ਕਲਾਕਾਰ ਆਪਣੀ ਇਕੱਲਤਾ ਦੀ ਕਾਲ ਕੋਠੜੀ ਵਿੱਚ
ਬੈਠੇ ਦਿ ਨ ਰਾਤ ਨੂੰ ਵਸਾਰ ਕੇ ਕਮਲਿਆਂ ਵਾਂਗ ਬੁਰਸ਼ ਜਾਂ ਕਾਨੀ ਨਾਲ ਸਿਰਜਣ ਕਿਰਿਆ ਜਾਂ
ਪ੍ਰਕਿਰਿਆ ਵਿੱਚ ਗੁਆਚੇ ਰਹਿੰਦੇ ਹਨ। ਉਨ੍ਹਾਂ ਦੇ ਦੁਆਲੇ ਦੂਜੇ ਲੋਕ ਕਮਲਿਆਂ ਵਾਂਗ ਹਿੰਸਾ,
ਈਰਖਾ, ਯੁੱਧਾਂ, ਇਲਤਾਂ, ਰੀਤੀਆਂ-ਕੁਰੀਤੀਆਂ, ਚਾਲਾਂ-ਕੁਚਾਲਾਂ ਦੇ ਸੰਸਾਰ ਵਿੱਚ ਗੁੰਮ
ਹੁੰਦੇ ਹਨ। ਨਿੱਤ ਦੇ ਜੀਵਨ ਘੋਲ਼ ਵਿੱਚ ਲੜਦੇ, ਝਗੜਦੇ, ਮਾਰਦੇ-ਕੁੱਟਦੇ ਤੇ ਭੱਜਦੇ-ਦੌੜਦੇ,
ਪੈਸਾ ਕਮਾਉਂਦੇ, ਮਾਰੋ-ਮਾਰ ਵਿੱਚ ਬੇਹੋਸ਼ ਲੋਕਾਂ ਦੇ ਸਮੁੰਦਰ ਵਿੱਚ ਕਲਾਕਾਰ ਹੋਸ਼ ਦੇ ਇੱਕ
ਟਾਪੂ ਵਾਂਗ ਲੱਗਦੇ ਹਨ। ਜਦੋਂ ਬਾਹਰਲੀ ਦੁਨੀਆ ਤਬਾਹੀ ਤੇ ਨਹਿਸ਼ ਤਹਿਸ਼ ਦੇ ਅਮਲ ਵਿੱਚ
ਜੁਟੀ ਹੁੰਦੀ ਹੈ ਕਲਾਕਾਰ ਸਿਰਜਣਾ ਦੇ ਸੰਸਾਰ ਵਿੱਚ ਸਿਮਟਿਆ ਹੁੰਦਾ ਹੈ। ਅਜਿਹਾ ਹੀ ਟਾਪੂ
ਸੀ ਸੋਹਣ ਕਾਦਰੀ ਜੋ 78 ਸਾਲ ਇਸ ਧਰਤੀ ਦੇ ਫ਼ਲ਼, ਫ਼ੁਲ ਤੇ ਰਸ, ਜੜੀਆਂ ਬੂਟੀਆਂ ਤੇ
ਨੇਅਮਤਾਂ ਭੋਗਣ ਪਿੱਛੋਂ ਪਹਿਲੀ ਮਾਰਚ, 2011 ਨੂੰ ਬ੍ਰਹਿਮੰਡ ਦੇ ਇਸ ਪਸਾਰੇ ਨੂੰ ਬਾਈ ਬਾਈ
ਕਹਿ ਗਿਆ।
ਕਪੂਰਥਲੇ ਜਿ਼ਲੇ ‘ਚ ਫਗਵਾੜੇ ਨਾਲ ਲਗਦੇ ਨਿੱਕੇ ਜਿਹੇ ਪਿੰਡ ਚਾਚੋਕੀ ਵਿੱਚ 1932 ਵਿੱਚ
ਪੈਦਾ ਹੋਇਆ, ਇਲਾਕੇ ਦੇ ਸਕੂਲਾਂ ਵਿੱਚ ਪੜ੍ਹਿਆ, ਗੌਰਮਿੰਟ ਕਾਲਜ ਸਿ਼ਮਲੇ ਤੋਂ ਮਾਸਟਰ ਆਫ਼
