ਕਵੀ, ਆਲੋਚਕ, ਅਨੁਵਾਦਕ,
ਸੰਪਾਦਕ ਅਤੇ ਬ੍ਰਾਡਕਾਸਟਰ ਡਾ: ਦਰਸ਼ਨ ਗਿੱਲ 10 ਜੂਨ 2011 ਨੂੰ ਇਸ ਦੁਨੀਆ ਨੂੰ ਅਲਵਿਦਾ
ਕਹਿ ਗਏ ਹਨ। ਇਸ ਸਮੇਂ ਉਹ 68 ਸਾਲਾਂ ਦੇ ਸਨ।
ਉਹਨਾਂ ਦਾ ਪਹਿਲਾ ਕਾਵਿ-ਸੰਗ੍ਰਹਿ “ਰੂਪ ਅਰੂਪ” ਸੰ ਨ 1976 ਵਿੱਚ ਛਪਿਆ। ਉਸ ਤੋਂ ਬਾਅਦ ਉਹ
ਆਪਣੇ ਲਿਖਣ ਕਾਰਜ ਵਿੱਚ ਪੂਰੀ ਲਗਾਤਾਰਤਾ ਨਾਲ ਜੁਟੇ ਰਹੇ। ਆਪਣੇ ਸਮੁੱਚੇ ਜੀਵਨਕਾਲ ਦੌਰਾਨ
ਉਹਨਾਂ ਨੇ ਡੇਢ ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ ਜਿਹਨਾਂ ਵਿੱਚ ਦਸ ਕਾਵਿ-ਸੰਗ੍ਰਹਿ, ਤਿੰਨ
ਆਲੋਚਨਾ ਦੀਆਂ ਕਿਤਾਬਾਂ, ਇਕ ਸੰਪਾਦਿਤ ਕਾਵਿ-ਸੰਗ੍ਰਹਿ, ਅਤੇ ਦੋ ਅਨੁਵਾਦਤ ਕਿਤਾਬਾਂ ਸ਼ਾਮਲ
ਹਨ। ਉਹਨਾਂ ਵਲੋਂ ਚੀਫ ਡੈਨ ਜਾਰਜ ਦੀ ਪੁਸਤਕ ਮਾਈ ਹਰਟ ਸੋਅਰਜ਼ ਦਾ ਪੰਜਾਬੀ ਅਨੁਵਾਦ ਉਕਾਬ
ਦੀ ਉਡਾਣ 1980 ਵਿਚ ਪ੍ਰਕਾਸ਼ਤ ਕੀਤਾ ਗਿਆ ਜੋ ਇਸ ਮੁਲਕ ਦੇ ਅਸਲੀ ਵਾਸਿ਼ੰਦਿਆਂ ਨਾਲ
ਪੰਜਾਬੀ ਭਾਈਚਾਰੇ ਦੀਆਂ ਜੜ੍ਹਾਂ ਪੱਕੀਆਂ ਕਰਨ ਵਲ ਇਕ ਵੱਡਮੁੱਲਾ ਕਦਮ ਸੀ।
ਉਹ 1972 ਵਿੱਚ ਕਨੇਡਾ ਆਏ ਸਨ ਅਤੇ ਕੁੱਝ ਸਮਾਂ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਇਲਾਕੇ
ਵਿੱਚ ਰਹਿ ਕੇ ਸੰਨ 1982 ਵਿੱਚ ਵੈਨਕੂਵਰ ਆ ਗਏ। ਉਸ ਸਮੇਂ ਤੋਂ ਲੈ ਕੇ ਆਪਣੇ ਅੰਤਿਮ ਸਮੇਂ
ਤੱਕ ਉਹ ਗਰੇਟਰ ਵੈਨਕੂਵਰ ਦੇ ਆਲੇ ਦੁਆਲੇ ਦੀਆਂ ਸਾਹਿਤਕ ਗਤੀਵਿਧੀਆਂ ਵਿੱਚ ਪੂਰੀ ਸਿ਼ੱਦਤ
