ ਸਨ ਕਿਉਂਕਿ ਉਹਨਾਂ ਵਿੱਚ ਉਸ ਦੇ ਆਪਣੇ ਪਾਪ ਦਾ ਪਛਤਾਵਾ ਵੀ ਸ਼ਾਮਿਲ ਹੁੰਦਾ ਸੀ।
ਥੋੜ੍ਹੀ ਦੇਰ ਵਿੱਚ ਮੁਹੱਲੇ ਦੀਆਂ ਸਾਰੀਆਂ ਤੀਵੀਂਆਂ ਜੱਸੋ ਦੇ ਘਰ ਪਹੁੰਚ ਗਈਆਂ। ਮਰਦ ਸ਼ਮਸ਼ਾਨ ਘਾਟ ਵਿੱਚ ਲੱਕੜੀਆਂ ਪਹੁੰਚਾਉਣ ਲੱਗੇ। ਤਾਇਆ ਬਸੰਤਾ ਮੰਗੂ ਨੂੰ ਜਲਦੀ ਤੋਂ ਜਲਦੀ ਅਰਥੀ ਕੱਢਣ ਲਈ ਜ਼ੋਰ ਦੇ ਰਿਹਾ ਸੀ। ਸਿਰਫ ਜੱਸੋ ਰੋ ਰਹੀ ਸੀ। ਬਾਕੀ ਤੀਵੀਂਆਂ ਉਹਨੂੰ ਚੁੱਪ ਕਰਾ ਰਹੀਆਂ ਸਨ। ਉਹ ਕੰਨਾਂ ਨੂੰ ਛੁਹਦੀਆਂ ਹੋਈਆਂ ਇਕ ਦੂਸਰੀ ਨੂੰ ਅੱਖਾਂ ਨਾਲ ਸਮਝਾ ਰਹੀਆਂ ਸਨ ਕਿ ਗਿਆਨੋ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ ਪਰ ਕਿਸੇ ਨੇ ਵੀ ਇਹ ਗੱਲ ਆਪਣੇ ਬੁੱਲਾਂ ‘ਤੇ ਨਹੀਂ ਆਉਣ ਦਿੱਤੀ। ਗਿਆਨੋ ਦੀ ਮੌਤ ਦਾ ਕਾਰਨ ਨਾ ਤਾਂ ਕਿਸੇ ਨੇ ਪੁੱਛਿਆ ਅਤੇ ਨਾ ਹੀ ਕਿਸੇ ਨੇ ਦੱਸਿਆ।
ਸੂਰਜ ਚੜ੍ਹਨ ਤੋਂ ਥੋੜ੍ਹੀ ਦੇਰ ਬਾਅਦ ਹੀ ਗਿਆਨੋ ਦੀ ਅਰਥੀ ਸ਼ਮਸ਼ਾਨ ਘਾਟ ਵਿੱਚ ਪਹੁੰਚਾ ਦਿੱਤੀ ਗਈ। ਕੋਈ ਰਸਮ-ਰਿਵਾਜ਼ ਨਹੀਂ ਕੀਤੇ ਗਏ ਪਰ ਮੁਹੱਲੇ ਦੇ ਹਰ ਵਿਅਕਤੀ ਨੇ ਉਹਦੀ ਅਰਥੀ ਨੂੰ ਮੋਢਾ ਦਿੱਤਾ ਤਾਂ ਕਿ ਉਹ ਚੁੜੇਲ ਬਣਨ ਤੋਂ ਬਾਅਦ ਉਹਨਾਂ ਨੂੰ ਪਰੇਸ਼ਾਨ ਅਤੇ ਤੰਗ ਨਾ ਕਰੇ।
ਉਹਦੀ ਅਰਥੀ ਨੂੰ ਅੱਗ ਲਾ ਕੇ ਸਾਰੇ ਲੋਕ ਆਪਣੇ-ਆਪਣੇ ਕੰਮ-ਕਾਰ ‘ਤੇ ਚਲੇ ਗਏ। ਕੋਈ ਸਫ ਨਹੀਂ ਵਿਛੀ। ਕਿਸੇ ਨੇ ਗਿਆਨੋ ਦੇ ਗੁਣਾਂ ਦੀ ਗੱਲ ਨਾ ਕੀਤੀ। ਸਾਰੇ ਡਰੇ ਹੋਏ ਅਤੇ ਉਦਾਸ ਸਨ। ਜੱਸੋ ਦੇ ਕੋਲ ਸਿਰਫ ਬੇਬੇ ਹੁਕਮੀ ਬੈਠੀ ਸੀ ਅਤੇ ਉਹ ਵੀ ਦਿਲਾਸਾ ਦੇਣ ਦੀ ਬਜਾਏ ਰੱਬ ਨੂੰ ਯਾਦ ਕਰਦੀ ਹੋਈ ਸਾਰਿਆਂ ਲਈ ਚੰਗੀ ਮੱਤ ਦੀ ਕਾਮਨਾ ਕਰ ਰਹੀ ਸੀ।