ਫ਼ਾਈਨ ਆਰਟਸ ਕੀਤੀ। ਕੁਝ ਸਮਾਂ ਪੋਸਟ ਗਰੈਜੂਏਟ ਪੱਧਰ ਦੀਆਂ ਕਲਾਸਾਂ ਪੜ੍ਹਾਉਣ ਪਿੱਛੋਂ
1963 ਵਿੱਚ ਉਹ ਸੁਤੰਤਰ ਆਰਟਿਸਟ ਵਜੋਂ ਕੰਮ ਕਰਦਾ ਰਿਹਾ ਤੇ 1966 ਵਿੱਚ ਈਸਟ ਅਫ਼ਰੀਕਾ ਅਤੇ
ਬਾਅਦ ਵਿੱਚ ਯੋਰਪ ਅਤੇ ਅਮਰੀਕਾ ਚਲਾ ਗਿਆ। 1966 ਤੋਂ 1970 ਤੀਕ ਜਿ਼ਊਰਿਕ ਅਤੇ ਪੈਰਿਸ
ਵਿੱਚ ਤੇ ਮੁੜ ਕੇ 1970 ਤੋਂ 26 ਸਾਲ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਗੁਜ਼ਾਰਨ ਪਿੱਛੋਂ
ਮਿਸੀਸਾਗਾ (ਓਨਟੇਰੀਓ, ਕੈਨੇਡਾ) ਆ ਵੱਸਿਆ। ਅਸਲ ਵਿੱਚ ਕਾਦਰੀ ਕਾਲਜ ਦੇ ਸਾਲਾਂ ਦੌਰਾਨ ਹੀ
ਇੱਕ ਗੁਰਦਾ ਗੁਆ ਬੈਠਾ ਸੀ ਤੇ ਇੱਕ ਗੁਰਦੇ ਸਹਾਰੇ ਸਰੀਰ ਚਲਾਈ ਜਾਂਦਾ ਸੀ। ਜੀਵਨ ਅਤੇ ਕਲਾ
ਪ੍ਰਤੀ ਉਸ ਦੀ ਪ੍ਰਤੀਬੱਧਤਾ ਤੇ ਸਿਰੜ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਪਿਛਲੇ ਲਗਭਗ 50
ਸਾਲਾਂ ਤੋਂ ਉਹ ਇੱਕ ਕਿਡਨੀ ਸਹਾਰੇ ਹੀ ਸਾਧਾਰਨ ਮਨੁੱਖ ਵਾਂਗ ਵਿਚਰਦਾ ਰਿਹਾ ਪਰ ਅਸਧਾਰਨ
ਕਲਾ ਕ੍ਰਿਤੀਆਂ ਦੀ ਸਿਰਜਣਾ ਕਰਦਾ ਰਿਹਾ। ਪਰ ਹੁਣ ਕਾਫ਼ੀ ਸਮੇਂ ਤੋਂ ਦੂਜੀ ਕਿਡਨੀ ਵੀ ਉਸ
ਨੂੰ ਪਰੇਸ਼ਾਨ ਕਰਨ ਲੱਗ ਪਈ ਸੀ। ਦੂਜੀ ਕਿਡਨੀ ਦੀ ਬਿਮਾਰੀ ਕਾਰਨ ਉਹ ਡਾਇਲਸਿਸ ਦੀ ਸਹਾਇਤਾ