ਨਾਲ ਹਿੱਸਾ ਲੈਂਦੇ ਰਹੇ। ਉਹ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਰਗਰਮ ਮੈਂਬਰ ਸਨ ਅਤੇ ਕਈ
ਵਾਰ ਇਸ ਦੇ ਕੋਆਰਡੀਨੇਟਰ ਵੀ ਰਹੇ। ਪੰਜਾਬੀ ਲੇਖਕ ਮੰਚ ਵਲੋਂ ਆਯੋਜਿਤ ਪ੍ਰੋਗਰਾਮਾਂ,
ਕਾਨਫਰੰਸਾਂ, ਸੈਮੀਨਾਰਾਂ ਅਤੇ ਹੋਰ ਗਤੀਵਿਧੀਆਂ ਨੂੰ ਕਰਵਾਉਣ ਅਤੇ ਨੇਪਰੇ ਚਾੜ੍ਹਨ ਵਿੱਚ ਉਹ
ਹਮੇਸ਼ਾਂ ਹੀ ਮਹੱਤਵਪੂਰਨ ਰੋਲ ਅਦਾ ਕਰਦੇ ਰਹੇ। ਉਹਨਾਂ ਦੀ ਸਾਹਿਤਕ ਸਰਗਰਮੀ ਦਾ ਘੇਰਾ ਸਿਰਫ
ਵੈਨਕੂਵਰ ਦੇ ਆਲੇ ਦੁਆਲੇ ਤੱਕ ਹੀ ਸੀਮਤ ਨਹੀਂ ਸੀ, ਸਗੋਂ ਉਹ ਕੈਨੇਡਾ ਦੇ ਦੂਸਰੇ ਸ਼ਹਿਰਾਂ
(ਕੈਲਗਰੀ, ਕਿਲੋਨਾ ਆਦਿ) ਵਿੱਚ ਹੋਣ ਵਾਲੇ ਸਾਹਿਤਕ ਪ੍ਰੋਗਰਾਮਾਂ ਦੇ ਵੀ ਪ੍ਰੇਰਣਾ ਸਰੋਤ
ਹੁੰਦੇ ਸਨ।
ਸੰਨ 1982 ਵਿੱਚ ਵੈਨਕੂਵਰ ਆਉਣ ਤੋਂ ਬਾਅਦ ਉਨ੍ਹਾਂ ਨੇ ਹਫਤਾਵਾਰੀ ਅਖਬਾਰ “ਕੈਨੇਡਾ ਦਰਪਣ”
ਸ਼ੁਰੂ ਕੀਤਾ ਅਤੇ ਬਹੁਤ ਹੀ ਚੁਣੌਤੀਆਂ ਭਰਪੂਰ ਸਥਿਤੀਆਂ ਵਿੱਚ ਇਸ ਅਖਬਾਰ ਨੂੰ 7 ਸਾਲਾਂ
ਤੱਕ ਚਲਦਾ ਰੱਖਿਆ। ਆਪਣੀ ਪ੍ਰਕਾਸ਼ਨਾ ਦੇ ਸਮੁੱਚੇ ਦੌਰ ਦੌਰਾਨ ਕੈਨੇਡਾ ਦਰਪਣ ਖੱਬੇਪੱਖੀ
ਅਤੇ ਸੈਕੂਲਰ ਵਿਚਾਰਾਂ ਦਾ ਧਾਰਨੀ ਅਤੇ ਮੂਲਵਾਦ, ਕੱਟੜਵਾਦ ਅਤੇ ਖਾਲਿਸਤਾਨੀ ਪੱਖੀ ਵਿਚਾਰਾਂ
ਦਾ ਵਿਰੋਧੀ ਰਿਹਾ। ਉਸ ਸਮੇਂ ਦੇ ਦਹਿਸ਼ਤ ਭਰੇ ਮਾਹੌਲ ਵਿੱਚ ਇਸ ਤਰ੍ਹਾਂ ਦੇ ਵਿਚਾਰਾਂ ਦੇ
ਅਦਾਨ ਪ੍ਰਦਾਨ ਲਈ ਮੰਚ ਪ੍ਰਦਾਨ ਕਰਨਾ ਇਕ ਬਹੁਤ ਹੀ ਮਹੱਤਵਪੂਰਨ ਕੰਮ ਸੀ ਜਿਸ ਨੂੰ ਡਾ:
ਗਿੱਲ ਨੇ ਬਹੁਤ ਹੀ ਹੌਂਸਲੇ ਨਾਲ ਨਿਭਾਇਆ।