ਕਾਲੀ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ। ਜੱਸੋ ਦੀ ਪਹਿਲੀ ਚੀਕ ਸੁਣਨ ਬਾਅਦ ਲੋਕਾਂ ਨੇ ਕਾਲੀ ਨੂੰ ਨਹੀਂ ਦੇਖਿਆ ਸੀ, ਨਾ ਘਰ ਵਿੱਚ, ਨਾ ਗਲੀ ਵਿੱਚ ਨਾ ਖੇਤਾਂ ਵਿੱਚ। ਉਹ ਇਸ ਤਰ੍ਹਾਂ ਛਿਪਣ ਹੋ ਗਿਆ ਸੀ ਜਿਵੇਂ ਉਹਨੂੰ ਜ਼ਮੀਨ ਨਿਗਲ ਗਈ ਹੋਵੇ।
ਕੁੱਝ ਲੋਕਾਂ ਨੇ ਰਾਤ ਨੂੰ ਇਹ ਖਬਰ ਫੈਲਾਈ ਕਿ ਉਹਨਾਂ ਨੇ ਕਾਲੀ ਨੂੰ ਸੂਰਜ ਛਿਪਣ ਸਮੇਂ ਗਿਆਨੋ ਦੀ ਚਿਤਾ ਦੇ ਕੋਲ ਬੈਠਿਆਂ ਦੇਖਿਆ ਸੀ। ਉਹ ਉਹਦੀ ਗਰਮ ਸੁਆਹ ਉੱਤੇ ਝੁੱਕਿਆ ਹੋਇਆ ਸੀ ਅਤੇ ਜਦੋਂ ਉਹ ਉਹਦੀ ਵੱਲ ਵਧੇ ਤਾਂ ਉਹ ਖੜ੍ਹੀ ਫਸਲ ਵਿੱਚ ਲੁਕ ਗਿਆ ਅਤੇ ਫਿਰ ਉਹਦਾ ਕੁੱਝ ਪਤਾ ਨਹੀਂ ਲੱਗਿਆ।

48
ਤਿੰਨ ਮਹੀਨੇ ਤੱਕ ਪ੍ਰੀਤੋ ਹਰ ਰੋਜ਼ ਸਵੇਰੇ ਸਵੇਰੇ ਖਬਰ ਸੁਣਾਉਂਦੀ ਰਹੀ ਕਿ ਕਾਲੀ ਰਾਤ ਨੂੰ ਵੀ ਨਹੀਂ ਆਇਆ। ਲੋਕ ਕੁੱਝ ਦਿਨ ਤੱਕ ਤਾਂ ਇਸ ਖਬਰ ਨੂੰ ਦਿਲਚਸਪੀ ਨਾਲ ਸੁਣਦੇ ਰਹੇ ਪਰ ਗਿਆਨੋ ਦੀ ਯਾਦ ਭੁੱਲਣ ਦੇ ਨਾਲ ਨਾਲ ਕਾਲੀ ਬਾਰੇ ਵੀ ਉਹਨਾਂ ਦੀ ਜਗਿਆਸਾ ਘੱਟਦੀ ਗਈ।
ਇਕ ਵਾਰ ਕੋਈ ਖਬਰ ਲਿਆਇਆ ਕਿ ਭੋਗਪੁਰ ਅਤੇ ਚਲਾਂਗ ਦੇ ਸਟੇਸ਼ਨਾਂ ਦੇ ਵਿੱਚ ਰੇਲ ਦੇ ਫਾਟਕ ਤੋਂ ਥੋੜ੍ਹੀ ਦੂਰ ਪਰ੍ਹੇ ਰੇਲ ਗੱਡੀ ਦੇ ਪਹੀਏ ਕਿਸੇ ਨੌਜਵਾਨ ਦੇ ਸਿਰ ਅਤੇ ਚਿਹਰੇ ਦੇ ਉੱਪਰੋਂ ਗੁਜ਼ਰੇ ਹਨ ਅਤੇ ਮਿਰਤਕ ਨੂੰ ਪਛਾਣਨਾ ਮੁਸ਼ਕਿਲ ਹੈ ਪਰ ਸੁਣਿਆ ਹੈ ਕਿ ਮਿਰਤਕ ਦਾ ਧੜ ਕਾਲੀ ਨਾਲ ਮਿਲਦਾ-ਜੁਲਦਾ ਹੈ।