ਨਾਲ ਜੀ ਰਿਹਾ ਸੀ। ਦਹਾਕੇ ਤੋਂ ਵੱਧ ਸਮੇਂ ਤੋਂ ਆਪਣੀ ਕਲਾਕਾਰ ਮਹਿਬੂਬਾ ਜੋਐਨ ਨਾਲ ਰਹਿ
ਰਿਹਾ ਸੀ ਅਤੇ ਕੋਈ 2 ਕੁ ਸਾਲ ਤੋਂ ਉਹ ਓਨਟੇਰੀਓ ਵਿੱਚ ਮੇਰੇ ਕਾਂਡੋਮੀਨੀਅਮ ਦੇ ਨਜ਼ਦੀਕ
ਇੱਕ ਲਗਯਰੀ ਕਾਂਡੋ ਵਿੱਚ ਆ ਟਿਕਿਆ ਸੀ। ਸਾਲਾਂ ਬੱਧੀ ਗੁਰਦੇ ਦੀ ਬਿਮਾਰੀ ਨਾਲ ਘੁਲ਼ ਕੇ ਉਹ
1 ਮਾਰਚ, 2011 ਨੂੰ ਇਥੇ ਹੀ ਸੁਆਸ ਤਿਆਗ ਗਿਆ।
ਪਰ ਸਹੀ ਕਲਾਕਾਰ ਸਮੇਂ ਤੇ ਸਥਾਨ ਦੀਆਂ ਹੱਦ ਬੰਦੀਆਂ ਤੋਂ ਮੁਕਤ ਹੁੰਦੇ ਹਨ; ਉਹ ਧਰਤੀ ਦੀ
ਕਿਸੇ ਇੱਕ ਟੁਕੜੀ ਦੇ ਨਹੀਂ ਹੁੰਦੇ; ਉਨ੍ਹਾਂ ਦਾ ਪਸਾਰ ਸਾਰਾ ਸੰਸਾਰ ਹੁੰਦਾ ਹੈ। ਖ਼ਾਸ ਕਰ
ਸੋਹਣ ਕਾਦਰੀ ਇੱਕ ਤਾਂਤਰਕ ਤੇ ਬੁੱਧੀ ਵਾਲਾ ਮਨੁੱਖ ਹੋਣ ਕਰਕੇ ਸਹੀ ਅਰਥਾਂ ਵਿੱਚ ਸੰਸਾਰ ਦਾ
ਸ਼ਹਿਰੀ ਸੀ।
50ਵਿਆਂ ਦੌਰਾਨ ਫ਼ਾਈਨ ਆਰਟਸ ਦੀ ਪੜ੍ਹਾਈ ਸਮੇਂ ਉਸ ਦੇ ਹਾਣੀਆਂ ਵਿੱਚੋਂ ਹਰਦੇਵ ਸਿੰਘ ਸਭ
ਤੋਂ ਸੀਨੀਅਰ ਸੀ, ਸਿ਼ਵ ਸਿੰਘ (ਬੁੱਤਘਾੜੀ ਅਤੇ ਚਿਤਰਕਲਾ), ਰਛਪਾਲ ਸਿੰਘ ਰਣੀਆ
(ਚਿਤਰਕਲਾ), ਚਾਰਲੀ (ਚਿਤਰਕਲਾ), ਆਦਿ ਕਈ ਜੁਆਨ ਚਿਤਰ ਕਲਾ ਜਗਤ ਦੇ ਸੁਫ਼ਨੇ ਲੈ ਰਹੇ ਸਨ।
ਇਹ ਸਾਰੇ ਇੱਕੋ ਹੀ ਸਕੂਲ ਵਿੱਚ ਅੱਗੇ ਪਿਛੇ ਪੜ੍ਹਦੇ ਰਹੇ। ਪਿੱਛੋਂ ਆਪਣੇ ਸੁਫ਼ਨੇ ਸਾਕਾਰ
ਕਰਨ ਲਈ ਵਿਦੇਸ਼ਾਂ ਨੂੰ ਧਾ ਪਏੇ। ਰਣੀਆ ਕੈਨੇਡਾ ਆ ਗਿਆ ਤੇ ਹਰਦੇਵ ਪਹਿਲਾਂ ਪੋਲੈਂਡ ਤੇ