ਪਿਛਲੇ ਕੁਝ ਸਾਲਾਂ ਤੋਂ ਡਾ: ਗਿੱਲ ਰੇਡੀਓ ਉੱਪਰ ਪੰਜਾਬੀ ਸਾਹਿਤ ਬਾਰੇ ਹਫਤਾਵਾਰੀ
ਪ੍ਰੋਗਰਾਮ ਸਾਹਿਤਨਾਮਾ ਪੇਸ਼ ਕਰਿਆ ਕਰਦੇ ਸਨ। ਇਸ ਪ੍ਰੋਗਰਾਮ ਨੇ ਆਮ ਲੋਕਾਂ ਤੱਕ ਪੰਜਾਬੀ
ਸਾਹਿਤ ਪਹੁੰਚਾਉਣ ਵਿੱਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ। ਇਸੇ ਤਰ੍ਹਾਂ ਉਹਨਾਂ ਨੇ ਪੰਜਾਬੀ
ਸਾਹਿਤ ਦੀਆਂ ਕਿਤਾਬਾਂ ਨੂੰ ਆਮ ਲੋਕਾਂ ਦੀ ਪਹੁੰਚ ਵਿਚ ਲਿਆਉਣ ਲਈ ਚੇਤਨਾ ਪ੍ਰਕਾਸ਼ਨ ਦੇ
ਸਤੀਸ਼ ਗੁਲਾਟੀ ਨੂੰ ਏਥੇ ਆ ਕੇ ਕਿਤਾਬਾਂ ਦੀ ਨੁਮਾਇਸ਼ ਲਾਉਣ ਵਿਚ ਮਦਦ ਕੀਤੀ।
ਡਾ: ਗਿੱਲ ਵਲੋਂ ਪੰਜਾਬੀ ਸਾਹਿਤ ਵਿੱਚ ਪਾਏ ਸਮੁੱਚੇ ਯੋਗਦਾਨ ਨੂੰ ਧਿਆਨ ਵਿੱਚ ਰੱਖਦਿਆਂ
ਭਾਸ਼ਾ ਵਿਭਾਗ ਨੇ ਸੰਨ 2010 ਉਹਨਾਂ ਨੂੰ ਸ਼੍ਰੋਮਣੀ ਪਰਵਾਸੀ ਸਾਹਿਤਕਾਰ ਦਾ ਇਨਾਮ ਦਿੱਤਾ।
ਡਾ: ਦਰਸ਼ਨ ਗਿੱਲ ਪਿਛਲੇ ਚਾਰ ਦਹਾਕਿਆਂ ਦੌਰਾਨ ਕੈਨੇਡਾ ਦੇ ਪੰਜਾਬੀ ਸਾਹਿਤਕ ਪਿੜ ਵਿੱਚ
ਬਹੁਤ ਹੀ ਸਰਗਰਮੀ ਅਤੇ ਸਿ਼ੱਦਤ ਨਾਲ ਵਿਚਰਦੇ ਰਹੇ ਹਨ। ਆਪਣੇ ਸਮੁੱਚੇ ਸਾਹਿਤਕ ਜੀਵਨ ਦੌਰਾਨ
ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਸਾਹਿਤਕ ਪਿੜ ਵਿੱਚ ਵਾਪਰੀਆਂ ਗਤੀਵਿਧੀਆਂ ਨੂੰ
ਹਾਂ-ਪੱਖੀ ਰੂਪ ਦੇਣ ਵਿੱਚ ਇਕ ਅਹਿਮ ਅਤੇ ਜਿ਼ਕਰਯੋਗ ਭੂਮਿਕਾ ਨਿਭਾਈ ਹੈ। ਨਤੀਜੇ ਵੱਜੋਂ
ਕੈਨੇਡਾ ਦੇ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਉਹਨਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਏਗਾ। |