ਇਹਤੋਂ ਬਾਅਦ ਖਬਰ ਫੈਲੀ ਕਿ ਤਿੰਨ ਕੋਹ ਦੂਰ ਇਕ ਅੰਨੇ ਖੂਹ ਵਿੱਚੋਂ ਸੜੀ ਹੋਈ ਲਾਸ਼ ਲੱਭੀ ਹੈ। ਕਹਿੰਦੇ ਹਨ ਕਿ ਉਹਦਾ ਹੁਲੀਆ ਕਾਲੀ ਵਰਗਾ ਸੀ। ਲੋਕਾਂ ਨੇ ਦੋਨੋਂ ਖਬਰਾਂ ਸੁਣੀਆਂ ਪਰ ਕਿਸੇ ਨੇ ਵੀ ਪੜਤਾਲ ਕਰਨ ਦੀ ਜ਼ਰੂਰਤ ਨਹੀਂ ਸਮਝੀ।
ਖੇਤਾਂ ਵਿੱਚ ਸਰੋਂ ਖਿੜ੍ਹ ਪਈ ਸੀ ਅਤੇ ਕਣਕ ਦੀ ਫਸਲ ਜ਼ਮੀਨ ਤੋਂ ਇਕ ਹੱਥ ਉੱਚੀ ਹੋ ਗਈ ਸੀ। ਗੰਨੇ ਦੇ ਵੇਲਣੇ ਚੱਲਣ ਲੱਗੇ ਸਨ। ਖੜ੍ਹੇ ਪਾਣੀ ‘ਤੇ ਕੁਹਰਾ ਜੰਮਣਾ ਸ਼ੁਰੂ ਹੋ ਗਿਆ ਸੀ। ਲੋਕ ਧੂਣੀਆਂ ਦੇ ਦੁਆਲੇ ਬੈਠੇ ਸਰਦੀਆਂ ਦੇ ਮੌਸਮ ਨੂੰ ਕੋਸਦੇ ਹੋਏ ਗਰਮੀਆਂ ਦੇ ਮੌਸਮ ਦੀਆਂ ਸਿਫਤਾਂ ਕਰਦੇ।
ਮੰਗੂ ਦੀ ਮੱਝ ਰਾਤ ਨੂੰ ਠੰਢ ਨਾਲ ਠਰਦੀ ਸੀ। ਇਕ ਦਿਨ ਅਸਮਾਨ ਉੱਤੇ ਬੱਦਲ ਛਾ ਗਏ ਅਤੇ ਹਲਕੀ ਹਲਕੀ ਬੂੰਦਾਬਾਂਦੀ ਹੋਣ ਲੱਗੀ। ਮੰਗੂ ਹੱਥ ਵਿੱਚ ਡਾਂਗ ਫੜ੍ਹੀ ਕਾਲੀ ਦੀ ਡਿਓਢੀ ਦੇ ਸਾਹਮਣੇ ਆ ਖੜ੍ਹਾ ਹੋਇਆ। ਉਹਨੇ ਅੱਗੇ ਵੱਧ ਕੇ ਤਾਲੇ ਨੂੰ ਹਿਲਾਇਆ। ਉਹਨੂੰ ਜੰਗਾਲ ਲੱਗ ਗਿਆ ਸੀ। ਉਹਨੇ ਗਾਲ੍ਹ ਕੱਢਦਿਆਂ ਡਾਂਗ ਦੇ ਸੁੰਮ ਨਾਲ ਤਾਲਾ ਤੋੜ ਦਿੱਤਾ ਅਤੇ ਕੁੰਡੀ ਖੋਲ੍ਹ ਕੇ ਮੱਝ ਦਾ ਰੱਸਾ ਖੂੰਜੇ ਵਿੱਚ ਪਈ ਚੱਕੀ ਦੇ ਹੱਥੇ ਨਾਲ ਬੰਨ ਕੇ ਦਰਵਾਜ਼ਾ ਫਿਰ ਬੰਦ ਕਰ ਲਿਆ। ***

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346