ਫਿ਼ਰ ਕੈਨੇਡਾ ਆ ਵੱਸਿਆ, ਸਿ਼ਵ ਸਿੰਘ ਜਰਮਨੀ ਗਿਆ ਤੇ ਸਿਖਲਾਈ ਪਿਛੋਂ ਹੁਣ ਚੰਡੀਗੜ੍ਹ ਆਪਣਾ
ਸਟੁਡੀਓ ਸਜਾ ਕੇ ਬੈਠਾ ਹੈ, ਚਾਰਲੀ ਵੀ ਕੈਨੇਡਾ ਵਿੱਚ ਆ ਵੱਸਿਆ। ਯੰਗੋ ਵਰਮਾ (ਜਿਹੜਾ ਦਿਲੀ
ਸਕੂਲ ਆਫ਼ ਆਰਟਸ ਵਿੱਚ ਵਿਦਿਆਰਥੀ ਸੀ) ਵੀ ਸਿ਼ਵ ਸਿੰਘ ਵਾਂਗ ਬੁੱਤ ਘਾੜੇ ਤੋਂ ਚਿਤਰ ਕਲਾ
ਵੱਲ ਪਰਤਿਆ; ਇਹ ਦੋਵੇਂ ਹੀ ਜਰਮਨੀ ਵਿੱਚ ਸਿਖਿਆ ਹਾਸਲ ਕਰਦੇ ਰਹੇ ਹਨ। ਯੰਗੋ ਵਰਮਾ ਵੀ ਹੁਣ
ਕੈਨੇਡਾ ਵਸਦਾ ਹੈ।
ਕਾਦਰੀ ਇੱਕ ਸੰਪੂਰਨ ਸੁਤੰਤਰ ਸੋਚ ਵਾਲਾ ਵਿਅਕਤੀ ਸੀ ਜੋ ਸੰਸਥਾਪਤ ਧਰਮ, ਸਮਾਜਕ ਬੰਧਸ਼ਾਂ,
ਦੁਨੀਆਵੀ ਵਲਗਣਾਂ ਤੋਂ ਬਾਗ਼ੀ ਰਿਹਾ। ਸੰਸਾਰ ਦੀਆਂ ਕਈ ਵਰਜਿਤ ਵਸਤਾਂ ਨੂੰ ਭੋਗਦਾ ਰਿਹਾ
ਅਤੇ ਇੰਜ ਆਪਣੇ ਮਨ, ਤਨ ਦੀ ਰੁਚੀ-ਰੁਝਾਣ ਨੂੰ ਰਿਝਾਉਣ ਵਿੱਚ ਉਸ ਕਦੇ ਸੰਸਾਰਕ ਸੰਗ ਨਹੀਂ
ਮਹਿਸੂਸ ਕੀਤੀ; ਇਸੇ ਕਰ ਕੇ ਅਸੀਂ ਮੰਨਦੇ ਹਾਂ ਕਿ ਉਹ ਇੱਕ ਤਰ੍ਹਾਂ ਨਾਲ ਸਰਬ ਸੰਪੰਨ ਭਰਪੂਰ
ਜੀਵਨ ਜੀਵਿਆ ਸੀ। ਸਕੈਂਡੇਨੇਵੀਆ ਦੇ ਦੇਸ਼ਾਂ ਵਿੱਚ ਨਸਿ਼ਆਂ ਦੀ ਵਰਤੋਂ ਬਾਰੇ ਬਾਕੀ ਦੇ
ਪਛਮੀ ਦੇਸ਼ਾਂ ਦੇ ਮੁਕਾਬਲੇ ਖੁੱਲ੍ਹ ਹੈ; ਉਥੇ ਅਮਰੀਕਾ ਵਾਲੀ ਵਾਧੂ ਕਰੜਾਈ ਨਹੀਂ; ਅਮਰੀਕਾ
ਵਿੱਚ ਨਸਿ਼ਆਂ ਉੱਤੇ ਬੇਤਰਕ ਕਾਨੂੰਨੀ ਬੰਦਸ਼ਾਂ ਕਾਰਨ ਨਸਿ਼ਆਂ ਦੀ ਵੱਧ ਤੇ ਘਾਤਕ ਵਰਤੋਂ
ਹੁੰਦੀ ਹੈ ਤੇ ਜੁਰਮ ਨੂੰ ਉਤਸਾਹਤ ਕਰਦੀ ਹੈ ਜਿਸ ਕਾਰਨ ਅਮਰੀਕਨ ਜੇਲ੍ਹਾਂ ਭਰੀਆਂ ਪਈਆਂ ਹਨ।
ਇਸ ਦੇ ਮੁਕਾਬਲੇ ਸਕੈਂਡੇਨੇਵੀਆ ਦੇ ਜਾਗ੍ਰਿਤ ਦੇਸ਼ਾਂ ਵਿੱਚ ਅਮਰੀਕਾ ਵਾਲੀ ਮੁਜਰਮਾਨਾ
ਬੰਦਸ਼ ਨਾ ਹੋਣ ਕਾਰਨ ਇਸ ਜੁਰਮ ਦੀ ਮਾਤਰਾ ਤੇ ਬਾਰਬਾਰਤਾ ਵੀ ਘਟ ਹੈ; ਸੋਹਣ ਕਾਦਰੀ ਨੇ
ਸ਼ਾਇਦ ਡੈਨਮਾਰਕ ਵਿੱਚ ਰਹਿਣ ਦੀ ਚੋਣ ਵੀ ਇਸੇ ਕਰ ਕੇ ਹੀ ਕੀਤੀ ਸੀ।
ਉਸ ਨੇ ਪਰੰਪਰਾ ਤੋਂ ਹਟ ਕੇ ਉੱਤਰੀ ਭਾਰਤ ਦੇ ਕਲਾਕਾਰਾਂ ਵਿੱਚ ਨਵੀਂ ਨੀਝ ਭਰਨ ਦੀ ਲੀਹ
ਚਲਾਈ ਤੇ ਬਾਅਦ ਵਿੱਚ ਪੱਛਮ ਵਿੱਚ ਆ ਕੇ ਇਥੋਂ ਦੇ ਪ੍ਰਭਾਵ ਗ੍ਰਹਿਣ ਕੀਤੇ। ਉਸ ਨੇ
ਯਥਾਰਥਵਾਦੀ ਤੇ ਇਸ ਦੇ ਪ੍ਰਤੀਨਿਧਤੁਵ ਵਾਲੀ ਸਿਰਜਣਾ ਨੂੰ ਤਿਆਗ ਕੇ ਐਕਸਪ੍ਰੈਸ਼ਨਿਜ਼,
ਇੰਪਰੈਸ਼ਨਿਜ਼, ਐਬਸਟਰੈਕਟ ਆਦਿ ਆਧੁਨਿਕ ਕਲਾ ਸੰਕਲਪਾਂ ਤੇ ਸਕੂਲਾਂ ਨੂੰ ਅਪਣਾਇਆ। ਕਾਦਰੀ
ਕਿਉਂਕਿ ਰੂਹ ਅਤੇ ਰੀਤਾਂ ਪੱਖੋਂ ਸੁਤੰਤਰ ਸੀ ਇਸ ਲਈ ਉਹ ਘਸੀਆਂ ਪਿਟੀਆਂ ਲਕੀਰਾਂ ਉੱਤੇ
ਚੱਲਣ ਦੀ ਮਾਰ ਤੋਂ ਬਚਿਆ ਰਿਹਾ; ਇਹ ਸੁਤੰਤਰਤਾ ਉਸ ਦੀ ਪੇਂਟਿੰਗ ਤੇ ਕਵਿਤਾ ਦੋਹਾਂ ਵਿੱਚੋਂ
ਝਾਕਦੀ ਹੈ।
ਕਾਦਰੀ ਚਿੱਤਰਕਾਰ ਤਾਂ ਸੀ ਪਰ ਨਾਲ ਹੀ ਸਮਰੱਥ ਕਵੀ ਵੀ ਸੀ। ਉਹ ਕਵਿਤਾ ਵਿੱਚ ਵੀ ਪਰੰਪਰਾ
ਤੋਂ ਬਾਗ਼ੀ ਹੋ ਕੇ ਵਿਚਰਦਾ ਸੀ। ਉਸ ਦੀ ਕਵਿਤਾ ਰਸਮੀ ਬੰਦਸ਼ਾਂ ਤੇ ਬੱਝੀਆਂ ਘੁੱਟੀਆਂ
ਲਕੀਰਾਂ ਤੋਂ ਸੁਤੰਤਰ ਸੀ। ਉਸ ਦੀ ਕਾਵਿ ਪੁਸਤਕ “ਦੀ ਡੌਟ ਐਂਡ ਦੀ ਡੌਟਸ” ਅਖਾਣਾਂ ਵਾਂਗ
ਥੋੜ੍ਹੇ ਸ਼ਬਦਾਂ ਵਿੱਚ ਕਹੀਆਂ ਭਾਵਪੂਰਤ ਗੱਲਾਂ ਵਰਗੀਆਂ ਕਵਿਤਾਵਾਂ ਹਨ। ਉਸ ਅੰਦਰ ਰਹੱਸਯ
ਅਤੇ ਉਸ ਦੀ ਕਵਿਤਾ ਅੰਦਰਲਾ ਉਸ ਰਹੱਸਯ ਦਾ ਪ੍ਰਗਟਾਅ ਬਿਲਕੁਲ ਇੱਕਮਕਿ ਹਨ। ਇਹ ਡੇਨਿਸ਼ ਤੇ
ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ 1995 ਵਿੱਚ ਪ੍ਰਕਾਸ਼ਤ ਹੋਈ ਸੀ। ਉਸ ਦੀਆਂ ਦੂਜੀਆਂ
ਪੰਜਾਬੀ ਕਾਵਿ ਰਚਨਾਵਾਂ ਵੀ ਗੰਭੀਰ ਰਹੱਸਭਾਵੀ ਪਾਠਕਾਂ ਆਲੋਚਕਾਂ ਦਾ ਧਿਆਨ ਖਿੱਚਦੀਆਂ ਹਨ।
ਪਰ ਅੰਦਰੋਂ ਉਹ ਜੀਵਨ ਰਹੱਸਯ ਦੇ ਧੁਰ ਅੰਦਰ ਦਾਖ਼ਲ ਹੋ ਕੇ ਇਸ ਕਾਸਮਿਕ ਰਹੱਸ ਨੂੰ ਘੋਖਣਾ
ਚਾਹੁੰਦਾ ਸੀ। ਇਹ ਹੀ ਕਾਰਨ ਸੀ ਕਿ ਉਹ ਬੂੰਦ ਸਮੁੰਦਰ, ਮਿੱਟੀ ਮਿੱਟੀ ਜਿਹੇ ਨਾਵਾਂ ਨਾਲ
ਪੁਸਤਕਾਂ ਦੀ ਜਾਣ-ਪਛਾਣ ਕਰਵਾਉਂਦਾ ਸੀ। ਸਭ ਤੋਂ ਪਹਿਲੀ ਪੁਸਤਕ ਅਮਰ ਜਯੋਤੀ ਸੀ।
ਬਾਕੀ ਦੇ ਕਈ ਪੰਜਾਬੀ ਤੇ ਵਿਦੇਸ਼ੀ ਕਲਾਕਾਰਾਂ ਵਾਂਗ ਉਹ ਗ਼ਰੀਬੀ ਜਾਂ ਮੁਥਾਜੀ ਵਾਲਾ ਜੀਵਨ
ਬਤੀਤ ਨਹੀਂ ਸੀ ਕਰ ਰਿਹਾ। ਦੇਸ਼ ਵਿਦੇਸ਼ ਦੀਆਂ ਵੱਖ ਵੱਖ ਗੈਲਰੀਆਂ ਵਿੱਚ ਉਸ ਦਾ
ਆਉਣਾ-ਜਾਣਾ ਬਣਿਆ ਰਹਿੰਦਾ ਸੀ। ਕਲਾ ਜਗਤ ਵਿੱਚ ਉਸ ਦੀ ਪ੍ਰਸਿੱਧੀ ਹੁਣ ਯੌਰਪ, ਉੱਤਰੀ
ਅਮਰੀਕਾ, ਏਸ਼ੀਆ ਦੇ ਨਾਮਵਰ ਕਲਾ ਕੇਂਦਰਾਂ ਵਿੱਚ ਆਪਣੀ ਜਗ੍ਹਾ ਬਣਾ ਚੁੱਕੀ ਸੀ। ਵੱਖ ਵੱਖ
ਆਰਟ ਗੈਲਰੀਆਂ ਜਿਵੇਂ ਕਿ ਮੁੰਬਈ, ਦਿੱਲੀ, ਡੈਨਮਾਰਕ, ਪੈਰਿਸ ਜਿਹੇ ਸੁਪ੍ਰਸਿੱਧ ਸੈਂਟਰਾਂ
ਵਿੱਚ ਉਸ ਦੀਆਂ ਕਲਾ ਕ੍ਰਿਤੀਆਂ ਸਲਾਹੀਆਂ ਗਈਆਂ ਸਨ ਅਤੇ ਆਕਸ਼ਨ ਹਾਊਸ ਅਤੇ ਆਰਟ ਆਲੋਚਕ ਉਸ
ਨੂੰ ਸਹੀ ਸਥਾਨ ਦੇਣ ਵਿੱਚ ਝਿਜਕਦੇ ਨਹੀਂ ਸਨ। ਮਾਂਟਰੀਅਲ, ਲਾਸ ਐਂਜਲਿਸ, ਵਿੱਚ ਵੀ ਕਾਦਰੀ
ਦੀਆਂ ਨੁਮਾਇਸ਼ਾਂ ਲੱਗਦੀਆਂ ਰਹੀਆਂ ਹਨ। ਕੁਮਾਰ ਆਰਟ ਗੈਲਰੀ, ਨਵੀ ਦਿੱਲੀ ਨੇ ਸੋਹਣ ਕਾਦਰੀ
ਨਾਂ ਦੀ ਉਸ ਦੀਆਂ ਪੇਟਿੰਗਾਂ ਦੀ ਬਹੁਤ ਭਾਰੀ ਆਕਾਰ ਵਾਲੀ ਕਾਫ਼ੀ ਟੇਬਲ ਪੁਸਤਕ ਗਲੌਸੀ ਪੇਪਰ
ਉੱਤੇ ਛਾਪੀ ਸੀ। ਉਸ ਦੀਆਂ ਕਲਾ ਕ੍ਰਿਤੀਆਂ ਦੀ ਇੱਕ ਪੁਸਤਕ ਪਹਿਲਾਂ ਸੁੰਦਰਮ ਟੈਗੋਰ ਗੈਲਰੀ
(ਜਿਸ ਦੀਆਂ ਬਰਾਂਚਾਂ ਨਿਊ ਯੌਰਕ, ਬੈਵਰਲੀ ਹਿੱਲਜ਼ ਅਤੇ ਹਾਂਗਕੌਂਗ ਵਿੱਚ ਹਨ) ਵੀ
ਪ੍ਰਕਾਸ਼ਤ ਕਰਵਾ ਚੁੱਕੀ ਸੀ। ਸੁੰਦਰਮ ਟੈਗੋਰ ਗੈਲਰੀ ਵਾਲਿਆਂ ਉਸ ਉੱਤੇ ਡਾਕੂਮੈਂਟਰੀ ਵੀ
ਬਣਾਈ ਸੀ। ਉਸ ਦੀਆਂ ਦੋ ਪੇਂਟਿੰਗਾਂ ਏ. ਜੀ. ਓ. (ਉਨਟੇਰੀਓ ਆਰਟ ਗੈਲਰੀ) ਦੀ ਸ਼ੋਭਾ ਬਣ
ਚੁੱਕੀਆਂ ਹਨ। ਦਿੱਲੀ ਦੀ ਨੈਸ਼ਨਲ ਆਰਟ ਗੈਲਰੀ ਵਿੱਚ ਵੀ ਉਸ ਦੀਆਂ ਕਿਰਤਾਂ ਨਮਾਇਸ਼ਤ ਹਨ।
ਇੰਡੀਗੋਬਲੂ ਆਰਟ ਸਿੰਘਾਪੁਰ ਵਿਖੇ ਵੀ ਉਸ ਦੀਆਂ ਪੇਟਿੰਗਾਂ ਸੁਸ਼ੋਭਤ ਹਨ। ਇਹ ਤੱਥ ਦੱਸਦੇ
ਹਨ ਕਿ ਵਿੱਤੀ ਤੌਰ ‘ਤੇ ਆਰਟ ਗੈਲਰੀਆਂ ਤੇ ਆਰਟ ਹਾਊਸਾਂ ਵੱਲੋਂ ਉਸ ਦੀਆਂ ਕਿਰਤਾਂ ਦਾ ਉਸ
ਨੂੰ ਪੂਰਾ ਮੁੱਲ ਮਿਲਦਾ ਰਿਹਾ।
ਉਸ ਦੀ ਕਲਾ ਦਾ ਪੁਜਾਰੀ ਸੁੰਦਰਮ ਟੈਗੋਰ (ਸੁੰਦਰਮ ਟੈਗੋਰ ਗੈਲਰੀ ਦਾ ਮਾਲਕ ਤੇ ਰਾਬਿੰਦਰ
ਨਾਥ ਟੈਗੋਰ ਦਾ ਚੌਥੀ ਪੀੜ੍ਹੀ ਦਾ ਧਾਰੀ ਟੈਗੋਰ ਸੁੰਦਰਮ ) ਕਾਦਰੀ ਦੀ ਅੰਤਮ ਰਸਮ ਸਮੇਂ
ਵਿਸੇਸ਼ ਤੌਰ ‘ਤੇ ਪਹੁੰਚਿਆ ਸੀ।
ਰਵਾਇਤਾਂ, ਰੂੜ੍ਹੀਗਤ ਰੀਤੀਆਂ ਸਿ਼ਕਨ ਕਰਨ ਵਾਲਾ ਸੋਹਣ ਕਾਦਰੀ ਆਖ਼ਰੀ ਦਮ ਤੀਕ ਆਪਣੇ ਨਿਸਚੇ
ਨਾਲ ਨਿਭਿਆ ਸੀ; ਕਿਸੇ ਦਾ ਦਿਲ ਰੱਖਣ ਲਈ, ਜਾਂ ਝੂਠਾ ਨਕਸ਼ਾ ਸਿਰਜਣ ਲਈ ਜਾਂ ਕਿਸੇ ਨੂੰ
ਝੂਠਾ ਖ਼ੁਸ਼ ਕਰਨ ਲਈ ਉਸ ਨੇ ਆਪਣੀ ਸਾਇਕੀ ਤੇ ਸੋਚ ਨਾਲ ਸਮਝੌਤਾ ਨਹੀਂ ਕੀਤਾ। ਆਪਣੀ ਰਾਹ
ਉਹ ਇਕੱਲਾ ਹੀ ਚੱਲਣ ਲਈ ਦਰਿੜ੍ਹ ਸੀ; ਅੰਤ ਨੂੰ ਇਕੱਲਾ ਹੀ ਚਲਾ ਗਿਆ।
ਉਹ ਸਾਨੂੰ ਛੱਡ ਕੇ ਚਲਾ ਗਿਆ ਪਰ ਸਾਡੇ ਲਈ, ਕਲਾ ਪ੍ਰੇਮੀਆਂ ਲਈ ਭਰਪੂਰ ਵਿਰਾਸਤ ਛੱਡ ਗਿਆ
ਜੋ ਆਉਣ ਵਾਲੇ ਸਮਿਆਂ ਵਿੱਚ ਵੀ ਕਲਾ ਸੰਸਾਰ ਦਾ ਬਹੁਮੁੱਲਾ ਖ਼ਜ਼ਾਨਾ ਬਣ ਕੇ ਜੀਵੰਤ ਰਹੇਗੀ।
*** |